ਕਰਤਾਰਪੁਰ ਲਾਂਘਾ: ਸਿਆਸੀ ਅਸਹਿਣਸ਼ੀਲਤਾ ਨੇ ਕੀਤਾ ਸ਼ਰਮਿੰਦਾ
ਦਰਸ਼ਨ ਸਿੰਘ ਦਰਸ਼ਕ
ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਲਈ ਭਾਵੇਂ ਭਾਰਤ ਅਤੇ ਪਾਕਿਸਤਾਨ ਦੋਵੇਂ ਮੁਲਕ ਕਸ਼ੀਦਗੀ ਭੁਲਾਉਣ ਲਈ ਰਾਜ਼ੀ ਹੋ ਗਏ ਹਨ ਪਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਸੱਤਾਧਾਰੀ ਕਾਂਗਰਸ ਤੇ ਅਕਾਲੀ ਦਲ ਜੋ ਕਿ ਪ੍ਰਚਾਰ ਤਾਂ ਇਹ ਕਰਦੀਆਂ ਰਹੀਆਂ ਕਿ ਇਸ ਮੁੱਦੇ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਪਰ ਸਿਆਸਤ ਦੀ ਖਾਤਰ ਉਹ ਕਹਿਣੀ ਤੇ ਕਰਨੀ ਤੋਂ ਬਿਲਕੁਲ ਉਲਟ ਦਿਸੀਆਂ ਅਤੇ ਇਹੀ ਪ੍ਰਭਾਵ ਦਿੱਤਾ ਕਿ ਉਹ ਸੰਵੇਦਨਸ਼ੀਲ ਮੁੱਦੇ ਉਤੇ ਵੀ ਪੂਰੀ ਤਰ੍ਹਾਂ ਅਸਹਿਣਸ਼ੀਲ ਹਨ। ਰੋਜ਼ਾਨਾ ਦੀ ਅਰਦਾਸ ਵਿੱਚ ਸਿੱਖ ਪਿਛਲੇ 70 ਵਰ੍ਹਿਆਂ ਤੋਂ ਕਰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਗੁਰ ਘਰਾਂ ਦੇ ਦਰਸ਼ਨ ਦੀਦਾਰੇ ਕਰਵਾਏ ਜਾਣ ਜਿਨ੍ਹਾਂ ਤੋਂ ਉਨ੍ਹਾਂ ਨੂੰ ਵਿਛੋੜਿਆ ਗਿਆ ਹੈ, ਉਹ ਜਦੋਂ ਹਕੀਕਤ ਬਣਦਾ ਨਜ਼ਰ ਆਇਆ ਉਸ ਸਮਾਰੋਹ ਵਿੱਚ ਇਨ੍ਹਾਂ ਪਾਰਟੀਆਂ ਦੇ ਲੀਡਰਾਂ ਨੇ ਆਪਣੀ ਸੰਕੀਰਣਤਾ ਦਾ ਦਬ ਕੇ ਮੁਜਾਹਿਰਾ ਕੀਤਾ । ਸਮਾਰੋਹ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ ਰੱਖਿਆ ਗਿਆ ਸੀ ਜਿਸ ਵਿੱਚ ਮੁੱਖ ਮਹਿਮਾਨ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸਨ ਅਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਨਤਿਨ ਗਡਕਰੀ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ ਆਦਿ ਮੌਜੂਦ ਸਨ। ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਲੀਡਰ ਉਥੇ ਮੌਜੂਦ ਜ਼ਰੂਰ ਸਨ ਪਰ ਉਨ੍ਹਾਂ ਵਿਚਾਲੇ ਜੋ ਟਕਰਾਓ ਦੀ ਭਾਵਨਾ ਸਾਫ ਨਜ਼ਰ ਆ ਰਹੀ ਸੀ। ਸ਼ੁਰੂਆਤ ਤਾਂ ਕਲ੍ਹ ਹੀ ਹੋ ਗਈ ਸੀ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਹਰਸਿਮਰਤ ਕੌਰ ਬਾਦਲ ਦੇ ਸਮਾਗਮ ਵਿੱਚ ਆਉਣ ’ਤੇ ਇਤਰਾਜ਼ ਪ੍ਰਗਟ ਕੀਤਾ ਸੀ ਪਰ ਸਵੇਰੇ ਜਦੋਂ ਨੀਂਹ ਪੱਥਰ ਰੱਖਿਆ ਜਾਣਾ ਸੀ ਤਾਂ ਕਸ਼ੀਦਗੀ ਦਾ ਨੀਂਹ ਪੱਥਰ ਸੁੱਖਜਿੰਦਰ ਸਿੰਘ ਰੰਧਾਵਾ ਨੇ ਉਦੋਂ ਰੱਖ ਦਿੱਤਾ ਜਦੋਂ ਉਨ੍ਹਾਂ ਨੇ ਨੀਂਹ ਪੱਥਰ ਉਤੇ ਉਕੇਰੇ ਹੋਏ ਕਾਂਰਗਸੀਆਂ ਦੇ ਨਾਵਾਂ ਉਤੇ ਕਾਲੀ ਟੇਪ ਚਿਪਕਾ ਦਿੱਤੀ ਕਿ ਕਾਂਗਰਸੀ ਆਪਣਾ ਨਾਮ ਅਕਾਲੀ ਲੀਡਰਾਂ ਨਾਲ ਬਰਦਾਸ਼ਤ ਨਹੀਂ ਕਰ ਸਕਦੇ। ਇਸ ਪ੍ਰਕਾਰ ਪਾਰਾ ਲਗਾਤਾਰ ਚੜ੍ਹਦਾ ਗਿਆ ਅਤੇ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਭਾਸ਼ਨ ਦੀ ਸ਼ੁਰੂਆਤ ਤੋਂ ਹੀ ਪਤਾ ਲੱਗ ਗਿਆ ਸੀ ਕਿ ਬੋਲ ਕਿਸ ਦੀ ਦਿਸ਼ਾ ਵੱਲ ਜਾਣਗੇ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਹੀ ਢੰਗ ਨਾਲ ਸੰਬੋਧਨ ਨਹੀਂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਲਾਂਘੇ ਦਾ ਸਾਰਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਅਤੇ ਅਜਿਹੇ ਕਈ ਮੁੱਦੇ ਛੇੜ ਦਿੱਤੇ ਜਿਨ੍ਹਾਂ ਦਾ ਕੋਈ ਸੰਦਰਭ ਨਹੀਂ ਸੀ। ਜੀ ਐਸ ਟੀ ਅਤੇ 1984 ਦੇ ਕਤਲੇਆਮ ਦਾ ਜ਼ਿਕਰ ਕੀਤਾ। ਭਾਵੇਂ ਕਿ 1984 ਦੇ ਕਾਤਲਾਂ ਸਜ਼ਾ ਦਿਵਾਉਣ ਲਈ ਸਿੱਖਾਂ ਵਲੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਉਹ ਸਟੇਜ ਜਿਸ ਵਿੱਚ ਕਾਂਗਰਸੀਆਂ ਦੀ ਭਰਵੀਂ ਹਾਜ਼ਰੀ ਹੋਵੇ, ਕਾਂਗਰਸ ਪ੍ਰਧਾਨ ਬੈਠਿਆ ਹੋਵੇ ਅਤੇ ਮੁੱਖ ਮੰਤਰੀ ਵੀ ਕਾਂਗਰਸੀ ਹੋਵੇ, ਉਹ ਹਰਸਿਮਰਤ ਕੌਰ ਬਾਦਲ ਦਾ ਇਕ ਕਹਿਣਾ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਕਿ 84 ਕਤਲੇਆਮ ਦੇ ਦੋਸ਼ੀ ‘ਮਗਰਮੱਛਾਂ’ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ। ਹਰਸਿਮਰਤ ਕੌਰ ਬਾਦਲ ਦੇ ਭਾਸ਼ਨ ਦੌਰਾਨ ਕਾਂਗਰਸੀਆਂ ਨੇ ਹੂਟਿੰਗ ਵੀ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਵੀ ਹਰਸਿਮਰਤ ਕੌਰ ਬਾਦਲ ਦਾ ਨਾਮ ਲੈਣਾ ਉਚਿਤ ਨਹੀਂ ਸਮਝਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਈਵਾਲ ਪਾਰਟੀ ਦੇ ਪ੍ਰਧਾਨ ਵਜੋਂ ਤਾਂ ਸਟੇਜ ਉਤੇ ਬੈਠ ਗਏ ਪਰ ਉਨ੍ਹਾਂ ਦਾ ਨਾਮ ਵੀ ਕਿਸੇ ਨੇ ਨਹੀਂ ਲਿਆ। ਉਹ ਸਿਰਫ ਸਟੇਜ ਉਤੇ ਬੈਠੇ ਹੀ ਦਿਖਾਈ ਦਿੱਤੇ ਪਰ ਕਿਸੇ ਰਸਮ ਵਿੱਚ ਆਉਣ ਲਈ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਬਾਦਲ ਨੂੰ ਵੀ ਮਹਿਸੂਸ ਹੋਇਆ ਹੋਵੇਗਾ ਕਿ ਇਸ ਪੰਜਾਬ ਸਰਕਾਰ ਦੇ ਸਟੇਜ ਉਤੇ ਬਿਨਾਂ ਸੱਦੇ ਤੋਂ ਆਉਣ ਨੇ ਉਨ੍ਹਾਂ ਦੇ ਕੱਦ ਨੂੰ ਢਾਹ ਲਗਾਈ ਹੈ। ਸਮਾਗਮ ਦੇ ਅੰਤ ਵਿੱਚ ਜਦੋਂ ਧੰਨਵਾਦ ਕੀਤਾ ਜਾਣਾ ਸੀ ਤਾਂ ਸੁਨੀਲ ਜਾਖੜ ਨੇ ਕਾਂਗਰਸੀਆਂ ਦੇ ਗੁੱਸੇ ਨੂੰ ਸ਼ਾਂਤ ਕਰਨਾ ਚਾਹਿਆ ਅਤੇ ਉਨ੍ਹਾਂ ਨੂੰ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਪੂਰੇ ਸਮਾਗਮ ਵਿੱਚ ਪੂਰੇ ਗੁੱਸੇ ਵਿੱਚ ਨਜ਼ਰ ਆ ਰਹੇ ਸਨ, ਨੂੰ ਸੰਬੋਧਨ ਕਰਦਿਆਂ ਹੋਰ ਗੱਲਾਂ ਤੋਂ ਇਲਾਵਾ ਇਹ ਕਿਹਾ ਕਿ ਉਨ੍ਹਾਂ ਮਗਰਮੱਛਾਂ ਨੂੰ ਡੱਕਾਗੇਂ ਜਿਨ੍ਹਾਂ ਨੇ ਪੰਜਾਬ ਅੰਦਰ ਨਸ਼ਿਆਂ ਦਾ ਵਪਾਰ ਕੀਤਾ। ਇੰਨਾ ਕਹਿਣ ਦੀ ਦੇਰ ਸੀ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਜਾਖੜ ਖਿਲਾਫ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਜਾਖੜ ਨੂੰ ਵੀ ਆਪਣਾ ਭਾਸ਼ਨ ਵਿਚੇ ਹੀ ਛੱਡਣਾ ਪਿਆ।
ਉਂਝ ਉਪ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਨੇ ਆਪਣੇ ਭਾਸ਼ਨ ਦੌਰਾਨ ਇਸ ਸਮਾਗਮ ਨੂੰ ਸਫਲ ਬਣਾ ਦਿੱਤਾ ਪਰ ਜਿਸ ਪ੍ਰਕਾਰ ਕਾਂਰਗਸ ਅਤੇ ਅਕਾਲੀ ਆਗੂ ਆਪਸ ਵਿੱਚ ਉਲਝੇ ਉਸ ਨੇ ਦਰਸਾ ਦਿੱਤਾ ਕਿ ਭਾਵੇਂ ਕਿੰਨੇ ਵੀ ਵੱਡੇ ਕੱਦ ਦੇ ਲੀਡਰ ਹੋਣ ਪਰ ਸਿਆਸੀ ਸਹਿਣਸ਼ੀਲਤਾ ਨਾਂ ਦੀ ਚੀਜ਼ ਉਨ੍ਹਾਂ ਵਿੱਚ ਮੌਜੂਦ ਨਹੀਂ ਹੈ। ਉਨ੍ਹਾਂ ਨੇ ਅਜਿਹਾ ਕਰਨ ਲੱਗਿਆਂ ਆਪਣੇ ਦੇਸ਼ ਦੇ ਵੱਡੇ ਲੀਡਰਾਂ ਦੀ ਵੀ ਪ੍ਰਵਾਹ ਨਹੀਂ ਕੀਤੀ। ਸਮਾਗਮ ਕੀ ਹੈ ਤੇ ਇਸ ਸਮਾਗਮ ਦਾ ਮਹੱਤਵ ਕੀ ਹੈ, ਇਸ ਦੀ ਵੀ ਪ੍ਰਵਾਹ ਨਹੀਂ ਕੀਤੀ। ਇਹ ਠੀਕ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਤਿੱਖੇ ਮਤਭੇਦ ਹਨ ਪਰ ਗੁਰੂ ਨਾਨਕ ਦੇਵ ਜੀ ਦੇ ਨਾਮ ਉਤੇ ਉਹ ਇਸ ਤਰ੍ਹਾਂ ਦੇ ਦਿਮਾਗੀ ਦੀਵਾਲੀਏਪਣ ਦਾ ਮਜਾਹਿਰਾ ਕਰਨਗੇ ਅਜਿਹਾ ਕਿਸੇ ਨੇ ਸੋਚਿਆ ਵੀ ਨਹੀਂ ਸੀ। ਅਕਾਲੀ ਅਤੇ ਕਾਂਗਰਸੀ ਲੀਡਰਾਂ ਦੇ ਅਜਿਹੇ ਤੇਵਰਾਂ ਦਾ ਭਾਵੇਂ ਆਪਣੇ ਸਮਰਥਕਾਂ ਉਤੇ ਤਾਂ ਕੋਈ ਅਸਰ ਹੋ ਸਕਦਾ ਹੈ ਪਰ ਕੁਲ ਦੁਨੀਆਂ ਵਿੱਚ ਇਨ੍ਹਾਂ ਲੀਡਰਾਂ ਦਾ ਜਿਹੜਾ ਪ੍ਰਭਾਵ ਬਣਿਆ ਉਹ ਜ਼ਰੂਰ ਹੀ ਪੰਜਾਬੀਆਂ ਨੂੰ ਸ਼ਰਮਿੰਦਾ ਕਰਨ ਵਾਲਾ ਕਿਹਾ ਜਾ ਸਕਦਾ ਹੈ।
November 26, 2018
-
ਦਰਸ਼ਨ ਦਰਸ਼ਕ, ਸੀਨੀਅਰ ਪੱਤਰਕਾਰ ਅਤੇ ਲੇਖਕ
darshandarshak@gmail.com
98555-08918
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.