ਜਦੋਂ ਕੋਈ ਪੰਜਾਬੀ ਵਿਦੇਸ਼ਾਂ ਵਿੱਚ ਧੱਕੇ ਖਾ ਕੇ ਵਤਨ ਵਾਪਸ ਆਵੇ ਤਾਂ ਇਹ ਲਫਜ਼ ਜਰੂਰ ਬੋਲਦਾ ਹੈ, “ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ। ਆਖਰ ਕੀ ਅਤੇ ਕਿੱਥੇ ਹਨ ਇਹ ਬਲਖ ਅਤੇ ਬੁਖਾਰਾ, ਜਿਹਨਾਂ ਨੂੰ ਪੰਜਾਬੀ ਐਨੇ ਖੂਬਸੂਰਤ ਸ਼ਹਿਰ ਮੰਨਦੇ ਹਨ?
ਬਲਖ... ਬਲਖ ਅਫਗਾਨਿਸਤਾਨ ਦਾ ਇੱਕ ਪੁਰਾਤਨ ਪੁਰਾਣਾ ਸ਼ਹਿਰ ਹੈ ਜੋ 3000 ਸਾਲ ਪੁਰਾਣਾ ਹੈ। ਇਹ ਉੱਜ਼ਬੇਕਿਸਤਾਨ ਦੇ ਬਾਰਡਰ ਨਾਲ ਲੱਗਦਾ ਹੈ ਤੇ ਮਜ਼ਾਰੇ ਸ਼ਰੀਫ ਤੋਂ 20 ਕਿ.ਮੀ. ਦੂਰ ਹੈ। ਕਿਸੇ ਸਮੇਂ ਇਹ ਬੁੱਧ ਅਤੇ ਪਾਰਸੀ ਧਰਮ ਦਾ ਇੱਕ ਉੱਘਾ ਕੇਂਦਰ ਸੀ। ਇਸ 'ਤੇ ਸਮੇਂ ਸਮੇਂ ਤੇ ਯੂਨਾਨੀਆਂ, ਹੂਣਾਂ, ਅਰਬਾਂ, ਮੰਗੋਲਾਂ, ਈਰਾਨੀਆਂ, ਉਜ਼ਬੇਕਾਂ ਅਤੇ ਅਫਗਾਨਾਂ ਦਾ ਕਬਜ਼ਾ ਰਿਹਾ ਹੈ। ਇਸ ਦਾ ਪ੍ਰਚੀਨ ਨਾਮ ਬਖਤਰੀ ਸੀ ਜੋ ਹੌਲੀ ਹੌਲੀ ਵਿਗੜ ਕੇ ਬਲਖ ਬਣ ਗਿਆ। ਸਿਕੰਦਰ ਮਹਾਨ ਨੇ ਇਸ 'ਤੇ 327 ਬੀ.ਸੀ. ਵਿੱਚ ਕਬਜ਼ਾ ਕੀਤਾ ਸੀ ਤੇ ਇਥੋਂ ਦੇ ਰਾਜੇ ਦੀ ਲੜਕੀ ਰੁਖਸਾਨਾ ਨਾਲ ਵਿਆਹ ਕੀਤਾ ਸੀ।
ਇਹ ਸ਼ਹਿਰ ਕਿਸੇ ਸਮੇਂ ਬਹੁਤ ਅਮੀਰ ਸੀ ਅਤੇ ਸ਼ਾਨਦਾਰ ਸਮਾਰਕਾਂ ਨਾਲ ਲਬਰੇਜ਼ ਸੀ। ਪਰ ਸਦੀਆਂ ਦੀ ਲੁੱਟਮਾਰ ਅਤੇ ਅਫਗਾਨਿਸਤਾਨ ਦੀ ਘਰੇਲੂ ਜੰਗ ਨੇ ਇਸ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਹੁਣ ਇਸ ਵਿੱਚ ਥੋੜ•ੇ ਜਿਹੇ (60000) ਲੋਕ ਵੱਸਦੇ ਹਨ। ਅੱਜ ਇਹ ਸ਼ਹਿਰ ਨਾਲੋਂ ਮਲਬੇ ਦਾ ਢੇਰ ਵੱਧ ਲੱਗਦਾ ਹੈ। ਇਸ ਦੇ ਚੰਗੇ ਦਿਨਾਂ ਵਿੱਚ ਇਸ ਨੂੰ ਸਾਂਸਕ੍ਰਿਤਕ ਅਤੇ ਗਿਆਨ ਦੀ ਰਾਜਧਾਨੀ ਮੰਨਿਆਂ ਜਾਂਦਾ ਸੀ। ਇਸ ਨੇ ਮੌਲਾਨ ਰੂਮੀ, ਅਮੀਰ ਖੁਸਰੋ ਦੇਹਲਵੀ, ਰਸ਼ੀਦੁਦੀਨ ਵਤਵਤ, ਸ਼ਹੀਦ ਬਲਖੀ, ਐਵੀਸੀਨਾ ਅਤੇ ਫਾਰਸੀ ਦੀ ਪਹਿਲੀ ਕਵਿੱਤਰੀ ਰਾਬੀਆ ਬਲਖੀ ਵਰਗੇ ਵਿਦਵਾਨ ਸੰਸਾਰ ਦੀ ਝੋਲੀ ਪਾਏ ਸਨ। ਸਿਲਕ ਰੂਟ ਉੱਪਰ ਹੋਣ ਕਾਰਨ ਵਪਾਰੀਆਂ ਦੇ ਕਾਫਲੇ ਇਥੇ ਰੌਣਕ ਲਗਾਈ ਰੱਖਦੇ ਸਨ। ਇਸ ਕਾਰਨ ਇਹ ਸ਼ਹਿਰ ਬਹੁਤ ਦੌਲਤਮੰਦ ਬਣ ਗਿਆ ਸੀ।
ਬੁਖਾਰਾ... ਬੁਖਾਰਾ ਉੱਜ਼ਬੇਕਿਸਤਾਨ ਦਾ ਇੱਕ ਆਲੀਸ਼ਾਨ ਸ਼ਹਿਰ ਹੈ ਜੋ 2500 ਸਾਲ ਪੁਰਾਣਾ ਹੈ। ਇਸ ਦੇ 140 ਸ਼ਾਨਦਾਰ ਪ੍ਰਚੀਨ ਸਮਾਰਕਾਂ ਕਾਰਨ ਇਸ ਨੂੰ ਅਜਾਇਬਘਰ ਸ਼ਹਿਰ ਕਿਹਾ ਜਾਂਦਾ ਹੈ। ਇਹ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਤੇ ਇਸ ਦੀ ਅਬਾਦੀ ਢਾਈ ਲੱਖ ਦੇ ਕਰੀਬ ਹੈ। ਸਿਲਕ ਰੂਟ 'ਤੇ ਹੋਣ ਕਾਰਨ ਇਹ ਸ਼ਹਿਰ ਹਮੇਸ਼ਾਂ ਤੋਂ ਵਪਾਰ, ਸੱਭਿਆਚਾਰ, ਧਰਮ ਅਤੇ ਸੰਸਕ੍ਰਿਤੀ ਦਾ ਕੇਂਦਰ ਰਿਹਾ ਹੈ। ਯੂਨੈਸਕੋ ਨੇ ਇਸ ਨੂੰ ਵਰਲਡ ਹੈਰੀਟੇਜ਼ ਸਾਈਟ ਘੋਸ਼ਿਤ ਕੀਤਾ ਹੋਇਆ ਹੈ।
ਮੱਧ ਏਸ਼ੀਆ ਵਿੱਚ ਹੋਣ ਕਾਰਨ ਬੁਖਾਰਾ ਹਮੇਸ਼ਾਂ ਸੁਲਤਾਨਾਂ ਅਤੇ ਬਾਦਸ਼ਾਹਾਂ ਵਿੱਚ ਝਗੜੇ ਦੇ ਕੇਂਦਰ ਰਿਹਾ ਹੈ। ਇਸ 'ਤੇ ਇਰਾਨ, ਅਰਬ, ਮੰਗੋਲਾਂ, ਉਜ਼ਬੇਕਾਂ ਅਤੇ ਰੂਸੀਆਂ ਦਾ ਕਬਜ਼ਾ ਰਿਹਾ ਹੈ। ਇਸ ਵਿੱਚ ਅਨੇਕਾਂ ਅਜਿਹੇ ਸ਼ਾਨਦਾਰ ਸਮਾਰਕ ਹਨ ਕਿ ਵੇਖ ਕੇ ਅਕਲ ਦੰਗ ਰਹਿ ਜਾਂਦੀ ਹੈ। ਇਥੋਂ ਦੀਆਂ ਵੇਖਣਯੋਗ ਸਮਾਰਕਾਂ ਵਿੱਚ ਕਲਿਆਨ ਮੀਨਾਰ, ਕਲਨ ਮਸਜਿਦ, ਮੀਰੇ ਅਰਬ ਮਸਰੱਸਾ, ਲਬੇ ਹੌਜ਼, ਸ਼ੇਖ ਬਹਾਉਦੀਨ ਕੰਪਲੈਕਸ, ਬੁਖਾਰਾ ਕਿਲਾ, ਚਸ਼ਮਾ ਅਯੂਬ ਮਕਬਰਾ, ਇਸਮਾਈਲ ਸਮਾਨੀ ਮਕਬਰਾ, ਬੋਲੋ ਹੌਜ਼ ਮਸਜਿਦ, ਚਾਰ ਮੀਨਾਰ, ਮਾਗੌਕੀ ਅਟੌਰੀ ਮਸਜਿਦ ਅਤੇ ਹਮਦਾਨੀ ਮਸਜਿਦ ਸ਼ਾਮਲ ਹਨ। ਜਿਆਦਾਤਰ ਇਮਾਰਤਾਂ ਦਾ ਰੰਗ ਪੀਲਾ ਹੈ। ਇਸੇ ਲਈ ਅਰਬੀ ਵਿੱਚ ਇਸ ਨੂੰ ਮਦੀਨਾਤ ਅਲ ਸਰਫੀਆ ਭਾਵ ਤਾਂਬੇ ਦਾ ਸ਼ਹਿਰ ਕਿਹਾ ਜਾਂਦਾ ਹੈ। ਇਹਨਾਂ ਸਮਾਰਕਾਂ ਨੂੰ ਵੇਖਣ ਲਈ ਹਰ ਸਾਲ ਲੱਖਾਂ ਸੈਲਾਨੀ ਬੁਖਾਰਾ ਪਹੁੰਚਦੇ ਹਨ। ਮੁੱਖ ਸਮਾਰਕ ਇਸ ਪ੍ਰਕਾਰ ਹਨ।
ਕਲਿਆਨ ਮੀਨਾਰ.. ਇਹ ਮੀਨਾਰ ਬੁਖਾਰਾ ਦੀਆਂ ਸਾਰੀਆਂ ਪ੍ਰਚੀਨ ਇਮਾਰਤਾਂ ਤੋਂ ਬੁਲੰਦ ਹੈ। ਹੁਣ ਇਸ ਦੀ ਵਰਤੋਂ ਅਜ਼ਾਨ ਦੇਣ ਲਈ ਕੀਤੀ ਜਾਂਦੀ ਹੈ ਪਰ ਪੁਰਾਣੇ ਸਮੇਂ ਵਿੱਚ ਇਸ ਦਾ ਨਾਮ ਮੌਤ ਦਾ ਮੀਨਾਰ ਸੀ। ਮੌਤ ਦੀ ਸਜ਼ਾ ਪ੍ਰਾਪਤ ਅਪਰਾਧੀਆਂ ਨੂੰ ਇਸ ਉਪਰੋਂ ਹੇਠਾਂ ਸੁੱਟ ਕੇ ਮਾਰਿਆ ਜਾਂਦਾ ਸੀ। ਇਸ ਦੀ ਉਸਾਰੀ 16ਵੀਂ ਸਦੀ ਵਿੱਚ ਕੀਤੀ ਗਈ ਸੀ। ਇਸ ਦੀ ਉੱਚਾਈ 150 ਫੁੱਟ ਅਤੇ ਵਿਆਸ ਨੀਂਹ ਤੋਂ 30 ਫੁੱਟ ਅਤੇ ਛੱਤ ਤੋਂ 20 ਫੁੱਟ ਹੈ। ਪੀਲੇ ਰੰਗ ਦੀ ਇਹ ਸ਼ਾਨਦਾਰ ਇਮਾਰਤ ਮੀਲਾਂ ਦੂਰ ਤੋਂ ਦਿਖਾਈ ਦਿੰਦੀ ਹੈ।
