--- ਜਦੋਂ ਹਾਕੀ ਦੇ ਮਹਾਰਥੀ ਵਿਸ਼ਵ ਹਾਕੀ ਵਿਚ ਭਿਖਾਰੀਆਂ ਵਾਂਗੂੰ ਰੁਲੇ
ਛੇਵਾਂ ਵਿਸ਼ਵ ਕੱਪ ਹਾਕੀ ਮੁਕਾਬਲਾ 4 ਅਕਤੂਬਰ ਤੋਂ 19 ਅਕਤੂਬਰ, 1986 ਤੱਕ ਇੰਗਲੈਂਡ ਦੇ ਲੰਡਨ ਸ਼ਹਿਰ ਦੇ ਵਿਲਜ਼ਡੈਨ ਵਿਖੇ ਹੋਇਆ। ਇਹ ਵਿਸ਼ਵ ਕੱਪ ਮੁਕਾਬਲਾ ਇੰਗਲੈਂਡ ਹਾਕੀ ਐਸੋਸੀਏਸ਼ਨ ਦੇ 100 ਸਾਲ ਪੂਰੇ ਹੋਣ ਨੂੰ ਸਮਰਪਿਤ ਸੀ। ਇਸ ਵਿਸ਼ਵ ਕੱਪ ਹਾਕੀ ਮੁਕਾਬਲੇ ਵਿਚ ਪਹਿਲੀ ਵਾਰ ਸਾਰੇ ਮੁਕਾਬਲੇ ਐਸਟਰੋਟਰਫ ਹਾਕੀ ਮੈਦਾਨ 'ਤੇ ਹੋਏ। ਦੁਨੀਆਂ ਦੀ ਹਾਕੀ ਦੇ ਬੇਤਾਜ ਬਾਦਸ਼ਾਹ ਭਾਰਤ-ਪਾਕਿਸਤਾਨ ਨਾਲ ਇਸ ਵਿਸ਼ਵ ਕੱਪ ਜੱਗੋਂ ਤੇਹਰਵੀਂ ਹੋਈ। ਭਾਰਤ ਤੇ ਪਾਕਿਸਤਾਨ ਹਾਕੀ ਟੀਮਾਂ ਸਿਓਲ ਏਸ਼ੀਅਨ ਖੇਡਾਂ ਵਿਚ ਦੱਖਣੀ ਕੋਰੀਆ ਤੋਂ ਚੰਗੀ ਤਰ•ਾਂ ਕੁੱਟ ਖਾਣ ਤੋਂ ਬਾਅਦ ਸਿਓਲ ਤੋਂ ਹੀ ਲੰਡਨ ਪੁੱਜੀਆਂ। ਭਾਰਤੀ ਹਾਕੀ ਟੀਮ ਦੀ ਅਗਵਾਈ ਉਸ ਵੇਲੇ ਦੇ ਮਹਾਨ ਹਾਕੀ ਸਟਾਰ ਮੁਹੰਮਦ ਸ਼ਾਹਿਦ ਕੋਲ ਸੀ।
ਭਾਵੇਂ 1984 ਲਾਸ ਏਂਜਲੈਸ (ਅਮਰੀਕਾ) ਉਲੰਪਿਕ ਖੇਡਾਂ ਅਤੇ 1985 ਢਾਕਾ ਏਸ਼ੀਆ ਕੱਪ ਵਿਚ ਭਾਰਤੀ ਹਾਕੀ ਟੀਮ ਨੇ ਵਧਿਆ ਖੇਡ ਦਾ ਮੁਜਾਹਰਾ ਕੀਤਾ ਸੀ। ਇਸੇ ਆਸ ਨਾਲ ਭਾਰਤੀ ਹਾਕੀ ਟੀਮ ਪਹਿਲਾਂ ਸਿਓਲ ਏਸ਼ੀਅਨ ਖੇਡਾਂ ਅਤੇ ਫਿਰ ਲੰਡਨ ਵਿਸ਼ਵ ਕਪ ਵਿਚ ਜੇਤੂ ਆਸਾਂ ਨਾਲ ਗਏ ਸਨ। ਕਪਤਾਨ ਜਫ਼ਰ ਇਕਬਾਲ ਦੀ ਗੈਰ ਹਾਜਰੀ ਤਾਂ ਭਾਰਤੀ ਟੀਮ ਨੂੰ ਰੜਕਨੀ ਹੀ ਸੀ ਪਰ 1985 ਪਰਥ ਚੈਂਪੀਅਨ ਟਰਾਫੀ ਵਿਚ ਉਸ ਵੇਲੇ ਦੇ ਦੋ ਉਭਰਦੇ ਫੁੱਲਬੈਕ ਪਰਗਟ ਸਿੰਘ ਅਤੇ ਐਮ.ਪੀ. ਸਿੰਘ ਨੇ ਵਧਿਆ ਖੇਡ ਦਾ ਵਿਖਾਵਾ ਕਰਦਿਆਂ ਜਿੱਥੇ ਪ੍ਰਿਥੀ ਪਾਲ ਸਿੰਘ ਅਤੇ ਸੁਰਜੀਤ ਸਿੰਘ ਵਰਗੇ ਪਨੇਲਟੀ ਕਾਰਨਰ ਦੇ ਮਾਹਿਰ ਫੁਲਬੈਕਾਂ ਦੀ ਇਕ ਥੋੜ•ੀ ਜਿਹੀ ਝਲਕ ਪੇਸ਼ ਕੀਤੀ ਗਈ ਸੀ ਤੇ ਹਾਕੀ ਪ੍ਰੇਮੀਆਂ ਨੂੰ ਵਿਸ਼ਵ ਕੱਪ ਵਿਚ ਇਨ•ਾਂ ਖਿਡਾਰੀਆਂ ਤੇ ਵੱਡੀਆਂ ਆਸਾਂ ਸਨ, ਪਰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇਸ ਵਿਸ਼ਵ ਕੱਪ ਵਿਚ ਰੇਤ ਦੇ ਟਿੱਬਿਆਂ ਵਾਂਗ ਅਜਿਹੀਆਂ ਢੇਹੀਆਂ ਕਿ ਹਿੰਦ ਮਹਾਦੀਪ ਦਾ 60 ਸਾਲ ਦਾ ਜੇਤੂ ਇਤਿਹਾਸ ਬੁਰੀ ਤਰ•ਾਂ ਕਲੰਕਿਤ ਹੋ ਕੇ ਰਹਿ ਗਿਆ।
ਭਾਰਤ-ਪਾਕਿਸਤਾਨ ਹਾਕੀ ਟੀਮਾਂ ਪੂਲ ਮੈਚਾਂ ਵਿਚ ਸਿਰਫ ਇਕ ਮੈਚ ਨੂੰ ਛੱਡ ਕੇ ਆਪਣੀ ਵਿਰੋਧੀ ਟੀਮਾਂ ਕੋਲੋਂ ਸਾਰੇ ਮੈਚ ਹਾਰੀਆਂ। ਜੋ 1975 ਵਿਚ ਦੋਹਾਂ ਟੀਮਾਂ ਨੇ ਫਾਈਨਲ ਖੇਡਣ ਦਾ ਇਤਿਹਾਸ ਰਚਿਆ ਸੀ, ਇਸ ਵਾਰ ਦੋਹਾਂ ਟੀਮਾਂ ਨੂੰ ਆਖਰੀ ਸਥਾਨ ਹਾਸਲ ਕਰਨ ਲਈ ਵੀ ਜੂਝਣਾ ਪਿਆ। ਅਖੀਰ 12 ਟੀਮਾਂ ਦੇ ਮੁਕਾਬਲੇ ਵਿਚ ਪਾਕਿਸਤਾਨ ਨੂੰ 11ਵਾਂ ਅਤੇ ਭਾਰਤ ਨੂੰ 12ਵਾਂ ਸਥਾਨ ਮਿਲਿਆ। ਭਾਰਤ ਵਾਂਗ ਪਾਕਿਸਤਾਨ ਦੇ ਸੁਪਰ ਸਟਾਰ ਹਸਨ ਸਰਦਾਰ ਕਮੀ ਉਲਾ, ਮਨਜੂਰ ਜੂਨੀਅਰ ਕਾਸਿਮ ਜਿਆ ਰਸੀਦ ਵਰਗੇ ਚਰਚਿਤ ਖਾਡਰੀ ਜਿਨ•ਾਂ ਦੀ 1982 ਵਿਸ਼ਵ ਕੱਪ ਵਿਚ ਪੂਰੀ ਦੁਨੀਆਂ ਵਿਚ ਤੂਤੀ ਬੋਲੀ ਸੀ, ਉਹ ਬੁਰੀ ਤਰ•ਾਂ ਫਲਾਪ ਹੋ ਕੇ ਲੰਡਨ ਵਿਸ਼ਵ ਕੱਪ ਵਿਚੋਂ ਬਾਹਰ ਨਿਕਲੇ।
ਭਾਰਤ-ਪਾਕਿਸਤਾਨ ਟੀਮਾਂ ਦੀ ਹਾਲਤ ਇਸ ਵਿਸ਼ਵ ਕੱਪ ਵਿਚ ਭਿਖਾਰੀਆਂ ਵਰਗੀ ਹੋ ਕੇ ਰਹਿ ਗਈ ਸੀ। ਦੂਸਰੇ ਪਾਸੇ ਹਰ ਵਾਰ ਚੈਂਪੀਅਨ ਖਿਤਾਬ ਤੋਂ ਖੁੰਝਦੀ ਆ ਰਹੀ ਆਸਟ੍ਰੇਲੀਆ ਦੀ ਟੀਮ ਡਾਕਟਰ ਚਾਰਲਸ ਬਰਥ ਦੀ ਕਪਤਾਨੀ ਹੇਠ ਖੇਡਦਿਆਂ ਵਿਰੋਧੀ ਟੀਮਾਂ ਨੂੰ ਚੰਗੀ ਧੂੜ ਚਟਾਈ। ਆਸਟ੍ਰੇਲੀਆ ਨੇ ਭਾਰਤ, ਸਪੇਨ ਨੂੰ ਛੇ-ਛੇ ਗੋਲਾਂ ਤੋਂ ਹਰਾਉਣ ਤੋਂ ਬਾਅਦ ਸੋਵੀਅਤ ਸੰਘ ਨੂੰ 5-0, ਪੋਲੈਂਡ ਨੂੰ 4-2, ਕਨੇਡਾ ਨੂੰ 6-2 ਨਾਲ ਹਰਾ ਕੇ ਫਾਈਨਲ ਤੱਕ ਦਾ ਸਫਰ ਤੈਅ ਕੀਤਾ। ਦੂਸਰੇ ਪਾਸੇ ਇੰਗਲੈਂਡ ਨੇ ਆਪਣੀ ਮੇਜ਼ਬਾਨੀ ਦਾ ਲਾਹਾ ਲੈਂਦਿਆਂ ਆਪਣੇ ਵਿਰੋਧੀਆਂ ਹਾਲੈਂਡ ਨੂੰ 1-0, ਅਰਜਨਟਾਈਨਾ ਨੂੰ 2-1, ਪਾਕਿਸਤਾਨ ਤੇ ਨਿਊਜ਼ੀਲੈਂਡ ਨੂੰ 3-1, ਜਰਮਨੀ ਨੂੰ 3-2 ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ਮੁਕਾਬਲਾ ਖੇਡਣ ਦਾ ਮਾਣ ਮੱਤਾ ਇਤਿਹਾਸ ਰਚਿਆ। ਅਖੀਰ ਆਸਟ੍ਰੇਲੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਆਪਣੇ ਮੁਲਕ ਲਈ ਪਹਿਲਾ ਪ੍ਰਮੁੱਖ ਖਿਤਾਬ ਵਿਸ਼ਵ ਕੱਪ ਦੇ ਰੂਪ ਵਿਚ ਜਿੱਤਿਆ। ਜਰਮਨੀ ਨੂੰ ਤੀਸਰਾ ਸਥਾਨ ਮਿਲਿਆ।
--- 20ਵੀਂ ਸਦੀ ਦੇ ਆਖਿਰੀ ਦਹਾਕੇ ਵਿਚ ਹਾਲੈਂਡ ਅਤੇ ਪਾਕਿਸਤਾਨ ਦੀ ਚੜਤ ਰਹੀ - 1990 ਲਾਹੌਰ ਵਿਸ਼ਵ ਕੱਪ
1990 ਵਿਸ਼ਵ ਕੱਪ ਦੀ ਮੇਜ਼ਬਾਨੀ ਹਾਕੀ ਦੇ ਮੱਕਾ ਵਜੋਂ ਜਾਣੇ ਜਾਂਦੇ ਲਾਹੌਰ ਨੂੰ ਮਿਲੀ। ਇਸ ਵਿਸ਼ਵ ਕੱਪ ਵਿਚ ਫੇਰ ਆਸਟ੍ਰੇਲੀਆ, ਹਾਲੈਂਡ, ਜਰਮਨੀ, ਪਾਕਿਸਤਾਨ ਵਰਗੀਆਂ ਟੀਮਾਂ ਦੀ ਚੜ•ਤ ਮਚੀ। ਪਾਕਿਸਤਾਨ ਨੇ ਭਾਵੇਂ ਆਪਣੇ ਘਰੇਲੂ ਮੈਦਾਨ ਦਾ ਪੂਰਾ ਲਾਹਾ ਲਿਆ, ਪਰ ਚੈਂਪੀਅਨ ਜਿੱਤ ਫਿਰ ਵੀ ਉਸ ਤੋਂ ਦੂਰ ਹੀ ਰਹੀ। ਇਸ ਵਿਸ਼ਵ ਕੱਪ ਵਿਚ ਡੱਚਾਂ ਦੀ ਹਾਕੀ ਸਰਦਾਰੀ ਬੁਰੀ ਤਰ•ਾਂ ਸਿਰ ਚੜ• ਕੇ ਬੋਲੀ। ਹਾਲੈਂਡ ਦਾ ਪਨੈਲਟੀ ਕਾਰਨਰ ਮਾਹਿਰ ਫਲੋਰਿਸ ਬਾਵਲੈਂਡਰ ਧਰੂ ਤਾਰੇ ਵਾਂਗੂੰ ਚਮਕਿਆ। ਉਸ ਨੇ ਪਨੈਲਟੀ ਕਾਰਨਰ ਜ਼ਰੀਏ ਕਈ ਟੀਮਾਂ ਦਾ ਨਾ ਸਿਰਫ ਕਚੂਮਰ ਕੱਢਿਆ, ਸਗੋਂ ਵਿਸ਼ਵ ਕੱਪ ਦਾ ਚੈਂਪੀਅਨ ਤਾਜ ਹਾਲੈਂਡ ਦੇ ਗਲ ਪਹਿਨਾਉਣ ਵਿਚ ਅਹਿਮ ਭੂਮਿਕਾ ਨਿਭਾਈ। ਹਾਲੈਂਡ ਨੇ ਭਾਰਤ, ਸੋਵੀਅਤ ਸੰਘ, ਫਰਾਂਸ ਤੇ ਜਰਮਨੀ ਵਰਗੀਆਂ ਟੀਮਾਂ ਨੂੰ ਰੋਲਦਿਆਂ ਤੀਸਰੀ ਵਾਰ ਫਾਈਨਲ ਵਿਚ ਆਪਣੀ ਜਗ•ਾ ਬਣਾਈ। ਦੂਸਰੇ ਪਾਸੇ ਪਾਕਿਸਤਾਨ ਨੇ ਕਨੇਡਾ, ਆਇਰਲੈਂਡ, ਸਪੇਨ, ਆਸਟ੍ਰੇਲੀਆ ਨੂੰ ਹਰਾ ਕੇ ਚਾਰ ਸਾਲ ਪਹਿਲਾਂ ਲੰਡਨ ਵਿਸ਼ਵ ਕੱਪ ਦੀਆਂ ਹਾਰਾਂ ਦੇ ਦਾਗ ਸਾਫ ਕਰਦਿਆਂ ਪੰਜਵੀਂ ਵਾਰ ਵਿਸ਼ਵ ਕੱਪ ਦੇ ਫਾਈਨਲ ਵਿਚ ਪੁੱਜਿਆ। ਪਰ ਫਾਈਨਲ ਮੁਕਾਬਲੇ ਵਿਚ ਭਾਵੇਂ ਪਾਕਿਸਤਾਨ ਹਾਕੀ ਦੇ ਸੁਪਰ ਸਟਾਰ ਸ਼ਾਹਬਾਜ਼ ਅਹਿਮਦ ਨੇ ਮੁੱਢਲੇ ਪਲਾਂ ਵਿਚ ਬੜ•ਤ ਹਾਸਿਲ ਕਰ ਲਈ ਸੀ, ਪਰ ਬਾਵਲੈਂਡਰ ਦੀ ਸਟਿੱਕ ਨਾਲ ਪਨੈਲਟੀ ਕਾਰਨਰ ਤੋਂ ਹੋਏ ਗੋਲਾਂ ਨੇ ਪਾਕਿਸਤਾਨ ਦੇ ਸਾਰੇ ਸੰਜੋਏ ਸੁਪਨੇ ਚਕਨਾਚੂਰ ਕਰ ਦਿੱਤੇ। ਪਾਕਿਸਤਾਨ ਦਾ ਸ਼ਾਹਬਾਜ਼ ਅਹਿਮਦ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਬਣਿਆ। ਸਪੇਨ ਦਾ ਅਗਾਨਸੀਓ ਐਸਕੂਡ 10 ਗੋਲ ਕਰਕੇ ਸਰਵੋਤਮ ਸਕੋਰਰ ਬਣਿਆ। ਹਾਲੈਂਡ ਦੇ ਬਾਵਲੈਂਡਰ ਨੇ ਸੋਵੀਅਤ ਸੰਘ ਵਿਰੁੱਧ ਵਿਸ਼ਵ ਕੱਪ ਦੀ ਆਪਣੀ ਦੂਸਰੀ ਹੈਟ੍ਰਿਕ ਦਾ ਨਜ਼ਾਰਾ ਤਕਦਿਆਂ ਵਿਸ਼ਵ ਕੱਪ ਇਤਿਹਾਸ ਦਾ 1000ਵਾਂ ਗੋਲ ਕਰਨ ਦਾ ਮਾਣ ਵੀ ਹਾਸਿਲ ਕੀਤਾ। ਹਾਲੈਂਡ, ਪਾਕਿਸਤਾਨ ਤੋਂ ਬਾਅਦ ਆਸਟਰੇਲੀਆ ਨੇ ਤੀਸਰਾ ਸਥਾਨ, ਜਰਮਨੀ ਨੇ ਚੌਥਾ ਸਥਾਨ ਹਾਸਿਲ ਕੀਤਾ। ਭਾਰਤ ਨੇ ਆਪਣੀ ਪੁਰਾਣੀ ਰਵਾਇਤ ਨੂੰ ਨਿਭਾਉਂਦਿਆਂ 10ਵਾਂ ਸਥਾਨ ਹਾਸਿਲ ਕੀਤਾ। ਇਹ ਵਿਸ਼ਵ ਕੱਪ ਦੇ ਇਤਿਹਾਸ ਦਾ ਭਾਰਤ ਨੇ ਸਭ ਤੋਂ ਮਾੜਾ ਪ੍ਰਦਰਸ਼ਨ ਕੀਤਾ ਕਿ ਉਹ ਪੂਲ ਮੈਚਾਂ ਵਿਚ ਇਕ ਵੀ ਮੈਚ ਜਿੱਤ ਨਾ ਸਕੀ। ਭਾਰਤੀ ਟੀਮ ਮੁਢਲੇ ਮੈਚ ਵਿਚ ਭਾਵੇਂ ਸੋਵੀਅਤ ਸੰਘ ਨਾਲ ਇਕ-ਇਕ ਤੇ ਬਰਾਬਰ ਰਹੀ, ਪਰ ਉਸ ਤੋਂ ਬਾਅਦ ਹਾਰਾਂ ਦਾ ਅਜਿਹਾ ਸਿਲਸਿਲਾ ਚੱਲਿਆ ਕਿ ਭਾਰਤੀ ਟੀਮ ਅਰਜਨਟਾਈਨਾ ਹੱਥੋਂ 3-5 ਨਾਲ, ਫਰਾਂਸ ਤੋਂ 1-2 ਨਾਲ, ਹਾਲੈਂਡ ਤੋਂ 3-5 ਨਾਲ, ਆਸਟਰੇਲੀਆ ਤੋਂ 2-3 ਨਾਲ ਹਾਰ ਕੇ ਪੂਲ ਵਿਚ ਫਾਡੀ ਰਹੀ। ਅਖੀਰ ਅਰਜਨਟਾਈਨਾ ਹੱਥੋਂ 1-0 ਨਾਲ ਹਾਰ ਕੇ 10ਵੇਂ ਸਥਾਨ ਤੇ ਰਹੀ। ਭਾਰਤ-ਪਾਕਿਸਤਾਨ ਦੇ ਰਾਜਨੀਤਿਕ ਅਨ ਸੁਖਾਵੇਂ ਹਾਲਾਤਾਂ ਕਾਰਨ ਉਥੇ ਦੇ ਹਾਕੀ ਪ੍ਰੇਮੀਆਂ ਨੇ ਭਾਰਤੀਆਂ ਖਿਡਾਰੀਆਂ ਦਾ ਹਰ ਮੈਚ ਵਿਚ ਟਮਟਰ, ਖਾਲੀ ਬੋਤਲਾਂ ਤੇ ਹੋਰ ਗੰਦੀਆਂ ਵਸਤਾਂ ਮਾਰਕੇ ਸੁਆਗਤ ਕੀਤਾ। ਭਾਰਤੀ ਖਿਡਾਰੀ ਹਰ ਮੈਚ ਦੌਰਾਨ ਇਨ•ਾਂ ਘਬਰਾਏ ਕਿ ਖੇਡਦੇ ਸਨ ਕਿ ਕਈ ਮੈਚਾਂ ਵਿਚ ਉਹ ਬੜਤ ਲੈਣ ਦੇ ਬਾਵਜੂਦ ਵੀ ਮੈਚ ਹਾਰਦੇ ਰਹੇ। ਇਕ ਬਾਰ ਤਾਂ ਭਾਰਤੀ ਫੈਡਰੇਸ਼ਨ ਨੇ ਵਿਸ਼ਵ ਕੱਪ ਵਿਚ ਵਿਚਾਲੇ ਛੱਡਣ ਦੀ ਧਮਕੀ ਵੀ ਦੇ ਦਿੱਤੀ ਸੀ, ਪਰ ਕੌਮਾਂਤਰੀ ਸੰਘ ਵਲੋਂ ਭਰੋਸਾ ਦੇਣ ਦੇ ਬਾਵਜੂਦ ਭਾਰਤੀ ਖਿਡਾਰੀ ਖੇਡੇ ਜਰੂਰ ਪਰ ਸਿਬਾਏ ਹਾਰਾਂ ਅਤੇ ਬੇਇੱਜਤੀ ਤੋਂ ਪੱਲੇ ਕੁਝ ਨਹੀਂ ਪਿਆ। ਅਖੀਰ ਭਾਰਤੀ ਟੀਮ ਕਪਤਾਨ ਪਰਗਟ ਸਿੰਘ ਦੀ ਅਗਵਾਈ ਹੇਠ ਖੇਡ ਪ੍ਰੇਮੀਆਂ ਨੂੰ ਨਿਰਾਸ਼ ਕਰਕੇ ਵਤਨ ਵਾਪਸ ਪਰਤੀ।
--- 1994 ਸਿਡਨੀ ਵਿਸ਼ਵ ਕੱਪ ਪਾਕਿਸਤਾਨ ਹਾਕੀ ਇਕ ਫਾਰ ਫਿਰ ਚਮਕੀ
