ਜਿਉਂਦੇ ਗੀਤ ਗੁਆਚ ਗਏ ਨੇ
ਮੈਂ ਗੱਭਰੂ ਪੰਜਾਬ ਦਾ
ਮੇਰੀਆਂ ਰੀਸਾਂ ਕੌਣ ਕਰੇ
ਮੈਂ ਨਿੱਕਾ ਜਿਹਾ ਸਾਂ। 1962-63 ਦੀ ਗੱਲ ਹੋਵੇਗੀ ਇਹ। ਸਾਡੇ ਪਿੰਡ ਬਸੰਤ ਕੋਟ ਦੇ ਸਰਪੰਚ ਸ: ਰਤਨ ਸਿੰਘ ਦੇ ਘਰ ਪੰਚਾਇਤੀ ਰੇਡੀਓ ਵੱਜਦਾ ਹੁੰਦਾ ਸੀ ਹਰ ਸ਼ਾਮ। ਧਰੇਕ ਦੀ ਦੁਸਾਂਘੜ ਚ
ਲਾਊਡ ਸਪੀਕਰ ਟੰਗਿਆ ਹੁੰਦਾ ਸੀ।
ਆਕਾਸ਼ਵਾਣੀ ਜਲੰਧਰ ਦੇ ਦੇਹਾਤੀ ਪ੍ਰੋਗਰਾਮ ਦਾ ਮੁਕਾਬਲਾ ਰੇਡੀਓ ਲਾਹੌਰ ਨਾਲ ਹੁੰਦਾ ਸੀ ਅਕਸਰ।
ਸਾਡੇ ਏਧਰ ਠੁਣੀਆ ਰਾਮ, ਠੰਢੂ ਰਾਮ ਤੇ ਕੁਝ ਹੋਰ ਕਲਾਕਾਰ ਦਿਲਚਸਪ ਗਿਆਨਵਾਨ ਗੱਲਾਂ ਲੋਕ ਭਾਸ਼ਾ ਚ ਕਰਦੇ। ਵਿੱਚ ਵਿੱਚ ਸੋਹਣੇ ਸੁਥਰੇ ਗੀਤ ਵੀ। ਚੰਗੇ ਨਰੋਏ ਸਮਾਜ ਦੀ ਸਿਰਜਣਾ ਵਾਲੇ। ਸਭ ਨੂੰ ਲੱਗਦਾ ਸੀ ਕਿ ਇਹ ਗੀਤ ਦੇਸ਼ ਉਸਾਰ ਰਹੇ ਨੇ। ਇਨ੍ਹਾਂ ਗੀਤਾਂ ਨੂੰ ਦੇਸ਼ ਉਸਾਰੀ ਦੇ ਗੀਤ ਕਹਿ ਕੇ ਲਾਲ ਚੰਦ ਯਮਲਾ ਜੱਟ, ਹਰਚਰਨ ਗਰੇਵਾਲ, ਨਰਿੰਦਰ ਬੀਬਾ, ਭਾਨ ਸਿੰਘ ਮਾਹੀ, ਅਮਰਜੀਤ ਗੁਰਦਾਸਪੁਰੀ ਤੇ ਮੁਹੰਮਦ ਦੀਕ ਸਾਹਿਬ ਵਰਗੇ ਗਵੱਈਏ ਗਾਉਂਦੇ।
ਰੇਡੀਓ ਲਾਹੌਰ ਚ ਚੌਧਰੀ ਨਿਜ਼ਾਮ ਦੀਨ ਦੀ ਸਰਦਾਰੀ ਸੀ। ਸੋਹਣੀ ਧਰਤੀ ਜ਼ਰਾਇਤੀ ਪ੍ਰੋਗਰਾਮ ਸੀ। ਉਸ ਦੇ ਆਰੰਭਲੇ ਬੋਲ ਅੱਜ ਤੀਕ ਵੀ ਨਹੀਂ ਵਿੱਸਰੇ। ਸ਼ਾਇਦ ਆਲਮ ਲੋਹਾਰ ਦੀ ਆਵਾਜ਼ ਸੀ।
ਤੂੰ ਦੱਬ ਕੇ ਜ਼ਮੀਨਾਂ ਵਾਹ
ਤੇ ਲੁੱਟ ਲੈ ਮੌਜਾਂ ਤੇ ਰੱਜ ਕੇ ਖਾਹ
ਜਵਾਨਾ ਦੇਸ਼ ਦਿਆ।
ਦੋਹੀਂ ਪਾਸੀਂ ਦੇਸ਼ ਦਾ ਕਿਸਾਨ ਦੱਬ ਕੇ ਤਾਂ ਵਾਹੁੰਦਾ ਰਿਹਾ ਪਰ ਨਾ ਮੌਜਾਂ ਲੁੱਟ ਸਕਿਆ ਤੇ ਨਾ ਰੱਜ ਕੇ ਖਾ ਸਕਿਆ।
