ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਦੋਹਾਂ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵੱਲੋਂ ਨੀਂਹ ਪੱਥਰ ਰੱਖਣ ਨਾਲ ਨਵੀਆਂ ਸੰਭਾਵਨਾਵਾਂ ਦੇ ਰਸਤੇ ਵੀ ਖੁਲ੍ਹਣ ਲੱਗ ਪਏ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਜ਼ਲ ਨੇ ਇਕ ਬਿਆਨ ਵਿਚ ਦੱਸਿਆ ਹੈ ਕਿ ਲਾਂਘੇ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੀਜਾ ਲੈਣ ਦੀ ਲੋੜ ਨਹੀਂ ਹੋਵੇਗੀ। ਪਾਕਿਸਤਾਨ ਦੇ ਰੇਲਵੇ ਵਿਭਾਗ ਦੇ ਮੰਤਰੀ ਸ਼ੇਖ਼ ਰਾਸ਼ਿਦ ਨੇ ਕਿਹਾ ਹੈ ਕਿ ਕਰਤਾਰਪੁਰ ਵਿਚ ਆਧੁਨਿਕ ਰੇਲਵੇ ਸ਼ਟੇਸ਼ਨ ਬਣਾਇਆ ਜਾਵੇਗਾ। ਨਨਕਾਣਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨਾ ਲਈ ਰੇਲ ਗੱਡੀ ਰਾਹੀਂ ਲਿਜਾਇਆ ਜਾਵੇਗਾ। ਸਰਕਾਰ 10-10 ਏਕੜ ਜ਼ਮੀਨ ਕਰਤਾਰਪੁਰ ਅਤੇ ਨਨਕਾਣਾ ਸਾਹਿਬ ਵਿਖੇ ਹੋਟਲ ਬਣਾਉਣ ਲਈ ਦੇਵੇਗੀ ਤਾਂ ਜੋ ਸ਼ਰਧਾਲੂਆਂ ਨੂੰ ਉਥੇ ਠਹਿਰਨ ਦੀ ਦਿਕਤ ਨਾ ਆਵੇ।
ਕੋਈ ਵੀ ਸਿੱਖ ਇਸ ਜ਼ਮੀਨ ਉਪਰ ਹੋਟਲ ਬਣਾ ਸਕਦਾ ਹੈ। ਜੰਗੀ ਕੈਦੀਆਂ ਦੇ ਪਰਿਵਾਰਾਂ ਨੂੰ ਵੀ ਆਪਣੇ ਸੰਬੰਧੀਆਂ ਦੇ ਵਾਪਸ ਆਉਣ ਦੀ ਉਮੀਦ ਬੱਝ ਗਈ ਹੈ। ਦੋਹਾਂ ਦੇਸ਼ਾਂ ਦੇ ਸਿਆਸਤਦਾਨ ਭਾਵੇਂ ਖ਼ੁਸ਼ ਹੋਣ ਚਾਹੇ ਨਾ ਹੋਣ ਪ੍ਰੰਤੂ ਦੋਹਾਂ ਦੇਸ਼ਾਂ ਦੀ ਜਨਤਾ ਪੂਰੀ ਬਾਗੋ ਬਾਗ ਹੋ ਗਈ ਹੈ ਕਿਉਂਕਿ ਸਰਹੱਦ ਉਪਰ ਸ਼ਾਂਤੀ ਸਥਾਪਤ ਹੋਣ ਦੀ ਆਸ ਪੈਦਾ ਹੋ ਗਈ ਹੈ। ਇਥੋਂ ਤੱਕ ਕਿ ਭਾਰਤੀ ਕਸ਼ਮੀਰ ਦੇ ਲੋਕ ਵੀ ਅਜਿਹੇ ਲਾਂਘੇ ਦੀ ਮੰਗ ਕਰਨ ਲੱਗ ਪਏ ਹਨ। ਦੋਹਾਂ ਦੇਸ਼ਾਂ ਦੇ ਲੋਕ ਖ਼ੁਸ਼ ਹਨ ਪ੍ਰੰਤੂ ਭਾਰਤ ਅਤੇ ਖਾਸ ਤੌਰ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਦੋਹਾਂ ਦੇਸ਼ਾਂ ਦੀ ਸਹਿਮਤੀ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਦੌੜ ਲੱਗੀ ਹੋਈ ਹੈ। ਡਾ ਮਨਮੋਹਨ ਸਿੰਘਨੇ ਵੀ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਅਤ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਚਿੱਠੀਆਂ ਲਿਖੀਆਂ ਸਨ। ਪਿਛਲੇ 70 ਸਾਲਾਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਪ੍ਰੰਤੂ ਪਾਕਿਸਤਾਨ ਸਰਕਾਰ ਨੇ ਕਦੀਂ ਹੁੰਗਾਰਾ ਹੀ ਨਹੀਂ ਭਰਿਆ ਸੀ।
ਹੁਣ ਚਾਹੇ ਸਾਰੇ ਨੇਤਾ ਆਪਣੇ ਮੂੰਹ ਮੀਆਂ ਮਿੱਠੂ ਬਣੀ ਜਾਣ ਪ੍ਰੰਤੂ ਇਸਦੀ ਪਹਿਲਕਦਮੀ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਯਤਨਾ ਦਾ ਸਿੱਟਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਦੋ ਕ੍ਰਿਕਟ ਦੇ ਖਿਡਾਰੀਆਂ ਦੀ ਦੋਸਤੀ ਦਾ ਸਿੱਟਾ ਹੈ ਤਾਂ ਇਸ ਵਿਚ ਵੀ ਕੋਈ ਅਤਕਥਨੀ ਨਹੀਂ ਹੋਵੇਗੀ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪ੍ਰਕਾਸ਼ ਦਿਵਸ ਮੌਕੇ 12 ਕਰੋੜ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਾਰੋਵਾਲ ਜਿਲ੍ਹੇ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰੂਘਰ ਦੇ ਦਰਸ਼ਨਾ ਲਈ ਜਾਣ ਵਾਸਤੇ ਪ੍ਰਵਾਨਗੀ ਦੇਣਾ ਸ਼ੁਭ ਸ਼ਗਨ ਹੈ। ਦੇਸ਼ ਦੀ ਵੰਡ ਸਮੇਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਪਿੰਡ ਕਰਤਾਰਪੁਰ ਵਿਚ ਗੁਜ਼ਾਰੇ ਸਨ ਅਤੇ ਉਥੇ ਹੀ ਜੋਤੀ ਜੋਤਿ ਸਮਾਏ ਸਨ, ਉਹ ਪਾਕਿਸਤਾਨ ਵਿਚ ਰਹਿ ਗਿਆ ਸੀ। ਸਿੱਖ ਪਿਛਲੇ 70 ਸਾਲਾਂ ਤੋਂ ਹੀ ਅਰਦਾਸ ਕਰਦੇ ਆ ਰਹੇ ਸਨ ਕਿ ਉਨ੍ਹਾਂ ਦੇ ਦਰਸ਼ਨੇ ਦੀਦਾਰ ਕਰਨ ਦਾ ਮੌਕਾ ਮਿਲੇ। ਹੁਣ ਦੋਹਾਂ ਦੇਸ਼ਾਂ ਵੱਲੋਂ ਆਪਸੀ ਸਹਿਮਤੀ ਨਾਲ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸਦਾ ਸੰਸਾਰ ਵਿਚ ਰਹਿੰਦੇ ਸਿੱਖਾਂ ਨੇ ਸਵਾਗਤ ਕੀਤਾ ਹੈ। ਇਕ ਕਿਸਮ ਨਾਲ ਸਿੱਖ ਜਗਤ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।