ਅੱਠਵਾਂ ਵਿਸ਼ਵ ਕੱਪ ਆਸਟ੍ਰੇਲੀਆ ਦੀ ਹਾਕੀ ਰਾਜਧਾਨੀ ਸਿਡਨੀ ਵਿਖੇ ਖੇਡਿਆ ਗਿਆ। ਭਾਰਤੀ ਟੀਮ ਇਕ ਨਵੀਂ ਹੋਂਦ ਵਿਚੋਂ ਗੁਜ਼ਰਦਿਆਂ ਜੂਡ ਫਲੈਕਸ ਦੀ ਅਗਵਾਈ ਹੇਠ ਮੈਦਾਨ ਵਿਚ ਨਿਤਰੀ। ਇਸ ਵਿਸ਼ਵ ਕੱਪ ਵਿਚ ਹੀਰੋਸ਼ੀਮਾ ਏਸ਼ੀਅਨ ਖੇਡਾਂ ਤੋਂ ਬਾਅਦ ਭਾਰਤ-ਪਾਕਿਸਤਾਨ ਅਤੇ ਕੋਰੀਆ ਦੀਆਂ ਟੀਮਾਂ ਖੇਡਣ ਲਈ ਸਿਡਨੀ ਪੁੱਜੀਆਂ। ਕੋਰੀਆ ਏਸ਼ੀਅਨ ਖੇਡਾਂ ਦਾ ਚੈਂਪੀਅਨ ਬਣ ਕੇ ਨਿਤਰਿਆ ਸੀ। ਪਾਕਿਸਤਾਨ ਟੀਮ ਸ਼ਾਹਬਾਜ਼ ਅਹਿਮਦ ਦੀ ਅਗਵਾਈ ਹੇਠ ਏਸ਼ੀਅਨ ਖੇਡਾਂ ਵਿਚ ਹਾਰਨ ਤੋਂ ਬਾਅਦ ਦ੍ਰਿੜ ਇਰਾਦਿਆਂ ਨਾਲ ਸਿਡਨੀ ਪੁੱਜੀ। ਭਾਰਤ ਅਤੇ ਕੋਰੀਆ ਆਪਣੇ ਪੂਲ ਮੈਚਾਂ ਵਿਚ ਕੋਈ ਖਾਸ ਕ੍ਰਿਸ਼ਮਾ ਨਾ ਦਿਖਾ ਸਕੇ। ਜਦਕੇ ਪਾਕਿਸਤਾਨ ਨੇ ਆਸਟ੍ਰੇਲੀਆ, ਸਪੇਨ, ਅਰਜਨਟਾਇਨਾ, ਬੈਲਾਰੂਸ, ਜਰਮਨੀ ਨੂੰ ਹਰਾਉਂਦਿਆਂ ਫਾਈਨਲ ਵਿਚ ਜਗ੍ਹਾ ਬਣਾਈ। ਦੂਸਰੇ ਪਾਸੇ ਹਾਲੈਂਡ ਨੇ ਬੈਲਜੀਅਮ, ਕੋਰੀਆ, ਭਾਰਤ, ਦੱਖਣੀ ਅਫਰੀਕਾ, ਆਸਟ੍ਰੇਲੀਆ ਨੂੰ ਆਪਣਾ ਹਾਕੀ ਹੁਨਰ ਦਰਸਾਉਂਦਿਆਂ ਆਪਣੀ ਪਹਿਲਾਂ ਵਾਲੀ ਜੇਤੂ ਰੀਤ ਨੂੰ ਜਾਰੀ ਰੱਖਦਿਆਂ ਫਾਈਨਲ ਵਿਚ ਜਗ•ਾ ਪੱਕੀ ਕੀਤੀ। ਆਸਟ੍ਰੇਲੀਆ ਆਪਣੀ ਮੇਜ਼ਬਾਨੀ ਦਾ ਪੂਰਾ ਲਾਹਾ ਨਾ ਲੈ ਸਕਿਆ। ਅਖੀਰ ਜਰਮਨੀ ਨੂੰ ਹਰਾ ਕੇ ਉਸ ਨੂੰ ਤੀਸਰੇ ਸਥਾਨ 'ਤੇ ਸਬਰ ਕਰਨਾ ਪਿਆ। ਹਾਲੈਂਡ ਅਤੇ ਪਾਕਿਸਤਾਨ ਵਿਚਕਾਰ ਖਿਤਾਬੀ ਜਿੱਤ ਹਾਸਿਲ ਕਰਨ ਲਈ ਗਹਿਗੱਚ ਮੁਕਾਬਲਾ ਹੋਇਆ। ਪਾਕਿਸਤਾਨ ਦੇ ਕਮਰਾਨ ਅਸ਼ਰਫ ਨੇ ਫਾਈਨਲ ਮੈਚ ਵਿਚ ਬੜ੍ਹਤ ਲਈ। ਹਾਲੈਂਡ ਦੇ ਬਾਵਲੈਂਡਰ ਨੇ ਮੈਚ ਬਰਾਬਰੀ 'ਤੇ ਲੈ ਆਉਂਦਾ। ਅਖੀਰ ਪਨੈਲਟੀ ਸਟ੍ਰੋਕਾਂ 'ਤੇ 1990 ਵਿਸ਼ਵ ਕੱਪ ਦਾ ਜੇਤੂ ਹੀਰੋ ਬਾਵਲੈਂਡਰ ਜਿਉਂ ਹੀ ਪਨੈਲਟੀ ਸਟ੍ਰੋਕ ਲਾਉਣ ਦੇ ਮਾਮਲੇ ਵਿਚ ਫਲਾਪ ਹੋਇਆ, ਪਾਕਿਸਤਾਨ ਦਾ 5-4 ਗੋਲਾਂ ਦੀ ਜਿੱਤ ਨਾਲ ਜੇਤੂ ਬਿਗਲ ਵੱਜਿਆ। ਪਾਕਿਸਤਾਨ ਨੇ ਚੌਥੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਇਤਿਹਾਸ ਰਚਿਆ। ਪਾਕਿਸਤਾਨ ਦੇ ਸ਼ਾਹਬਾਜ਼ ਅਹਿਮਦ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ। ਹਾਲੈਂਡ ਦਾ ਟੈਕੋਵੈਨ ਡੀਨ ਹੋਨਹਰਟ 11 ਗੋਲ ਕਰਕੇ ਸਰਵੋਤਮ ਸਕੋਰਰ ਬਣਿਆ। ਭਾਰਤੀ ਟੀਮ ਭਾਵੇਂ ਸੈਮੀਫਾਈਨਲ ਵਿਚ ਤਾਂ ਨਹੀਂ ਪੁੱਜ ਸਕੀ, ਪਰ ਫਿਰ ਵੀ ਇਕ ਸਨਮਾਨ ਜਨਕ ਪੰਜਵਾਂ ਸਥਾਨ ਇੰਗਲੈਂਡ ਨੂੰ 1-0 ਨਾਲ ਹਰਾ ਕੇ ਹਾਸਿਲ ਕੀਤਾ, ਜਿਸ ਨਾਲ ਭਾਰਤ ਨੂੰ 1995 ਚੈਂਪੀਅਨਜ਼ ਹਾਕੀ ਟਰਾਫੀ ਖੇਡਣ ਦਾ ਮੌਕਾ ਮਿਲਿਆ। ਪਾਕਿਸਤਾਨ, ਹਾਲੈਂਡ ਤੋਂ ਬਾਅਦ ਆਸਟ੍ਰੇਲੀਆ ਨੂੰ ਤੀਸਰਾ, ਜਰਮਨੀ ਨੂੰ ਚੌਥਾ, ਭਾਰਤ ਨੂੰ ਪੰਜਵਾਂ, ਇੰਗਲੈਂਡ ਨੂੰ ਛੇਵਾਂ ਸਥਾਨ ਹਾਸਿਲ ਹੋਇਆ।
--- 9ਵਾਂ ਉਤਰਿਖਤ ਵਿਸ਼ਵ ਕੱਪ 1998 - ਹਾਲੈਂਡ ਦਾ ਜਾਦੂ ਸਿਰ ਚੜ੍ਹ ਬੋਲਿਆ
