ਮੂਲ ਲੇਖਕ- ਅਨਿਲ ਪ੍ਰਕਾਸ਼ ਜੋਸ਼ੀ
ਪੰਜਾਬੀ ਰੂਪ:- ਗੁਰਮੀਤ ਪਲਾਹੀ
ਨਵੀਂ ਦਿੱਲੀ ਤੋਂ ਨਿਊਯਾਰਕ ਤੱਕ ਹੁਣ ਹਵਾ ਬਦਲ ਚੁੱਕੀ ਹੈ, ਹਾਲਾਤ ਪਹਿਲਾ ਜਿਹੇ ਤਾਂ ਰਹੇ ਹੀ ਨਹੀਂ। ਹੁਣ ਜਦੋਂ ਕਿ ਦਿੱਲੀ ਹਵਾ ਪ੍ਰਦੂਸ਼ਣ ਤੋਂ ਮੁਕਤ ਹੋਣ ਲਈ ਮੀਂਹ ਉਡੀਕਦੀ ਹੈ, ਤਾਂ ਇਸਤੋਂ ਵੀ ਜਿਆਦਾ ਕਿਹੜੇ ਇਹੋ ਜਿਹੇ ਬਦਤਰ ਹਾਲਾਤ ਹੋਰ ਹੋ ਜਾਣਗੇ ਜਦੋਂ ਅਸੀਂ ਗੰਭੀਰਤਾ ਨਾਲ ਇਸ ਬਾਰੇ ਸੋਚਣ ਲਈ ਮਜ਼ਬੂਰ ਹੋਵਾਂਗੇ। ਇਹ ਇੱਕ ਵੱਡਾ ਸਵਾਲ ਹੈ।
ਸਾਲ ਦਾ ਕੋਈ ਵੀ ਮਹੀਨਾ ਇਹੋ ਜਿਹਾ ਨਹੀਂ ਬਚਿਆ, ਜਦੋਂ ਵਿਗੜਦੇ ਵਾਤਾਵਰਨ ਨੇ ਆਪਣੇ ਤੇਵਰ ਨਾ ਵਿਖਾਏ ਹੋਣ। ਸਰਦੀਆਂ 'ਚ ਧੁੰਦ, ਗਰਮੀਆਂ 'ਚ ਹਨ੍ਹੇਰੀ-ਝੱਖੜ ਅਤੇ ਬਰਸਾਤ ਵਿੱਚ ਜਾਂ ਸੋਕਾ ਜਾਂ ਜ਼ੋਰਦਾਰ ਮੀਂਹ। ਇਹ ਸਭ ਇਸ ਕਰਕੇ ਹੋ ਰਿਹਾ ਹੈ ਕਿ ਅਸੀਂ ਇਸ ਸਭ ਕੁਝ ਦਾ ਫਿਕਰ ਤਾਂ ਕਰਦੇ ਹਾਂ ਪਰ ਸੰਵਾਦ ਨਹੀਂ ਰਚਾਉਂਦੇ ਅਤੇ ਨਾ ਹੀ ਕੱਢੇ ਹੋਏ ਸਿੱਟਿਆਂ ਨੂੰ ਕਿਸੇ ਨਿਰਣੇ ਤੱਕ ਲੈਕੇ ਜਾਂਦੇ ਹਾਂ। ਵਿਸ਼ਵ ਵਾਤਾਵਰਨ ਦਿਹਾੜੇ ਤੇ ਸਾਨੂੰ ਵਿਸ਼ਲੇਸ਼ਨ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਕੁਦਰਤੀ ਸਾਧਨਾਂ ਦੀ ਛੇੜਛਾੜ ਕਰਕੇ ਕਿਥੇ ਖੜੇ ਹਾਂ?
