ਡਾ. ਬਰਜਿੰਦਰ ਸਿੰਘ ਹਮਦਰਦ
ਪਾਕਿਸਤਾਨ ਦੇ ਕਸਬੇ ਕਰਤਾਰਪੁਰ ਸਾਹਿਬ ਵਿਖੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕਰਤਾਰਪੁਰ ਲਾਂਘੇ ਲਈ ਰੱਖੇ ਗਏ ਨੀਂਹ-ਪੱਥਰ ਸਮੇਂ ਜੋ ਘਟਨਾਚੱਕਰ ਵਾਪਰਿਆ ਅਤੇ ਜਿਸ ਤਰ੍ਹਾਂ ਦੀਆਂ ਸਪੱਸ਼ਟ ਗੱਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਹੀਆਂ ਹਨ, ਉਨ੍ਹਾਂ ਨੇ ਭਾਰਤੀ ਸ਼ਾਸਕਾਂ ਨੂੰ ਹੈਰਾਨ ਵੀ ਕਰ ਦਿੱਤਾ ਹੈ ਅਤੇ ਪ੍ਰੇਸ਼ਾਨ ਵੀ। ਇਸ ਸਮੇਂ ਕੇਂਦਰ ਸਰਕਾਰ ਲਈ ਇਹ ਗੱਲ ਸਮਝਣੀ ਨਿਹਾਇਤ ਜ਼ਰੂਰੀ ਹੈ ਕਿ ਪਾਕਿਸਤਾਨ ਵਿਚ ਲੋਕਾਂ ਦੁਆਰਾ ਚੁਣੀ ਗਈ ਨਵੀਂ ਸਰਕਾਰ ਨੂੰ ਬਣਿਆਂ ਮਹਿਜ਼ ਤਿੰਨ ਮਹੀਨੇ ਹੋਏ ਹਨ। ਸੌ ਦਿਨ ਪਹਿਲਾਂ ਵੀ ਸਹੁੰ ਚੁੱਕ ਸਮਾਗਮ ਤੋਂ ਬਾਅਦ ਇਮਰਾਨ ਖਾਨ ਨੇ ਵਿਸ਼ਾਲ ਹਿਰਦੇ ਨਾਲ ਭਾਰਤ ਨਾਲ ਚੰਗੇ ਸਬੰਧ ਬਣਾਉਣ ਦੀ ਗੱਲ ਕਰਦਿਆਂ ਇਹ ਕਿਹਾ ਸੀ ਕਿ ਜੇ ਭਾਰਤ ਦੋਸਤੀ ਲਈ ਇਕ ਕਦਮ ਚੁੱਕੇਗਾ ਤਾਂ ਉਹ ਦੋ ਕਦਮ ਅੱਗੇ ਵਧਾਉਣਗੇ। ਉਨ੍ਹਾਂ ਨੇ ਭਾਰਤ ਨੂੰ ਗੱਲਬਾਤ ਕਰਨ ਦਾ ਸੱਦਾ ਵੀ ਦਿੱਤਾ ਸੀ।
ਦੋ ਕੁ ਮਹੀਨੇ ਪਹਿਲਾਂ ਨਿਊਯਾਰਕ ਵਿਚ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਵੀ ਨਿਸਚਿਤ ਹੋਈ ਸੀ। ਪਰ ਬਾਅਦ ਵਿਚ ਭਾਰਤ ਸਰਕਾਰ ਇਸ ਤੋਂ ਪਿੱਛੇ ਹਟ ਗਈ ਸੀ। ਪਾਕਿਸਤਾਨ ਦੀਆਂ ਸਮੇਂ-ਸਮੇਂ ਰਹੀਆਂ ਸਰਕਾਰਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਭਾਰਤ ਵਿਰੁੱਧ ਲੁਕਵੀਂ ਜੰਗ ਛੇੜ ਰੱਖੀ ਹੈ। ਉਨ੍ਹਾਂ ਨੇ ਹਮੇਸ਼ਾ ਆਪਣੇ ਪਾਲੇ ਅੱਤਵਾਦੀ ਸੰਗਠਨਾਂ ਰਾਹੀਂ ਭਾਰਤ ਨੂੰ ਲਹੂ-ਲੁਹਾਨ ਕਰਨ ਲਈ ਕਾਰਵਾਈਆਂ ਜਾਰੀ ਰੱਖੀਆਂ ਹਨ। ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਪਾਕਿਸਤਾਨ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਫ਼ੌਜ ਦੇ ਦਬਾਅ ਕਾਰਨ ਆਪਣੇ ਦੇਸ਼ ਲਈ ਢੁਕਵੇਂ ਸਿਆਸੀ ਫ਼ੈਸਲੇ ਲੈਣ ਵਿਚ ਲਾਚਾਰ ਬਣੀਆਂ ਰਹੀਆਂ ਹਨ ਅਤੇ ਇਹ ਵੀ ਕਿ ਉਥੋਂ ਦੇ ਪੂਰੇ ਤਾਣੇ-ਬਾਣੇ 'ਤੇ ਫ਼ੌਜ ਦਾ ਪ੍ਰਭਾਵ ਹੈ। ਸਮੇਂ-ਸਮੇਂ ਪਾਕਿਸਤਾਨ ਵਿਚ ਫ਼ੌਜ ਦੀ ਹੀ ਨੀਤੀ ਚਲਦੀ ਰਹੀ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਰਿਹਾ। ਚੁਣੀਆਂ ਹੋਈਆਂ ਸਰਕਾਰਾਂ ਨੂੰ ਫ਼ੌਜ ਨੇ ਅਕਸਰ ਕਠਪੁਤਲੀਆਂ ਬਣਾਈ ਰੱਖਿਆ। ਉਦਾਹਰਨ ਦੇ ਰੂਪ ਵਿਚ ਇਕ ਪਾਸੇ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਬਸ ਰਾਹੀਂ ਲਾਹੌਰ ਦਾ ਇਤਿਹਾਸਕ ਸਫ਼ਰ ਕਰਦਾ ਹੈ। ਉਥੋਂ ਦਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤਹਿ ਦਿਲ ਤੋਂ ਉਨ੍ਹਾਂ ਦਾ ਸਵਾਗਤ ਕਰਦਾ ਹੈ ਪਰ ਉਸੇ ਹੀ ਸਮੇਂ ਫ਼ੌਜ ਮੁਖੀ ਪਰਵੇਜ਼ ਮੁਸ਼ੱਰਫ਼ ਕਾਰਗਿਲ ਹਥਿਆਉਣ ਦੀਆਂ ਗੋਂਦਾਂ ਗੁੰਦ ਰਿਹਾ ਹੈ, ਜਿਸ ਨਾਲ ਅਖੀਰ ਵਿਚ ਦੋਵਾਂ ਦੇਸ਼ਾਂ ਵਿਚਕਾਰ ਲੜਾਈ ਛਿੜ ਗਈ। ਬਿਨਾਂ ਸ਼ੱਕ ਪਾਕਿਸਤਾਨ ਵਿਚ ਅੱਤਵਾਦੀ ਸੰਗਠਨਾਂ ਦਾ ਵੱਡਾ ਜਮਾਵੜਾ ਹੈ। ਉਨ੍ਹਾਂ ਤੋਂ ਨਿਜਾਤ ਪਾਉਣਾ ਕਿਸੇ ਵੀ ਸਰਕਾਰ ਲਈ ਬੇਹੱਦ ਮੁਸ਼ਕਿਲ ਹੈ। ਦਹਾਕਿਆਂ ਤੋਂ ਭਾਰਤ ਵਿਰੁੱਧ ਅਖ਼ਤਿਆਰ ਕੀਤੀਆਂ ਨੀਤੀਆਂ ਨੂੰ ਅਮਲੀ ਰੂਪ ਵਿਚ ਕੁਝ ਦਿਨਾਂ ਜਾਂ ਮਹੀਨਿਆਂ ਵਿਚ ਮੋੜਾ ਨਹੀਂ ਦਿੱਤਾ ਜਾ ਸਕਦਾ। ਨਾ ਹੀ ਇਕਦਮ ਅਜਿਹਾ ਕੀਤਾ ਜਾਣਾ ਸੰਭਵ ਨਜ਼ਰ ਆਉਂਦਾ ਹੈ। ਪਰ ਉਥੋਂ ਦੇ ਨਵੇਂ ਪ੍ਰਧਾਨ ਮੰਤਰੀ ਨੇ ਹੁਣ ਤੱਕ ਸੰਖੇਪ ਸਮੇਂ ਵਿਚ ਜੋ ਕੁਝ ਕੀਤਾ ਹੈ, ਉਹ ਵੱਡੀ ਆਸ ਜ਼ਰੂਰ ਪੈਦਾ ਕਰਦਾ ਹੈ। ਇਮਰਾਨ ਖਾਨ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਅੱਜ ਪਾਕਿਸਤਾਨ ਆਰਥਿਕ ਤੌਰ 'ਤੇ ਬਿਲਕੁਲ ਖੋਖਲਾ ਹੋ ਚੁੱਕਾ ਹੈ। ਇਸ ਸਬੰਧੀ ਉਸ ਨੇ ਵਿਸਥਾਰਤ ਬਿਆਨ ਵੀ ਦਿੱਤੇ ਹਨ ਅਤੇ ਆਰਥਿਕ ਮਦਦ ਲਈ ਚੀਨ ਅਤੇ ਸਾਊਦੀ ਅਰਬ ਦੇ ਦੌਰੇ ਵੀ ਕੀਤੇ ਹਨ।
ਨਵੀਂ ਸਰਕਾਰ ਲਈ ਇਹ ਵੀ ਵੱਡੀ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ ਕਿ ਅਮਰੀਕਾ ਵਰਗੇ ਲੰਮੇ ਸਮੇਂ ਤੋਂ ਰਹੇ ਉਸ ਦੇ ਭਾਈਵਾਲ ਨੇ ਚਿਤਾਵਨੀਆਂ ਦੇ ਕੇ ਉਸ ਨੂੰ ਵੱਡੀ ਆਰਥਿਕ ਮਦਦ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਮਰਾਨ ਖਾਨ ਨੇ ਵਾਰ-ਵਾਰ ਦੇਸ਼ ਦੀ ਕਮਜ਼ੋਰ ਆਰਥਿਕਤਾ ਅਤੇ ਵੱਡੀ ਪੱਧਰ 'ਤੇ ਫੈਲੀ ਗੁਰਬਤ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਆਪਣੀ ਤਰਜੀਹ ਆਪਣੇ ਲੋਕਾਂ ਨੂੰ ਗੁਰਬਤ ਵਿਚੋਂ ਕੱਢਣ ਅਤੇ ਵਿਕਾਸ ਦੇ ਦਰ ਖੋਲ੍ਹਣ ਦੀ ਨਿਸਚਤ ਕੀਤੀ ਹੈ। ਖਾਨ ਦਾ ਇਹ ਵਿਸ਼ਵਾਸ ਵੀ ਹੈ ਕਿ ਦੋਵੇਂ ਗੁਆਂਢੀ ਦੇਸ਼ ਹਥਿਆਰਾਂ ਦੀ ਹੋੜ ਵਿਚ ਆਪਣੇ ਆਰਥਿਕ ਵਸੀਲੇ ਫਜ਼ੂਲ ਗੁਆ ਰਹੇ ਹਨ। ਖਾਨ ਨੇ ਅਜਿਹੀ ਸੋਚ ਵਿਚੋਂ ਹੀ ਦੋਵਾਂ ਦੇਸ਼ਾਂ ਦੇ ਸਬੰਧ ਸੁਧਾਰਨ ਦੀ ਦਿਸ਼ਾ ਵਿਚ ਆਪਣੇ ਵਲੋਂ ਵਧੇਰੇ ਕਦਮ ਚੁੱਕਣ ਦੀ ਗੱਲ ਕਹੀ ਹੈ। ਇਸੇ ਪਿਛੋਕੜ ਨੂੰ ਸਾਹਮਣੇ ਰੱਖ ਕੇ ਹੀ ਕਰਤਾਰਪੁਰ ਲਾਂਘੇ ਦੀ ਗੱਲ ਨੂੰ ਵਿਚਾਰਿਆ ਜਾ ਸਕਦਾ ਹੈ। ਬਿਨਾਂ ਸ਼ੱਕ ਭਾਰਤ ਸਰਕਾਰ ਵਲੋਂ ਪਿਛਲੇ 20 ਸਾਲ ਤੋਂ ਇਸ ਲਾਂਘੇ ਦੀ ਮੰਗ ਕੀਤੀ ਜਾ ਰਹੀ ਸੀ। ਪਰ ਪਿਛਲੇ ਦਿਨੀਂ ਸਹਿਮਤੀ ਪ੍ਰਗਟ ਕਰ ਕੇ ਜਦੋਂ ਕੇਂਦਰੀ ਮੰਤਰੀ ਮੰਡਲ ਨੇ ਆਪਣੇ ਵਾਲੇ ਪਾਸੇ ਦਾ ਲਾਂਘਾ ਮੁਕੰਮਲ ਕਰਨ ਲਈ ਪਾਕਿਸਤਾਨ ਨੂੰ ਅਜਿਹੀ ਹੀ ਅਪੀਲ ਕੀਤੀ ਤਾਂ ਸ਼ਾਇਦ ਭਾਰਤ ਸਰਕਾਰ ਨੂੰ ਖ਼ਾਬੋ-ਖ਼ਿਆਲ ਵੀ ਨਹੀਂ ਸੀ ਕਿ ਪਾਕਿਸਤਾਨ ਇਸ ਕਦਰ ਤੇਜ਼ੀ ਨਾਲ ਇਸ ਦਿਸ਼ਾ ਵਿਚ ਕਦਮ ਪੁੱਟੇਗਾ ਅਤੇ ਇਹ ਲਾਂਘਾ ਬਣਾਉਣ ਦੇ ਐਲਾਨ ਦੇ ਨਾਲ ਹੀ ਪ੍ਰਧਾਨ ਮੰਤਰੀ ਵਲੋਂ ਇਸ ਦਾ ਨੀਂਹ-ਪੱਥਰ ਰੱਖਣ ਦੀ ਤਾਰੀਕ ਦਾ ਵੀ ਐਲਾਨ ਕਰ ਦੇਵੇਗਾ। ਇਸ ਐਲਾਨ ਤੋਂ ਪਿੱਛੋਂ ਭਾਰਤ ਸਰਕਾਰ ਨੂੰ ਆਪਣੇ ਪਾਸੇ ਪਹਿਲਾਂ ਨੀਂਹ-ਪੱਥਰ ਰੱਖਣ ਦੀ ਭਾਜੜ ਪੈ ਗਈ। ਪਾਕਿਸਤਾਨ ਵਲੋਂ ਆਯੋਜਿਤ ਇਸ ਸਮਾਰੋਹ ਵਿਚ ਜਿਸ ਕਦਰ ਸਪੱਸ਼ਟ, ਦ੍ਰਿੜ੍ਹ ਅਤੇ ਵਿਸ਼ਾਲ ਹਿਰਦੇ ਨਾਲ ਇਮਰਾਨ ਖਾਨ ਬੋਲੇ, ਉਸ ਦੀ ਸ਼ਾਇਦ ਭਾਰਤ ਸਰਕਾਰ ਨੂੰ ਉਮੀਦ ਨਹੀਂ ਸੀ। 71 ਸਾਲ ਦੇ ਲੰਮੇ ਸਮੇਂ ਤੋਂ ਪਿੱਛੋਂ ਖਾਨ ਸਰਕਾਰ ਨੇ ਤੁਰੰਤ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਸੀ। ਸਮਾਗਮ ਵਿਚ ਸਪੱਸ਼ਟ ਰੂਪ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਭਾਰਤ ਨਾਲ ਸੁਖਾਵੇਂ ਸਬੰਧ ਬਣਾਉਣਾ ਚਾਹੁੰਦੇ ਹਨ। ਦੋਵਾਂ ਦੇਸ਼ਾਂ ਵਿਚ ਕਸ਼ਮੀਰ ਹੀ ਇਕ ਅਜਿਹਾ ਮਸਲਾ ਹੈ, ਜਿਸ ਨੂੰ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਮਜ਼ਬੂਤ ਇੱਛਾ-ਸ਼ਕਤੀ ਨਾਲ ਹੱਲ ਕਰ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅੱਜ ਮਨੁੱਖ ਨੇ ਬੇਹੱਦ ਮਿਹਨਤ ਕਰ ਕੇ ਚੰਨ 'ਤੇ ਪੈਰ ਪਾ ਲਏ ਹਨ ਤਾਂ ਇਸ ਮਸਲੇ ਨੂੰ ਹੱਲ ਕਰਨਾ ਕਿੰਨਾ ਕੁ ਔਖਾ ਹੈ? ਇਸ ਤੋਂ ਵੀ ਅੱਗੇ ਵਧਦਿਆਂ ਉਨ੍ਹਾਂ ਕਿਹਾ ਕਿ ਜੇਕਰ ਜਰਮਨੀ ਅਤੇ ਫਰਾਂਸ ਜਿਨ੍ਹਾਂ ਵਿਚ ਅਕਸਰ ਖੂਨ ਡੋਲ੍ਹਵੀਆਂ ਲੜਾਈਆਂ ਹੁੰਦੀਆਂ ਰਹੀਆਂ ਸਨ। ਦੋਵਾਂ ਦੇਸ਼ਾਂ ਦੇ ਲੱਖਾਂ ਹੀ ਲੋਕ ਇਨ੍ਹਾਂ ਵਿਚ ਮਾਰੇ ਜਾਂਦੇ ਰਹੇ ਸਨ, ਉਹ ਦੇਸ਼ ਜੇਕਰ ਇਕੱਠੇ ਹੋ ਕੇ ਸ਼ਾਂਤੀ ਨਾਲ ਵਿਕਾਸ ਦੇ ਰਾਹ 'ਤੇ ਅੱਗੇ ਵਧ ਸਕਦੇ ਹਨ ਤਾਂ ਸਾਡੇ ਇਹ ਦੋਵੇਂ ਦੇਸ਼ ਅਜਿਹਾ ਕਿਉਂ ਨਹੀਂ ਕਰ ਸਕਦੇ? ਇਸ ਉਦਘਾਟਨੀ ਸਮਾਗਮ ਵਿਚ ਪਾਕਿਸਤਾਨ ਦੀ ਫ਼ੌਜ ਦਾ ਮੁਖੀ ਕਮਰ ਜਾਵੇਦ ਬਾਜਵਾ ਵੀ ਹਾਜ਼ਰ ਸੀ। ਉਸ ਦੇ ਸਾਹਮਣੇ ਇਮਰਾਨ ਖਾਨ ਨੇ ਕਿਹਾ, ਅੱਜ ਮੈਂ ਸਪੱਸ਼ਟ ਰੂਪ ਵਿਚ ਆਖ ਰਿਹਾ ਹਾਂ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ, ਸੱਤਾਧਾਰੀ ਪਾਰਟੀ, ਦੇਸ਼ ਦੀਆਂ ਹੋਰ ਪਾਰਟੀਆਂ ਅਤੇ ਫ਼ੌਜ ਸਭ ਭਾਰਤ ਨਾਲ ਬਿਹਤਰ ਰਿਸ਼ਤੇ ਬਣਾਉਣ ਲਈ ਅੱਗੇ ਵਧਣਾ ਚਾਹੁੰਦੇ ਹਨ। ਅਜਿਹੇ ਸਪੱਸ਼ਟ ਅਤੇ ਵਿਸ਼ਾਲ ਹਿਰਦੇ ਦਾ ਵਿਖਾਵਾ ਕਰਨ ਪਿੱਛੋਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕੁਝ ਹੋਰ ਆਗੂਆਂ ਵਲੋਂ ਅਪਣਾਏ ਗਏ ਨਕਾਰਾਤਮਕ ਰਵੱਈਏ ਨੂੰ ਸਮਝ ਸਕਣਾ ਸਾਡੇ ਲਈ ਮੁਸ਼ਕਿਲ ਹੈ। ਸੁਸ਼ਮਾ ਸਵਰਾਜ ਨੇ ਪਾਕਿਸਤਾਨ ਵਲੋਂ ਦਿਖਾਈ ਇਸ ਦਰਿਆਦਿਲੀ ਤੋਂ ਬਾਅਦ ਇਹ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਪਾਕਿਸਤਾਨ ਵਲੋਂ ਸਾਰਕ ਸੰਮੇਲਨ ਲਈ ਦਿੱਤੇ ਸੱਦੇ ਨੂੰ ਸਵੀਕਾਰ ਨਹੀਂ ਕਰੇਗੀ ਅਤੇ ਨਾ ਹੀ ਅੱਤਵਾਦੀ ਕਾਰਵਾਈਆਂ ਦੇ ਖ਼ਤਮ ਹੋਣ ਤੱਕ ਭਾਰਤ ਪਾਕਿਸਤਾਨ ਨਾਲ ਕੋਈ ਗੱਲਬਾਤ ਹੀ ਕਰੇਗਾ।