9ਵਾਂ ਵਿਸ਼ਵ ਕੱਪ ਹਾਕੀ ਮੁਕਾਬਲਾ ਹਾਲੈਂਡ ਦੇ ਸ਼ਹਿਰ ਉਤਰਿਖਤ ਵਿਖੇ ਖੇਡਿਆ ਗਿਆ। 20ਵੀਂ ਸਦੀ ਦੇ ਅੰਤਿਮ ਸਾਲਾਂ ਵਿਚ ਹਾਲੈਂਡ ਦੀ ਹਾਕੀ ਵਿਚ ਸਰਦਾਰੀ ਪੂਰੀ ਦੁਨੀਆਂ ਵਿਚ ਫੈਲੀ ਹੋਈ ਸੀ। ਉਸ ਵੇਲੇ ਹਾਲੈਂਡ ਨੇ ਉਲੰਪਿਕ ਚੈਂਪੀਅਨ, ਚੈਂਪੀਅਨਜ਼ ਟਰਾਫੀ ਦਾ ਚੈਂਪੀਅਨ ਅਤੇ ਵਿਸ਼ਵ ਕੱਪ ਦਾ ਚੈਂਪੀਅਨ, ਯਾਨੀ ਕਿ ਟ੍ਰਿੱਪਲ ਚੈਂਪੀਅਨ ਬਣਨ ਦਾ ਮਾਣਮੱਤਾ ਇਤਿਹਾਸ ਰਚਿਆ, ਜੋ ਅੱਜ ਵੀ ਹਾਲੈਂਡ ਦੇ ਨਾਮ ਹੀ ਹੈ। 9ਵੇਂ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਹਾਲੈਂਡ ਕੋਲ ਹੀ ਸੀ। ਹਾਲੈਂਡ ਨੇ ਆਪਣੇ ਪੂਲ ਮੈਚਾਂ ਵਿਚ ਕਨੇਡਾ, ਦੱਖਣੀ ਅਫਰੀਕਾ, ਨਿਊਜ਼ੀਲੈਂਡ ਨੂੰ ਰੋਲਦਿਆਂ ਸੈਮੀਫਾਈਨਲ ਵਿਚ ਖਿਤਾਬ ਜਿੱਤਣ ਦੀ ਦਾਅਵੇਦਾਰ ਆਸਟ੍ਰੇਲੀਆ ਨੂੰ 6-2 ਨਾਲ ਹਰਾ ਕੇ ਫਾਈਨਲ ਵਿਚ ਜਗ•ਾ ਪੱਕੀ ਕੀਤੀ। ਇਸ ਪੂਲ 'ਚੋਂ ਦੂਸਰੀ ਟੀਮ ਸੈਮੀਫਾਈਨਲ ਵਿਚ ਪੁੱਜਣ ਵਾਲੀ ਜਰਮਨੀ ਸੀ। ਉਹ ਵੱਖਰੀ ਗੱਲ ਹੈ ਕਿ ਜਰਮਨੀ ਨੇ ਲੀਗ ਮੈਚਾਂ ਵਿਚ ਹਾਲੈਂਡ ਨੂੰ ਭਾਵੇਂ 5-1 ਨਾਲ ਹਰਾਇਆ ਸੀ। ਦੂਸਰੇ ਪਾਸੇ ਆਸਟ੍ਰੇਲੀਆ, ਸਪੇਨ ਦਾ ਪੂਲ ਬੀ ਵਿਚ ਜਾਦੂ ਸਿਰ ਚੜ• ਕੋ ਬੋਲਿਆ। ਪਾਕਿਸਤਾਨ, ਇੰਗਲੈਂਡ, ਪੋਲੈਂਡ, ਮਲੇਸ਼ੀਆ ਦੀਆਂ ਟੀਮਾਂ ਆਸਟ੍ਰੇਲੀਆ, ਸਪੇਨ ਅੱਗੇ ਕਾਫੀ ਫਿੱਕੀਆਂ ਪਈਆਂ। ਭਾਰਤ ਦਾ ਪ੍ਰਦਰਸ਼ਨ ਵੀ ਬੇਹੱਦ ਨਿਰਾਸ਼ਾਜਨਕ ਤੇ ਮਾੜਾ ਰਿਹਾ। ਭਾਰਤ, ਜਰਮਨੀ ਹੱਥੋਂ 4-1 ਨਾਲ, ਹਾਲੈਂਡ ਨੂੰ 5-0, ਦੱਖਣੀ ਕੋਰੀਆ ਤੋਂ 4-3 ਨਾਲ ਤਾਂ ਹਾਰਿਆ ਹੀ ਸਗੋਂ ਕਨੇਡਾ ਵਰਗੀ ਟੀਮ ਤੋਂ ਵੀ 4-1 ਨਾਲ ਹਾਰ ਕੇ ਆਖਰੀ ਸਥਾਨਾਂ ਵੱਲ ਡਿਗਿਆ। ਅਖੀਰ ਭਾਰਤ, ਨਿਊਜ਼ੀਲੈਂਡ ਨੂੰ 1-0 ਨਾਲ ਹਰਾ ਕੇ 9ਵੇਂ ਵਿਸ਼ਵ ਕੱਪ ਵਿਚ 9ਵੇਂ ਸਥਾਨ 'ਤੇ ਰਿਹਾ। ਭਾਰਤੀ ਹਾਕੀ ਦੇ ਸਟਾਰ ਧੰਨਰਾਜ ਪਿੱਲੈ, ਮੁਕੇਸ਼ ਕੁਮਾਰ, ਸੁਪਰ ਫਲਾਪ ਸਾਬਤ ਹੋਏ। ਫਾਈਨਲ ਵਿਚ ਸਪੇਨ ਅਤੇ ਹਾਲੈਂਡ ਵਿਚਕਾਰ ਗਹਿਗੱਚ ਮੁਕਾਬਲਾ ਹੋਇਆ। ਮੈਚ ਦੇ ਆਖਰੀ 10 ਮਿੰਟਾਂ ਤੱਕ ਸਪੇਨ 2-0 ਨਾਲ ਅੱਗੇ ਸੀ, ਪਰ ਆਖਰੀ ਪਲ ਸਪੇਨ ਨੂੰ ਉਸ ਵੇਲੇ ਮਹਿੰਗੇ ਪਏ ਜਦੋਂ ਉਸ ਦੇ ਸੁਪਰ ਸਟਾਰ ਜੁਆਨ ਅਸਕਾਰੇ ਦੀ ਮਾਸਪੇਸ਼ੀ ਵਿਚ ਖਿਚਾਅ ਆਉਣ ਕਾਰਨ ਬਾਹਰ ਜਾਣਾ ਪਿਆ ਅਤੇ ਹਾਲੈਂਡ ਨੇ ਉਪਰੋਂ ਥੱਲੀਂ 3 ਗੋਲ ਕਰਕੇ ਆਪਣੀ ਸਰਜ਼ਮੀਨ 'ਤੇ ਹੀ ਜੇਤੂ ਇਤਿਹਾਸ ਰਚਦਿਆਂ ਤੀਸਰੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਜਿਥੇ ਮਾਣ ਹਾਸਿਲ ਕੀਤਾ, ਉਥੇ ਤਿੰਨ ਪ੍ਰਮੁਖ ਖਿਤਾਬ 1996 ਓਲੰਪਿਕ ਖੇਡਾਂ, 1998 ਚੈਂਪੀਅਨ ਟਰਾਫੀ ਜਿੱਤ ਕੇ ਟ੍ਰਿਪਲ ਚੈਂਪੀਅਨ ਬਣਨ ਦਾ ਇਤਿਹਾਸ ਰਚਿਆ। ਜਰਮਨੀ ਦਾ ਓਲੀਵਰ ਡੋਮਕੇ, ਸਪੇਨ ਦਾ ਗੋਲਕੀਪਰ ਰੋਮਨਜ਼ ਜ਼ੁਫੇਰਾ ਸਰਵੋਤਮ ਖਿਡਾਰੀ ਬਣੇ। ਆਸਟ੍ਰੇਲੀਆ ਦਾ ਜੈਸਟੇਸੀ 13 ਗੋਲ ਕਰਕੇ ਸਰਵੋਤਮ ਸਕੋਰਰ ਬਣਿਆ। ਪਾਕਿਸਤਾਨ ਦਾ ਸ਼ਾਹਬਾਜ਼ ਅਹਿਮਦ ਤੀਸਰਾ ਵਾਰ ਹਾਕੀ ਨੂੰ ਸਮਰਪਿਤ ਸਰਵੋਤਮ ਸਟਾਰ ਬਣਿਆ। ਪਾਕਿਸਤਾਨ ਸਰਕਾਰ ਨੇ ਉਸਦੀ ਇਸ ਪ੍ਰਾਪਤੀ ਵਜੋਂ ਨੈਸ਼ਨਲ ਹੀਰੋ ਦਾ ਖਿਤਾਬ ਦਿੱਤਾ।
----ਨਵੀਂ ਸਦੀ ਦੇ ਅੱਖੀ ਵੇਖੇ ਵਿਸ਼ਵ ਕੱਪ ਹਾਕੀ ਮੁਕਾਬਲੇ-ਜਦੋਂ ਜਰਮਨੀ ਦਾ ਜਾਦੂ ਸਿਰ ਚੜ੍ਹ ਬੋਲਿਆ
