ਪਿਛਲੇ ਕੁਝ ਮਹੀਨਿਆਂ ਤੋਂ ਜੇਕਰ ਕੋਈ ਵਿਅਕਤੀ ਮੀਡੀਏ ਵਿੱਚ ਛਾਇਆ ਹੋਇਆ ਹੈ ਤਾਂ ਉਹ ਹੈ ਨਵਜੋਤ ਸਿੰਘ ਸਿੱਧੂ। ਇਸ ਦਾ ਪ੍ਰਮੁੱਖ ਕਾਰਨ ਇਹ ਰਿਹਾ ਕਿ ਉਹ ਅਗਸਤ ਮਹੀਨੇ ਪਾਕਿਸਤਾਨ ਗਏ ਜਿਥੇ ਉਹ ਆਪਣੇ ਮਿੱਤਰ ਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਉਤੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਹੋਣ ਲਈ ਗਏ। ਜਿਥੇ ਉਨ੍ਹਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਕਮਰ ਬਾਜਵਾ ਨਾਲ ਜੱਫੀ ਪਾ ਲਈ ਜਿਸ ਨੇ ਉਸ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਤਿਆਰ ਹਨ। ਇਹ ਖਬਰ ਲੈ ਕੇ ਜਦੋਂ ਉਹ ਭਾਰਤ ਆਏ ਤਾਂ ਉਨ੍ਹਾਂ ਨੂੰ ਕੁਝ ਲੋਕਾਂ ਨੇ ਅੱਖਾਂ ’ਤੇ ਬੈਠਾ ਲਿਆ ਕਿਉਂਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਕਦੋਂ ਸਿੱਖ ਕਰਦੇ ਆ ਰਹੇ ਹਨ ਅਤੇ ਕੁਝ ਲੋਕਾਂ ਨੇ ਇਸ ਲਈ ਆਲੋਚਨਾ ਕੀਤੀ ਕਿ ਬਾਜਵਾ ਅਨੇਕਾਂ ਭਾਰਤੀ ਫੌਜੀਆਂ ਨੂੰ ਮਾਰਨ ਦਾ ਦੋਸ਼ੀ ਹੈ ਇਸ ਲਈ ਉਸ ਲਈ ਉਹ ਇਸ ਜੱਫੀ ਦਾ ਹੱਕਦਾਰ ਨਹੀਂ ਹੈ। ਬਾਦਲ ਪਰਿਵਾਰ ਜਿਸ ਨਾਲ ਸਿੱਧੂ ਦੀ ਨਿੱਜੀ ਸਿਆਸੀ ਦੁਸ਼ਮਣੀ ਵੀ ਹੈ, ਨੇ ਸਾਬਕਾ ਿਕਟਰ ਨੂੰ ਦਬ ਕੇ ਭੰਡਿਆ। ਭਾਜਪਾ ਨੇ ਵੀ ਸਿੱਧੂ ਨੂੰ ਲੰਬੇ ਹੱਥੀਂ ਲਿਆ। ਦਿਲਚਸਪ ਗੱਲ ਇਹ ਹੈ ਕਿ ਬਾਜਵਾ ਨਾਲ ਜੱਫੀ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੁਰਾ ਮਨਾਇਆ। ਇਸ ਮੁੱਦੇ ਨੂੰ ਲੈ ਕੇ ਕੈਪਟਨ ਅਤੇ ਸਿੱਧੂ ਦੀ ਸੁਰ ਕਿਧਰੇ ਵੀ ਨਹੀਂ ਮਿਲੀ। ਹੁਣ ਜਦੋਂ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਪਾਕਿ ਨਾ ਜਾਣ ਲਈ ਵੀ ਕਿਹਾ ਪਰ ਸਿੱਧੂ ਨੇ ਕਿਹਾ ਕਿ ਉਹ ਤਾਂ ਹੁਣ ‘ਵਚਨ’ ਦੇ ਚੁੱਕੇ ਹਨ। ਇੱਕ ਚੈਨਲ ਨਾਲ ਇੰਟਰਵਿਊ ਵਿੱਚ ਸਿੱਧੂ ਨੇ ਕਿਹਾ, ‘ਪ੍ਰਾਣ ਜਾਏ ਪਰ ਵਚਨ ਨਾ ਜਾਏ।’ ਇਹ ਮਤਭੇਦ ਹੁਣ ਇੰਨੇ ਤਿੱਖੇ ਹੋ ਗਏ ਕਿ ਕਾਂਗਰਸ ਦੀ ਚੋਣ ਮੁਹਿੰਮ ਦੌਰਾਨ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੈਪਟਨ ਦਾ ਮਜ਼ਾਕ ਤੱਕ ਬਣਾ ਦਿੱਤਾ। ਉਂਝ ਇਹ ਵੀ ਕਿਹਾ ਕਿ ਕੈਪਟਨ ਉਨ੍ਹਾਂ ਦੇ ‘ਪਿਤਾ’ ਸਮਾਨ ਹਨ ਪਰ ਨਾਲ-ਨਾਲ ਇਹ ਵੀ ਕਿਹਾ ਕਿ ਉਨ੍ਹਾਂ ਦੇ ਕੈਪਟਨ ਤਾਂ ਰਾਹੁਲ ਹਨ। ਇਸ ਟਿੱਪਣੀ ਦੇ ਕਾਰਨ ਪੰਜਾਬ ਕਾਂਗਰਸ ਵਿੱਚ ਇੱਕ ਤਰ੍ਹਾਂ ਨਾਲ ਤੂਫਾਨ ਹੀ ਆ ਗਿਆ ਹੈ। ਕਈ ਮੰਤਰੀਆਂ ਨੇ ਤਾਂ ਹੁਣ ਸਿੱਧੂ ਤੋਂ ਅਸਤੀਫੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਦਲੀਲ ਇਹ ਹੈ ਕਿ ਪੰਜਾਬ ਵਿੱਚ ਕਾਂਗਰਸ ਦੇ ਕਪਤਾਨ ਤਾਂ ਕੈਪਟਨ ਅਮਰਿੰਦਰ ਸਿੰਘ ਹਨ। ਇਸ ਲਈ ਜੇਕਰ ਸਿੱਧੂ ਨੂੰ ਉਨ੍ਹਾਂ ਦੀ ਕਪਤਾਨੀ ਮਨਜ਼ੂਰ ਨਹੀਂ ਹੈ ਤਾਂ ਉਨ੍ਹਾਂ ਨੂੰ ਨੈਤਿਕ ਤੌਰ ’ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਅਸਲ ਵਿੱਚ ਸਿੱਧੂ ਦਾ ਮਤਭੇਦਾਂ ਨਾਲ ਅੱਜ ਦਾ ਨਹੀਂ ਪੁਰਾਣਾ ਰਿਸ਼ਤਾ ਹੈ। ਸਿੱਧੂ ਜਦੋਂ ਕ੍ਰਿਕਟ ਖੇਡਦੇ ਸਨ ਤਾਂ ਉਨ੍ਹਾਂ ਦਾ ਮੈਨੇਜਮੈਂਟ ਨਾਲ ਮਤਭੇਦ ਰਹੇ। ਜਦੋਂ ਮੁਹੰਮਦ ਅਜ਼ਾਹਰੂਦੀਨ ਟੀਮ ਦੇ ਕੈਪਟਨ ਸਨ ਤਾਂ ਉਨ੍ਹਾਂ ਨਾਲ ਵੀ ਮਤਭੇਦ ਰਹੇ ਅਤੇ ਇੰਗਲੈਂਡ ਦਾ ਦੌਰਾ ਵਿੱਚ ਹੀ ਛੱਡ ਕੇ ਆ ਗਏ ਸਨ। ਬਾਅਦ ਵਿੱਚ ਇਨ੍ਹਾਂ ਮਤਭੇਦਾਂ ਦੇ ਚਲਦਿਆਂ ਉਨ੍ਹਾਂ ਿਕਟ ਤੋਂ ਹੀ ਸੰਨਿਆਸ ਲੈ ਲਿਆ। ਂਿੲਸ ਤੋਂ ਬਾਅਦ ਸਿੱਧੂ ਭਾਜਪਾ ਵਿੱਚ ਸ਼ਾਮਲ ਹੋ ਗਏ। ਇਥੇ ਉਨ੍ਹਾਂ ਦੇ ਹੌਲੀ-ਹੌਲੀ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਨਾਲ ਮਤਭੇਦ ਪੈਦਾ ਹੋ ਗਏ ਤੇ ਬਾਅਦ ਵਿੱਚ ਇਹ ਮਤਭੇਦ ਵਧਦੇ-ਵਧਦੇ ਭਾਜਪਾ ਨਾਲ ਵੀ ਹੋ ਗਏ। ਇਸ ਦਾ ਸਿੱਟਾ ਇਹ ਹੋਇਆ ਕਿ ਉਨ੍ਹਾਂ ਨੇ ਭਾਜਪਾ ਹੀ ਛੱਡ ਦਿੱਤੀ। ਫਿਰ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਡੰਕਾ ਬੋਲ ਰਿਹਾ ਸੀ ਤਾਂ ਉਹ ਆਪ ਵਿੱਚ ਸ਼ਾਮਲ ਹੋਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਸ ਨਾਲ ਵੀ ਛੇਤੀ ਹੀ ਮਤਭੇਦ ਪੈਦਾ ਹੋ ਗਏ ਤੇ ਆਪ ਨੇ ਵੀ ਆਪਣੇ ਦਰਵਾਜ਼ੇ ਸਿੱਧੂ ਲਈ ਬੰਦ ਕਰ ਲਏ। ਇਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਪਾਰਟੀ ਦੀ ਟਿੱਕਟ ’ਤੇ ਵਿਧਾਇਕ ਬਣੇ ਅਤੇ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਰਸੂਖਦਾਰ ਮੰਤਰਾਲਾ ਵੀ ਦਿੱਤਾ। ਕਈ ਮੁੱਦਿਆਂ ਉਤੇ ਪਹਿਲਾਂ ਹੀ ਮਦਭੇਦ ਰਹੇ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਵੱਡੇ ਮਤਭੇਦ ਪੈਦਾ ਹੋ ਗਏ ਹਨ।
ਕਿਹਾ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਬਹੁਤ ਵਧੀਆ ਬੋਲਦੇ ਹਨ ਪਰ ਨਾਲ-ਨਾਲ ਇਹ ਵੀ ਸੱਚ ਹੈ ਕਿ ਉਹ ਕਈ ਵਾਰ ਬਹੁਤ ਜ਼ਿਆਦਾ ਬੋਲ ਜਾਂਦੇ ਹਨ। ਵਿਵਾਦਗ੍ਰਸਤ ਬਾਬਿਆਂ ਜਿਵੇਂ ਆਸਾ ਰਾਮ, ਰਾਧੇ ਮਾਂ ਜਾਂ ਰਾਮ ਰਹੀਮ ਆਦਿ ਦੀ ਵਡਿਆਈ ਵਿੱਚ ਸਿੱਧੂ ਨੇ ਬਹੁਤ ਜ਼ਿਆਦਾ ਸੋਹਲੇ ਗਾਏ ਤੇ ਬਾਅਦ ਵਿੱਚ ਜਦੋਂ ਇਨ੍ਹਾਂ ਨੂੰ ਜੇਲ੍ਹਾਂ ਹੋ ਗਈਆਂ ਤਾਂ ਕਹਿਣ ਲਈ ਲਫਜ਼ ਹੀ ਨਹੀਂ ਬਚੇ। ਇਸੇ ਪ੍ਰਕਾਰ ਜਦੋਂ ਉਹ ਭਾਜਪਾ ਦੇ ਸਿਪਾਹ ਸਿਲਾਰ ਸਨ ਤਾਂ ਉਨ੍ਹਾਂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਦਬ ਕੇ ਮਜ਼ਾਕ ਉਡਾਇਆ। ਕਿਹਾ ਮਨਮੋਹਨ ਸਿੰਘ ਤਾਂ ਉਨ੍ਹਾਂ ਨੂੰ ‘ਸਰਦਾਰ’ ਹੀ ਨਹੀਂ ਲੱਗਦੇ ਜੇਕਰ ਉਹ ਸਰਦਾਰ ਹਨ ਤਾਂ ਉਹ ਅਸਰਦਾਰ ਹੀ ਨਹੀਂ ਹਨ। ਇਸੇ ਪ੍ਰਕਾਰ ਉਨ੍ਹਾਂ ਨੇ ਰਾਹੁਲ ਗਾਂਧੀ ਦਾ ਵੀ ਦਬ ਕੇ ਮਜ਼ਾਕ ਉਡਾਇਆ। ਹੁਣ ਜਦੋਂ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਤਾਂ ਉਨ੍ਹਾਂ ਨੇ ਸ਼ਬਦਾਂ ਦਾ ਨਵਾਂ ਜਾਲ ਬੁਣ ਕੇ ਰਾਹੁਲ ਤੇ ਮਨਮੋਹਨ ਸਿੰਘ ਦਾ ਸਿਆਸੀ ਤੋਰ ’ਤੇ ‘ਮਨ ਮੋਹ’ ਲਿਆ ਹੈ। ਪਰ ਅਸਲੀਅਤ ਇਹ ਹੈ ਕਿ ਕਾਂਗਰਸੀ ਲੀਡਰਾਂ ਨੂੰ ਇਹ ਲੱਗਦਾ ਹੈ ਕਿ ਭਾਜਪਾ ’ਚ ਹੁੰਦਿਆਂ ਉਨ੍ਹਾਂ ਜੋ ਕੁਝ ਕਿਹਾ ਉਹ ਵਿਰੋਧੀ ਲੀਡਰ ਲਈ ਕਹਿਣਾ ਹੀ ਹੁੰਦਾ ਹੈ ਪਰ ਹੁਣ ਪਾਰਟੀ ਲਈ ਉਹ ਤਰੁੱਪ ਪੱਤਾ ਕਿਹਾ ਜਾ ਸਕਦਾ ਹੈ। ਇਸ ਲਈ ਸਭ ਕੁਝ ਮੁਆਫ ਹੈ।