ਹੁਣ ਵੀ ਇਹ ਸਵਾਲ ਬਰਛੇ ਵਾਂਗ ਖੜ੍ਹਾ ਸਾਨੂੰ ਚੀਰਦਾ ਹੈ।
ਸਾਡੇ ਗਾਇਕ ਤਾਂ ਇਹ ਵੀ ਵਿੱਚ ਵਿੱਚ ਗਾਉਂਦੇ
ਬਹੁਤ ਵਜਾਈਆਂ ਢੋਲਕੀਆਂ ਤੇ ਬੜੇ ਵਜਾਏ ਛੈਣੇ।
ਭਰਤੀ ਹੋ ਜਾਣਾ, ਇਹ ਦੁੱਖੜੇ ਨਹੀਂ ਸਹਿਣੇ।
ਜਾਂ
ਨੀ ਤੂੰ ਮੇਰੀ ਭਾਬੀ ਨੀ
ਨੀ ਤੋਰ ਸ਼ਤਾਬੀ ਨੀ
ਵਾਜਾਂ ਮਾਰੇ ਮਾਤਾ ਧਰਤੀ
ਨੀ ਮੈਂ ਫੌਜ ਚ ਹੋਣਾ ਭਰਤੀ
ਨੀ ਭਾਬੀ ਹੋ ਪਾਸੇ।
ਭਾਬੀ ਇੱਕ ਹੋਰ ਗੀਤ ਚ ਆਖਦੀ
ਡੂੰਘਾ ਵਾਹ ਲੈ ਹਲ ਵੇ
ਤੇਰੀ ਘਰੇ ਨੌਕਰੀ।
ਸਭ ਧੰਦਿਆਂ ਤੋਂ ਉੱਤਮ ਖੇਤੀ
ਕਹਿੰਦੇ ਲੋਕ ਸਿਆਣੇ।
ਦਸਾਂ ਨਹੁੰਆਂ ਦੀ ਕਿਰਤ ਕਮਾਈ
ਮੋਤੀਆਂ ਵਰਗੇ ਦਾਣੇ
ਕਦੇ ਅਜਾਈਂ ਜਾਂਦੀ ਨਾ
ਮਿਹਨਤ ਨੂੰ ਲੱਗਦਾ ਫ਼ਲ ਵੇ
ਤੇਰੀ ਘਰੇ ਨੌਕਰੀ।
ਡੂੰਘਾ ਹਲ ਵਾਹ ਕੇ ਵੀ ਕਿਸਾਨ ਦੇ ਘਰ ਭੰਗ ਭੁੱਜਦੀ ਰਹੀ। ਮੋਤੀਆਂ ਵਰਗੇ ਦਾਣੇ ਤਾਂ ਦਸਾਂ ਨਹੁੰਆਂ ਦੀ ਕਿਰਤ ਕਮਾਈ ਨੇ ਉਗਾ ਲਏ ਪਰ ਮੰਡੀ ਚ ਕੌਡੀਓਂ ਖੋਟੇ ਹੋ ਗਏ।
ਵਿਚੋਲੇ ਖੱਟ ਗਏ। ਦਲਾਲ ਸਰਮਾਏਦਾਰੀ ਨੇ ਅੰਨ ਪੈਦਾ ਕਰਨ ਵਾਲਾ ਹੱਥਲ ਕਰ ਦਿੱਤਾ।
ਸਿਆਸੀ ਧਿਰ ਕੁਰਸੀਉਂ ਉੱਤਰਦਿਆਂ ਹੀ ਹਮਦਰਦ ਬਣ ਖਲੋਂਦੀਆਂ ਹਨ ਤੇ ਕੁਰਸੀ ਤੇ ਬਹਿਣ ਸਾਰ ਤੂੰ ਕੌਣ ਤੇ ਮੈਂ ਕੌਣ।
ਖ਼ੈਰ ਜਿਹੜਾ ਮਨੁੱਖ ਹੱਕਾਂ ਦੀ ਪਹਿਰੇਦਾਰੀ ਲਈ ਸਮਾਜ ਨੇ ਵਿਕਸਤ ਕਰਨਾ ਸੀ ਉਹ ਸੰਦ ਬਣ ਗਿਆ। ਵਰਤਿਆ ਜਾਣ ਲੱਗਾ। ਵਰਤਿਆ ਜਾ ਰਿਹਾ ਹੈ।
ਪਰ ਮੈਂ ਉਨ੍ਹਾਂ ਗੀਤਾਂ ਦਾ ਕੀ ਕਰਾਂ ਜੋ ਮੇਰੇ ਖ਼ੂਨ ਚ ਬਚਪਨ ਤੋਂ ਘੁਲ ਗਏ ਨੇ। ਕੁਝ ਮੂੰਹ ਜ਼ਬਾਨੀ ਯਾਦ ਨੇ,ਕੁਝ ਭੁੱਲ ਭੁਲਾ ਗਏ।