21ਵੀਂ ਸਦੀ ਦਾ ਪਹਿਲਾ ਵਿਸ਼ਵ ਕੱਪ ਹਾਕੀ ਮੁਕਾਬਲਾ ਮਲੇਸ਼ੀਆ ਦੀ ਹਾਕੀ ਰਾਜਧਾਨੀ ਕੁਆਲਾਲੰਪਰ ਵਿਖੇ 24 ਫਰਵਰੀ ਤੋਂ 9 ਮਾਰਚ 2002 ਤੱਕ ਹੋਇਆ। ਮੈਨੂੰ ਇਸ ਵਿਸ਼ਵ ਕੱਪ ਨੂੰ ਅੱਖੀ ਵੇਖਣ ਦਾ ਮੌਕਾ ਮਿਲਿਆ। ਭਾਰਤੀ ਹਾਕੀ ਟੀਮ ਕਪਤਾਨ ਬਲਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਲੇਸ਼ੀਆ ਪੁੱਜੀ। ਦੋ ਮਹੀਨੇ ਪਹਿਲਾ ਚੈਂਪੀਅਨ ਚੈਲੰਜ ਕੱਪ ਦੀ ਜੇਤੂ ਹੋਣ ਕਾਰਨ ਅਤੇ ਕੁਝ ਮਹੀਨੇ ਪਹਿਲਾ ਜੂਨੀਅਰ ਵਿਸ਼ਵ ਕੱਪ ਜਿੱਤਣ ਕਾਰਨ ਸਾਰਿਆਂ ਨੂੰ ਲੱਗਦਾ ਸੀ ਕਿ ਭਾਰਤੀ ਟੀਮ ਇਸ ਵਾਰ ਵਿਸ਼ਵ ਕੱਪ ਵਿਚ ਕੁਝ ਵਧੀਆ ਪ੍ਰਦਰਸ਼ਨ ਕਰੇਗੀ, ਕਿਉਂਕਿ ਇਸ ਤੋਂ ਪਹਿਲਾਂ 1975 ਵਿਚ ਕੁਆਲਾਲੰਪਰ ਵਿਖੇ ਹੋਇਆ ਵਿਸ਼ਵ ਕੱਪ ਹਾਕੀ ਮੁਕਾਬਲਾ ਵੀ ਭਾਰਤੀ ਟੀਮ ਨੇ ਜਿੱਤਿਆ ਸੀ ਇਸ ਕਰਕੇ ਮਲੇਸ਼ੀਆ ਵੱਸਦੇ ਪੰਜਾਬੀਆਂ ਨੂੰ ਤਾਂ ਉਹ 27 ਸਾਲ ਪਹਿਲਾ ਵਾਲਾ ਹੀ ਜੇਤੂ ਇਤਿਹਾਸ ਅੱਖਾਂ ਅੱਗੇ ਘੁੰਮਦਾ ਸੀ।
ਮਲੇਸ਼ੀਆ ਦੇ ਵਿਚ ਲੋਕਾਂ ਦਾ ਹਾਕੀ ਮੋਹ ਜਿਸ ਤਰ੍ਹਾਂ ਅੱਜ ਦੇ ਸਮੇਂ ਪੰਜਾਬੀਆਂ ਦਾ ਕਬੱਡੀ ਪ੍ਰਤੀ ਹੈ ਇਸ ਤਰ•ਾਂ ਦਾ ਸੀ। ਇਹ ਇਕ ਅਜਿਹਾ ਵਿਸ਼ਵ ਕੱਪ ਮੁਕਾਬਲਾ ਸੀ ਜਿਸ ਵਿਚ ਪਹਿਲੀ ਵਾਰ 16 ਮੁਲਕਾਂ ਦੀਆਂ ਟੀਮਾਂ ਖੇਡ ਰਹੀਆਂ ਸਨ। ਸਾਰੀਆਂ ਟੀਮਾਂ ਨੂੰ ਮਲੇਸ਼ੀਆ ਦੇ ਵੱਡੇ ਚਰਚਿਤ ਹੋਟਲ ਕੈਨਕਾਰਡ ਹੋਟਲ ਦੇ ਵਿਚ ਠਹਿਰਾਇਆ ਗਿਆ ਸੀ। ਕੁਆਲਾਲੰਪਰ ਦਾ ਬੁਕਿਤ ਜਲੀਲ ਹਾਕੀ ਸਟੇਡੀਅਮ ਦੋ ਹਫ਼ਤੇ ਹਾਕੀ ਦਾ ਵਧੀਆ ਰੁਮਾਂਚ ਫੈਲਿਆ, ਪਰ ਭਾਰਤੀ ਟੀਮ ਹਾਕੀ ਪ੍ਰੇਮੀਆਂ ਦੀਆਂ ਆਸਾਂ ਤੇ ਖਰਾ ਨਾ ਉਤਰੀ। ਪਹਿਲਾ ਮੈਚ ਜਪਾਨ ਵਿਰੁੱਧ ਬਰਾਬਰੀ ਦਾ ਖੇਡਣ ਤੋਂ ਬਾਅਦ ਇੰਗਲੈਂਡ, ਕੋਰੀਆ, ਅਸਟਰੇਲੀਆ ਅੱਗੇ ਬੁਰੀ ਤਰ•ਾਂ ਢੇਹ ਢੇਰੀ ਹੋਈ। ਇਥੋ ਤੱਕ ਕੇ ਮਲੇਸ਼ੀਆ ਨੇ ਵੀ 27 ਸਾਲ ਪਹਿਲਾ 1975 ਵਿਸ਼ਵ ਕੱਪ ਵਿਚ ਆਪਣੀ ਹਾਰ ਦਾ ਬਦਲਾ ਭਾਰਤ ਤੋਂ ਲਿਆ। ਭਾਰਤ ਦੇ ਕੋਚ ਸੈਡਰਿਕ ਡਿਸੂਜਾ ਨੂੰ ਟੂਰਨਾਮੈਂਟ ਦੇ ਵਿਚ ਵਿਚਾਲੇ ਹੀ ਕੇ. ਪੀ. ਐਸ. ਗਿੱਲ ਨੇ ਹਟਾ ਕੇ ਵਤਨ ਵਾਪਸ ਭੇਜ ਦਿੱਤਾ। ਅਖੀਰ ਭਾਰਤੀ ਟੀਮ 10ਵੇਂ ਸਥਾਨ ਤੇ ਰਹੀ, ਹਰ ਪਾਸੇ ਭਾਰਤੀ ਹਾਕੀ ਦੀ ਤੋਏ-ਤੋਏ ਹੋਈ। ਦੂਸਰੇ ਪਾਸੇ ਆਸਟਰੇਲੀਆ, ਜਰਮਨੀ, ਹਾਲੈਂਡ, ਕੋਰੀਆ ਹਾਕੀ ਦਾ ਜਾਦੂ ਸਿਰ ਚੜ• ਕੇ ਬੋਲਿਆ। ਭਾਰਤ ਵਾਂਗ ਪਾਕਿਸਤਾਨ ਟੀਮ ਵੀ ਸਹਿਬਾਜ ਅਹਿਮਦ ਦੀ ਆਮਦ ਦੇ ਬਾਵਜੂਦ ਕੋਈ ਖਾਸ ਕ੍ਰਿਸ਼ਮਾ ਨਾ ਵਿਖਾ ਸਕੀ। ਪਾਕਿਸਤਾਨ ਟੀਮ ਛੇਵੇਂ ਸਥਾਨ ਤੇ ਰਹੀ। ਸੈਮੀਫਾਈਨਲ ਮੈਚਾਂ ਵਿਚ ਜਰਮਨੀ ਨੇ ਕੋਰੀਆ ਨੂੰ 3-2 ਨਾਲ, ਆਸਟਰੇਲੀਆ ਨੇ ਹਾਲੈਂਡ ਨੂੰ 4-1 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਜਰਮਨੀ ਜਿਸ ਨੇ ਕਦੇ ਵੀ ਵਿਸ਼ਵ ਕੱਪ ਹਾਕੀ ਦਾ ਖ਼ਿਤਾਬ ਨਹੀਂ ਜਿੱਤਿਆ ਸੀ, ਪਰ ਨਵੀਂ ਸਦੀ ਦੀ ਇਸ ਵਿਸ਼ਵ ਕੱਪ ਵਿਚ ਉਸਨੇ ਆਪਣਾ ਸੁਪਨਾ ਸਕਾਰ ਕਰਦਿਆਂ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਚੈਂਪੀਅਨ ਸਰਤਾਜ ਆਪਣੇ ਸਿਰ ਬੰਨਿ•ਆ। ਜਰਮਨੀ ਦੇ ਕਪਤਾਨ ਫਲੌਰੀਅਨ ਕੁੰਜ ਅਤੇ ਉਲੀਵਰ ਡੋਮਕੇ ਦਾ ਹਾਕੀ ਹੁਨਰ ਪੂਰੀ ਦੁਨੀਆਂ ਵਿਚ ਚਮਕਿਆ। ਆਸਟਰੇਲੀਆ ਦਾ ਟਰੋਏਐਲਡਰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਬਣਿਆ। ਭਾਰਤ ਦੀ ਪ੍ਰਾਪਤੀ ਇਹੋ ਰਹੀ ਕਿ ਉਸਨੇ ਸਪੇਨ ਨੂੰ ਵਰਗੀਕਰਨ ਮੈਚਾਂ ਵਿਚ 3-0 ਨਾਲ ਹਰਾਇਆ, ਜਦ ਕਿ ਸਪੇਨ ਨੇ ਵਿਸ਼ਵ ਚੈਂਪੀਅਨ ਜਰਮਨੀ ਨੂੰ ਲੀਗ ਦੌਰ ਵਿਚ 3-2 ਨਾਲ ਹਰਾਇਆ ਸੀ। ਕੁਲ ਮਿਲਾ ਕੇ ਇਸ ਵਿਸ਼ਵ ਕੱਪ ਵਿਚ ਯੁਰਪੀਨ ਮੁਲਕਾਂ ਦੀ ਸਰਦਾਰੀ ਚਮਕੀ, ਜਦ ਕਿ ਏਸ਼ੀਅਨ ਮੁਲਕ ਭਾਰਤ ਪਾਕਿਸਤਾਨ ਪੂਰੀ ਤਰ੍ਹਾਂ ਫਿੱਕੇ ਜਾਪੇ। ਮਲੇਸ਼ੀਆ ਵੀ ਆਪਣੀ ਮੇਜ਼ਬਾਨੀ ਦਾ ਕੋਈ ਖਾਸ ਲਾਹਾ ਨਾ ਲੈ ਸਕੇ। ਮਲੇਸ਼ੀਆ ਨੂੰ 8ਵਾਂ ਸਥਾਨ ਨਸੀਬ ਹੋਇਆ।
--- ੨006 ਮੌਨਚੇਨਗਲੈਡਵੈਕ ਵਿਸ਼ਵ ਕੱਪ ਹਾਕੀ ਮੁਕਾਬਲਾ
11ਵਾਂ ਵਿਸ਼ਵ ਕੱਪ ਹਾਕੀ ਮੁਕਾਬਲਾ ਸਾਲ 2006 ਸਤੰਬਰ 6 ਤੋਂ 17 ਤੱਕ ਕੋਲਨ ਨੇੜੇ ਜਰਮਨੀ ਦੇ ਸ਼ਹਿਰ ਮੋਨਚੈਨਗਲੇਡਬੈਕ ਵਿਖੇ ਹੋਇਆ। ਇਸ ਵਿਸ਼ਵ ਕੱਪ ਦੀ ਕਵਰੇਜ ਵੀ ਮੈਂ ਉਥੋ ਜਾ ਕੇ ਕੀਤੀ। ਵਾਰ-ਵਾਰ ਫਲਾਪ ਹੋ ਚੁੱਕੇ ਭਾਰਤੀ ਟੀਮ ਦੇ ਕੋਚ ਵਾਸੂ ਦੇਵਨ ਭਾਸਕਨ ਦੀ ਅਗਵਾਈ ਹੇਠ ਕਪਤਾਨ ਦਲੀਪ ਤਿਰਕੀ ਦੀ ਰਹਿਨੁਮਾਈ ਹੇਠ ਭਾਰਤੀ ਟੀਮ ਨੇ ਵਿਸ਼ਵ ਕੱਪ ਹਾਕੀ ਮੁਕਾਬਲਾ ਖੇਡਿਆ। ਭਾਰਤੀ ਟੀਮ ਤੇ ਜੋ ਆਸ ਸੀ ਉਸ ਤੋਂ ਵੀ ਘਟੀਆ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੇ ਪਹਿਲੇ 24 ਘੰਟਿਆ ਵਿਚ ਹੀ ਭਾਰਤੀ ਟੀਮ ਵਿਸ਼ਵ ਹਾਕੀ ਮੁਕਾਬਲੇ 'ਚੋਂ ਬਾਹਰ ਹੋ ਚੁੱਕੀ ਸੀ ਕਿਉਂਕਿ ਪਹਿਲਾ ਮੈਚ ਜਰਮਨੀ ਹੱਥੋਂ 2-3 ਨਾਲ, ਫਿਰ ਇੰਗਲੈਂਡ ਹੱਥੋਂ ਏਸੇ ਸਕੋਰ ਨਾਲ ਹਾਰੀ, ਉਸ ਤੋਂ ਬਾਅਦ ਹਾਲੈਂਡ, ਕੋਰੀਆ ਨੇ ਬੁਰੀ ਤਰ੍ਹਾਂ ਭਾਰਤ ਨੂੰ ਝੰਬਿਆ। ਕੁਲ ਮਿਲਾ ਕੇ ਜਰਮਨੀ, ਸਪੇਨ, ਆਸਟਰੇਲੀਆ ਅਤੇ ਕੋਰੀਆ ਨੇ ਆਹਲਾਦਰਜੇ ਦੀ ਹਾਕੀ ਦਾ ਵਿਖਾਵਾ ਕੀਤਾ। ਹਾਲੈਂਡ ਨੂੰ ਜਰਮਨੀ ਨਾਲ ਦੋ ਦੋ ਗੋਲਾਂ ਦੀ ਬਰਾਬਰੀ ਤੇ ਖੇਡਣਾ ਬੜਾ ਮਹਿੰਗਾ ਪਿਆ, ਕਿਉਂਕਿ ਆਖਰੀ ਲੀਗ ਮੈਚ ਵਿਚ ਕੋਰੀਆ ਅਤੇ ਜਰਮਨੀ ਨੇ ਰਲਕੇ ਖੇਡ ਕੇ ਹਾਲੈਂਡ ਨੂੰ ਸੈਮੀਫਾਈਨਲ ਤੋਂ ਬਾਹਰ ਕਰ ਦਿੱਤਾ। ਉਸਤੋਂ ਬਾਅਦ ਹਾਲੈਂਡ ਪਾਕਿਸਤਾਨ ਹੱਥੋਂ ਹਾਰ ਕੇ 7ਵੇਂ ਸਥਾਨ ਤੇ ਰਿਹਾ, ਜਦ ਕਿ ਸੈਮੀਫਾਈਨਲ ਮੈਚਾਂ ਵਿਚ ਆਸਟਰੇਲੀਆ ਨੇ ਕੋਰੀਆ ਨੂੰ 3-2 ਨਾਲ ਹਰਾਇਆ, ਜਦ ਕਿ ਜਰਮਨੀ ਅਤੇ ਸਪੇਨ ਵਿਚਕਾਰ ਖੇਡਿਆ ਗਿਆ ਮੁਕਾਬਲਾ ਮੇਰੀ ਜਿੰਦਗੀ ਦਾ ਹੁਣ ਤੱਕ ਦਾ ਸੱਭ ਤੋਂ ਵਧੀਆ ਮੈਚ ਸੀ, ਭਾਵੇਂ 