ਡਾ. ਬਰਜਿੰਦਰ ਸਿੰਘ ਹਮਦਰਦ
ਦੁਨੀਆ ਭਰ ਦੇ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂਆਂ ਲਈ ਪਿਛਲਾ ਇਕ ਹਫ਼ਤਾ ਬੇਹੱਦ ਮਹੱਤਵਪੂਰਨ, ਇਤਿਹਾਸਕ ਅਤੇ ਕਦੀ ਨਾ ਭੁੱਲਣ ਵਾਲਾ ਹੋ ਨਿਬੜਿਆ ਹੈ | ਸ਼ਰਧਾਲੂ ਆਪਣੇ ਮਹਾਨ ਗੁਰੂ ਦੀ ਯਾਦ ਵਿਚ ਕਰਤਾਰਪੁਰ ਸਾਹਿਬ ਵਿਖੇ ਬਣੇ ਗੁਰਦੁਆਰਾ ਦਰਬਾਰ ਸਾਹਿਬ ਦੇ ਬਿਨਾਂ ਰੁਕਾਵਟ ਦਰਸ਼ਨ-ਦੀਦਾਰੇ ਕਰ ਸਕਣਗੇ | ਉਸ ਪਵਿੱਤਰ ਅਸਥਾਨ ਦੇ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਹਯਾਤੀ ਦੇ ਆਖ਼ਰੀ 18 ਵਰ੍ਹੇ ਬਿਤਾਏ ਸਨ | ਸਾਲ 1947 ਵਿਚ ਦੇਸ਼ ਦੀ ਵੰਡ ਨੇ ਕਰੋੜਾਂ ਲੋਕਾਂ ਨੂੰ ਇਕ ਅਜਿਹਾ ਗਹਿਰਾ ਸਦਮਾ ਦਿੱਤਾ ਸੀ, ਜਿਸ ਨੂੰ ਭੁੱਲ ਸਕਣਾ ਸੰਭਵ ਨਹੀਂ ਸੀ |
ਸਮਾਜ ਦੇ ਪਿੰਡੇ 'ਤੇ ਇਸ ਵੰਡ ਨੇ ਏਨੇ ਗਹਿਰੇ ਜ਼ਖ਼ਮ ਲਗਾਏ ਸਨ, ਜਿਨ੍ਹਾਂ ਦਾ ਦਹਾਕਿਆਂ ਵਿਚ ਵੀ ਭਰਿਆ ਜਾਣਾ ਮੁਸ਼ਕਿਲ ਸੀ | ਦੋਵਾਂ ਦੇਸ਼ਾਂ ਵਿਚ ਵੰਡੇ ਕਰੋੜਾਂ ਲੋਕਾਂ ਦਾ ਬਹੁਤ ਕੁਝ ਗੁਆਚ ਗਿਆ ਸੀ | ਹਜ਼ਾਰਾਂ ਪਰਿਵਾਰ ਖੇਰੂੰ-ਖੇਰੂੰ ਹੋ ਗਏ ਅਤੇ ਲੱਖਾਂ ਨੂੰ ਮਜਬੂਰ ਹੋ ਕੇ ਆਪਣਾ ਵਤਨ ਛੱਡ ਕੇ ਇਕ ਪਾਸੇ ਤੋਂ ਦੂਜੇ ਪਾਸੇ ਆਉਣਾ ਪਿਆ | ਇਸ ਨਾਲ ਦੋਵਾਂ ਮੁਲਕਾਂ ਦੇ ਲੋਕ ਆਪਣੇ ਪਵਿੱਤਰ ਧਾਰਮਿਕ ਅਸਥਾਨਾਂ ਤੋਂ ਵੀ ਵਿਛੜ ਗਏ, ਖ਼ਾਸ ਕਰਕੇ ਸਿੱਖ ਭਾਈਚਾਰੇ ਦੇ ਢਾਈ ਸੌ ਦੇ ਲਗਪਗ ਗੁਰਧਾਮ ਪਾਕਿਸਤਾਨ ਵਿਚ ਚਲੇ ਗਏ, ਜਿਨ੍ਹਾਂ ਵਿਚੋਂ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੀ ਵਿਸ਼ੇਸ਼ ਮਹੱਤਤਾ ਹੈ | ਸਿੱਖ ਜਗਤ ਲਈ ਇਹ ਵਿਛੜੇ ਪਾਵਨ ਅਸਥਾਨ ਅਰਦਾਸ ਦਾ ਹਿੱਸਾ ਬਣ ਗਏ ਸਨ | ਪੰਜਾਬ ਦੀ ਸਰਹੱਦ ਨਾਲ ਰਾਵੀ ਤੋਂ ਪਾਰ ਕੁਝ ਮੀਲਾਂ ਦੇ ਫ਼ਾਸਲੇ 'ਤੇ ਉਨ੍ਹਾਂ ਦਾ ਪਿਆਰਾ ਗੁਰਧਾਮ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਥਿਤ ਸੀ, ਜਿਸ ਨੂੰ ਉਹ ਦਹਾਕਿਆਂਬੱਧੀ ਕੁਝ ਮੀਲਾਂ ਦੀ ਵਿੱਥ ਤੋਂ ਦੂਰਬੀਨ ਰਾਹੀਂ ਨਿਹਾਰਦੇ ਆਏ ਸਨ | 70 ਸਾਲ ਤੋਂ ਉਹ ਆਪਣੇ ਗੁਰੂ ਦੇ ਇਸ ਅਸਥਾਨ ਨੂੰ ਨਮਸਕਾਰ ਕਰਨ ਲਈ ਤੜਫਦੇ ਰਹੇ ਸਨ |
20 ਕੁ ਸਾਲ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਹੁ-ਚਰਚਿਤ ਲਾਹੌਰ ਬੱਸ ਯਾਤਰਾ ਸਮੇਂ ਸਿੱਖ ਸ਼ਰਧਾਲੂਆਂ ਦੀ ਵੱਡੀ ਤਾਂਘ ਅਤੇ ਲਗਾਤਾਰ ਮੰਗ ਨੂੰ ਰੱਖਦਿਆਂ ਉਨ੍ਹਾਂ ਪਾਕਿਸਤਾਨ ਕੋਲ ਇਹ ਕੁਝ ਮੀਲ ਦਾ ਲਾਂਘਾ ਬਣਾਉਣ ਦੀ ਮੰਗ ਰੱਖੀ ਸੀ | ਉਸ ਤੋਂ ਬਾਅਦ ਇਸ ਲਾਂਘੇ ਲਈ ਲਗਾਤਾਰ ਅਰਦਾਸਾਂ ਹੁੰਦੀਆਂ ਰਹੀਆਂ | ਇਸ ਸਬੰਧੀ ਸਵਰਗੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਵੀ ਲਗਾਤਾਰ ਯਤਨ ਕੀਤੇ | ਦਹਾਕਿਆਂ ਪੁਰਾਣੇ ਇਨ੍ਹਾਂ ਯਤਨਾਂ ਨੂੰ ਉਸ ਸਮੇਂ ਬੂਰ ਪੈਂਦਾ ਦਿਖਾਈ ਦਿੱਤਾ ਜਦੋਂ ਨਵਜੋਤ ਸਿੰਘ ਸਿੱਧੂ ਆਪਣੇ ਦੋਸਤ ਅਤੇ ਪ੍ਰਸਿੱਧ ਕ੍ਰਿਕਟ ਖਿਡਾਰੀ ਇਮਰਾਨ ਖਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ 'ਤੇ ਸਹੁੰ ਚੁੱਕ ਸਮਾਗਮ ਵਿਚ ਗਏ ਸਨ | ਉਸ ਸਮੇਂ ਪਾਕਿਸਤਾਨੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਗੁਰਦੁਆਰਾ ਸਾਹਿਬ ਲਈ ਲਾਂਘਾ ਦੇਣ ਦੀ ਗੱਲ ਉਨ੍ਹਾਂ ਨਾਲ ਕੀਤੀ ਸੀ, ਜਿਸ ਦੀ ਵੱਡੇ ਪੱਧਰ 'ਤੇ ਚਰਚਾ ਹੋਈ ਸੀ | ਅਸੀਂ ਭਾਰਤ ਸਰਕਾਰ ਦੀ ਵੱਡੀ ਪ੍ਰਸੰਸਾ ਕਰਦੇ ਹਾਂ ਕਿ ਉਸ ਨੇ ਡੇਰਾ ਬਾਬਾ ਨਾਨਕ ਤੋਂ ਸਰਹੱਦ ਤੱਕ ਲਾਂਘਾ ਬਣਾਉਣ ਦਾ ਫ਼ੈਸਲਾ ਕੀਤਾ ਅਤੇ ਪਾਕਿਸਤਾਨ ਨੂੰ ਵੀ ਗੁਰਦੁਆਰਾ ਸਾਹਿਬ ਤੋਂ ਭਾਰਤੀ ਸਰਹੱਦ ਤੱਕ ਆਪਣੇ ਹਿੱਸੇ ਦਾ ਲਾਂਘਾ ਤਿਆਰ ਕਰਨ ਦੀ ਅਪੀਲ ਕੀਤੀ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਲਈ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੀ ਅਪੀਲ ਨੂੰ ਮੰਨਦਿਆਂ ਉਸੇ ਹੀ ਸਮੇਂ ਆਪਣੇ ਪਾਸੇ ਦਾ ਲਾਂਘਾ ਬਣਾਉਣ ਦਾ ਐਲਾਨ ਕਰ ਦਿੱਤਾ |
26 ਨਵੰਬਰ ਦਿਨ ਸੋਮਵਾਰ ਨੂੰ ਭਾਰਤ ਦੇ ਉੱਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਡੇਰਾ ਬਾਬਾ ਨਾਨਕ ਨਜ਼ਦੀਕ ਲਾਂਘੇ ਦਾ ਨੀਂਹ-ਪੱਥਰ ਰੱਖਿਆ ਅਤੇ ਉਸ ਤੋਂ ਦੋ ਦਿਨ ਬਾਅਦ 28 ਨਵੰਬਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦਾ ਨੀਂਹ-ਪੱਥਰ ਰੱਖ ਕੇ ਇਕ ਇਤਿਹਾਸ ਰਚ ਦਿੱਤਾ | ਇਸ ਨਾਲ ਇਕਦਮ ਜਿਵੇਂ ਸਾਰੀ ਫ਼ਿਜ਼ਾ ਬਦਲ ਗਈ ਹੋਵੇ | ਇਮਰਾਨ ਖਾਨ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆਂ ਮਹਿਜ਼ ਤਿੰਨ ਮਹੀਨੇ ਹੀ ਹੋਏ ਹਨ | ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੇ ਗੁਆਂਢੀ ਭਾਰਤ ਨਾਲ ਦੋਸਤੀ ਅਤੇ ਮਿਲਵਰਤਣ ਚਾਹੁੰਦੇ ਹਨ | ਆਪਸੀ ਗੱਲਬਾਤ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇ ਇਸ ਦਿਸ਼ਾ ਵਿਚ ਭਾਰਤ ਇਕ ਕਦਮ ਉਠਾਏਗਾ ਤਾਂ ਉਹ ਦੋ ਕਦਮ ਚੁੱਕਣ ਲਈ ਤਿਆਰ ਹੋਣਗੇ | ਅਜਿਹੀਆਂ ਹੀ ਭਾਵਨਾਵਾਂ ਦਾ ਇਜ਼ਹਾਰ ਉਨ੍ਹਾਂ ਨੇ ਲਾਂਘੇ ਦਾ ਨੀਂਹ-ਪੱਥਰ ਰੱਖਦਿਆਂ ਕਰਤਾਰਪੁਰ ਵਿਚ ਲੋਕਾਂ ਨੂੰ ਸੰਬੋਧਨ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਭਾਰਤ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਚਾਹਵਾਨ ਹਨ | ਦੋਵਾਂ ਦੇਸ਼ਾਂ ਵਿਚ ਲੰਮੇ ਸਮੇਂ ਤੋਂ ਚਲਦੀ ਆ ਰਹੀ ਤਲਖ਼ੀ ਬਾਰੇ ਗੱਲ ਕਰਦਿਆਂ ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਜੇਕਰ ਫਰਾਂਸ ਅਤੇ ਜਰਮਨੀ ਜੋ ਆਪਸ ਵਿਚ ਤਬਾਹਕੁਨ ਖੂਨੀ ਲੜਾਈਆਂ ਲੜਦੇ ਰਹੇ ਹਨ, ਅੱਜ ਆਪਸੀ ਭਾਈਚਾਰੇ ਨਾਲ ਰਹਿ ਰਹੇ ਹਨ ਤਾਂ ਅਜਿਹਾ ਭਾਰਤ ਅਤੇ ਪਾਕਿਸਤਾਨ ਕਿਉਂ ਨਹੀਂ ਕਰ ਸਕਦੇ? ਉਨ੍ਹਾਂ ਦੋਵਾਂ ਦੇਸ਼ਾਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕ ਆਪਸ ਵਿਚ ਮਿੱਤਰਤਾ ਚਾਹੁੰਦੇ ਹਨ | ਦੋਵਾਂ ਹੀ ਪਾਸਿਆਂ ਤੋਂ ਗ਼ਲਤੀਆਂ ਹੋਈਆਂ ਹਨ ਪਰ ਹੁਣ ਦੋਵਾਂ ਨੂੰ ਹੀ ਬੀਤੇ ਸਮੇਂ ਵਿਚ ਨਹੀਂ ਰਹਿਣਾ ਚਾਹੀਦਾ ਅਤੇ ਦੋਵਾਂ ਗੁਆਂਢੀਆਂ ਨੂੰ ਹਰ ਸੂਰਤ ਵਿਚ ਆਪਣੇ ਸਬੰਧ ਸੁਧਾਰਨੇ ਚਾਹੀਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵਲੋਂ ਪ੍ਰਗਟਾਈਆਂ ਗਈਆਂ ਇਨ੍ਹਾਂ ਭਾਵਨਾਵਾਂ ਨਾਲ ਹੋਰ ਸਿਆਸੀ ਪਾਰਟੀਆਂ ਅਤੇ ਫ਼ੌਜ ਵੀ ਪੂਰੀ ਤਰ੍ਹਾਂ ਸਹਿਮਤ ਹੈ | ਆਪਸੀ ਵਪਾਰ ਅਤੇ ਅਦਾਨ-ਪ੍ਰਦਾਨ ਨਾਲ ਦੋਵੇਂ ਦੇਸ਼ ਲਾਭ ਉਠਾ ਸਕਦੇ ਹਨ ਅਤੇ ਉਨ੍ਹਾਂ ਦੀ ਪਹਿਲ ਵੱਡੀ ਪੱਧਰ 'ਤੇ ਗੁਰਬਤ ਹਟਾਉਣ ਦੀ ਹੋਣੀ ਚਾਹੀਦੀ ਹੈ | ਕਰਤਾਰਪੁਰ ਲਾਂਘੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਸ ਦਿਸ਼ਾ ਵਿਚ ਅਜਿਹੇ ਹੋਰ ਵੀ ਕਦਮ ਉਠਾਏ ਜਾਣੇ ਜ਼ਰੂਰੀ ਹਨ, ਜੋ ਦੱਖਣੀ ਏਸ਼ੀਆ ਦੇ ਇਸ ਖਿੱਤੇ ਵਿਚ ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਹੋਣ |
ਬਿਨਾਂ ਸ਼ੱਕ ਦੋਵਾਂ ਦੇਸ਼ਾਂ ਵਿਚ ਲੰਮੇ ਸਮੇਂ ਤੋਂ ਬੇਹੱਦ ਤਲਖ਼ੀ ਬਣੀ ਰਹੀ ਹੈ, ਜੋ ਲੜਾਈਆਂ ਵਿਚ ਵੀ ਬਦਲਦੀ ਰਹੀ ਹੈ | ਇਸ ਹਿੰਸਾ ਦੀ ਭੇਟ ਹਜ਼ਾਰਾਂ ਨਾਗਰਿਕ ਅਤੇ ਸੁਰੱਖਿਆ ਕਰਮੀ ਜਾਨਾਂ ਗੁਆ ਚੁੱਕੇ ਹਨ | ਸਮੇਂ-ਸਮੇਂ ਦੋਵਾਂ ਦੇਸ਼ਾਂ ਵਲੋਂ ਆਪਸੀ ਸਬੰਧ ਸੁਧਾਰਨ ਦੇ ਅਤੇ ਮਸਲਿਆਂ ਨੂੰ ਹੱਲ ਕਰਨ ਦੇ ਵੱਖ-ਵੱਖ ਪੱਧਰਾਂ 'ਤੇ ਯਤਨ ਵੀ ਹੁੰਦੇ ਰਹੇ ਹਨ ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਲਾਂਘਾ ਖੋਲ੍ਹਣ ਦੇ ਉਠਾਏ ਗਏ ਕਦਮ ਅਤੇ ਦੋਵਾਂ ਦੇਸ਼ਾਂ ਵਿਚ ਸਬੰਧਾਂ ਨੂੰ ਸੁਧਾਰਨ ਲਈ ਕੀਤੇ ਗਏ ਸਪੱਸ਼ਟ ਦਾਅਵੇ ਅਤੇ ਵਾਅਦੇ ਇਕ ਵਾਰ ਫਿਰ ਚੰਗੀ ਆਸ ਅਤੇ ਉਮੀਦ ਪੈਦਾ ਕਰਦੇ ਹਨ | ਇਨ੍ਹਾਂ ਤੋਂ ਭਵਿੱਖ ਵਿਚ ਚੰਗੀਆਂ ਸੰਭਾਵਨਾਵਾਂ ਉਜਾਗਰ ਹੁੰਦੀਆਂ ਦਿਖਾਈ ਦਿੰਦੀਆਂ ਹਨ | ਪੈਦਾ ਹੋਈ ਇਸ ਉਮੀਦ ਦੀਆਂ ਕੜੀਆਂ ਨੂੰ ਹਰ ਸੂਰਤ ਵਿਚ ਅੱਗੇ ਵਧਾਇਆ ਜਾਣਾ ਚਾਹੀਦਾ ਹੈ | ਅਜਿਹੇ ਯਤਨ ਦੋਵਾਂ ਦੇਸ਼ਾਂ ਦੇ ਕਰੋੜਾਂ ਲੋਕਾਂ ਨੂੰ ਵੱਡੀ ਸੰਤੁਸ਼ਟੀ ਅਤੇ ਰਾਹਤ ਪ੍ਰਦਾਨ ਕਰਨ ਦੇ ਸਮਰੱਥ ਹੋਣਗੇ
ਸੰਪਾਦਕੀ ਅਜੀਤ 29 ਨਵੰਬਰ , 2018
( ਅਜੀਤ ਦੇ ਧਨਵਾਦ ਸਾਹਿਤ )
ਅਜੀਤ ਵਿਚ ਸੰਪਾਦਕੀ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
http://beta.ajitjalandhar.com/edition/20181129/1.cms#sthash.JPm8hObq.dpbs
-
ਡਾ. ਬਰਜਿੰਦਰ ਸਿੰਘ ਹਮਦਰਦ, ਮੁੱਖ ਸੰਪਾਦਕ, ਅਜੀਤ ਜਲੰਧਰ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.