ਕਲਨ ਮਸਜਿਦ... ਇਸ ਮਸਜਿਦ ਦੀ Àਸਾਰੀ 1514 ਈਸਵੀ ਵਿੱਚ ਮੁਕੰਮਲ ਹੋਈ ਸੀ। ਇਹ ਸਮਰਕੰਦ ਦੀ ਬੀਬੀ ਖਾਨਮ ਮਸਜਿਦ ਦੀ ਹੂਬਹੂ ਨਕਲ ਹੈ। ਇਹ ਐਨੀ ਵਿਸ਼ਾਲ ਹੈ ਕਿ ਇੱਕੋ ਵੇਲੇ 12000 ਵਿਅਕਤੀ ਨਮਾਜ਼ ਪੜ• ਸਕਦੇ ਹਨ। ਇਸ ਦੇ ਵਰਾਂਡਿਆਂ ਨੂੰ ਸਹਾਰਾ ਦੇਣ ਲਈ 300 ਸ਼ਾਨਦਾਰ ਸਤੰਭ ਹਨ। ਸਾਰੀ ਮਸਜਿਦ ਦੇ ਅੰਦਰ ਤੇ ਬਾਹਰ ਖੂਬਸੂਰਤ ਨੱਕਾਸ਼ੀ ਕੀਤੀ ਗਈ ਹੈ ਤੇ ਕੁਰਾਨ ਦੀਆਂ ਆਇਤਾਂ ਉਕਰੀਆਂ ਗਈਆਂ ਹਨ। ਇਸ ਦੇ ਗੁੰਬਦਾਂ ਉੱਪਰ ਨੀਲੇ ਰੰਗ ਦੀਆਂ ਟਾਈਲਾਂ ਜੜੀਆਂ ਗਈਆਂ ਹਨ ਜੋ ਸੂਰਜ ਅਤੇ ਚੰਨ ਦੀ ਰੌਸ਼ਨੀ ਵਿੱਚ ਬੇਹੱਦ ਚਮਕਦੀਆਂ ਹਨ।
ਮੀਰ ਏ ਅਰਬ ਮਦਰੱਸਾ... ਇਸ ਮਦਰੱਸੇ ਦੀ ਉਸਾਰੀ ਬੁਖਾਰੇ ਦੇ ਸੁਲਤਾਨ ਉਬੈਦੁਲਾਹ ਖਾਨ ਨੇ ਆਪਣੇ ਗੁਰੂ ਸ਼ੇਖ ਅਬਦੁੱਲਾ ਯਮਨੀ ਦੀ ਯਾਦ ਵਿੱਚ 1536 ਈਸਵੀ ਵਿੱਚ ਕਰਵਾਈ ਸੀ। ਇਸ ਦੀ ਉਸਾਰੀ ਵਿੱਚ 3000 ਮਜ਼ਦੂਰਾਂ ਨੂੰ ਦਸ ਸਾਲ ਲੱਗੇ ਸਨ।
ਲਬੇ ਹੌਜ਼... ਇਹ ਇੱਕ ਇਸ਼ਨਨ ਘਰ ਹੈ ਜਿਸ ਦੀ ਉਸਾਰੀ 1622 ਈਸਵੀ ਵਿੱਚ ਮੁਕੰਮਲ ਹੋਈ ਸੀ। ਇਸ ਹੌਜ਼ ਦਾ ਪਾਣੀ ਬਹੁਤ ਹੀ ਪਵਿੱਤਰ ਅਤੇ ਸਾਫ ਮੰਨਿਆਂ ਜਾਂਦਾ ਸੀ। ਪਰ ਲੋਕਾਂ ਦੇ ਇਕੱਠਿਆਂ ਨਹਾਉਣ ਕਾਰਨ ਕਈ ਵਾਰ ਬਿਮਾਰੀਆਂ ਫੈਲ ਜਾਂਦੀਆਂ ਸਨ। ਇਸ ਲਈ ਰੂਸੀਆਂ ਨੇ 1930 ਵਿੱਚ ਇਥੇ ਨਹਾਉਣ 'ਤੇ ਪਾਬੰਦੀ ਲਗਾ ਦਿੱਤੀ।