ਅੱਜ ਹਰਦੀਪ ਟਿਵਾਣਾ ਜੀ ਨੇ ਮੈਨੂ ੜ ਮੁਹੰਮਦ ਸਦੀਕ ਦਾ ਸਭ ਤੋਂ ਪਹਿਲਾ ਰੀਕਾਰਡਡ ਗੀਤ ਭੇਜਿਆ ਹੈ।
ਇਸ ਨੂੰ ਇੰਦਰਜੀਤ ਹਸਨਪੁਰੀ ਨੇ ਲਿਖਿਆ ਸੀ ਕਦੇ।
ਮੈਂ ਗੱਭਰੂ ਪੰਜਾਬ ਦਾ ਮੇਰੀਆਂ ਰੀਸਾਂ ਕੌਣ ਕਰੇ।
ਦੇਸ਼ ਲਈ ਮੈਂ ਜੀਣਾ ਜਾਣਾਂ ਦੇਸ਼ ਲਈ ਮੈਂ ਮਰਨਾ।
ਦੇਸ਼ ਲਈ ਮੈਂ ਹੱਸ ਹੱਸ ਜਾਣਾਂ ਸੂਲੀ ਉੱਤੇ ਚੜ੍ਹਨਾ।
ਕਿਹੜਾ ਹੈ ਜੋ ਮੇਰੇ ਵਾਂਗੂੰ ਤਲੀ ਤੇ ਸੀਸ ਧਰੇ।
ਮੈਂ ਗੱਭਰੂ ਪੰਜਾਬ ਦਾ।
ਡੌਲੇ ਮੇਰੇ ਰੂਪ ਰੱਬ ਦਾ ਕਰ ਦੇਵਣ ਜੋ ਚਾਹਵਾਂ।
ਦਰਿਆਵਾਂ ਨੂੰ ਬੰਨ੍ਹ ਲਾ ਦਿਆਂ ਪਰਬਤ ਚੀਰ ਦਿਖਾਵਾਂ।
ਦੁੱਖ ਮੁਸੀਬਤ ਮੇਰੇ ਕੋਲੋਂ ਰਹਿੰਦੀ ਪਰੇ ਪਰੇ।
ਮੈਂ ਗੱਭਰੂ ਪੰਜਾਬ ਦਾ।
ਪਿਆਰ ਦੇ ਬਦਲੇ ਪਿਆਰ ਮੈਂ ਦੇਵਾਂ ਚੀਰ ਕੇ ਪੱਟ ਖੁਆਵਾਂ।
ਪਰ ਜੇ ਕੋਈ ਵੰਗਾਰੇ ਮੈਨੂੰ ਲੋਹੇ ਦੇ ਚਨੇ ਚਬਾਵਾਂ।
ਵੈਰ ਮੇਰੇ ਨਾਲ ਪਾਏ ਜੋ ਬਿਨ ਆਈ ਮੌਤ ਮਰੇ।
ਕਰਾਂ ਮਜੂਰੀ ਖਾਵਾਂ ਚੂਰੀ ਦਿਨ ਵੇਖਾਂ ਨਾ ਰਾਤਾਂ।
ਧਰਤੀ ਦੀ ਬੁੱਕਲ ਚੋਂ ਲੱਭਾਂ ਨਵੀਆਂ ਨਿੱਤ ਸੁਗਾਤਾਂ।
ਜਾਵਾਂ ਜੇ ਖੇਤਾਂ ਵਿੱਚ ਤਾਂ ਹੋ ਜਾਂਦੇ ਖੇਤ ਹਰੇ।
ਮੈਂ ਗੱਭਰੂ ਪੰਜਾਬ ਦਾ।
ਧੁੰਮਾਂ ਮੇਰੀਆਂ ਪਈਆਂ ਹੋਈਆਂ ਸਾਰੇ ਬੰਨੇ ਚੰਨੇ।
ਹਸਨਪੁਰੀ ਸਾਰੀ ਦੁਨੀਆਂ ਹੀ ਸਿੱਕਾ ਮੇਰਾ ਮੰਨੇ।
ਮੇਰੇ ਕੋਲੋਂ ਮੌਤ ਵੀ ਡਰਦੀ ਰਹਿੰਦੀ ਪਰੇ ਪਰੇ
ਮੈਂ ਗੱਭਰੂ ਪੰਜਾਬ ਦਾ ਮੇਰੀਆਂ ਰੀਸੀਂ ਕੌਣ ਕਰੇ।
ਮੈਂ ਸੋਚ ਰਿਹਾ ਸਾਂ ਕਿ ਦੇਸ਼ ਦੀ ਸੱਤਾ ਤੇ ਕਾਬਜ ਲੋਕਾਂ ਲਈ ਇਹ ਗੱਭਰੂ ਤੇ ਮਿਹਨਤੀ ਸੁਭਾਅ ਅਰਥ ਹੀਣਾ ਕਿਉਂ ਹੋ ਗਿਆ ਹੈ?