2-2 ਗੋਲਾਂ ਦੀ ਬਰਾਬਰੀ ਦੇ ਮੈਚ ਤੋਂ ਬਾਅਦ ਜਰਮਨੀ ਪਨੈਲਟੀ ਸਟਰੋਕਾ ਤੇ ਜਿੱਤ ਗਿਆ, ਪਰ ਸਪੇਨ ਨੇ ਹਾਕੀ ਪ੍ਰੇਮੀਆਂ ਦਾ ਮਨ ਜਿੱਤਿਆ। ਅਖੀਰ ਫਾਈਨਲ ਵਿਚ ਜਰਮਨੀ ਇਕ ਵੇਲੇ ਆਸਟਰੇਲੀਆ ਹੱਥੋਂ 3-1 ਨਾਲ ਹਾਰਿਆ ਸੀ, ਪਰ ਆਖਰੀ ਪਲਾਂ ਵਿਚ ਜਰਮਨ ਖਿਡਾਰੀਆਂ ਨੇ ਆਪਣੀ ਮੇਜ਼ਬਾਨੀ ਅਤੇ ਲੋਕਾਂ ਦੇ ਰਾਮ ਰੋਲੇ ਦਾ ਲਾਹਾ ਲੈਂਦਿਆਂ ਆਸਟਰੇਲੀਆ ਨੂੰ 4-3 ਨਾਲ ਚਿਤ ਕਰਕੇ ਦੂਸਰੀ ਵਾਰ ਵਿਸ਼ਵ ਚੈਂਪੀਅਨ ਖਿਤਾਬ ਆਪਣੇ ਨਾਮ ਕੀਤਾ। ਜਰਮਨੀ ਦਾ ਕ੍ਰਿਸਟਾਫ ਜੀਲਰ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ। ਉਹ ਟੂਰਨਾਮੈਂਟ ਦਾ ਸਰਵੋਤਮ ਸਕੋਰਰ ਅਤੇ ਮੈਨ ਆਫ ਦਾ ਟੂਰਨਾਮੈਂਟ ਬਣਿਆ। ਹਾਲੈਂਡ ਕੋਰੀਆ ਨੂੰ ਹਰਾ ਕੇ ਤੀਸਰੇ ਸਥਾਨ ਤੇ ਰਿਹਾ ਅਤੇ ਇੰਗਲੈਂਡ ਨੇ ਪਾਕਿਸਤਾਨ ਨੂੰ ਮਾਤ ਦੇ ਕੇ ਪੰਜਵਾਂ ਸਥਾਨ ਮੱਲਿਆ। ਹਾਲੈਂਡ ਨੇ ਨਿਊਜੀਲੈਂਡ ਨੂੰ ਹਰਾ ਕੇ 7ਵਾਂ ਸਥਾਨ ਜਦ ਕਿ ਭਾਰਤ ਨੇ ਅਖੀਰ ਪਹਿਲੀ ਜਿੱਤ ਹਾਸਿਲ ਕਰਦਿਆ ਦੱਖਣੀ ਅਫਰੀਕਾ ਨੂੰ ਹਰਾ ਕੇ 11ਵਾਂ ਸਥਾਨ ਹਾਸਿਲ ਕੀਤਾ।
2010 ਨਵੀਂ ਦਿੱਲੀ - 2010 'ਚ ਭਾਰਤ ਨੂੰ ਦੂਸਰੀ ਵਾਰ ਮੇਜ਼ਬਾਨਿ ਮਿਲੀ। ਇਹ ਵਿਸ਼ਵ ਕੱਪ ਨਵੀਂ ਦਿੱਲੀ ਦੇ ਧਿਆਨ ਚੰਦ ਹਾਕੀ ਸਟੇਡੀਅਮ ਵਿਖੇ 28 ਫਰਵਰੀ ਤੋਂ 13 ਮਾਰਚ ਤੱਕ ਖੇਡਿਆ ਗਿਆ। ਕੁੱਲ 12 ਟੀਮਾਂ ਨੇ ਹਿੱਸਾ ਲਿਆ। ਆਸਟ੍ਰੇਲੀਆ ਨੇ ਜਰਮਨੀ ਨੂੰ 2-1 ਨਾਲ ਹਰਾ ਕੇ 24 ਸਾਲ ਬਾਅਦ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਹਾਲੈਂਡ ਨੇ ਇੰਗਲੈਂਡ ਨੂੰ 4-3 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਦੀ ਇੱਕੋ ਪ੍ਰਾਪਤੀ ਰਹੀ ਕਿ ਉਸ ਨੇ ਉਦਘਾਟਨੀ ਮੈਚ 'ਚ ਪਾਕਿਸਤਾਨ 4-1 ਨਾਲ ਹਰਾ ਦਿੱਤਾ। ਪਰ ਬਾਕੀ ਟੀਮਾਂ ੳੱਗੇ ਗੋਡੇ ਟੇਕ ਦਿੱਤੇ। ਅਖ਼ੀਰ ਅਰਜਨਟੀਨਾ ਹੱਥੌਂ ਹਾਰ ਕੇ ਭਾਰਤ 8ਵੇਂ ਸਥਾਨ 'ਤੇ ਰਿਹਾ। ਕੁੱਲ ਮਿਲਾ ਕੇ ਮੇਜ਼ਬਾਨੀ ਪੱਖੋਂ ਇਹ ਵਿਸ਼ਵ ਕੱਪ ਸਫ਼ਲ ਰਿਹਾ।
2014 ਹਾਲੈਂਡ - 2014 ਵਿਸ਼ਵ ਕੱਪ ਹਾਲੈਂਡ ਵਿਖੇ ਖ਼ੇਡਿਆ ਗਿਆ। ਹਾਲੈਂਡ ਨੇ 1998 ਤੋਂ ਬਾਅਦ 16 ਸਾਲ ਬਾਅਦ ਮੇਜ਼ਬਾਨੀ ਕੀਤੀ। ਫਾਈਨਲ ਮੁਕਾਬਲੇ ਵਿਚ ਆਸਟ੍ਰੇਲੀਆ ਨੇ ਹਾਲੈਂਡ ਨੂੰ 6-1 ਨਾਲ ਹਰ ਕੇ ਲਗਾਤਾਰ ਦੂਸਰੀ ਵਾਰ ਵਿਸ਼ਵ ਕੱਪ 'ਤੇ ਕਬਜ਼ਾ ਕੀਤਾ। ਜਦਕਿ ਭਾਰਤ ਦੱਖਣੀ ਕੋਰੀਆ ਨੂੰ ਹਰਾ ਕੇ 9ਵੇਂ ਸਥਾਨ 'ਤੇ ਰਿਹਾ। ਇਸ ਵਿਸ਼ਵ ਕੱਪ 'ਚ ਆਸਟ੍ਰੇ਼ਲੀਆ ਦਾ ਪੂਰੀ ਤਰ੍ਹਾਂ ਦਬਦਬਾ ਰਿਹਾ। 2019 ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ ਨੂੰ ਮਿਲੀ। (ਸਮਾਪਤ)
-
ਜਗਰੂਪ ਸਿੰਘ ਜਰਖੜ, ਖੇਡ ਲੇਖਕ
jagroopjarkhar@gmail.com
98143-00722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.