ਐਤਵਾਰ ਨੂੰ ਅੰਮ੍ਰਿਤਸਰ ਨਿਰੰਕਾਰੀ ਭਵਨ 'ਚ ਚੱਲ ਰਹੇ ਸਮਾਗਮ ਦੌਰਾਨ ਹੋਏ ਹਮਲੇ ਨੇ ਪੰਜਾਬ ਨੂੰ ਇੱਕ ਵਾਰ ਫਿਰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਨੇ ਇੱਕ ਵਾਰ ਦੁਬਾਰਾ 1980 ਦੇ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ, ਜਦੋਂ ਨਿਰੰਕਾਰੀਆਂ ਅਤੇ ਸਿੱਖਾਂ ਵਿਚਕਾਰ ਜਮ ਕੇ ਝੜਪਾਂ ਹੋਈਆਂ ਸਨ ਤੇ ਪੰਜਾਬ ਨੂੰ ਖਾਲਿਸਤਾਨ ਮੂਵਮੈਂਟ ਦੇਣ 'ਚ ਇਹੀ ਟਕਰਾਅ ਵੱਡਾ ਕਾਰਨ ਬਣਿਆ ਸੀ। ਇਸ ਪੂਰੇ ਮਾਮਲੇ ਨੂੰ ਜਾਣਨ ਲਈ ਪਹਿਲਾਂ ਸਿੱਖ-ਨਿਰੰਕਾਰੀ ਵਿਵਾਦ ਬਾਰੇ ਜਾਣਨਾ ਬਹੁਤ ਹੀ ਜਰੂਰੀ ਹੈ।
ਦਰਅਸਲ ਨਿਰੰਕਾਰੀ ਮਿਸ਼ਨ ਦੀ ਸ਼ੁਰੂਆਤ ਸਿੱਖ ਧਰਮ ਅੰਦਰੋਂ ਹੀ ਇੱਕ ਮੰਡਲ ਦੇ ਰੂਪ 'ਚ ਹੋਈ ਸੀ। 1929 'ਚ ਪੇਸ਼ਾਵਰ (ਹੁਣ ਪਾਕਿਸਤਾਨ) 'ਚ ਬੂਟਾ ਸਿੰਘ ਨੇ ਨਿਰੰਕਾਰੀ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਨਿਰੰਕਾਰੀਆਂ ਨੇ ਸਿੱਖਾਂ ਦੇ ਧਰਮ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦੀ ਪ੍ਰੰਪਰਾ ਨੂੰ ਨਕਾਰਦਿਆਂ ਦੇਹਧਾਰੀ ਗੁਰੂ ਨੂੰ ਮੰਨਣ ਦੀ ਰੀਤ ਅਪਣਾਈ ਸੀ। ਵੰਡ ਤੋਂ ਬਾਅਦ ਦਿੱਲੀ 'ਚ ਨਿਰੰਕਾਰੀਆਂ ਦਾ ਮੁੱਖ ਅੱਡਾ ਬਣ ਗਿਆ। ਬੂਟਾ ਸਿੰਘ, ਅਵਤਾਰ ਸਿੰਘ, ਬਾਬਾ ਗੁਰਬਚਨ ਸਿੰਘ, ਬਾਬਾ ਹਰਦੇਵ ਸਿੰਘ, ਮਾਤਾ ਸਵਿੰਦਰ ਹਰਦੇਵ ਅਤੇ ਮਾਤਾ ਸੁਦੀਕਸ਼ਾ ਨਿਰੰਕਾਰੀਆਂ ਦੇ 6 ਦੇਹਧਾਰੀ ਗੁਰੂ ਹੋਏ।
