Posted by YADWINDER SINGH (News Desk. The PUNJABI News Network)
''ਇਸ ਧਰਤੀ ਦੀ ਹੋਂਦ 50 ਕੁ ਸਾਲ ਹੋਰ ਬਚੀ ਹੈ... ਭਿਅੰਕਰ ਚੱਕਰਵਾਤੀ ਤੂਫ਼ਾਨ ਆ ਸਕਦੇ ਨੇ... ਹੌਲਨਾਕ ਭੂਚਾਲ ਰਫ਼ਤਾਰ ਫੜਣਗੇ ... ਅਸਮਾਨ ਤੋਂ ਤੇਜ਼ਾਬੀ ਮੀਂਹ ਵਰ੍ਹੇਗਾ, ਅਚਾਨਕ ਧਰਤੀ 'ਤੇ ਤਾਪਮਾਨ ਹਜ਼ਾਰਾਂ ਡਿਗਰੀ ਵੱਧ ਜਾਵੇਗਾ'''!!! ਜੀ ਨਹੀਂ! ਇਹ ਕਿਸੇ ਵਿਗਿਆਨ ਫੈਂਟਸੀ ਫਿਲਮ ਦੇ ਡਾਇਲਾਗ ਨਹੀਂ ਹਨ ਤੇ ਕਿਸੇ ਬੰਬਈਆ ਮਸਾਲਾ ਫਿਲਮ ਵਿੱਚੋਂ ਲਏ ਸੰਵਾਦ ਵੀ ਨਹੀਂ!- ਇਹ ਖ਼ਦਸ਼ਾ ਉਨ੍ਹਾਂ ਵਾਤਾਵਰਣ ਮਾਹਿਰਾਂ ਨੇ ਪ੍ਰਗਟਾਇਆ ਹੈ, ਜਿਹੜੇ ਇਨਸਾਨੀਅਤ ਨੂੰ ਕਈ ਸਾਲਾਂ ਤੋਂ ਹਲੂਣਾ ਦਿੰਦੇ ਆ ਰਹੇ ਹਨ ਕਿ ਮੁਨਾਫ਼ਾਖ਼ੋਰਾਂ ਧਨਾਢਾਂ ਨੇ ਆਪਣੀਆਂ ਬੇਕਾਬੂ ਕਾਰੋਬਾਰੀ ਖ਼ਾਹਿਸ਼ਾਂ ਦੀ ਪੂਰਤੀ ਲਈ ਜਿਸ ਹੱਦ ਤਕ ਕੁਦਰਤ ਦੀਆਂ ਨਿਆਮਤਾਂ ਦਾ ਸ਼ੋਸ਼ਣ ਕਰ ਲਿਆ ਹੈ, ਜਿਸ ਕਰ ਕੇ ਸਾਡਾ ਇਹ ਧਰਤੀ ਗ੍ਰਹਿ ਬਹੁਤੀ ਦੇਰ ਤਕ ਵਜੂਦ ਵਿਚ ਨਹੀਂ ਰਹਿ ਸਕੇਗਾ। ਅਜਿਹੇ ਵਾਤਾਵਰਣ ਮਾਹਿਰਾਂ ਦੀ ਮੰਨੀਏ ਤਾਂ ਅੱਯਾਸ਼ੀ ਦੇ ਟਾਪੂ ਵਸਾ ਕੇ ਬੈਠੇ ਸੰਸਾਰ ਦੇ ਗਿਣਤੀ ਦੇ ਜਨੂੰਨੀ ਧਨਾਢਾਂ ਨੂੰ ਨਾ ਤਾਂ ਆਪਣੇ ਕੀਤੇ 'ਤੇ ਪਛਤਾਵਾ ਹੈ ਤੇ ਨਾ ਹੀ ਇਹ ਲੋਕ ਨੇੜ-ਭਵਿੱਖ ਵਿਚ ਆਪਣੀ ਕਰਤੂਤ ਤੋਂ ਤੌਬਾ ਕਰਨ ਦਾ ਇਰਾਦਾ ਰੱਖਦੇ ਹਨ।
(2)
ਇਨ੍ਹਾਂ ਦਾਅਵਿਆਂ ਨੂੰ ਸਰਾਸਰ ਗ਼ਲਤ ਸਮਝਣ ਦੀ ਬਜਾਏ ਕੁਝ ਸਪਸ਼ਟ ਤੱਥਾਂ 'ਤੇ ਗ਼ੌਰ ਕਰਦੇ ਹਾਂ। -1. ਕੀ ਧਰਤੀ ਹੇਠ ਮੌਜੂਦ ਪਾਣੀ ਦੀ ਸਤ੍ਹਾ ਲਗਾਤਾਰ ਥੱਲੇ ਨੂੰ ਨਹੀਂ ਜਾਂਦੀ ਪਈ? ਸੈਂਕੜੇ ਫੁੱਟ ਹੇਠਾਂ ਜਾ ਕੇ ਵੀ ਮਸਾਂ ਪਾਣੀ ਬਾਹਰ ਆਉਂਦਾ ਹੈ, ਇੰਝ ਕਿਉਂ? (2)- ਕੀ ਜ਼ਮੀਨੀ ਕਟਾਅ ਵੱਧਦਾ ਨਹੀਂ ਪਿਆ? (3). ਕੀ ਲਗਾਤਾਰ ਜੰਗਲ ਕੱਟੇ ਜਾਣ ਕਾਰਨ ਚੌਗਿਰਦੇ ਵਿਚ ਆਕਸੀਜ਼ਨ ਨਹੀਂ ਘੱਟਦੀ ਪਈ?
