ਹਮਾਰਾ ਕਮਾਲੇ ਫ਼ਨ ਤੋਂ ਬਸ ਇਤਨਾ ਥਾਂ।
ਆਪ ਹਮ ਪੇ ਛਾ ਗਏ, ਹਮ ਜ਼ਮਾਨੇ ਪੇ ਛਾ ਗਏ।।
ਚੰਡੀਗੜ੍ਹ ਕਾਰਨੀਵਾਲ ਦੀ ਲਈਅਰ ਵੈਲੀ ‘ਚ ਸ਼ਾਮ ਸੱਚਮੁੱਚ ਹੀ ਸੰਗੀਤ ਪ੍ਰੇਮੀਆਂ ਲਈ ‘ਲਈਅਰ’ ਸੀ। ਪਰਿਵਾਰਕ ਤੰਦਾਂ ਨੂੰ ਮਜ਼ਬੂਤ, ਰਿਸ਼ਤਿਆਂ ਦੇ ਨਿੱਘ-ਅਪਣੱਤ, ਹਰ ਇਨਸਾਨ ਦੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਨ ਵਾਲੇ ਗੀਤ ਗਾਉਣ ਵਾਲੇ, ਸਾਫ਼ ਸੁਥਰੀ, ਲੋਕ ਤੱਥਾਂ ਵਾਲੀ ਗਾਇਕੀ ਤੇ ਕਵੀਸ਼ਰੀ ਦੇ ਵਾਰਿਸ ਹਰਭਜਨ ਮਾਨ ਨੇ ਸਵਾ ਦੋ ਘੰਟੇ ਗਾਇਕੀ ਦਾ ਹਰ ਰੰਗ ਦਿਖਾਇਆ। ‘ਪਤਾ ਨੀਂ ਰੱਬ ਕਿਹੜਿਆਂ ਰੰਗਾਂ ‘ਚ ਰਾਜ਼ੀ’ ਤੇ ‘ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ’ ਗੀਤਾਂ ਨਾਲ ਸ਼ੁਰੂਆਤ ਕਰਨ ਵਾਲੇ ਹਰਭਜਨ ਨੇ ਸੰਦੇਸ਼ ਦਿੱਤਾ ਕਿ ਪਰਮਾਤਮਾ ਤੋਂ ਬਾਅਦ ਦੂਜੀ ਅਹਿਮੀਅਤ ਮਾਂ ਦੀ ਹੈ। ਫੇਰ ਉਸ ਨੇ ਮਾਹੀਏ ਦਾ ਰੰਗ ਪੇਸ਼ ਕਰਦਿਆਂ ‘ਸਾਡੇ ਸੱਜਣਾਂ ਦਾ ਹੁਸਨ ਕਮਾਲ ਐ’ ਗਾਇਆ। ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਬਿਆਨਦਾ ਗੀਤ ‘ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ’ (ਜੋ ਹੁਣ ਲੋਕ ਗੀਤ ਹੀ ਬਣ ਗਿਆ) ਗਾ ਕੇ ਹਰਭਜਨ ਨੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਇਹ ਗੀਤ ਸੁਣਦਿਆਂ ਦਰਸ਼ਕਾਂ ਨੂੰ 25 ਵਰ੍ਹੇ ਪਹਿਲਾਂ ਦਾ ਹਰਭਜਨ ਜਿਉਂ ਦਾ ਤਿਉਂ ਉਹੀ ਦਿਸਣ ਲੱਗ ਗਿਆ। ਉਂਜ ਵੀ ਛਾਂਟਵੇ ਸਰੀਰ ਵਾਲਾ 52 ਵਰਿਆਂ ਦਾ ਹਰਭਜਨ ਸਟੇਜ ਉਤੇ ਸ਼ੋਅ ਕਰਦਾ ਭਰ ਜੁਆਨ ਲੱਗਦਾ ਹੈ। ਇਸ ਤੋਂ ਬਾਅਦ ਉਸ ਨੇ ‘ਅੱਖੀਆਂ ਨੇ ਅੱਖੀਆਂ ਤੱਕੀਆਂ’ ਗਾ ਕੇ ਮਾਹੌਲ ਨੂੰ ਰੁਮਾਂਟਿਕ ਕੀਤਾ। ਸਿਖਰਾਂ ਵੱਲ ਨੂੰ ਪੁੱਜਦੇ ਸ਼ੋਅ ਦੌਰਾਨ ਦਰਸ਼ਕਾਂ ਦੀ ਪੁਰ-ਜ਼ੋਰ ਮੰਗ ਉਤੇ ਹਰਭਜਨ ਨੇ ਆਪਣਾ ਇਕ ਹੋਰ ਮਕਬੂਲ ਗੀਤ ‘ਗੱਲਾਂ ਗੋਰੀਆਂ’ ਗਾਇਆ। ਗਾਣਾ ਗਾਉਂਦਿਆਂ ਹਰਭਜਨ ਦੀਆਂ ਗੱਲਾਂ ਚ ਵੀ ਟੋਏ ਪੈ ਰਹੇ ਸਨ।
ਲੋਕ ਗਾਥਾਵਾਂ ਵਿੱਚੋਂ ਮਸ਼ਹੂਰ ਲੋਕ ਗਾਥਾ ‘ਮਿਰਜ਼ਾ’ ਗਾਉਣ ਤੋਂ ਪਹਿਲਾ ਹਰਭਜਨ ਨੇ ਢਾਡੀ-ਕਵੀਸ਼ਰਾਂ ਵਾਂਗ ਸਾਹਿਬਾ ਤੇ ਮਿਰਜਾ ਦੀ ਹੋਣੀ ਅਤੇ ਉਸ ਵੇਲੇ ਦਾ ਪੂਰਾ ਬਿਰਤਾਂਤ ਸੁਣਾਇਆ। ਇਹ ਕਿੱਸਾ ਉਸ ਨੇ ਪੂਰੀ ਹਿੱਕ ਦੀ ਜ਼ੋਰ ਨਾਲ ਖਿੱਚ ਕੇ ਸੁਣਾਇਆ।ਉਸ ਦੀ ਆਵਾਜ਼ ਵਿੱਚ 25 ਸਾਲ ਪਹਿਲਾ ਵਾਲਾ ਦਮ ਉਵੇਂ ਹੀ ਮੌਜੂਦ ਸੀ।ਜ਼ਿੰਦਗੀ ਦੇ ਕੰਮ ਧੰਦਿਆਂ ਚ ਰੁੱਝੇ ਅਜੋਕੇ ਮਨੁੱਖ ਦੀ ਜ਼ਿੰਦਗੀ ਦੀ ਅਟੱਲ ਸੱਚਾਈ ਪੇਸ਼ ਕਰਦਾ ਗੀਤ ‘ਕੁਝ ਠਹਿਰ ਜਿੰਦੜੀਏ’ ਗਾਇਆ। ਮਾਹੌਲ ਨੂੰ ਫੇਰ ਰੁਮਾਂਟਿਕ ਰੰਗ ਚ ਰੰਗਦਿਆਂ ਹਰਭਜਨ ਨੇ ਹਾਲ ਹੀ ਵਿੱਚ ਗਾਏ ਨਵੇਂ ਗੀਤ ‘ਕੱਚੇ ਕੱਚ ਦੇ ਕੰਗਣ ਬਾਹੀ ਪਾਇਆ ਨਾ ਕਰੋ’ (ਜਿਸ ਦੀ ਵੀਡਿਓ ਯੂਨਾਨ ਚ ਬਣਾਈ ਗਈ) ਨੂੰ ਗਾਇਆ। ਇਸ ਤੋਂ ਬਾਅਦ ਤਾਂ ਸਰੋਤਿਆਂ ਦੀਆਂ ਫਰਮਾਇਸ਼ਾ ਦਾ ਹੜ੍ਹ ਹੀ ਆ ਗਿਆ। ‘ਮੈਂ ਕੱਲੀ ਤੇ ਮੁਲਾਹਜ਼ੇਦਾਰ ਬਾਹਲੇ’ ਵਾਲੀ ਗੱਲ ਹੁੰਦੀ ਦੇਖ ਹਰਭਜਨ ਨੇ ਹਰੇਕ ਪ੍ਰਸੰਸਕ ਦਾ ਮਾਣ ਰੱਖਣ ਲਈ ਫੇਰ ‘ਤੇਰਾ ਮੇਰਾ ਕੀ ਰਿਸ਼ਤਾ’, ‘ਯਾਰਾਂ ਓ ਦਿਲਦਾਰਾ’, ‘ਦਿਲ ਨੂੰ ਮਾਮਲੇ ਪਏ ਮੇਰੀ ਬਿੱਲੋ’, ‘ ਭਿੱਜ ਗਈ ਕੁੜਤੀ ਲਾਲ, ਮੈਂ ਵਾਰੀ ਮੈਂ ਵਾਰੀ ਮੇਰੀਏ ਸ਼ੰਮੀਏ’ ਗੀਤਾਂ ਦੇ ਸਥਾਈ ਅੰਤਰੇ ਗਾਏ।
ਰੁਮਾਂਟਿਕ ਗੀਤਾਂ ਦੀ ਮੰਗ ਪੂਰੀ ਕਰਦਿਆਂ ‘ਅੱਖੀਆਂ ਚ ਨੀਂਦਰਾਂ ਨਹੀਂ ਆਉਂਦੀਆਂ’ ਗਾਇਆ। ਮਾਂ ਦੇ ਰਿਸ਼ਤੇ ਬਾਰੇ ਕਈ ਗੀਤ ਗਾ ਚੁੱਕੇ ਹਰਭਜਨ ਨੇ ਇਸੇ ਪਟਾਰੀ ਚੋ ਇਕ ਹੋਰ ਗੀਤ ‘ਕਿਵੇਂ ਵੰਡਾਂਗੇ ਤੈਨੂੰ ਮਾਂ ਵੇ’ ਗਾ ਕੇ ਮਾਹੌਲ ਨੂੰ ਭਾਵੁਕ ਕਰ ਦਿੱਤਾ।ਸ਼ੌਕਤ ਅਲੀ ਹਰਭਜਨ ਦਾ ਆਦਰਸ਼ ਹੈ ਜਿਸ ਦੀ ਯਾਦ ਤਾਜ਼ਾ ਕਰਦਿਆਂ ਉਸ ਨੇ ‘ਉਨ੍ਹਾਂ ਅੱਖੀਆਂ ਨੂੰ ਨੀਂਦ ਨਹੀਂ ਆਉਂਦੀ ਜਿਨ੍ਹਾਂ ਨੰੂ ਤਾਂਘ ਸੱਜਣਾਂ ਦੀ’ ਗਾਇਆ। ਪੰਜਾਬੀ ਫਿਲਮਾਂ ਲਈ ਠੰਡੀ ਹਵਾ ਦਾ ਬੁੱਲਾ ਬਣੇ ਬਾਪੂ ਕਰਨੈਲ ਪਾਰਸ ਦੇ ਚੰਡੇ ਹੋਏ ਸ਼ਾਗਿਰਦ ਨੇ ਇਕ ਹੋਰ ਲੋਕ ਤੱਥ ਪੇਸ਼ ਕਰਦਿਆਂ ‘ਤਿੰਨ ਰੰਗ ਨਹੀਂ ਲੱਭਣੇ.. ਹੁਸਨ, ਜਵਾਨੀ ਤੇ ਮਾਪੇ’ ਗਾਇਆ। ਗੀਤ ਸੁਣਾਉਣ ਤੋਂ ਪਹਿਲਾ ਉਸ ਨੇ ਇਕ ਇਕ ਬੋਲ ਦਾ ਬਖਿਆਨ ਕੀਤਾ। ਗੱਲ ਵੀ ਉਸ ਦੀ ਸੱਚੀ ਹੈ ‘ਜਾ ਕੇ ਵਾਪਸ ਨਾ ਆਵੇ ਉਹ ਜਵਾਨੀ ਨਾ ਦੇਖੀ, ਆ ਕੇ ਵਾਪਸ ਨਾ ਜਾਵੇ ਜੋ ਉਹ ਬੁੱਢਾਪਾ ਨਾ ਦੇਖਿਆਂ’। ਮਾਪੇ ਵੀ ਮੁੜ ਨਹੀਂ ਮਿਲਦੇ। ਇਕ ਹੋਰ ਰੁਮਾਂਟਿਕ ਗੀਤ ਦੀ ਮੰਗ ਉਤੇ ਉਸ ਨੇ ‘ਤੇਰੀ ਮੇਰੀ ਜੋੜੀ’ ਗਾ ਕੇ ਇਸ਼ਕ ਹਕੀਕੀ ਦੀ ਗੱਲ ਕੀਤੀ।
ਸ਼ੋਅ ਅੰਤ ਵੱਲ ਨੂੰ ਵਧ ਰਿਹਾ ਸੀ।ਹਰਭਜਨ ਨੇ ਵੀ ਚੰਡੀਗੜ੍ਹ ਪੁਲਿਸ ਨੂੰ ਪ੍ਰਸੰੰਸਕਾਂ ਨੂੰ ਕਾਬੂ ਵਿੱਚ ਰੱਖਣ ਲਈ ਕੋਈ ਮੁਸ਼ੱਕਤ ਨਾ ਕਰਨ ਦਿੱਤੀ ਕਿਉਂਕਿ ਉਹ ਚੱਕਵੇਂ ਨਹੀਂ ਬਲਕਿ ਸਰੋਤਿਆਂ ਦੇ ਜਜ਼ਬਾਤਾਂ ਦੀ ਗੱਲ ਕਰਦਾ ਅਜਿਹੇ ਸੰਵੇਦਨ ਗੀਤ ਗਾ ਰਿਹਾ ਸੀ ਜਿਸ ਦੇ ਇਕ ਇਕ ਬੋਲ ਨੂੰ ਸਰੋਤੇ ਸੁਹਜ ਤੇ ਸਹਿਜਤਾ ਨਾਲ ਸੁਣ ਰਹੇ ਸਨ। ਉਸ ਨੇ ਨਾਲ਼ੋਂ-ਨਾਲੋ ਹਥਿਆਰਾਂ, ਨਸ਼ਿਆਂ, ਹਿੰਸਾ ਤੇ ਲੱਚਰਸਾ ਪਰੋਸਣ ਵਾਲੇ ਗਾਇਕਾਂ ਉਤੇ ਕਰਾਰੀ ਚੋਟ ਵੀ ਲਾਈ।ਧੀ ਦੇ ਜਨਮ ਤੋਂ ਡੋਲੀ ਬੈਠਣ ਤੱਕ ਦੀ ਭਾਵਪੂਰਤ ਹੋਣੀ ਨੂੰ ਬਿਆਨਦਾ ਗੀਤ ‘ਬਾਬਲ ਦੇ ਵਿਹੜੇ ਅੰਬੀ ਦਾ ਬੂਟਾ’ ਗਾ ਕੇ ਹਰਭਜਨ ਨੇ ਕਈ ਧੀਆਂ ਧਿਆਣੀਆਂ ਦੀਆਂ ਅੱਖਾਂ ਗਿੱਲੀਆਂ ਕਰ ਦਿੱਤੀਆਂ। ਇਹ ਗੀਤ ਸੁਣ ਕੇ ਇਕ ਲੜਕੀ ਪ੍ਰਸੰੰਸਕ ਜਿਸ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ, ਨੇ ਭੱਜ ਕੇ ਸਟੇਜ ਉੱਪਰ ਹਰਭਜਨ ਨੂੰ ਘੁੱਟ ਕੇ ਗਲ਼ਵੱਕੜੀ ਪਾਈ ਅਤੇ ਉਸ ਦੇ ਜਜ਼ਬਾਤਾਂ ਦੀ ਕਹਾਣੀ ਉਸ ਦੇ ਵਹਿੰਦੇ ਹੰਝੂ ਦੱਸ ਰਹੇ ਸਨ।ਹਰਭਜਨ ਨੇ ਵੀ ਉਸ ਦੇ ਸਿਰ ਉਤੇ ਹੱਥ ਰੱਖਦਿਆਂ ਇਕ ਵੱਡੇ ਵੀਰ/ਬਾਪ ਵਾਂਗ ਦਿਲਾਸਾ ਦਿੱਤਾ। ਹਰਭਜਨ ਨੂੰ ਵੀ ਇਸ ਗੱਲ ਦਾ ਮਾਣ ਹੈ ਕਿ ਉਸ ਦੇ ਗੀਤਾਂ ਦੇ ਪ੍ਰਸੰਸਕਾਂ ਵਿੱਚ ਜਵਾਨ ਮੁੰਡੇ-ਕੁੜੀਆਂ, ਉਮਰਦਰਾਜ ਲੋਕ, ਮਾਂ-ਬਾਪ, ਧੀਆਂ-ਭੈਣਾਂ ਸਭ ਹਨ। 23 ਦਸੰਬਰ 1992 ਨੂੰ ਰਿਲੀਜ਼ ਹੋਏ ਆਪਣੇ ਪਹਿਲੇ ਗੀਤ ‘ਚਿੱਠੀਏ ਨੀ ਚਿੱਠੀਏ’ ਗਾਉਣ ਤੋਂ ਪਹਿਲਾ ਉਸ ਨੇ ਸੁਰਜੀਤ ਪਾਤਰ ਦਾ ਸ਼ੇਅਰ ਸੁਣਾਇਆ। ਕੁਝ ਲੜਕੀਆਂ ਉਸ ਨਾਲ ਸੈਲਫੀ ਲੈਣ ਲਈ ਜਦੋਂ ਸਟੇਜ ਉੱਪਰ ਆਈਆਂ ਤਾਂ ਉਸ ਨੇ ਵੀ ਮਾਣ ਰੱਖਦਿਆਂ ਨਾ ਕੇਵਲ ਸੈਲਫੀ ਕਰਵਾਈ ਬਲਕਿ ‘ਕੱਚੇ ਕੱਚ ਦੇ ਕੰਘਣ’ ਗਾ ਕੇ ਕੁੜੀਆਂ ਦੇ ਪੈਰ ਵੀ ਥਿਰਕਾਏ। ਫੇਰ ਇਕ ਪੁਰਾਣੇ ਗੀਤ ਦੀ ਮੰਗ ਪੂਰਾ ਕਰਦਿਆਂ ਹਰਭਜਨ ਨੇ ‘ਚੰਨ ਕਿੱਥਾ ਗੁਜ਼ਾਰੀ ਆਈ ਰਾਤ ਵੇ’ ਗਾ ਕੇ ਮਾਹੌਲ ਰਵਾਇਤੀ ਲੋਕ ਗਾਇਕੀ ‘ਚ ਮੁੜ ਰੰਗਿਆ। ਸਵਾ ਘੰਟਾ ਨਾਨ ਸਟਾਪ ਚੱਲੇ ਪ੍ਰੋਗਰਾਮ ਦਾ ਅੰਤ ਉਸ ਨੇ ਬੋਲੀਆਂ, ਟੱਪਿਆਂ ਨਾਲ ਕਰਦਿਆਂ ਆਖਰ ਚ ‘ਅੱਛਾ ਹੁਣ ਅਲਵਿਦਾ ਯਾਰੋ’ ਗਾਇਆ। ਲਈਅਰ ਵੈਲੀ ਚ ਆਮ ਤੌਰ ਉਤੇ ਅੱਧਾ ਖਾਲ਼ੀ ਰਹਿੰਦਾ ਪੰਡਾਲ ਹਰਭਜਨ ਨੂੰ ਸੁਣਨ ਲਈ ਨੱਕੋ-ਨੱਕ ਭਰਿਆ।
-
ਨਵਦੀਪ ਸਿੰਘ ਗਿੱਲ, ਲੇਖਕ
*********
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.