ਸਿੱਖਾਂ ਨੇ ਨਿਰੰਕਾਰੀ ਗੁਰੂ ਅਵਤਾਰ ਸਿੰਘ ਦੁਆਰਾ ਰਚੀ ਅਵਤਾਰਬਾਣੀ ਅਤੇ ਯੁੱਗ ਪੁ੍ਰਸ਼ ਵਰਗੀਆਂ ਰਚਨਾਵਾਂ 'ਤੇ ਸਿੱਖ ਧਰਮ ਅਤੇ ਸਿੱਖ ਗੁਰੂਆਂ ਦੀ ਅਲੋਚਨਾ ਦੇ ਇਲਜ਼ਾਮ ਲਾਏ। ਸਿੱਖਾਂ ਅਤੇ ਨਿਰੰਕਾਰੀਆਂ ਵਿਚਕਾਰ ਇਹੀ ਵਿਵਾਦ ਅੱਗੇ ਚੱਲ ਕੇ ਹਿੰਸਕ ਹੋ ਗਿਆ ਅਤੇ 8ਵੇਂ ਦਹਾਕੇ ਦੌਰਾਨ ਪੰਜਾਬ 'ਚ ਖਾਲਿਸਤਾਨ ਲਹਿਰ ਪੈਦਾ ਹੋ ਗਈ ਜਿਸ 'ਚੋਂ ਜਰਨੈਲ ਸਿੰਘ ਭਿੰਡਰਾਂਵਾਲੇ ਸਾਹਮਣੇ ਆਏ। ਭਿੰਡਰਾਂਵਾਲਿਆਂ ਨੇ ਨਿਰੰਕਾਰੀਆਂ ਦਾ ਸਖਤ ਵਿਰੋਧ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਬਾਣੀ ਨੂੰ ਹੀ ਗੁਰੂ ਮੰਨਣ ਦਾ ਪ੍ਰਚਾਰ ਕੀਤਾ। 13 ਅਪ੍ਰੈਲ ਦੀ 1978 ਦੀ ਵਿਸਾਖੀ ਨੂੰ ਅੰਮ੍ਰਿਤਸਰ 'ਚ ਨਿਰੰਕਾਰੀ ਮਿਸ਼ਨ ਨੇ ਆਪਣਾ ਸਮਾਗਮ ਰੱਖਿਆ।
ਜਗਤਾਰ ਸਿੰਘ ਦੀ ਕਿਤਾਬ ਦੇ ਹਵਾਲੇ ਅਨੁਸਾਰ ਸੰਤ ਭਿੰਡਰਾਂਵਾਲੇ ਵਲੋਂ ਇਸ ਸਮਾਗਮ ਨੂੰ ਰੁਕਵਾਉਣ ਲਈ ਅਕਾਲੀ ਮੰਤਰੀ ਜੀਵਨ ਸਿੰਘ ਉਮਰਾਨੰਗਲ ਕੋਲ ਵਿਸਾਖੀ ਵਾਲੇ ਦਿਨ ਇਸ ਮੁੱਦੇ ਨੂੰ ਚੁੱਕਿਆ ਅਤੇ ਉਨ੍ਹਾਂ ਨੂੰ ਸਿੱਖ ਵਿਰੋਧੀ ਕਾਰਵਾਈਆਂ ਲਈ ਨਿਰੰਕਾਰੀ ਦੇ ਵਿਰੁੱਧ ਕਾਰਵਾਈ ਕਰਨ ਲਈ ਕਿਹਾ। ਪਰ ਮੰਤਰੀ ਨੇ ਆਪਣੀ ਬੇਵਸੀ ਜਤਾਉਂਦਿਆਂ ਕੁਝ ਗਰਮ ਸ਼ਬਦ ਵੀ ਵਰਤੇ। ਜਿਸ ਤੋਂ ਬਾਅਦ ਸੰਤ ਭਿੰਡਰਾਂਵਾਲੇ ਨੇ ਘੋਸ਼ਣਾ ਕੀਤੀ ਕਿ ਉਹ ਨਿਰੰਕਾਰੀਆਂ ਵੱਲੋਂ ਕੀਤੇ ਜਾ ਰਹੇ ਸਮਾਗਮ ਅਤੇ ਉਨ੍ਹਾਂ ਦੇ ਸਿੱਖ ਵਿਰੋਧੀ ਗਤੀਵਿਧੀਆਂ ਵਿਰੁੱਧ ਪ੍ਰਦਰਸ਼ਨ ਕਰਨ ਲਈ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਨਗੇ। ਉਸੇ ਸਮੇਂ, ਅਖੰਡ ਕੀਰਤਨੀ ਜਥੇ ਦੇ ਲੀਡਰਾਂ ਦੁਆਰਾ ਨਿਰੰਕਾਰੀ ਸਮਾਗਮ ਦੇ ਸਥਾਨ ਦੇ ਨੇੜੇ ਪ੍ਰਦਰਸ਼ਨ ਕਰਨ ਲਈ ਸੰਤ ਭਿੰਡਰਾਂਵਾਲੇ ਦੁਆਰਾ ਕੀਤੇ ਗਏ ਫੈਸਲੇ ਬਾਰੇ ਤੁਰੰਤ ਘੋਸ਼ਣਾ ਕੀਤੀ ਗਈ ਅਤੇ ਤੁਰੰਤ ਮੰਜੀ ਸਾਹਿਬ ਹਾਲ ਲਈ ਲਗਭਗ 200 ਮੈਂਬਰ ਰਵਾਨਾ ਹੋਏ। ਫੌਜਾ ਸਿੰਘ ਦੀ ਅਗਵਾਈ ਵਿਚ ਅਖੰਡ ਕੀਰਤਨੀ ਜੱਥਾ ਅਤੇ ਦਮਦਮੀ ਟਕਸਾਲ ਦੇ ਤਕਰੀਬਨ 150 ਸਿੱਖਾਂ ਦਾ ਜਥਾ ਨਿਰੰਕਾਰੀ ਸਮਾਗਮ ਵਾਲੇ ਸਥਾਨ ਨਜ਼ਦੀਕ ਨਿਹੱਥੇ ਪ੍ਰਦਰਸ਼ਨ ਕਰਨ ਲਈ ਨਿਕਲ ਗਏ।
ਪੰਜਾਬ ਦੇ ਦੋ ਮੰਤਰੀ ਅਭਿਲਾਸ਼ੀ ਅਤੇ ਬਲਰਾਮਜੀ ਦਾਸ ਟੰਡਨ (ਜਨਤਾ ਪਾਰਟੀ ਅਤੇ ਹਿੰਦੂ ਕੱਟੜਪੰਥੀ ਨਾਲ ਸਬੰਧਤ) ਅਤੇ ਹਿੰਦੂ ਸਮਾਚਾਰ ਅਖਬਾਰ ਦੇ ਪ੍ਰੋਪਾਇਟਰ-ਸੰਪਾਦਕ ਤੇ ਕਾਂਗਰਸੀ ਲਾਲਾ ਜਗਤ ਨਰਾਇਣ ਵੱਲੋਂ ਨਿਰੰਕਾਰੀਆਂ ਦੇ ਸਮਾਗਮ 'ਚ ਸ਼ਿਰਕਤ ਕਰਨੀ ਸੀ। ਲਾਲਾ ਜਗਤ ਨਰਾਇਣ ਸਰਕਾਰੀ ਮਹਿਮਾਨ ਸੀ। ਸ਼ਹਿਰ ਦੇ ਇੰਸਪੈਕਟਰ ਅਨੂਪ ਸਿੰਘ ਦੀ ਕਮਾਂਡ ਹੇਠ ਸਮਾਗਮ ਦੇ ਬਾਹਰ ਥੋੜ੍ਹੀ ਜਿਹੀ ਪੁਲਿਸ ਫੋਰਸ ਹੀ ਤੈਨਾਤ ਕੀਤੀ ਗਈ। ਸਿੱਖ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਅਖੰਡ ਕੀਰਤਨੀ ਜਥੇ ਦੇ ਮੁਖੀ ਫੌਜਾ ਸਿੰਘ ਨੇ ਸਿੱਖ ਭਾਵਨਾਵਾਂ ਨੂੰ ਪੁਲਿਸ ਨੂੰ ਦੱਸਿਆ। ਅਚਾਨਕ, 100 ਮੀਟਰ ਦੀ ਦੂਰੀ 'ਤੇ ਨਿਰੰਕਾਰੀਆਂ ਨੇ ਸਿੱਖ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕਰ ਦਿੱਤਾ। ਨਿਰੰਕਾਰੀ ਪੂਰੀ ਤਿਆਰੀਆਂ 'ਚ ਆਏ ਸਨ ਉਨ੍ਹਾਂ ਕੋਲ ਫਾਇਰ-ਆਰਮ ਜਿਹੇ ਕਈ ਹਥਿਆਰ ਵੀ ਸਨ। ਹਮਲੇ ਵਿੱਚ, 13 ਸਿੱਖ ਪ੍ਰਦਰਸ਼ਨਕਾਰੀ, 2 ਆਮ ਲੋਕ ਅਤੇ 3 ਨਿਰੰਕਾਰੀ ਮਾਰੇ ਗਏ। ਸਿੱਖ ਪ੍ਰਦਰਸ਼ਨਕਾਰੀ ਆਪਣੇ ਰਿਵਾਇਤੀ ਬਾਣੇ ਵਿਚ ਹੱਥਾਂ 'ਚ ਤਲਵਾਰਾਂ ਨਾਲ ਹੀ ਉਥੇ ਮੌਜੂਦ ਸੀ।
ਇਸ ਘਟਨਾ ਤੋਂ ਬਾਅਦ ਅਕਾਲ ਤਖਤ ਨੇ 10 ਜੂਨ 1978 ਨੂੰ ਹੁਕਮਨਾਮਾ ਜਾਰੀ ਕਰਦਿਆਂ ਨਿਰੰਕਾਰੀਆਂ ਨੂੰ ਸਿੱਖ ਧਰਮ ਤੋਂ ਬਾਹਰ ਕਰ ਦਿੱਤਾ ਅਤੇ ਇਹਨਾਂ ਨਾਲ ਕੋਈ ਵੀ ਰਿਸ਼ਤਾ ਨਾ ਰੱਖਣ ਦਾ ਫੁਰਮਾਨ ਦੇ ਦਿੱਤਾ। ਪਰ ਹਿੰਸਾ ਦਾ ਦੌਰ ਰੁਕਿਆ ਨਹੀਂ। 1980 'ਚ ਅਪ੍ਰੈਲ ਦੇ ਹੀ ਮਹੀਨੇ ਸਿੱਖਾਂ ਦੀ ਇਸ ਲਹਿਰ ਦੇ ਇੱਕ ਨੁਮਾਇੰਦੇ ਰਣਜੀਤ ਸਿੰਘ (ਜੋ ਬਾਅਦ 'ਚ ਅਕਾਲ ਤਖਤ ਦੇ ਜਥੇਦਾਰ ਥਾਪੇ ਗਏ) ਨੇ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਦਾ ਕਤਲ ਕਰ ਦਿੱਤਾ। ਜਿਸ ਦੇ ਇਲਜ਼ਾਮ ਭਿੰਡਰਾਂਵਾਲਿਆਂ 'ਤੇ ਲੱਗੇ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਮੁਕੱਦਮੇ ਦਰਜ ਕਰ ਲਏ ਗਏ। ਹਾਲ ਹੀ ਵਿਚ ਵਾਪਰੇ ਅੰਮ੍ਰਿਤਸਰ ਹਾਦਸੇ ਨੇ ਇੱਕ ਵਾਰ ਫਿਰ ਪੁਰਾਣੀ ਘਟਨਾ ਨੂੰ ਛੇੜ ਪਾਈ ਹੈ। ਫਿਲਹਾਲ ਮਾਮਲਾ ਐਨ.ਆਈ.ਏ ਕੋਲ ਚਲਾ ਗਿਆ ਹੈ। ਇਸ ਘਟਨਾ ਪਿੱਛੇ ਕੌਣ ਹੋ ਸਕਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ।
-
ਯਾਦਵਿੰਦਰ ਸਿੰਘ ਤੂਰ, ਲੇਖਕ ਤੇ ਨਿਊਜ਼ ਸੰਪਾਦਕ ਬਾਬੂਸ਼ਾਹੀ
yadwinder12@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.