(4). ਕੀ ਲਗਾਤਾਰ ਕਾਰਬਨਡਾਈ ਔਕਸਾਇਡ ਵਧਣ ਕਾਰਨ ਇਹ ਮਿਸ਼ਰਨ ਸਾਡੇ ਜਿਸਮਾਂ ਦੇ ਅੰਦਰ ਜਮ੍ਹਾ ਨਹੀਂ ਹੋ ਚੁੱਕਾ? (5). ਕੀ ਅਸੀਂ ਆਮ ਤੌਰ 'ਤੇ ਸੁਸਤ, ਉਦਾਸੇ, ਉਤਸ਼ਾਹ-ਹੀਣ ਤੇ ਪਰੇਸ਼ਾਨ ਨਹੀਂ ਰਹਿੰਦੇ ਹਾਂ? ਕੀ ਸਾਡੀ ਖ਼ੁਰਾਕ ਜ਼ਹਿਰੀਲੇ ਕਣਾਂ ਨਾਲ ਲਬਰੇਜ਼ ਨਹੀਂ ਹੈ?
(6). ਕੀ- ਕੈਂਸਰ, ਥਾਇਰਾਇਡ, ਦਮਾ, ਲਿਵਰ ਸਿਰੋਸਿਸ, ਔਪਟਿਜ਼ਮ, ਸਾਇਲੈਂਟ ਹਾਰਟ ਅਟੈਕ, ਬਲੱਡ ਸ਼ੂਗਰ, ਬ੍ਰੇਨ ਹੈਮਰੇਜ ਜਿਹੇ ਰੋਗ ਜ਼ਿਆਦਾ ਹੀ ਨਹੀਂ ਵੱਧ ਗਏ। ... ਨਹੀਂ, ਇਹ ਦਾਅਵੇ ਪੂਰੀ ਤਰ੍ਹਾਂ ਝੂਠੇ ਨਹੀਂ ਹਨ। ਸਗੋਂ, ਝੂਠ ਦੇ ਪੁਲਿੰਦੇ ਹਨ ਉਹ 'ਸਰਕਾਰਨਵਾਜ਼ ਅੰਕੜੇ' ਜਿਨ੍ਹਾਂ ਨੂੰ ਸਾਡੇ ਹੁਕਮਰਾਨ ਸਮੇਂ ਸਮੇਂ 'ਤੇ ਨਸ਼ਰ ਕਰਦੇ ਹਨ ਤੇ ਉਨ੍ਹਾਂ ਦੀਆਂ ਜ਼ਰਖ਼ਰੀਦ ਕਲਮਾਂ (ਦਰਅਸਲ ਪ੍ਰਾਪੇਗੰਡਾ ਮਸ਼ੀਨਾਂ) ਲੋਕਾਈ ਨੂੰ ਭਰਮਾਉਣ ਲਈ ਅਜਿਹੇ 'ਅੰਕੜੇ' ਬਣਾਉਂਦੀਆਂ ਹਨ। ਆਓ ਜਾਣਦੇ ਹਾਂ ਇਸ ਮਰਨਾਊ ਵਰਤਾਰੇ ਪਿੱਛੇ 'ਕਿਹੜੇ' ਅਨਸਰ ਹਨ, ਜਿਹੜੇ ਮੁਨਾਫ਼ੇ ਦੀ ਮਲਾਈ ਖਾਣ ਤੋਂ ਇਲਾਵਾ ਆਪਣੀਆਂ ਬੇਕਾਬੂ ਖ਼ਾਹਿਸ਼ਾਂ ਤੇ ਅੱਯਾਸ਼ੀ ਭਰੀ ਜ਼ਿੰਦਗੀ ਨੂੰ ਲਗਾਤਾਰ ਬਣਾਈ ਰੱਖਣ ਲਈ ਮਨੁੱਖਤਾ ਦੇ ਵੱਡੇ ਹਿੱਸੇ ਨੂੰ ਮੌਤ ਦੇ ਮੂੰਹ ਵਿਚ ਪਾ ਚੁੱਕੇ ਹਨ ਜਦਕਿ ਮਨੁੱਖਤਾ ਦੇ ਵੱਡੇ ਹਿੱਸੇ ਨੂੰ ਇਸ ਖ਼ਤਰੇ ਬਾਰੇ ਪਤਾ ਹੀ ਨਹੀਂ ਹੈ।