ਚਸ਼ਮਾ ਅਯੂਬ... ਚਸ਼ਮਾ ਅਯੂਬ ਰੇਗਸਤਾਨੀ ਇਲਾਕੇ ਵਿੱਚ ਇੱਕ ਚਮਤਕਾਰ ਮੰਨਿਆਂ ਜਾਂਦਾ ਹੈ। ਲੋਕ ਗਾਥਾ ਹੈ ਕਿ ਸੰਤ ਅਯੂਬ ਨੇ ਧਰਤੀ ਉੱਪਰ ਲਾਠੀ ਮਾਰ ਕੇ ਇਸ ਚਸ਼ਮੇ ਨੂੰ ਪ੍ਰਗਟ ਕੀਤਾ ਸੀ। ਇਸ ਪਾਣੀ ਨੂੰ ਔਸ਼ਧੀ ਗੁਣਾਂ ਵਾਲਾ ਮੰਨਿਆਂ ਜਾਂਦਾ ਹੈ। ਇਸ ਚਸ਼ਮੇ ਉੱਪਰ ਸਮਾਰਕ ਦੀ ਉਸਾਰੀ ਤੈਮੂਰ ਲੰਗੜੇ ਨੇ ਕਰਵਾਈ ਸੀ।
ਇਸਮਾਈਲ ਸਮਾਨੀ ਮਕਬਰਾ.. ਇਹ ਇਮਾਰਤ ਬਾਦਸ਼ਾਹ ਇਸਮਾਈਲ ਸਮਾਨੀ ਦਾ ਮਕਬਰਾ ਹੈ ਤੇ ਇਸ ਦੀ ਉਸਾਰੀ 10ਵੀਂ ਸਦੀ ਵਿੱਚ ਹੋਈ ਸੀ। ਇਹ ਬੁਖਾਰਾ ਦੀ ਇੱਕੋ ਇੱਕ ਇਮਾਰਤ ਹੈ ਜਿਸ ਵਿੱਚ ਪਾਰਸੀ ਅਤੇ ਇਸਲਾਮੀ ਭਵਨ ਨਿਰਮਾਣ ਕਲਾ ਨੂੰ ਇਕੱਠੇ ਵਰਤਿਆ ਗਿਆ ਹੈ। ਇਹ ਬੁਖਾਰਾ ਦਾ ਸਭ ਤੋਂ ਪੁਰਾਣਾ ਸਮਾਰਕ ਹੈ। ਚੰਗੇਜ਼ ਖਾਨ ਦੇ ਹਮਲੇ ਵੇਲੇ ਇਹ ਸਮਾਰਕ ਹੜ• ਕਾਰਨ ਮਿੱਟੀ ਵਿੱਚ ਦੱਬਿਆ ਹੋਇਆ ਹੋਣ ਕਾਰਨ ਢਾਹੇ ਜਾਣ ਤੋਂ ਬਚ ਗਿਆ ਸੀ। ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜ਼ਿਨਾਹ ਦਾ ਮਕਬਰਾ ਇਸ ਮਕਬਰੇ ਦੀ ਨਕਲ ਮਾਰ ਕੇ ਬਣਾਇਆ ਗਿਆ ਹੈ।
ਚਾਰ ਮੀਨਾਰ... ਚਾਰ ਮੀਨਾਰ ਦੀ ਉਸਾਰੀ ਇੱਕ ਅਮੀਰ ਵਪਾਰੀ ਖਾਲੀਫ ਨਿਆਜ਼ ਕੁਲ ਨੇ 19ਵੀਂ ਸਦੀ ਵਿੱਚ ਕਰਵਾਈ ਸੀ। ਇਸ ਸਮਾਰਕ ਦੀ ਖੂਬੀ ਇਹ ਹੈ ਕਿ ਹਰੇਕ ਮੀਨਾਰ ਨੂੰ ਬਿਲਕੁਲ ਅਲੱਗ ਮੀਨਾਕਾਰੀ ਨਾਲ ਸਜਾਇਆ ਗਿਆ ਹੈ। ਇਸ ਵਿੱਚ ਚਾਰ ਧਰਮਾਂ, ਇਸਾਈ, ਪਾਰਸੀ, ਬੁੱਧ ਅਤੇ ਇਸਲਾਮ ਦੇ ਧਾਰਮਿਕ ਚਿਨ• ਖੁਦੇ ਹੋਏ ਹਨ। ਇਹ ਬੁਖਾਰੇ ਦਾ ਸਭ ਤੋਂ ਵੱਧ ਲੋਕਪ੍ਰਿਯ ਸਮਾਰਕ ਹੈ। ਸਭ ਤੋਂ ਵੱਧ ਸੈਲਾਨੀ ਇਸ ਨੂੰ ਵੇਖਣ ਲਈ ਆਉਂਦੇ ਹਨ।
ਬੁਖਾਰਾ ਦੀ ਅਬਾਦੀ ਤਿੰਨ ਲੱਖ ਦੇ ਕਰੀਬ ਹੈ। ਇਸ ਵਿੱਚ 82% ਉੱਜ਼ਬੇਕ, 6% ਰੂਸੀ, 4% ਤਾਜ਼ਿਕ ਅਤੇ ਬਾਕੀ ਤਾਤਾਰ, ਤੁਰਕ ਅਤੇ ਕੋਰੀਅਨ ਆਦਿ ਹਨ। ਹੁਣ ਬੁਖਾਰਾ ਬਹੁਤ ਅਧੁਨਿਕ ਹੋ ਚੁੱਕਾ ਹੈ। ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਇਹ ਸੰਸਾਰ ਦੇ ਕਈ ਦੇਸ਼ਾਂ ਨਾਲ ਜੁੜਿਆ ਹੋਇਆ ਹੈ। ਇਥੋਂ ਗੁਜ਼ਰਨ ਵਾਲੀ ਐਮ 37 ਸ਼ਾਹਰਾਹ ਇਸ ਨੂੰ ਤੁਰਕਮੇਨਿਸਤਾਨ, ਉੱਜ਼ਬੇਕਿਸਤਾਨ ਅਤੇ ਰੂਸ ਦੇ ਵੱਡੇ ਸ਼ਹਿਰਾਂ ਨਾਲ ਮਿਲਾਉਂਦੀ ਹੈ। ਇਸ ਦਾ ਮੌਸਮ ਬਹੁਤ ਸਖਤ ਅਤੇ ਖੁਸ਼ਕ ਹੈ। ਇਥੇ ਬਹੁਤ ਘੱਟ ਬਾਰਸ਼ ਹੁੰਦੀ ਹੈ। ਗਰਮੀਆਂ ਵਿੱਚ ਸਖਤ ਗਰਮੀ ਅਤੇ ਸਿਆਲ ਵਿੱਚ ਸਖਤ ਸਰਦੀ ਪੈਂਦੀ ਹੈ। ਬੁਖਾਰਾ ਬਗਦਾਦ ਤੋਂ ਬਾਅਦ ਸਭ ਤੋਂ ਵੱਡਾ ਇਸਲਾਮੀ ਗਿਆਨ ਦਾ ਕੇਂਦਰ ਸੀ। ਇਥੇ ਮੁਹੰਮਦ ਬੁਖਾਰੀ, ਕੁਮਰੀ, ਬਲਮੀ, ਅੱਬੂਬਕਰ ਨਰਸ਼ਖੀ, ਸੈਦੁਦੀਨ ਔਫੀ, ਹਜ਼ਰਤ ਜਲਾਲੁਦੀਨ ਸੁਰਖਪੋਸ਼, ਬਹਾਉਦੀਨ ਨਕਸ਼ਬੰਦੀ ਅਤੇ ਸੰਤ ਮੀਰ ਸਾਈਦ ਅਲੀ ਹਮਦਾਨੀ ਵਰਗੇ ਵਿਦਵਾਨ ਪੈਦਾ ਹੋਏ ਹਨ। ਬਖਾਰਾ ਜਾਣ ਦਾ ਸਭ ਤੋਂ ਵਧੀਆ ਮੌਸਮ ਸਤੰਬਰ ਤੋਂ ਲੈ ਕੇ ਮਾਰਚ ਅਪਰੈਲ ਤੱਕ ਹੈ।
-
ਬਲਰਾਜ ਸਿੰਘ ਸਿੱਧੂ ( ਪੰਡੋਰੀ ਸਿੱਧਵਾਂ ), ਐਸ.ਪੀ ਪੰਜਾਬ ਪੁਲਿਸ
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.