ਨਵਜੋਤ ਸਿੰਘ ਸਿੱਧੂ ਵਿੱਚ ਬਹੁਤ ਸਾਰੇ ਗੁਣ ਹਨ। ਜਦੋਂ ਉਹ ਿਕਟ ਖੇਡਦੇ ਸਨ ਤਾਂ ਲੋਕ ਉਨ੍ਹਾਂ ਦੀ ਬੈਟਿੰਗ ਦੀ ਉਡੀਕ ਕਰਦੇ ਸਨ। ਬਹੁਤ ਸਾਰੇ ਲੋਕ ਉਨ੍ਹਾਂ ਦੇ ਫੈਨ ਸਨ। ਜਦੋਂ ਕੁਮੈਂਟਰੀ ਕੀਤੀ ਤਾਂ ਉਥੇ ਵੀ ਫੱਟੇ ਚੁੱਕ ਦਿੱਤੇ। ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਪੂਰੀ ਮੁਹਾਰਤ ਹੈ। ਸਿਰਫ ਭਾਸ਼ਾ ਹੀ ਨਹੀਂ, ਸ਼ਾਇਰੋ-ਸ਼ਾਇਰੀ ਤੇ ਅਲਵਾਜ਼ਾਂ ਨਾਲ ਖੇਡਣ ਜਾਣਦੇ ਹਨ। ਪਰ ਨਾਲ-ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਕਾਰਜਾਂ ਵਿੱਚ ਕਈ ਵਾਰ ਪਾਖੰਡ ਵੀ ਝਲਕਦਾ ਹੈ ਅਤੇ ਕਈ ਵਾਰ ਉਨ੍ਹਾਂ ਵਿੱਚ ਹੱਦ ਨਾਲੋਂ ਜ਼ਿਆਦਾ ਭਰੋਸਾ ਵੀ। ਸਿੱਧੂ ਸਮਝਦੇ ਹਨ ਕਿ ਜਦੋਂ ਉਹ ਅਜਿਹਾ ਕਰਦੇ ਹਨ ਤਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ। ਜੇਕਰ ਉਨ੍ਹਾਂ ਵਿੱਚ ਅਨੇਕਾਂ ਗੁਣ ਹਨ ਤਾਂ ਲੋਕਾਂ ਵਿੱਚ ਵੀ ਸੁਣਨ ਤੇ ਸਮਝਣ ਵੀ ਗੁਣ ਵੀ ਹਨ। ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮੁੱਦੇ ਉਤੇ ਜਦੋਂ ਉਨ੍ਹਾਂ ਦੀ ਜੈ-ਜੈਕਾਰ ਹੋ ਰਹੀ ਸੀ ਤਾਂ ਉਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵਿਰੁੱਧ ਕਰ ਲਿਆ ਅਤੇ ਦੂਜੇ ਸਿਆਸੀ ਵਿਰੋਧੀਆਂ ਨੂੰ ਹਥਿਆਰ ਮੁਹਈਆ ਕਰਵਾ ਦਿੱਤਾ ਹੈ। ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਸਿੱਧੂ ਇਸ ਨੁਕਸਾਨ ਤੋਂ ਉਭਰ ਵੀ ਜਾਣ ਪਰ ਇਹ ਸੱਚਾਈ ਹੈ ਕਿ ਜੇਕਰ ਵਧੀਆ ਦਲੀਲਾਂ ਸਿੱਧੂ ਦਾ ਹਥਿਆਰ ਹਨ ਤਾਂ ਜ਼ਿਆਦਾ ਬੋਲ ਕੇ ਦੂਜਿਆਂ ਦਾ ਮਜ਼ਾਕ ਉਡਾਉਣਾ ਉਨ੍ਹਾਂ ਦੇ ਖਿਲਾਫ ਹੀ ਘਾਤਕ ਹਥਿਆਰ ਵੀ ਹਨ।
-
ਦਰਸ਼ਨ ਦਰਸ਼ਕ, ਲੇਖਕ
darshandarshak@gmail.com
98555-08918
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.