ਵਾਤਾਵਰਨ ਦੇ ਚਾਰ ਮੁੱਖ ਥੰਮ ਹਨ। ਪਹਿਲੀ ਹਵਾ, ਦੂਜਾ ਪਾਣੀ, ਤੀਜੀ ਮਿੱਟੀ ਅਤੇ ਚੌਥੇ ਜੰਗਲ। ਇਹ ਸਭ ਲੜ-ਖੜਾਉਣ ਲੱਗੇ ਹਨ, ਅਤੇ ਇਹਨਾ ਚਾਰਾਂ ਦੇ ਆਸਰੇ ਦੁਨੀਆਂ ਖੜੀ ਹੈ। ਪ੍ਰਾਣੀ ਜਗਤ ਵਿੱਚ ਕੋਈ ਵੀ ਇਹੋ ਜਿਹਾ ਜੀਵ ਜੰਤੂ ਨਹੀਂ ਹੈ ਜਿਸਦੀ ਹੋਂਦ ਇਹਨਾ ਚਾਰੇ ਥੰਮਾਂ ਤੇ ਨਿਰਭਰ ਨਾ ਹੋਵੇ। ਸਾਫ ਹੈ ਕਿ ਇਸਦੇ ਬਿਨ੍ਹਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਪਰ ਇਹ ਵਿਡੰਬਨਾ ਹੀ ਹੈ ਕਿ ਸਭ ਕੁਝ ਜਾਣਦੇ ਹੋਏ ਵੀ ਅਸੀਂ ਚੁੱਪ ਹਾਂ।
ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਕੁਦਰਤ ਨਾਲ ਜੋ ਵਰਤਾਰਾ ਅਸੀਂ ਕਰ ਰਹੇ ਹਾਂ, ਉਸਦੇ ਬੁਰੇ ਲੱਛਣ ਦਿੱਖਣ ਲੱਗੇ ਹਨ। ਇੰਨਾ ਹੀ ਨਹੀਂ, ਕੁਦਰਤ ਨੇ ਵੀ ਵੱਡੀ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਹੈ। ਹਰ ਕਿਸਮ ਦੀਆਂ ਕੁਦਰਤੀ ਘਟਨਾਵਾਂ ਇਸ ਦਾ ਇੱਕ ਹਿੱਸਾ ਹਨ। ਇਹ ਤੂਫਾਨ ਹੋਣ ਜਾਂ ਫਿਰ ਭੀਸ਼ਣ ਗਰਮੀ ਜਾਂ ਫਿਰ ਦਮ ਘੋਟੂ ਹਵਾ, ਸਭ ਕੁਝ ਕਿਧਰੇ ਨਾ ਕਿਧਰੇ ਕੁਦਰਤ ਨਾਲ ਛੇੜ ਛਾੜ ਦਾ ਹੀ ਸਿੱਟਾ ਹੈ।
ਆਓ ਕੁਦਰਤੀ ਸਾਧਨਾ ਨਾਲ ਛੇੜਛਾੜ ਦੀ ਗੱਲ ਕਰੀਏ, ਦੁਨੀਆਂ ਵਿੱਚ ਪਿਛਲੇ 300 ਸਾਲਾ ਵਿੱਚ ਜਾਨੀ ਕਿ ਉਦਯੋਗਿਕ ਕ੍ਰਾਂਤੀ ਦੇ ਬਾਅਦ ਜੰਗਲ ਖੇਤਰ ਘੱਟ ਕੇ ਅੱਧੇ ਤੋਂ ਵੀ ਘੱਟ ਰਹਿ ਗਿਆ ਹੈ। ਫਾਰਸੈਟ ਸਰਵੇ ਇੰਡੀਆ ਦੀ ਤਾਜਾ ਰਿਪੋਰਟ ਅਨੁਸਾਰ ਦੇਸ਼ ਦੇ ਪੂਰੇ ਖੇਤਰ ਦੇ ਲਗਭਗ 21.54 ਹਿੱਸੇ 'ਚ ਜੰਗਲ ਹਨ ਅਤੇ ਇਹ ਸਾਲ 2015 ਦੀ ਤੁਲਨਾ ਵਿੱਚ 6,770 ਵਰਗ ਕਿਲੋਮੀਟਰ ਜਿਆਦਾ ਹੈ। ਇਸ ਜੰਗਲੀ ਖੇਤਰ ਵਿੱਚ 2.99 ਸੰਘਣੇ ਜੰਗਲ, 9.38 ਫੀਸਦੀ ਅੱਧ ਘਣੇ ਜੰਗਲ ਅਤੇ ਲਗਭਗ 9.18 ਫੀਸਦੀ ਖੁੱਲ੍ਹੇ ਜੰਗਲ ਹਨ। ਉੱਤਰ ਪੱਛਮ ਦੇ ਪਹਾੜੀ ਖੇਤਰਾਂ ਵਿੱਚ ਤਾਂ 759 ਵਰਗ ਜੰਗਲ ਵਧੇ ਹਨ। ਪਰ ਦੂਜੇ ਤਰਫ ਉਤਰ ਪੂਰਬ ਖੇਤਰ ਵਿੱਚ 630 ਵਰਗ ਕਿਲੋਮੀਟਰ ਦੀ ਕਮੀ ਆਈ ਹੈ। ਇਹ ਕਹਾਣੀ ਸਿਰਫ ਆਪਣੇ ਦੇਸ਼ ਦੀ ਹੀ ਨਹੀਂ ਹੈ, ਸਾਰੀ ਦੁਨੀਆ ਦੀ ਹੈ, ਜਿਥੇ ਜੰਗਲਾਂ ਪ੍ਰਤੀ ਫਿਕਰਮੰਦੀ ਨਹੀਂ ਦਿਖਦੀ। ਇੱਕ ਅੰਦਾਜ਼ਾ ਹੈ ਕਿ ਜੇਕਰ ਹਾਲਾਤ ਇਹੋ ਜਿਹੇ ਹੀ ਰਹਿੰਦੇ ਹਨ ਤਾਂ ਅਗਲੇ 100 ਸਾਲਾਂ ਵਿੱਚ ਮੀਂਹ ਵਰਾਉਣ ਵਾਲੇ ਜੰਗਲ ਨਹੀਂ ਬਚਣਗੇ। ਪ੍ਰਤੀ ਸੈਕਿੰਡ ਵਿੱਚ ਅੱਧ ਹੈਕਟੇਅਰ ਜੰਗਲ ਕੱਟੇ ਜਾ ਰਹੇ ਹਨ।ਇੱਕ ਦਰਖਤ ਇਕ ਦਿਨ ਵਿੱਚ 0.0597 ਕਿਲੋਗ੍ਰਾਮ ਕਾਰਬਨ ਢਾਈ ਔਕਸਾਈਡ ਲੈਂਦਾ ਹੈ ਅਤੇ 0.03234 ਕਿਲੋਗ੍ਰਾਮ ਆਕਸੀਜਨ ਛੱਡਦਾ ਹੈ। ਵਰਲਡ ਰਿਸੋਰਸ ਸੰਸਥਾਨ ਦੇ ਅਨੁਸਾਰ ਜੰਗਲਾਂ ਦੀ ਹਾਨੀ ਨਾਲ ਲਗਭਗ 17 ਫੀਸਦੀ ਗ੍ਰੀਨ ਹਾਊਸ ਅਸਰ ਪੈਂਦਾ ਹੈ। ਅਤੇ ਇਸ ਸਾਲ ਲਗਭਗ 28000 ਪ੍ਰਜਾਤੀਆਂ ਇਸ ਸ਼ਤਾਬਦੀ ਦੇ ਅੰਤ ਤੱਕ ਗਾਇਬ ਹੋ ਜਾਣਗੀਆਂ। ਸੰਯੁੱਕਤ ਰਾਸ਼ਟਰ ਦੇ ਖਾਦ ਅਤੇ ਖੇਤੀ ਸੰਗਠਨ ਦੇ ਅਨੁਸਾਰ ਲਗਭਗ ਦੁਨੀਆ ਦੇ ਅੱਧੇ ਜੰਗਲ ਜਾਂ ਤਾਂ ਖਤਮ ਹੋ ਚੁੱਕੇ ਹਨ ਜਾਂ ਬੁਰੀ ਹਾਲਾਤ ਵਿੱਚ ਹਨ।
ਸਾਡੇ ਜੀਵਨ ਦਾ ਅਧਾਰ ਪਾਣੀ ਸਾਡੇ ਵਿਚੋਂ ਤੇਜੀ ਨਾਲ ਗਾਇਬ ਹੁੰਦਾ ਜਾ ਰਿਹਾ ਹੈ। ਜੇਕਰ ਦੇਖੀਏ ਸਾਲ 1951 ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਉਪਲੱਬਧਤਾ 5177 ਘਣ ਮੀਟਰ ਸੀ ਜੋ ਘਟਕੇ ਸਾਲ 2025 ਵਿੱਚ 1341 ਘਣ ਮੀਟਰ ਤੱਕ ਪੁੱਜਣ ਵਾਲੀ ਹੈ। 