ਸੁਰੱਖਿਆ ਕਵਚ ਬਿਨਾ ਕੋਈ ਸਿਆਸਤਦਾਨ ਦੋ ਕਦਮ ਤੁਰਨ ਜੋਗਾ ਨਹੀਂ।
ਕਦੇ ਪਰਤਾਪ ਸਿੰਘ ਕੈਰੋਂ ਵਰਗਾ ਮੁੱਖ ਮੰਤਰੀ ਵੀ ਇੱਕ ਦੋ ਸੁਰੱਖਿਆ ਕਰਮੀ ਆਪਣੀ ਕਾਰ ਚ ਹੀ ਬਿਂਠਾ ਕੇ ਵਿਚਰਦਾ ਸੀ। ਹੁਣ ਕੇਹਾਂ ਦੇ ਫਾਸਲੇ ਕਿਉਂ?
ਜਵਾਨੀ ਦੇ ਮਨ ਚ ਬੇਗਾਨਗੀ ਦਾ ਅਹਿਸਾਸ ਉੱਗਣਾ ਘਾਤਕ ਹੈ।
ਵਿਸ਼ਵਾਸ ਬੀਜੋਗੇ ਤਾਂ ਵਿਕਾਸ ਉੱਗੇਗਾ।
ਵਿਸ਼ਵਾਸ ਦੀ ਗੈਰ ਹਾਜ਼ਰੀ ਚ ਹੀ ਵਿਨਾਸ਼ ਮੌਲਦਾ ਹੈ।
ਜਵਾਨੀ ਦੇ ਡੌਲਿਆਂ ਚ ਫਰਕਦੀਆਂ ਮੱਛੀਆਂ ਕਿਰਤ ਲਈ ਰੁਜ਼ਗਾਰ ਸਰਵਰ ਮੰਗਦੀਆਂ ਨੇ।
ਕੱਲ੍ਹ ਸਵੇਰੇ ਦੂਰਦਰਸ਼ਨ ਜਲੰਧਰ ਦੇ ਪ੍ਰੋਗ੍ਰਾਮ
ਨਾਲੇ ਗੱਲਾਂ ਨਾਲੇ ਗੀਤ ਵਿੱਚ ਮੈਂ ਬਾਕੀ ਰਹਿੰਦੀਆਂ ਗੱਲਾਂ ਸਵੇਰੇ 8.30 ਵਜੇ ਕਰਾਂਗਾ।
ਜੋ ਰਹਿ ਜਾਣਗੀਆਂ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲਾ ਸ਼ਾਹੀਆ(ਖੰਡ ਮਿੱਲ ਬਟਾਲਾ ਦੇ ਪਿਛਵਾੜੇ) ਦੇ ਕਮਲਜੀਤ -ਸੁਰਜੀਤ ਖੇਡ ਕੰਪਲੈਕਸ ਵਿੱਚ ਹੋ ਰਹੀਆਂ ਕਮਲਜੀਤ ਖੇਡਾਂ ਮੌਕੇ ਇਲਾਕਾ ਵਾਸੀਆਂ ਨਾਲ 2 ਦਸੰਬਰ ਨੂੰ ਕਰਾਂਗਾ।
ਜਵਾਨੀ ਨੂੰ ਵੰਗਾਰਾਂਗਾ ਆਪਣਾ ਭਲਾ ਬੁਰਾ ਖ਼ੁਦ ਸੋਚਣ ਲਈ। ਹਸਨਪੁਰੀ ਦੇ ਲਿਖੇ ਤੇ ਮੁਹੰਮਦ ਸਦੀਕ ਦੇ ਗਾਏ ਗੀਤ
ਦੀ ਭਾਵਨਾ ਘਰ ਘਰ ਪਹੁੰਚਾਵਾਂਗਾ।
ਤੁਸੀਂ ਵੀ ਇਹ ਸ਼ੁਭ ਕਾਰਜ ਕਰਿਆ ਕਰੋ।
ਚੁੱਪ ਰਹਿਣ ਕਾਰਨ ਹੀ ਮਾਰੂ ਸ਼ਕਤੀਆਂ ਦਾ ਸ਼ੋਰ ਸਾਡੇ ਸਾਹੀਂ ਸਵਾਸੀਂ ਰਮ ਗਿਆ ਹੈ।
ਜਿਉਣ ਲਈ ਬੋਲਣਾ ਪਵੇਗਾ।
ਗੁਰਭਜਨ ਗਿੱਲ
30.11.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.