ਜੇਕਰ ਅਜਿਹੀ ਗੱਲ ਹੈ ਤਾਂ ਪਿਛਲੇ ਦਹਾਕਿਆਂ ਵਿਚ ਇਸ ਤੋਂ ਬਦਤਰ ਹਾਲਾਤ ਦੇ ਹੁੰਦਿਆਂ ਭਾਰਤ ਦੀਆਂ ਸਰਕਾਰਾਂ ਹਰ ਪੱਧਰ 'ਤੇ ਪਾਕਿਸਤਾਨ ਨਾਲ ਗੱਲਬਾਤ ਕਿਉਂ ਕਰਦੀਆਂ ਰਹੀਆਂ ਹਨ? ਪ੍ਰਧਾਨ ਮੰਤਰੀ ਵਾਜਪਾਈ ਨੇ ਤਾਂ ਪਰਵੇਜ਼ ਮੁਸ਼ੱਰਫ਼ ਜਿਹੇ ਤਾਨਾਸ਼ਾਹ ਨਾਲ ਆਗਰੇ ਵਿਚ ਵਿਸਥਾਰਤ ਗੱਲਬਾਤ ਵੀ ਕੀਤੀ ਸੀ, ਜਦੋਂ ਕਿ ਭਾਰਤ ਨੂੰ ਪਤਾ ਸੀ ਕਿ ਇਹੀ ਤਾਨਾਸ਼ਾਹ ਕਾਰਗਿਲ ਯੁੱਧ ਕਰਵਾਉਣ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਸੀ। ਕੁਝ ਰਾਜਾਂ ਵਿਚ ਚੋਣਾਂ ਹੋ ਰਹੀਆਂ ਹਨ। ਆਉਣ ਵਾਲੇ ਮਹੀਨਿਆਂ ਵਿਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਭਾਰਤ ਸਰਕਾਰ ਇਨ੍ਹਾਂ ਨੂੰ ਮੁੱਖ ਰੱਖ ਕੇ ਪਾਕਿਸਤਾਨ ਨਾਲ ਸਬੰਧਾਂ ਬਾਰੇ ਸਿਆਸੀ ਗਿਣਤੀਆਂ-ਮਿਣਤੀਆਂ ਵਿਚ ਪਈ ਦਿਖਾਈ ਦਿੰਦੀ ਹੈ। ਇਸ ਤੋਂ ਇਹ ਨਤੀਜਾ ਜ਼ਰੂਰ ਕੱਢਿਆ ਜਾ ਸਕਦਾ ਹੈ ਕਿ ਸਾਡੀ ਅੱਜ ਦੀ ਸਿਆਸਤ ਦੇ ਸਵਾਰਥ ਦੇਸ਼ ਦੀ ਬਿਹਤਰੀ ਤੋਂ ਕਿਤੇ ਉੱਪਰ ਹਨ ਅਤੇ ਸਿਆਸਤਦਾਨਾਂ ਦੀਆਂ ਗਿਣਤੀਆਂ-ਮਿਣਤੀਆਂ ਵੋਟਾਂ ਦੇ ਦੁਆਲੇ ਹੀ ਘੁੰਮਦੀਆਂ ਹਨ। ਅਜਿਹੀ ਸੀਮਤ ਸੋਚ ਜਿਥੇ ਮਨਾਂ ਵਿਚ ਬੇਚੈਨੀ ਪੈਦਾ ਕਰਦੀ ਹੈ, ਉਥੇ ਦੇਸ਼ ਦੇ ਹਿਤਾਂ ਦੀ ਥਾਂ ਸਿਆਸਤਦਾਨਾਂ ਦੀਆਂ ਸੌੜੀਆਂ ਸਿਆਸੀ ਚਾਲਾਂ ਨੂੰ ਵੀ ਉਜਾਗਰ ਕਰਦੀ ਹੈ।
ਸੰਪਾਦਕੀ ਅਜੀਤ 30 ਨਵੰਬਰ , 2018
( ਅਜੀਤ ਦੇ ਧਨਵਾਦ ਸਾਹਿਤ )
ਅਜੀਤ ਵਿਚ ਸੰਪਾਦਕੀ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
http://beta.ajitjalandhar.com/edition/20181130/4.cms
-
ਬਰਜਿੰਦਰ ਸਿੰਘ ਹਮਦਰਦ, ਮੁੱਖ ਸੰਪਾਦਕ, ਅਜੀਤ ਜਲੰਧਰ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.