*ਕਰਤਾਰਪੁਰ ਲਾਂਘੇ ਬਾਰੇ ਲਹਿੰਦੇ ਪੰਜਾਬੋਂ ਇਕ ਨਜ਼ਮ*
-------------------------
*ਉਦਰੇਵਾਂ / ਇਰਸ਼ਾਦ ਸੰਧੂ*
--------------------
ਕੁਝ ਤੇ ਨੇੜ ਨੜੇਪਾ ਵਧਿਆ
ਕੁਝ ਤੇ ਆਸਾਂ ਪੁੱਗੀਆਂ
ਕੁਝ ਤੇ ਵੈਰ ਦੇ ਨਾਗ ਮਿੱਧੀਜੇ
ਕੁਝ ਤੇ ਸਾਂਝਾਂ ਉੱਗੀਆਂ
ਕੁਝ ਤੇ ਸੁੱਕੀ ਸਿੱਕ ਦੀ ਹਿੱਕ ਤੇ
ਖਿੜ ਪਏ ਫੁੱਲ ਨਰੋਏ
ਕੁਝ ਤੇ ਦੂਰੀ ਵਾਲੇ ਕੰਡੇ
ਬੋਡੇ ਹੋ ਕੇ ਮੋਏ
ਕੁਝ ਤੇ ਵਾਵਾਂ ਇਕ ਦੂਜੇ ਵੱਲ
ਹੱਸ ਕੇ ਬਾਂਹ ਵਧਾਈ
ਕੁਝ ਤੇ ਸੀਨੇ ਠਾਰਨ ਵਾਲੀ
ਜੱਫੀਆਂ ਦੀ ਰੁੱਤ ਆਈ
ਕੁਝ ਤੇ ਆਈਆਂ ਕਣਕ ਕਪਾਹਵਾਂ
ਇਕ ਦੂਜੇ ਦੇ ਲਾਗੇ
ਕੁਝ ਤੇ ਖੇਤੀਂ ਹੌਕੇ ਭਰਦੀ
ਭਾਗ ਸਰੋਂ ਦੇ ਜਾਗੇ
ਕੁਝ ਤੇ ਵੀਰਾਂ ਇਕ ਦੂਜੇ ਨੂੰ
ਦਿਲ ਦੇ ਦੁਖੜੇ ਦੱਸੇ
ਕੁਝ ਤੇ ਸਾਡੇ ਬੋਹੜਾਂ ਕਿੱਕਰ
ਉਮਰਾਂ ਪਿੱਛੋਂ ਹੱਸੇ
ਕੁਝ ਤੇ ਸਾਡੇ ਅੰਬ ਸ਼ਰੀਹਾਂ
ਦੁਖ ਤੇ ਸੁਖ ਵੰਡਾਏ
ਕੁਝ ਤੇ ਪਿੱਪਲ ਨਿੰਮ ਧਰੇਕਾਂ
ਅਪਣੇ ਹਾਲ ਸੁਣਾਏ
ਕੁਝ ਤੇ ਸਾਡੇ ਹੀਰੇ ਮੋਤੀ
ਬਰਾ ਬਰੋਬਰ ਤੁਲੇ
ਕੁਝ ਤੇ ਸੰਗਲ ਵੱਜੇ ਰਸਤੇ
ਇਕ ਦੂਜੇ ਲਈ ਖੁੱਲ੍ਹੇ
ਕੁਝ ਤੇ ਬਾਬੇ ਨਾਨਕ ਵਾਂਗੂੰ
ਸਾਂਝੀ ਤੌਣ ਵਲੋਈ
ਕੁਝ ਤੇ ਮੁਰਸ਼ਦ ਬੁੱਲ੍ਹੇ ਵਾਲੀ
ਥੱਈਆ ਥੱਈਆ ਹੋਈ
ਕੁਝ ਤੇ ਸੰਧੂ ਨਦੀਆਂ ਦਾ ਵੀ
ਲੱਥਾ ਅੱਜ ਥਕੇਵਾਂ
ਕੁਝ ਤੇ ਸਾਡੇ ਦਰਿਆਵਾਂ ਦਾ
ਮੁੱਕਿਆ ਏ ਉਦਰੇਵਾਂ
ਕੁਝ ਤੇ ਲਹਿੰਦੇ ਚੜ੍ਹਦੇ ਵੱਲੋਂ
ਅਮਨਾਂ ਦਾ ਮੀਂਹ ਵਰਿਆ
ਕੁਝ ਤੇ ਸਾਡੀ ਧਰਤੀ ਮਾਂ ਦਾ
ਬਲਦਾ ਸੀਨਾ ਠਰਿਆ ।
---- ਇਰਸ਼ਾਦ ਸੰਧੂ
ਲਿੱਪੀਅੰਤਰ : ਜਸਪਾਲ ਘਈ
،،،اُدریواں / ارشاد سندھو
کُجھ تے نیڑ نڑپا ودھیا
کُجھ تے آساں پُگیاں
کُجھ تے ویر دے ناگ مدھیجے
کُجھ تے سانجھاں اُگیاں
کُجھ تے سُکی سِک دی ہِک تے
کِھڑ پئے پُھل نروئے
کُجھ تے دوری والے کنڈے
بوڈے ہو کے موئے
کُجھ تے واواں اِک دوجے ول
ہس کے بانہہ ودھائی
کُجھ تے سینے ٹھارن والی
جپھیاں دی رُت آئی
کُجھ تے آئیاں کنک کپاہواں
اِک دوجے دے لاگے
کُجھ تے کھیتیں ہوکے بھردی
بھاگ سرہوں دے جاگے
کُجھ تے بیراں اِک دوجے نوں
دِل دے دُکھڑے دسے
کُجھ تے ساڈے بوڑھاں کِکر
عُمراں پِچھوں ہسے
کُجھ تے ساڈے انب شرینہیاں
دُکھ تے سُکھ ونڈائے
کُجھ تے پِپل نِم دھریکاں
اپنے حال سُنائے
کُجھ تے ساڈے ہیرے موتی
برا بروبر تُلّے
کُجھ تے سنگل وَجّے رستے
اِک دوجے لئی کُھلے
کُجھ تے بابے نانک وانگوں
سانجھی تَون ولوئی
کُجھ تے مُرشد بُلھے والی
تھیا تھیا ہوئی
کُجھ تے سندھو ندیاں دا وی
لتھا اج تھکیواں
کُجھ تے ساڈے دریاواں دا
مُکیا اے اُدریواں
کُجھ تے لہندے چڑھدے ولوں
امناں دا مہینہ ورھیا
کُجھ تے ساڈی دھرتی ماں دا
بلدا سینا ٹھریا
ارشاد سندھو
-
ਇਰਸ਼ਾਦ ਸੰਧੂ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.