-ਜਿੰਨਾਂ੍ਹ ਗੁਰਧਾਮਾਂ ਨੂੰ ਸਾਥੋਂ ਵਿਛੋੜਿਆ ਗਿਆ - ਕਰਤਾਰਪੁਰ ਲਾਂਘਾ ਖੁੱਲਦਾ ਵਿਖਣ ਲੱਗਿਆ "ਆਓ ਜਾਣੀਏ ਬਾਰਡਰ ਦੇ ਪਿੰਡਾਂ ਦਾ ਹਾਲ"
ਕਰਤਾਰਪੁਰ ਲਾਂਘੇ ਦਾ ਮਸਲਾ ਪਿਛਲ਼ੇ 6 ਮਹੀਨਿਆਂ ਤੋਂ ਭਾਰੂ ਸੀ, ਖਬਰਾਂ 'ਚ ਪੜਿਆ-ਸੁਣਿਆ ਸੀ ਵੀ ਡੇਰਾ ਬਾਬਾ ਨਾਨਕ ਤੋਂ ਦੂਰਬੀਨ ਰਾਹੀਂ ਗੁਰ-ਧਾਮ ਦੇਖਣ ਨੂੰ ਮਿਲਦਾ ਹੈ।ਇਸੇ ਨੂੰ ਜਾਨਣ ਸਮਝਣ ਖਾਤਿਰ ਇਸ ਵਾਰ ਦਿਵਾਲੀ ਦੀਆਂ ਮਿਲੀਆਂ ਛੁੱਟੀਆਂ 'ਤੇ ਸੋਚਿਆ ਕਿ ਘੱਟੋ ਘੱਟ ਦੂਰੋਂ ਹੀ ਦਰਸ਼ਨ ਕਰ ਆਈਏ। ਕੀ ਪਤਾ ਇਹਨਾਂ ਸਰਕਾਰਾਂ ਦਾ ਕਦੋਂ ਕੀ ਕਰ ਦੇਣ! ਸੋ ਕੀ ਸੀ, ਕਿਵੇਂ ਸੀ? ਆਓ ਕਰੀਏ ਚਰਚਾ:
ਇਲਾਕੇ ਦੀ ਤਸਵੀਰ: ਗੁਰਦਾਸਪੁਰ ਸ਼ਹਿਰ ਤੋਂ ਜਦੋਂ ਮੰਡ ਦੇ ਇਲਾਕੇ 'ਚੋ ਹੁੰਦੇ ਹੋਏ ਡੇਰਾ ਬਾਬਾ ਨਾਨਕ ਤਹਿਸੀਲ 'ਚ ਦਾਖਿਲ ਹੋਈਏ ਤਾਂ ਸਾਹਮਣੇ ਘੁੰਮਦੀਆਂ ਫੌਜੀ ਟੁੱਕੜੀਆਂ, ਥਾਂ-ਥਾਂ ਲੱਗੇ ਨਾਕੇ 'ਤੇ ਸੜਕਾਂ ਦੇ ਆਲੇ-ਦੁਆਲੇ ਖੜੇ ਫੌਜੀ ਟਰੱਕ, ਗੱਡੀਆਂ 'ਤੇ ਬੰਬੂ ਸਾਨੂੰ ਇਹ ਅਹਿਸਾਸ ਕਰਵਾ ਦਿੰਦੇ ਹਨ ਕਿ ਬਾਰਡਰ ਲਾਗੇ ਹੀ ਹੈ। ਜੀ ਹਾਂ ਇਹ ਇਲਾਕਾ ਬਾਰਡਰ ਦਾ ਹੀ ਹੈ। ਫੌਜ ਵੱਲੋਂ ਤਿਆਰ ਕੀਤੇ ਗਏ ਵਿਸ਼ੇਸ਼ ਬੰਕਰ ਜਾਂ ਪਾਣੀ ਦੇ ਗੈਰ-ਕੁਦਰਤੀ ਸਰੋਤ ਬਹੁਤ ਸੋਹਣੇ ਲੱਗਦੇ ਹਨ। ਜੀਅ ਲੱਗ ਜਾਂਦਾ ਇਲਾਕੇ ਵਿੱਚ।
ਕਰਤਾਰਪੁਰ ਸਾਹਿਬ ਗੁਰਦੁਆਰਾ: ਕਰਤਾਰਪੁਰ ਸਾਹਿਬ ਗੁਰਦੁਆਰੇ ਨੂੰ ਅਸੀਂ ਉਰਾਂ ਖੜੇ ਵੇਖ ਸਕਦੇ ਹਾਂ, ਦੂਰਬੀਨ ਨਾ ਵੀ ਵਰਤੀਏ ਤਾਂ ਵੀ ਗੁਰਦੁਆਰਾ ਨਜ਼ਰੀ ਪੈ ਜਾਂਦਾ ਹੈ।ਦੂਰੀ ਕਰੀਬ 4 ਕਿਮੀ ਹੈ, ਵੇਖਣ ਸਾਰ ਦਿਲ ਵਿੱਚੋਂ ਚੀਸ ਨਿਕਲੇਗੀ ਹੀ ਕਿ ਕਾਸ਼ ਸਾਨੂੰ ਉਸ ਪਾਸੇ ਜਾਣ ਦਾ ਮੌਕਾ ਮਿਲ ਜਾਵੇ।
ਬਾਰਡਰ ਦਾ ਦ੍ਰਿਸ਼ ਖੂਬਸੂਰਤ ਹੈ: ਬਾਰਡਰ 'ਤੇ ਤਾਰ ਕੇਵਲ ਸਾਡੇ ਵਾਲੇ ਪਾਸੋਂ ਲਾਈ ਗਈ ਹੈ, ਜਿਸਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਪਾਕਿਸਤਾਨ ਦੀ ਹੱਦ ਸ਼ੁਰੂ ਹੋ ਜਾਂਦੀ ਹੈ; ਪਰ ਉਹਨਾਂ ਕੋਈ ਤਾਰ ਨਹੀ ਲਗਾਈ ਸਵਾਂ ਦੀ ਉਸ ਪਾਸੇ ਤਾਂ ਖੇਤੀ ਵੀ ਹੁੰਦੀ ਹੈ।ਕੰਡਿਆਲੀ ਤਾਰ, ਫਿਰ ਕੁਝ ਖਾਲੀ ਥਾਂ 'ਤੇ ਫਿਰ ਬੇਗਾਨੀ ਹੋਈ ਧਰਤੀ ਦੀਆਂ ਫਸਲਾਂ, ਸ਼ਾਂਤ ਪਿਆ ਇਹ ਦ੍ਰਿਸ਼ ਦੇਖਣ ਨੂੰ ਬਹੁਤ ਹੀ ਮਨਮੋਹਣਾ ਹੈ।
ਸੁਰੱਖਿਆ ਦੇ ਪਹਿਲੂ: ਦੋਹਾਂ ਦੇਸ਼ਾਂ ਨੂੰ ਚੀਰਦੀ ਕੰਡਿਆਲੀ ਤਾਰ 'ਚ ਹਰ ਵੇਲੇ ਬਿਜਲੀ ਦੌੜਦੀ ਹੈ, ਜਿਸਦਾ ਖਰਚ ਕਰੋੜਾਂ ਪੈਂਦਾ ਹੈ। ਬਾਰਡਰ ਤੁਸੀਂ ਦੇਖ ਸਕਦੇ ਹੋ ਪਰ ਤਸਵੀਰ ਖਿੱਚਣਾ ਨਾ ਮੁਨਾਸਿਬ ਹੈ, ਜਵਾਨਾਂ ਦੀ ਘੂਰੀ ਉਸੇ ਵੇਲੇ ਮਿਲ ਜਾਊ। ਉੱਥੌਂ ਦੇ ਵਸਨੀਕਾਂ ਨੇ ਦੱਸਿਆ ਕਿ ਪਹਿਲਾਂ ਤਾਰ ਲਗਾਈ, ਫੇਰ ਬਿਜਲੀ ਛੱਡੀ ਪਰ ਫੇਰ ਵੀ ਗੱਲ੍ਹ ਨਾ ਬਣੀ ਤਾਂ ਤਾਰ ਦੇ ਹੇਠੋਂ ਸੀਮਿੰਟ ਨਾਲ ਪੱਕਾ ਕਰ ਦਿੱਤਾ ਗਿਆ ਤਾਂ ਕਿ ਸੁਰੰਗ ਵੀ ਨਾ ਬਣ ਸਕੇ। ਪਰ ਅਜੇ ਵੀ ਉੱਧਰੋਂ ਨਵੀਆਂ ਤਰਕੀਬਾਂ ਲੱਗਦੀਆਂ ਹੀ ਨੇ।
ਵਿਚਾਲੇ ਵਹਿੰਦਾ ਰਾਵੀ: ਸਾਡੀਆਂ ਨਜ਼ਰਾਂ ਆਸਾਨੀ ਨਾਲ ਹੀ ਵਹਿੰਦੇ ਹੋਏ ਸਾਫ ਨੀਲੇ ਪਾਣੀ ਨੂੰ ਵੇਖ ਸਕਦੀਆਂ ਹਨ, ਜੋ ਕਿ ਰਾਵੀ ਦਰਿਆ ਹੈ। ਸੁੰਨੇ ਇਲਾਕੇ ਦੇ ਵਿਚਾਲੇ ਵਹਿੰਦਾ ਇਹ ਮਿੱਠਾ ਪਾਣੀ ਕੁਦਰਤੀ ਤੌਰ'ਤੇ ਪਿਆਰਾ ਲੱਗਦਾ ਹੈ।
ਗੰਨੇ ਹੀ ਗੰਨੇ, ਕਿਨਾਰਿਆਂ 'ਤੇ ਸਫੈਦੇ: ਇਸ ਇਲਾਕੇ ਵਿੱਚ ਕਣਕ-ਝੋਨੇ ਤੋਂ ਇਲਾਵਾ ਗੰਨੇ ਦੀ ਖੇਤੀ ਬਹੁਤ ਹੁੰਦੀ ਹੈ। 8-8 ਫੁੱਟ ਉੱਚੇ ਕਮਾਦ ਵਿੱਚ ਕੋਈ ਵੀ ਬੰਦਾ ਵੜੇ ਤਾਂ ਦਿਖੇਗਾ ਨਹੀਂ। ਬਾਰਡਰ ਦੇ ਖਤਰੇ ਤੋਂ ਬਾਅਦ ਵੀ ਕਮਾਦ ਇੰਨਾਂ੍ਹ ਕਿਵੇਂ ਲੱਗਿਆ ਇਹ ਪੂਰਾ ਸਮਝਿਆ ਨਹੀ ਗਿਆ। ਪਰ ਮੈਨੂੰ ਪਤਾ ਲੱਗਿਆ ਵੀ ਇੱਥੇ ਕੁੱਝ ਸਾਲ ਪਹਿਲਾਂ ਤੱਕ ਮੀਂਹ 'ਤੇ ਹੜ ਬਹੁਤ ਆਉਂਦੇ ਸੀ, ਜਿਸ ਕਰਕੇ ਸਫੈਦਿਆਂ ਦੀ ਭਰਮਾਰ ਹੈ ਸਾਰੇ ਹੀ ਇਲਾਕੇ ਵਿੱਚ।
ਪਿੰਡਾਂ ਦਾ ਆਕਾਰ ਛੋਟਾ ਹੈ: ਇਸ ਇਲਾਕੇ ਵਿੱਚ ਬਾਰਡਰ ਦੀ ਨੇੜਤਾ ਦੇ ਕਾਰਨ ਪਿੰਡਾਂ ਵਿੱਚ ਵਿਕਾਸ ਦੀ ਕਮੀਂ ਹੈ। ਇਲਾਕੇ ਦੇ ਪਿੰਡ ਬੇਹੱਦ ਛੋਟੇ ਹਨ, ਜਿੰਨਾਂ੍ਹ ਦੀ ਆਬਾਦੀ ਪਹਾੜੀ ਪਿੰਡਾਂ ਦੀ ਤਰਾਂ੍ਹ 80-85 ਜੀਆਂ ਤੋਂ ਲੈਕੇ 200-250 ਹੀ ਹੁੰਦੀ ਹੈ। ਪਿੰਡ ਹੈਗੇ ਵੀ ਲਾਗੇ-ਲਾਗੇ ਹੀ ਹਨ, ਇੱਕ ਮੋੜ ਤੋਂ ਦੂਜਾ ਪਿੰਡ ਦਿੱਸਦਾ ਹੈ।
ਇਲਾਕਾ ਪੱਛੜਿਆ ਹੀ ਰਹਿ ਗਿਆ: ਇਸ ਗੇੜ ਵਿੱਚ ਜੋ ਗੱਲ੍ਹ ਸਾਫ ਸਾਫ ਦਿਖਾਈ ਦਿੱਤੀ ਉਹ ਸੀ ਕਿ ਇਹ ਇਲਾਕਾ ਅੱਗੇ ਨਹੀਂ ਵੱਧ ਸਕਿਆ। ਕਾਰਨ ਸਾਫ ਹੈ ਕਿ ਬਾਰਡਰ ਨੇੜੇ ਹੋਣ ਕਾਰਨ ਕੋਈ ਖਾਸ ਉਸਾਰੀ ਹੋ ਨਹੀਂ ਸਕਦੀ, ਨਾ ਫੈਕਟਰੀਆਂ ਲੱਗਣਗੀਆਂ ਤੇ ਨਾ ਕੋਈ ਕਾਲੋਨੀ ਕੱਟੀ ਜਾਣੀ।ਜਿਆਦਾ ਤਰ ਪਿੰਡਾਂ 'ਤੇ ਇਹ ਖਤਰਾ ਵੀ ਮੰਡਰਾਉਂਦਾ ਰਹਿੰਦਾ ਵੀ ਕਿਤੇ ਹਾਲਾਤ ਮਾੜੇ ਨਾ ਜਾਣ ਨਹੀਂ ਤਾਂ ਵਸੋਂ ਨੂੰ ਆਪਣੇ ਬਣੇ ਬਣਾਏ ਘਰ ਛੱਡਣੇ ਵੀ ਪੈਣਗੇ।ਇਲਾਕੇ ਵਿੱਚ ਲਿਸ਼ਕਦੇ ਘਰ, ਮਹਿੰਗੀਆਂ ਗੱਡੀਆਂ ਨਾ-ਮਾਤਰ ਹਨ, ਜੋ ਕਿ ਸੁਭਾਵਿਕ ਹੈ। ਸੜਕਾਂ ਦਾ ਹਾਲ ਕੋਈ ਬਹੁਤਾ ਚੰਗਾ ਨਹੀ।
ਫੌਜ ਹੀ ਫੌਜ ਹਰ ਪਾਸੇ: ਇਸ ਇਲਾਕੇ ਨੂੰ ਫੌਜ ਨੇ ਪੂਰੀ ਤਰਾਂ੍ਹ ਘੇਰਿਆ ਹੋਇਆ ਹੈ। ਫੌਜ ਜੁੰਡੀਆ ਬਣਾ ਬਣਾ ਇਦਾਂ ਗਸ਼ਤ ਕਰਦੀ ਹੈ ਜਿਵੇਂ ਪੂਰਾ ਇਲਾਕਾ ਫੌਜੀ ਛਾਉਣੀ ਹੀ ਹੋਏ ਜਾਂ ਕੌਈ ਫੌਜ ਦਾ ਸਿਖਲਾਈ ਕੈਂਪ ਚੱਲ ਰਿਹਾ ਹੈ। ਇਹ ਭਾਵਨਾ ਪੰਜਾਬ ਵਿੱਚ ਕਿਤੇ ਹੋਰ ਨਹੀਂ ਆਵੇਗੀ, ਤੁਹਾਨੂੰ ਫੌਜ ਦੇ ਵਿਸ਼ੇਸ਼ ਕਿਸਮ ਦੇ ਟਰੱਕ, ਗੱਡੀਆਂ, ਟੈਂਟ ਸਿਰਫ ਇੱਥੇ ਹੀ ਵੇਖਣ ਨੂੰ ਮਿਲ ਸਕਦੇ ਹਨ।
ਮਿੱਠ ਬੋਲੜੇ ਲੋਕਾਂ ਦੇ ਨਿਆਣੇ ਫੌਜੀ ਹੀ ਬਣਨਾ ਚਾਹੁੰਦੇ ਹਨ: ਇਲਾਕੇ ਦੇ ਲੋਕ ਸਿੱਧਰੇ, ਭੋਲੇ 'ਤੇ ਬੇਹੱਦ ਸਾਦੇ ਜੇ ਹਨ, ਭਾਊ-ਭਾਊ ਕਹਿੰਦੇ ਇਹ ਲੋਕ ਮੱਧ ਵਰਗੀ ਜਾਂ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹੋਏ ਜਿਆਦਾਤਰ ਫੌਜੀ ਹਨ। ਕੋਈ ਕੋਈ ਵਿਦੇਸ਼ ਗਿਆ, ਬਹੁਤ ਥੋੜੇ ਨੌਕਰੀ ਆਲੇ ਬਾਕੀ ਸਾਰੇ ਫੌਜ। ਬੱਚਟ ਫੌਜ ਦੀ ਭਰਤੀ ਲਈ ਦੌੜਦੇ, ਕਸਰਤ ਕਰਦੇ ਵੀ ਵੇਖੇ ਜਾ ਸਕਦੇ ਹਨ।
