(ਉੜੀਸਾ ਦੀ ਰਾਜਧਾਨੀ ਭੁਵੇਨਸ਼ਵਰ ਦੇ ਨਵੇਂ ਨਕੋਰ ਬਣੇ ਕਲਿੰਗਾ ਸਟੇਡੀਅਮ ਵਿਖੇ 28 ਨਵੰਬਰ ਤੋਂ 16 ਦਸੰਬਰ ਤੱਕ 14ਵਾਂ ਹਾਕੀ ਵਿਸ਼ਵ ਕੱਪ-2018 ਖੇਡਿਆ ਜਾ ਰਿਹਾ ਹੈ। ਬਾਬੂਸ਼ਾਹੀ ਡਾਟ ਕਾਮ ਦੇ ਪਾਠਕਾਂ ਨੂੰ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਵਿਸ਼ਵ ਕੱਪ ਬਾਰੇ ਲਿਖੇ ਜਾ ਰਹੇ ਵਿਸ਼ੇਸ਼ ਕਾਲਮ 'ਰਿਵਰਸ ਫ਼ਲਿੱਕ' ਰਾਹੀਂ ਨਿਰੰਤਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।)
ਨਵਦੀਪ ਸਿੰਘ ਗਿੱਲ @ ਰਿਵਰਸ ਫ਼ਲਿੱਕ (97800-36216)
ਭੁਵੇਨਸ਼ਵਰ (ਉੜੀਸਾ) ਵਿਖੇ 14ਵੇਂ ਵਿਸ਼ਵ ਕੱਪ ਦੇ ਰੰਗਾਰੰਗ ਆਗਾਜ਼ ਤੋਂ ਬਾਅਦ ਅੱਜ ਗਰੁੱਪ ਸੀ ਦੇ ਲੀਗ ਮੈਚਾਂ ਦੀ ਸ਼ੁਰੂਆਤ ਨਾਲ ਮੁਕਾਬਲੇ ਸ਼ੁਰੂ ਹੋ ਗਏ। ਭਾਰਤ ਨੇ ਆਪਣੇ ਪਹਿਲੇ ਹੀ ਮੈਚ ਧਮਾਕੇਦਾਰ ਸ਼ੁਰੂਆਤ ਕਰਦਿਆਂ ਦੱਖਣੀ ਅਫਰੀਕਾ ਨੂੰ 5-0 ਨਾਲ ਹਰਾ ਕੇ ਜੇਤੂ ਆਗਾਜ਼ ਕੀਤਾ। ਵਿਸ਼ਵ ਕੱਪ ਵਿੱਚ 43 ਸਾਲਾਂ ਬਾਅਦ ਤਮਗਾ ਜਿੱਤਣ ਦੀ ਆਸ ਨਾਲ ਆਪਣੀ ਮੇਜ਼ਬਾਨੀ ਵਿੱਚ ਖੇਡ ਰਹੀ ਭਾਰਤੀ ਟੀਮ ਨੇ ਪਹਿਲੇ ਮੈਚ ਤੋਂ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਲਈ ਪਹਿਲਾ ਗੋਲ ਮਨਦੀਪ ਸਿੰਘ ਨੇ 10ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਉਪਰ ਮਿਲੇ ਰਿਵਾਊਂਡ ਉਪਰ ਕੀਤਾ। ਦੋ ਮਿੰਟਾਂ ਬਾਅਦ ਹੀ ਅਕਾਸ਼ਦੀਪ ਸਿੰਘ ਨੇ 12ਵੇਂ ਮਿੰਟ ਵਿੱਚ ਫੀਲਡ ਗੋਲ ਕਰ ਕੇ ਲੀਡ ਦੋਗੁਣੀ ਕਰ ਦਿੱਤੀ। ਦੂਜੇ ਕੁਆਰਟਰ ਵਿੱਚ ਕੋਈ ਗੋਲ ਨਾ ਹੋਇਆ ਅਤੇ ਅੱਧੇ ਸਮੇਂ ਤੱਕ ਭਾਰਤ ਦੀ ਲੀਡ 2-0 ਸੀ। ਤੀਜੇ ਕੁਆਰਟਰ ਦੇ ਅੰਤਲੇ ਪਲਾਂ ਵਿੱਚ ਭਾਰਤ ਨੇ ਉਤੋਤੜੀ ਦੋ ਗੋਲ ਕਰ ਕੇ ਲੀਡ 4-0 ਕਰ ਦਿੱਤੀ ਗਈ। ਸਿਮਰਨਜੀਤ ਸਿੰਘ ਨੇ 43ਵੇਂ ਤੇ ਲਲਿਤ ਉਪਾਧਿਆਏ ਨੇ 45ਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ। ਤੀਜੇ ਕੁਆਰਟਰ ਵਿੱਚ ਭਾਰਤ ਨੇ ਜਿੱਥੇ ਖੇਡ ਛੱਡੀ ਸੀ, ਚੌਥੇ ਕੁਆਰਟਰ ਦੀ ਸ਼ੁਰੂਆਤੀ ਮਿੰਟ ਵਿੱਚ ਵੀ ਜਾਰੀ ਰੱਖਦਿਆਂ ਇਕ ਗੋਲ ਕਰ ਦਿੱਤਾ। ਸਿਮਰਨਜੀਤ ਸਿੰਘ ਨੇ 46ਵੇਂ ਮਿੰਟ ਵਿੱਚ ਆਪਣਾ ਦੂਜਾ ਅਤੇ ਭਾਰਤ ਲਈ ਪੰਜਵਾਂ ਗੋਲ ਕਰ ਦਿੱਤਾ। ਅੰਤ ਤੱਕ ਭਾਰਤ ਨੇ ਲੀਡ ਕਾਇਮ ਰੱਖਦਿਆਂ 5-0 ਨਾਲ ਧੜੱਲੇਦਾਰ ਜਿੱਤ ਹਾਸਲ ਕੀਤੀ।
ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤ ਨੇ ਤਿੰਨ ਤਮਗੇ ਜਿੱਤੇ ਹਨ ਅਤੇ ਤਿੰਨੋਂ ਪਹਿਲੇ ਤਿੰਨ ਵਿਸ਼ਵ ਕੱਪਾਂ ਵਿੱਚ ਜਿੱਤੇ ਸਨ। 1971 ਵਿੱਚ ਬਾਰਸੀਲੋਨਾ ਵਿਖੇ ਕਾਂਸੀ, 1973 ਵਿੱਚ ਐਮਸਟੈਲਵੀਨ ਵਿਖੇ ਚਾਂਦੀ ਅਤੇ 1975 ਵਿੱਚ ਕੁਆਲਾ ਲੰਪਰ ਵਿਖੇ ਸੋਨ ਤਮਗਾ ਜਿੱਤ ਕੇ ਪਲੇਠਾ ਤੇ ਹੁਣ ਤੱਕ ਦਾ ਇਕਲੌਤਾ ਵਿਸ਼ਵ ਕੱਪ ਜਿੱਤਿਆ। 1975 ਤੋਂ ਬਾਅਦ ਭਾਰਤੀ ਹਾਕੀ ਟੀਮ ਤਮਗਾ ਜਿੱਤਣ ਵਿੱਚ ਅਸਫਲ ਰਹੀ ਅਤੇ ਇਸ ਵਾਰ ਭਾਰਤ ਦੀ ਫਾਰਮ ਨੂੰ ਲਿਹਾਜ਼ ਵਿੱਚ ਰੱਖਦਿਆਂ ਸੈਮੀ ਫਾਈਨਲ ਤੱਕ ਸਫਰ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਹ ਵੀ ਗੌਰਤਲਬ ਹੈ ਕਿ ਭਾਰਤ ਤੀਜੀ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ 1981-82 ਵਿੱਚ ਬੰਬਈ ਤੇ 2010 ਵਿੱਚ ਨਵੀਂ ਦਿੱਲੀ ਵਿਖੇ ਵਿਸ਼ਵ ਕੱਪ ਖੇਡਿਆ ਜਾ ਚੁੱਕਾ ਹੈ।
ਅੱਜ ਵਿਸ਼ਵ ਕੱਪ ਦੇ ਪਹਿਲੇ ਹੀ ਮੈਚ ਵਿੱਚ ਰੀਓ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗਾ ਜੇਤੂ ਬੈਲਜੀਅਮ ਦੀ ਟੀਮ ਨੂੰ ਕਮਜ਼ੋਰ ਸਮਝੀ ਜਾਂਦੀ ਕੈਨੇਡਾ ਦੀ ਟੀਮ ਨੇ ਵਾਹਨੀ ਪਾਈ ਰੱਖਿਆ ਅਤੇ ਮਸਾਂ 2-1 ਨਾਲ ਜਿੱਤ ਹਾਸਲ ਕੀਤੀ। ਅੱਧੇ ਸਮੇਂ ਤੱਕ 2-0 ਨਾਲ ਅੱਗੇ ਚਲ ਰਹੀ ਬੈਲਜੀਅਮ ਦੀ ਟੀਮ ਖਿਲਾਫ ਕੈਨੇਡਾ ਨੇ 48ਵੇਂ ਮਿੰਟ ਵਿੱਚ ਗੋਲ ਕਰ ਕੇ ਖਤਰੇ ਦੀ ਘੰਟੀ ਵਜਾ ਦਿੱਤੀ ਸੀ ਪ੍ਰੰਤੂ ਓਲੰਪਿਕ ਖੇਡਾਂ ਦੀ ਉਪ ਜੇਤੂ ਟੀਮ ਨੇ ਆਖਰੀ 12 ਮਿੰਟ ਸੰਭਲ ਕੇ ਖੇਡਦਿਆਂ ਜਿੱਤ ਹਾਸਲ ਕਰ ਕੇ ਤਿੰਨ ਅੰਕ ਪੱਕੇ ਕਰ ਲਏ।
-
ਨਵਦੀਪ ਸਿੰਘ ਗਿੱਲ, ਲੇਖਕ
navdeepsinghgill82@gmail.com
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.