(3)
ਹੁਣੇ ਜਿਹੇ, 'ਕੁਦਰਤ-ਮਾਨਵ ਕੇਂਦਰਤ ਲੋਕ ਲਹਿਰ' ਨਾਂ ਦੀ ਇਕ ਲੋਕ-ਜਗਾਊ ਸੰਸਥਾ ਦੇ ਕੁਝ ਪੈਂਫਲਿਟ, ਬਰੋਸ਼ਰ ਤੇ ਕਿਤਾਬਚੇ ਇਨ੍ਹਾਂ ਸਤਰਾਂ ਦੇ ਲਿਖਾਰੀ ਦੇ ਹੱਥ ਲੱਗੇ ਹਨ ਤੇ ਇਕ ਸੁਚੇਤ ਲਿਖਾਰੀ ਵਜੋਂ ਅਸੀਂ ਇਹ ਸਮਝਿਆ ਕਿ ਇਸ ਫ਼ਿਕਰਮੰਦੀ ਦਾ ਸਾਰ-ਤੱਤ 'ਦੀਦਾਵਰ ਦੀ ਜ਼ੁਬਾਨੀ' ਦੇ ਸੁਚੇਤ ਪਾਠਕਾਂ ਨੂੰ ਪੜ੍ਹਾ ਦਿੱਤਾ ਜਾਵੇ। ਇਹ ਸੰਸਥਾ ਕਈ ਵਰ੍ਹਿਆਂ ਤੋਂ ਲੋਕਾਂ ਨੂੰ ਇਸ ਆਲਮੀ ਸੰਕਟ ਸਬੰਧੀ ਹਲੂਣਾ ਦੇਣ ਲਈ ਪ੍ਰਚਾਰ-ਪਸਾਰ ਕਰਦੀ ਪਈ ਹੈ। ਸੰਸਥਾ ਕੋਲ ਸਵੈ-ਇੱਛਤ ਕਾਰਕੁੰਨਾਂ ਦੇ ਦਸਤੇ ਹਨ, ਜਿਹੜੇ, ਆਪਾ-ਵਾਰੂ ਭਾਵਨਾ ਨਾਲ ਬੜੇ ਚੁੱਪ-ਚੁਪੀਤੇ ਢੰਗ ਨਾਲ ਆਪਣਾ ਕਾਰਜ ਨਿਭਾਅ ਰਹੇ ਹਨ। ਇਹ ਸਿਰੜੀ ਬੰਦੇ ਆਪਣੇ ਪੱਲਿਓਂ ਪੈਸੇ ਖ਼ਰਚ ਕੇ, ਪੈਂਫਲਿਟ ਤੇ ਬਰੋਸ਼ਰ ਵਗੈਰਾ ਛਾਪ ਕੇ ਲੋਕਾਂ ਦੇ ਹੱਥਾਂ ਵਿਚ ਪਹੁੰਚਾ ਰਹੇ ਹਨ।
(4)