ਨਸ਼ੇ ਦੀ ਸਮੱਸਿਆ ਨਜ਼ਰ ਨਹੀ ਆਈ: ਮੈਂ ਇਲਾਕੇ 'ਚ ਘੁੰਮਿਆ, ਲੋਕਾਂ ਨਾਲ ਗੱਲ੍ਹ ਬਾਤ ਕੀਤੀ। ਮਾਝੇ ਦੇ ਬਾਕੀ ਇਲਾਕੇ ਦੀ ਤਰਾਂ੍ਹ ਭਾਵੇਂ ਇੱਥੇ ਮੈਨੂੰ ਸਿੱਖੀ ਦਾ ਕੋਈ ਬਹੁਤਾ ਪ੍ਰਭਾਵ ਨਹੀ ਨਜ਼ਰ ਆਇਆ। ਪਰ ਨਸ਼ੇ ਦੀ ਸਮੱਸਿਆ ਮੈਨੂੰ ਡੂੰਘੀ ਨਹੀ ਜਾਪੀ। ਨਾ ਹੀ ਸਮੱਗਲਿੰਗ ਨੂੰ ਲੈਕੇ ਕੋਈ ਵਿਸ਼ੇਸ਼ ਜਿਕਰ ਹੋਇਆ।
ਸੋ, ਇਹ ਸਾਰੀਆਂ ਗੱਲਾਂ ਮੈਨੂੰ ਇਸ ਦੌਰੇ ਵਿੱਚ ਵਿਸ਼ੇਸ਼ ਲੱਗੀਆਂ ਸਾਂਝੀਆਂ ਕਰਨ ਵਾਲੀਆਂ। ਖੁਸ਼ੀ ਦੀ ਗੱਲ੍ਹ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਸਮੂਹ ਨਾਨਕ ਨਾਮ ਲੇਵਾਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਲਾਂਘੇ ਨੂੰ ਖੋਲ ਕੇ ਬਕਾਇਦਾ ਰਾਹ ਬਨਾਉਣ 'ਤੇ ਧਾਰਮਿਕ ਸਥਾਨ ਵਜੋ ਵਿਕਸਿਤ ਕਰਨ ਦੀ ਤਜਵੀਜ ਲਿਆਂਦੀ ਹੈ। ਮੋਦੀ ਸਰਕਾਰ ਹਰ ਮੁੱਦੇ ਨੂੰ ਬੇਹੱਦ ਖਿੱਚਦੀ ਹੈ ਤੇ ਵਿਵਾਦਾਂ ਦੀ ਉਚਾਈ 'ਤੇ ਲਿਜਾ ਜੇ ਗੇਂਦ ਆਪਣੇ ਪਾਲੇ ਵਿੱਚ ਲੈਕੇ ਜਾਣ ਦੀ ਕੋਸ਼ਿਸ਼ ਕਰਦੀ ਹੈ, ਉਹੋ ਹੀ ਇਸ ਮੁੱਦੇ ਤੇ ਕੀਤਾ ਗਿਆ। ਹੁਣ ਦੇਖੋਂ ਅੱਗੇ ਕੀ ਕਰਦੀਆਂ ਹਨ ਦੋਨੋ ਮੁਲਕਾਂ ਦੀਆਂ ਸਰਕਾਰਾਂ! ਦੇਖੋ ਕੀ ਬਣਦਾ ਹੈ? ਜੇ ਸੰਭਵ ਹੋਗਿਆ ਤਾਂ ਮੇਰਾ ਜਾ ਕੇ ਆਉਣਾ ਤੈਅ ਹੈ।
-
ਜਸਪ੍ਰੀਤ ਸਿੰਘ, ਬਠਿੰਡਾ, ਪੱਤਰਕਾਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ
Jaspreetae18@gmail.com
99886-46091
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.