ਗੁਰਦੁਆਰਾ ਕਰਤਾਰਪੁਰ ਸਾਹਿਬ
ਇਹ ਲਾਂਘਾ ਬਣਾਉਣ ਲਈ ਮੰਗ ਅਕਾਲੀ ਦਲ ਦੇ ਸਾਬਕਾ ਮਰਹੂਮ ਵਿਧਾਇਕ ਕੁਲਦੀਪ ਸਿੰਘ ਵਡਾਲਾ ਨੇ 18 ਸਾਲ ਪਹਿਲਾਂ ਸਰਹੱਦ ਤੇ ਪਹੁੰਚਕੇ ਅਰਦਾਸ ਕੀਤੀ ਸੀ। ਹੁਣ ਜਦੋਂ ਦੋਹਾਂ ਦੇਸ਼ਾਂ ਨੇ ਲਾਂਘੇ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਹਰ ਸਿਆਸੀ ਲੀਡਰ ਇਸਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸਲ ਵਿਚ ਤਾਜ਼ਾ ਘਟਨਾਕਰਮ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਨਵਜੋਤ ਸਿੰਘ ਸਿੱਧੂ ਨੂੰ ਬੁਲਾਉਣ ਸਮੇਂ ਨਵਜੋਤ ਸਿੰਘ ਸਿੱਧੂ ਨੇ ਲਾਂਘੇ ਦੀ ਮੰਗ ਰੱਖੀ ਸੀ, ਜਿਸਦੀ ਪਾਕਿਸਤਾਨ ਸਰਕਾਰ ਨੇ ਸਹਿਮਤੀ ਦੇ ਦਿੱਤੀ ਸੀ। ਉਦੋਂ ਤਾਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਧਰੋਹੀ ਤੱਕ ਕਹਿ ਦਿੱਤਾ ਸੀ। ਅਜੇ ਵੀ ਆਰ ਐਸ ਐਸ ਦੇ ਨੇਤਾਵਾਂ ਦੇ ਤਲੂੰਏ ਲੜਦੇ ਹਨ, ਉਨ੍ਹਾਂ ਦੇ ਨੇਤਾ ਇੰਦਰੇਸ਼ ਕੁਮਾਰ ਨੇ ਚੰਡੀਗੜ੍ਹ ਵਿਖੇ ਇਕ ਸਮਾਗਮ ਵਿਚ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਧਰੋਹੀ ਤੱਕ ਕਹਿ ਦਿੱਤਾ। ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਤੋਂ ਤਿੰਨ ਮਹੀਨੇ ਬਾਅਦ ਜਦੋਂ ਭਾਰਤ ਸਰਕਾਰ ਨੇ ਲਾਂਘੇ ਸੰਬੰਧੀ ਕੋਈ ਪ੍ਰਤੀਕ੍ਰਿਆ ਹੀ ਨਹੀਂ ਦਿੱਤੀ ਤਾਂ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਵਿਚ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ 28 ਨਵੰਬਰ ਨਿਸਚਤ ਕਰ ਦਿੱਤੀ ਸੀ। ਜਦੋਂ ਇਸਦੀ ਭਿਣਕ ਭਾਰਤ ਸਰਕਾਰ ਨੂੰ ਪਈ ਤਾਂ ਤੁਰੰਤ ਭਾਰਤ ਸਰਕਾਰ ਨੇ ਵੀ ਲਾਂਘਾ ਦੇਣ ਦਾ ਫ਼ੈਸਲਾ ਕਰ ਲਿਆ ਕਿਉਂਕਿ ਜੇਕਰ ਉਹ ਇਹ ਪ੍ਰਵਾਨਗੀ ਨਾ ਦਿੰਦੇ ਤਾਂ ਭਾਰਤੀ ਜਨਤਾ ਪਾਰਟੀ ਦੇ ਸਿੱਖ ਵਿਰੋਧੀ ਹੋਣ ਦਾ ਲੱਗਿਆ ਇਲਜ਼ਾਮ ਸਾਬਤ ਹੋ ਜਾਣਾ ਸੀ।
ਹੁਣ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਇਸਦਾ ਸਿਹਰਾ ਉਹ ਆਪਣੇ ਸਿਰ ਬੰਨ੍ਹ ਰਹੇ ਹਨ। ਇਥੇ ਹੀ ਬੱਸ ਨਹੀਂ ਸਗੋਂ ਉਹ 28 ਨਵੰਬਰ ਨੂੰ ਪਾਕਿਸਤਾਨ ਵਿਚ ਇਸ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਉਪਰ ਇਹ ਕਹਾਵਤ ਢੁਕਦੀ ਹੈ ਕਿ ''ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ'' ਕਿਉਂਕਿ ਸੱਦਾ ਪੱਤਰ ਤਾਂ ਸ਼ੁਸ਼ਮਾ ਸਵਰਾਜ ਨੂੰ ਸੀ ਪ੍ਰੰਤੂ ਉਨ੍ਹਾਂ ਨੇ ਇਨ੍ਹਾਂ ਨੂੰ ਭੇਜ ਦਿੱਤਾ। ਉਹ ਕਿਹੜੇ ਮੂੰਹ ਨਾਲ ਪਾਕਿਸਤਾਨ ਗਏ ਹਨ, ਜਦੋਂ ਕਿ ਨਵਜੋਤ ਸਿੰਘ ਸਿੱਧੂ ਨੂੰ ਤਾਂ ਉਥੇ ਜਾਣ ਲਈ ਗ਼ਦਾਰ ਤੱਕ ਕਹਿ ਦਿੱਤਾ ਸੀ। ਅਕਾਲੀ ਦਲ ਲਈ ਇਹ ਥੁੱਕ ਕੇ ਚੱਟਣ ਵਾਲੀ ਗੱਲ ਹੋ ਗਈ ਹੈ ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਇਆ ਸੀ ਤਾਂ ਸਾਰੇ ਅਕਾਲੀ ਨੇਤਾਵਾਂ ਨੇ ਇਕ ਦੂਜੇ ਤੋਂ ਪਹਿਲਾਂ ਬਿਆਨ ਦੇ ਕੇ ਉਸਦੀ ਨਿੰਦਿਆ ਕੀਤੀ ਸੀ। ਸਿਆਸਤਦਾਨ ਦੂਸ਼ਣਬਾਜੀ ਲਾਉਣ ਸਮੇਂ ਸ਼ਿਸ਼ਟਾਚਾਰ ਵੀ ਨਹੀਂ ਰੱਖਦੇ। ਦੇਸ਼ ਦੀ ਵੰਡ ਤੋਂ ਬਾਅਦ ਹੀ ਲਗਾਤਾਰ ਦੋਹਾਂ ਦੇਸ਼ਾਂ ਵਿਚ ਤਣਾਆ ਬਣਿਆਂ ਰਹਿੰਦਾ ਹੈ। ਇਹ ਫੈਸਲਾ ਦੋਹਾਂ ਦੇਸ਼ਾਂ ਵਿਚ ਪੁਲ ਦਾ ਕੰਮ ਕਰਦਾ ਹੋਇਆ ਅਮਨ ਸ਼ਾਂਤੀ ਅਤੇ ਸਦਭਾਵਨਾ ਪੈਦਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਵੇਗਾ। ਪੰਜਾਬ ਭਾਰਤ ਦੀ ਖੜਗਭੁਜਾ ਹੈ। ਜੇਕਰ ਪਾਕਿਸਤਾਨ ਵੱਲੋਂ ਠੰਡੀ ਹਵਾ ਦਾ ਬੁਲਾ ਆਵੇਗਾ ਤਾਂ ਪੰਜਾਬ ਵਿਚ ਸ਼ਾਂਤੀ ਰਹੇਗੀ ਪ੍ਰੰਤੂ ਜੇਕਰ ਗਰਮ ਹਵਾ ਆਵੇਗੀ ਤਾਂ ਪੰਜਾਬ ਦੀ ਧਰਤੀ ਜੰਗ ਦਾ ਅਖਾੜਾ ਬਣੇਗੀ। ਨੁਕਸਾਨ ਦੇਸ਼ ਨੂੰ ਤਾਂ ਹੋਵੇਗਾ ਹੀ ਪ੍ਰੰਤੂ ਸਭ ਤੋਂ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਪੰਜਾਬੀਆਂ ਦਾ ਹੋਵੇਗਾ। ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਇੱਕ ਦੋਸਤ ਦੇ ਤੌਰ ਤੇ ਸ਼ਾਮਲ ਹੋਣਾ, ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਲਈ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਦੀ ਪਿਛਲੇ 50 ਸਾਲਾਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਨ ਵਿਚ ਸਹਾਈ ਹੋਈ ਹੈ। ਮੁੱਦਤ ਤੋਂ ਬਾਅਦ ਪਾਕਿਸਤਾਨ ਵੱਲੋਂ ਠੰਡੀ ਹਵਾ ਦੇ ਬੁਲੇ ਆਉਣ ਦੀ ਉਮੀਦ ਬੱਝੀ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਜਿਹੜਾ ਸਿੱਖਾਂ ਦੀ ਨੁਮਾਇੰਦਾ ਪਾਰਟੀ ਕਹਿੰਦਾ ਹੈ, ਉਹ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਵਕਾਲਤ ਦਾ ਵਿਰੋਧ ਕਰ ਰਹੇ ਸਨ। ਹੁਣ ਜਦੋਂ ਕੇਂਦਰ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ ਤਾਂ ਇਸਦਾ ਸਿਹਰਾ ਆਪਣੇ ਸਿਰ ਬੰਨ੍ਹ ਰਹੇ ਹਨ। ਇਹ ਗੱਲ ਬਿਲਕੁਲ ਵਾਜਬ ਹੈ ਕਿ ਤਾਲੀ ਹਮੇਸ਼ਾ ਦੋਹਾਂ ਹੱਥਾਂ ਨਾਲ ਵਜਦੀ ਹੈ। ਭਾਵ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਦੋਵੇਂ ਸਰਕਾਰਾਂ ਦੀ ਸਹਿਮਤੀ ਤੋਂ ਬਿਨਾ ਇਹ ਲਾਂਘਾ ਖੁਲ੍ਹਣਾ ਅਸੰਭਵ ਸੀ। ਇਹ ਹੈ ਵੀ ਕੁਦਰਤੀ ਕਿ ਜਦੋਂ ਪਿਛਲੇ ਲੰਮੇ ਸਮੇਂ ਦੀ ਸਿੱਖਾਂ ਦੀ ਮੰਗ ਪੂਰੀ ਹੋਣ ਜਾ ਰਹੀ ਹੋਵੇ ਤਾਂ ਇਕ ਸਿੱਖ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ। ਸਿਆਸੀ ਪਾਰਟੀਆਂ ਨੂੰ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ। ਸਿਆਸੀ ਲੋਕਾਂ ਨੂੰ ਸਿਆਸਤ ਕਰਨ ਲਈ ਹੋਰ ਬਥੇਰੇ ਮੌਕੇ ਹੁੰਦੇ ਹਨ। ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਸਿਆਸਤਦਾਨਾ ਨੇ ਕਿਰਕਰੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।