4000 ਘਣ ਮੀਟਰ ਪਾਣੀ ਦੀ ਕਮੀ ਦੀ ਹਰ ਵਿਅਕਤੀ ਉਤੇ ਚੋਟ ਪੈ ਚੁੱਕੀ ਹੈ। ਆਪਣੇ ਦੇਸ਼ ਦੇ ਜਿਆਦਾਤਰ ਤਲਾਬ ਅਤੇ ਖੂਹਾਂ ਵਿਚੋਂ ਪਾਣੀ ਗਾਇਬ ਹੁੰਦੇ ਦੇਖਿਆ ਗਿਆ ਹੈ ਅਤੇ ਇਥੇ ਪਾਣੀ 15 ਤੋਂ 20 ਫੁੱਟ ਤੇ ਉਪਲੱਬਧ ਸੀ, ਉਹ ਹੁਣ 200 ਫੁਟ ਤੋਂ ਥੱਲੇ ਜਾ ਚੁੱਕਾ ਹੈ।
ਲੋਕ ਸਭਾ ਵਿੱਚ ਇਹ ਮੰਨਿਆ ਗਿਆ ਹੈ ਕਿ ਆਪਣੇ ਦੇਸ਼ ਵਿੱਚ 275 ਨਦੀਆਂ ਖਤਰੇ ਦੀ ਘੰਟੀ ਵਜਾ ਚੁੱਕੀਆਂ ਹਨ।ਕਿਉਂਕਿ ਉਹਨਾ 'ਚ ਪਾਣੀ ਦੀ ਮਾਤਰਾ ਤੇਜੀ ਨਾਲ ਖਤਮ ਹੋ ਰਹੀ ਹੈ। ਇਹ ਹਾਲਾਤ ਗਲੇਸ਼ੀਅਰ ਦੇ ਵੀ ਹਨ, ਉਹ ਆਪਣੇ ਦੇਸ਼ ਵਿੱਚ ਹੋਣ ਜਾਂ ਦੁਨੀਆਂ ਦੇ ਹੋਰ ਹਿੱਸਿਆਂ ਦੇ ਵਿੱਚ।
ਵੱਡਾ ਸਵਾਲ ਜਿਸ ਉਤੇ ਸ਼ੋਰ-ਸ਼ਰਾਬਾ ਹੋਣਾ ਚਾਹੀਦਾ ਹੈ, ਚਰਚਾ ਹੋਣੀ ਚਾਹੀਦੀ ਹੈ, ਉਹ ਇਹ ਹੈ ਕਿ ਦੇਸ਼ ਦੇ ਪਾਣੀ ਦੀ ਫਿਕਰਮੰਦੀ ਨੂੰ ਲੈ ਕੇ ਅਸੀਂ ਕਿੱਥੇ ਖੜੇ ਹਾਂ ਕਿਉਂਕਿ ਟੁੱਕੜਿਆਂ-ਟੁੱਕੜਿਆਂ ਵਿੱਚ ਖੱਬਿਉਂ-ਸੱਜਿਉਂ ਅਸੀਂ ਪਾਣੀ ਦਾ ਜੁਗਾੜ ਕਰ ਹੀ ਲੈਂਦੇ ਹਾਂ ਅਤੇ ਸਥਿਤੀ ਸੁਖਾਵੀਂ ਹੋਣ ਤੇ ਅਸੀਂ ਸਭ ਕੁਝ ਭੁੱਲ- ਭੁਲਾ ਜਾਂਦੇ ਹਾਂ। ਆਪਣੇ ਦੇਸ਼ ਵਿੱਚ ਵਧਦੇ ਪਾਣੀ ਦੇ ਸੰਕਟ ਦਾ ਦੂਜਾ ਪਹਿਲੂ ਇਹ ਹੈ ਕਿ ਧਰਤੀ ਨੂੰ ਛੇਦ ਕੇ ਹਰ ਹੱਦ ਤੱਕ ਪਾਣੀ ਕੱਢਣ ਦੇ ਸਾਡੇ ਪਾਗਲ ਪਨ ਨੇ ਆਰਸੈਨਿਕ ਕਲੋਰਾਈਡ, ਫਲੋਰਾਈਡ, ਨਾਈਟ੍ਰੇਟ ਅਤੇ ਆਇਰਨ ਜਿਹੇ ਤੱਤਾਂ ਦੀ ਪਾਣੀ ਵਿੱਚ ਬਹੁਤਾਤ ਪੈਦਾ ਕਰ ਦਿੱਤਾ ਹੈ, ਜਿਸ ਨਾਲ ਮਨੁੱਖ ਨੂੰ ਨਵੀਂ ਤਰ੍ਹਾਂ ਦੀਆਂ ਬੀਮਾਰੀਆਂ ਝੱਲਣੀਆਂ ਪੈ ਰਹੀਆਂ ਹਨ।