ਮਹਾਰਾਜਾ ਭੁਪਿੰਦਰ ਸਿੰਘ ਦੇ ਦਾਨ ਦੇਣ ਦਾ ਪੱਥਰ ਜੋ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਲੱਗਿਆ ਹੋਇਆ ਹੈ
ਜਿਹੜੇ ਲੋਕ ਸਿੱਧੂ ਬਾਰੇ ਵਾਵਰੋਲਾ ਖੜ੍ਹਾ ਕਰਕੇ ਨਿੰਦਿਆ ਕਰ ਰਹੇ ਸਨ, ਉਹੀ ਲੋਕ ਹੁਣ ਖ਼ੁਸ਼ੀ ਮਹਿਸੂਸ ਕਰ ਰਹੇ ਹਨ ਅਤੇ ਪੰਜਾਬ ਕਾਂਗਰਸ ਦੇ ਨੇਤਾ ਉਦੋਂ ਦੱਬੀ ਜ਼ਬਾਨ ਨਾਲ ਸਿੱਧੂ ਦਾ ਵਿਰੋਧ ਕਰ ਰਹੇ ਸਨ ਪ੍ਰੰਤੂ ਹੁਣ ਉਹੀ ਨੇਤਾ ਸਿੱਧੂ ਦੀ ਪਹਿਲਕਦਮੀ ਦੀ ਖੁਲ੍ਹਕੇ ਸਪੋਰਟ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਨੇਤਾ ਬਾਤ ਦਾ ਬਤੰਗੜ ਬਣਾ ਲੈਂਦੇ ਹਨ। ਅਸਲ ਵਿਚ ਨਵਜੋਤ ਸਿੰਘ ਸਿੱਧੂ ਦੀ ਭਾਰਤੀਆਂ, ਪੰਜਾਬੀਆਂ ਅਤੇ ਖਾਸ ਕਰਕੇ ਪੰਜਾਬ ਦੇ ਸਿੱਖਾਂ ਵਿਚ ਵਾਅਵਾ ਸ਼ਾਹਵਾ ਹੋ ਗਈ। ਇਹ ਪ੍ਰਸੰਸਾ ਭਾਰਤੀ ਜਨਤਾ ਪਾਰਟੀ ਨੂੰ ਪਚਦੀ ਨਹੀਂ। ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਨੂੰ ਛੱਡਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਬੈਠਾ, ਜਿਸ ਕਰਕੇ ਉਹ ਬੁਖਲਾਏ ਹੋਏ ਹਨ। ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਿੱਖ ਸੰਗਤਾਂ ਲਈ ਸਭ ਤੋਂ ਮੁਕੱਦਸ ਅਤੇ ਪਵਿਤਰ ਸਥਾਨ ਹੈ, ਜਿਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 18 ਸਾਲ ਰਹੇ, ਖੇਤੀ ਕੀਤੀ, ਨਾਮ ਜਪੋ, ਕਿਰਤ ਕਰੋ ਅਤੇ ਵੰਡਕੇ ਛੱਕੋ ਦਾ ਸਿਧਾਂਤ ਦਿੱਤਾ ਅਤੇ ਉਥੇ ਹੀ ਜੋਤੀ ਜੋਤ ਸਮਾਏ। ਇਹ ਗੁਰੂ ਘਰ ਗੁਰਦਾਸਪੁਰ ਜਿਲ੍ਹੇ ਵਿਚ ਬਾਬਾ ਬਕਾਲਾ ਦੇ ਕੋਲ ਰਾਵੀ ਦਰਿਆ ਦੇ ਕੰਢੇ ਤੇ ਭਾਰਤ ਪਾਕਿ ਸਰਹੱਦ ਤੋਂ ਪਾਕਿਸਤਾਨ ਵਾਲੇ ਪਾਸੇ 3 ਕਿਲੋਮੀਟਰ ਦੂਰ ਹੈ। ਸਿੱਖ ਸੰਗਤਾਂ ਹਿੰਦ ਪਾਕਿ ਸਰਹੱਦ ਤੋਂ ਖੜ੍ਹਕੇ ਇਸ ਗੁਰੂ ਘਰ ਦੇ ਦਰਸ਼ਨ ਕਰਦੀਆਂ ਸਨ। ਇਸ ਦੀ ਮਹੱਤਤਾ ਨੂੰ ਵੇਖਕੇ ਬਾਰਡਰ ਸਕਿਉਰਿਟੀ ਫੋਰਸ ਨੇ 6 ਮਈ 2001ਨੂੰ ਬਾਬਾ ਨਾਨਕ ਸੈਕਟਰ ਵਿਚ ਕੰਡਿਆਲੀ ਤਾਰ ਦੇ ਨਜ਼ਦੀਕ ''ਕਰਤਾਰਪਰ ਦਰਸ਼ਨ ਅਸਥਾਨ '' ਬਣਾ ਦਿੱਤਾ ਸੀ, ਜਿਥੋਂ ਖੜ੍ਹਕੇ ਗੁਰਦੁਆਰਾ ਸਾਹਿਬ ਕਰਤਾਰਪੁਰ ਦੇ ਦਰਸ਼ਨ ਹੋ ਸਕਣ।
ਮੈਂ ਨਵਜੋਤ ਸਿੰਘ ਸਿੱਧੂ ਨੂੰ ਬਚਪਨ ਤੋਂ ਜਾਣਦਾ ਹਾਂ ਜਦੋਂ ਉਹ ਬਾਰਾਂਦਰੀ ਬਾਗ ਪਟਿਆਲਾ ਦੇ ਕਰਿਕਟ ਸਟੇਡੀਅਮ ਵਿਚ ਪ੍ਰੈਕਟਿਸ ਕਰਦਾ ਹੁੰਦਾ ਸੀ। ਉਹ ਭਾਵਨਾਵਾਂ ਵਿਚ ਵਹਿਣ ਵਾਲਾ, ਦਿਲ ਦਾ ਸੱਚਾ ਸੁੱਚਾ, ਪਟਿਆਲਵੀਆਂ ਦਾ ਸ਼ੈਰੀ ਅਤੇ ਖਿਡਾਰੀ ਸਪਿਰਟ ਨਾਲ ਹਰ ਕੰਮ ਕਰਨ ਵਾਲਾ ਹੈ। ਭਾਰਤੀਓ ਭਾਵੇਂ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਨਾਲ ਸਹਿਮਤ ਹੋਵੋ ਭਾਵੇਂ ਨਾ ਹੋਵੋ ਪ੍ਰੰਤੂ ਜਿਹੜਾ ਸੁਖਦ ਸੁਨੇਹਾ ਉਹ ਸਿੱਖ ਜਗਤ ਲਈ ਪਾਕਿਸਤਾਨ ਤੋਂ ਲੈ ਕੇ ਆਇਆ ਹੈ, ਘੱਟੋ ਘੱਟ ਉਸਦਾ ਸਵਾਗਤ ਕਰਨਾ ਹਰ ਭਾਰਤੀ, ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਦਾ ਬਣਦਾ ਹੈ। ਉਸਨੇ ਭਾਵੇਂ ਹੁਣ ਤੱਕ ਸਿਆਸਤ ਵਿਚ ਜਿਤਨੀਆਂ ਵੀ ਗਲਤੀਆਂ ਕੀਤੀਆਂ ਹੋਣ ਪ੍ਰੰਤੂ ਉਸਦੇ ਇਸ ਕਦਮ ਨੇ ਉਹ ਸਾਰੀਆਂ ਧੋ ਦਿੱਤੀਆਂ ਹਨ ਅਤੇ ਸਿੱਖਾਂ ਦੇ ਦਿਲ ਜਿੱਤ ਲਏ ਹਨ।
ਜੇਕਰ ਸਰਹੱਦ ਤੇ ਸ਼ਾਂਤੀ ਰਹੇਗੀ ਤਾਂ ਫੌਜੀ ਪਰਿਵਾਰ ਸੁਖ ਦਾ ਸਾਹ ਲੈਂਦੇ ਰਹਿਣਗੇ। ਜੇ ਉਹ ਪਰਿਵਾਰ ਸੁਖੀ ਰਹਿਣਗੇ ਤਾਂ ਦੇਸ਼ ਅਤੇ ਪੰਜਾਬ ਵਿਕਾਸ ਦੇ ਰਾਹ ਤੇ ਚਲਦਾ ਰਹੇਗਾ। ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ, ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਾਂਗਰਸ ਦੇ ਬਹੁਤੇ ਵਿਧਾਨਕਾਰਾਂ ਨੇ ਸਿੱਧੂ ਦੀ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਾਕਿਸਤਾਨ ਸਰਕਾਰ ਨੇ 28 ਨਵੰਬਰ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਸੀ ਪ੍ਰੰਤੂ ਉਨ੍ਹਾਂ ਉਥੇ ਨਾ ਜਾਣ ਦਾ ਫੈਸਲਾ ਕੀਤਾ ਹੈ। ਉਹ ਸਾਬਕਾ ਫ਼ੌਜੀ ਅਧਿਕਾਰੀ ਹਨ, ਦੇਸ਼ ਭਗਤੀ ਦਾ ਜ਼ਜ਼ਬਾ ਉਨ੍ਹਾਂ ਤੇ ਭਾਰੂ ਹੈ। ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ ਪ੍ਰੰਤੂ ਇਥੇ ਇਹ ਦੱਸਣਾ ਬਣਦਾ ਹੈ ਕਿ ਉਨ੍ਹਾਂ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਨੇ 1923 ਵਿਚ ਜਦੋਂ ਰਾਵੀ ਦਰਿਆ ਵਿਚ ਹੜ੍ਹ ਆਉਣ ਨਾਲ ਕਰਤਾਰਪੁਰ ਗੁਰਦੁਆਰਾ ਸਾਹਿਬ ਦਾ ਨੁਕਸਾਨ ਹੋ ਗਿਆ ਸੀ, ਉਸਦੀ ਕਾਰ ਸੇਵਾ ਲਈ 1 ਲੱਖ 35 ਹਜ਼ਾਰ 600 ਰੁਪਏ ਦੇ ਕੇ ਮੁਰੰਮਤ ਕਰਵਾਈ ਸੀ। ਕਰਤਾਰਪੁਰ ਗੁਰਦੁਆਰਾ ਸਾਹਿਬ ਵਿਚ ਅਜੇ ਵੀ ਮਹਾਰਾਜਾ ਭੁਪਿੰਦਰ ਸਿੰਘ ਦੇ ਦਾਨ ਦੇਣ ਦਾ ਪੱਥਰ ਲੱਗਿਆ ਹੋਇਆ ਹੈ। ਨਵਜੋਤ ਸਿੰਘ ਸਿੱਧੂ 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸੇ ਲਾਂਘੇ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਵਿਚ ਸ਼ਾਮਲ ਹੋ ਗਏ ਹਨ। ਉਮੀਦ ਕੀਤੀ ਜਾਂਦੀ ਹੈ ਕਿ ਉਸਦੇ ਦੂਜੀ ਵਾਰ ਪਾਕਿਸਤਾਨ ਜਾਣ ਤੋਂ ਬਾਅਦ ਸਰਹੱਦ ਉਪਰ ਸ਼ਾਂਤੀ ਹੋਣ ਦੀ ਆਸ ਬੱਝੇਗੀ ਕਿਉਂਕਿ ਪਹਿਲੀ ਵਾਰ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚ ਕਰਤਾਰਪੁਰ ਲਾਂਘੇ ਬਾਰੇ ਸਹਿਮਤੀ ਹੋ ਗਈ ਹੈ। ਉਮੀਦ ਹੈ ਕਿ ਦੋਹਾਂ ਦੇਸ਼ਾਂ ਦੇ ਸੰਬੰਧ ਸਾਜਗਾਰ ਹੋਣਗੇ ਕਿਉਂਕਿ ਧਾਰਮਿਕ ਪ੍ਰੋਗਰਾਮ ਦਾ ਅਸਰ ਜ਼ਰੂਰ ਹੋਵੇਗਾ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.