ਆਪਣੇ ਕੁਦਰਤ ਸਾਧਨਾਂ ਦੇ ਪ੍ਰਤੀ ਅਸੀਂ ਕਦੇ ਖਰੇ ਨਹੀਂ ਉਤਰੇ ਅਤੇ ਮਿੱਟੀ ਉਹਨਾ ਵਿਚੋਂ ਇਕ ਹੈ। ਮਿੱਟੀ ਦੇ ਵਿਗੜਦੇ ਹਾਲਾਤ ਵੀ ਅੱਜ ਵੱਡੇ ਸੰਕਟ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਚੁੱਕੇ ਹਨ। ਮਿੱਟੀ ਦੇ ਹਾਲਾਤ ਦੇਸ਼ ਦੁਨੀਆਂ 'ਚ ਚੰਗੇ ਨਹੀਂ ਹਨ। ਜਿਸ ਤਰ੍ਹਾਂ ਨਾਲ ਦੁਨੀਆ ਵਿੱਚ ਕੁਦਰਤੀ ਸਾਧਨਾ ਦੀ ਮੰਗ ਵੱਧ ਰਹੀ ਹੈ, ਉਸੇ ਤੇਜ਼ੀ ਨਾਲ ਮਿੱਟੀ ਦੇ ਹਾਲਾਤ ਵੀ ਖਰਾਬ ਹੁੰਦੇ ਜਾ ਰਹੇ ਹਨ। ਹਰੀ ਕ੍ਰਾਂਤੀ ਦੇ ਬਾਅਦ ਕੁਝ ਸਾਲ ਖਾਸ ਕਰਕੇ 80 ਦੇ ਦਹਾਕੇ ਦੇ ਬਾਅਦ ਕਿਸਾਨ ਜਿਸ ਤਰ੍ਹਾਂ ਨਾਲ ਯੂਰੀਆ-ਡੀ ਏ ਪੀ ਅਤੇ ਪੈਸਟੀਸਾਈਡ ਦੀ ਵਰਤੋਂ ਕਰ ਰਹੇ ਹਨ, ਉਹ ਆਤਮਘਾਤੀ ਹੈ। ਕੇਂਦਰੀ ਮੁਦਰਾ ਅਤੇ ਜਲ ਸੰਰਕਸ਼ਨ ਸੰਸਥਾਨ ਦੇਹਰਾਦੂਨ ਦੀ ਇੱਕ ਰਿਪੋਰਟ ਦੇ ਅਨੁਸਾਰ ਇੱਕਲੇ ਭਾਰਤ ਵਿੱਚ 5,334 ਲੱਖ ਟਨ ਮਿੱਟੀ ਹਰ ਵਰ੍ਹੇ ਖਤਮ ਹੁੰਦੀ ਜਾ ਰਹੀ ਹੈ, ਜੋ 16.35 ਟਨ ਪ੍ਰਤੀ ਹੈਕਟੇਅਰ ਹੈ। ਵਾਤਾਵਰਨ ਸੰਰਕਸ਼ਨ ਨੂੰ ਕਿਸੇ ਦੇਸ਼ ਵਿਸ਼ੇਸ਼ ਜਾਂ ਸੰਗਠਨ ਦੀ ਪਹਿਲ ਮੰਨਕੇ ਨਹੀਂ ਦੇਖਣਾ ਚਾਹੀਦਾ। ਸ਼ਾਇਦ ਇਹੋ ਇੱਕ ਇਹੋ ਜਿਹਾ ਵਿਸ਼ਾ ਹੈ ਕਿ ਜਿਸ ਵਿੱਚ ਸਾਰਿਆਂ ਦੀ ਗੱਲ ਜੁੜੀ ਹੈ ਅਤੇ ਕਿਉਂਕਿ ਕੁਦਰਤ ਦਾ ਵੀ ਇਹੋ ਮੰਨਣਾ ਹੈ ਕਿ ਜੇਕਰ ਉਸਨੂੰ ਸਾਰੇ ਭੋਗਦੇ ਹਨ ਤਾਂ ਸਾਰੇ ਹੀ ਉਸਨੂੰ ਜੋੜਨ ਵਿੱਚ ਭਾਗੀਦਾਰ ਬਨਣ।
ਗੁਰਮੀਤ ਪਲਾਹੀ
9815802070
-
ਅਨਿਲ ਪ੍ਰਕਾਸ਼ ਜੋਸ਼ੀ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.