ਇਕ ਹੈਰਾਨਕੁੰਨ ਇੰਕਸ਼ਾਫ ਕਰਨ ਲੱਗਾਂ, ਸ਼ੁਰੂ-ਸ਼ੁਰੂ ਵਿਚ ਮੈਂ ਵਾਤਾਵਰਣ ਮਾਹਿਰਾਂ ਤੇ ਚੌਗਿਰਦਾ ਬਚਾਉਣ ਵਾਲਿਆਂ ਦੀ ਫ਼ਿਕਰਮੰਦੀ ਨੂੰ ਹਊ-ਪਰੇ ਕਰ ਕੇ ਨਜ਼ਰਅੰਦਾਜ਼ ਕਰ ਦਿੱਤਾ ਸੀ ਪਰ ਧਰਤੀ ਗ੍ਰਹਿ ਦੀ ਤਬਾਹੀ ਦੇ ਇਮਕਾਨ ਜਦੋਂ ਲਗਾਤਾਰ ਮੇਰੇ ਸਾਹਮਣੇ ਜ਼ਾਹਿਰ ਹੋਣ ਲੱਗੇ ਤਾਂ ਮੇਰੀ ਵੀ ਜਾਗ ਖੁੱਲ੍ਹਣ ਲੱਗੀ। ਖ਼ੁਦ ਸੋਚੋ ਕਿ ਕੈਂਸਰ, ਥਾਇਰਾਇਡ, ਦਿਲ ਦਾ ਦੌਰਾ, ਦਮਾ, ਗੁਰਦੇ ਫੇਲ੍ਹ, ਖ਼ਾਮੋਸ਼ੀ ਭਰੇ ਤਰੀਕੇ ਨਾਲ ਦਿਲ ਦੇ ਦੌਰੇ, ਬਲੱਡ ਸ਼ੂਗਰ ਵਰਗੀਆਂ ਅਨੇਕ ਮਹਾਂਮਾਰੀਆਂ ਹਨ, ਇਹ ਦੀਰਘ ਰੋਗ ਪਹਿਲਾਂ ਕਿਸੇ ਟਾਵੇਂ ਟਾਵੇਂ ਵਿਅਕਤੀ ਨੂੰ ਹੁੰਦੇ ਸਨ ਪਰ ਹੁਣ ਮਿਹਨਤ-ਮੁਸ਼ੱਕਤ ਕਰਨ ਵਾਲੇ ਮਜ਼ਦੂਰਾਂ, ਫੈਕਟਰੀਆਂ ਵਿਚ ਜਾਨ ਜੋਖਿਮ ਵਿਚ ਪਾਉਣ ਵਾਲੇ ਮੁਲਾਜ਼ਮ, ਇੱਥੋਂ ਤਕ ਕਿ ਘਰੇਲੂ ਔਰਤਾਂ ਨੂੰ ਇਹ ਰੋਗ ਲੱਗ ਚੁੱਕੇ ਹਨ। ਸਾਨੂੰ ਸੋਚਣਾ ਪਵੇਗਾ ਕਿ ਕਿਉਂ ਸਾਡੇ ਚੌਗਿਰਦੇ ਵਿਚ ਖ਼ਤਰਨਾਕ ਗੈਸਾਂ ਦਾ ਮਿਸ਼ਰਨ ਘੁਲ਼ਿਆ ਹੈ, ਕੌਣ ਹਨ ਮਨੁੱਖਤਾ ਦੇ ਦੋਖੀ, ਉਹ ਮੁਨਾਫ਼ਾਖ਼ੋਰ ਬੰਦੇ ਜਿਹੜੇ ਆਪਣੇ ਕਾਰਖ਼ਾਨਿਆਂ ਵਿਚ ਖ਼ਤਰਨਾਕ ਰਸਾਇਣਾਂ ਦੀ ਵਰਤੋਂ ਕਰ ਕੇ, ਅੰਦਰ ਟ੍ਰੀਟਮੈਂਟ ਪਲਾਂਟ ਨਹੀਂ ਲਾਉਂਦੇ ਤੇ ਸਾਡੇ ਨਦੀਆਂ ਨਾਲ਼ਿਆਂ ਵਿਚ ਜ਼ਹਿਰੀਲਾ ਮਿਸ਼ਰਿਤ ਪਾਣੀ ਰੋੜ੍ਹਦੇ ਪਏ ਹਨ। ਇਨ੍ਹਾਂ ਪੈਸੇ ਦੇ ਪੁਜਾਰੀਆਂ ਕਰ ਕੇ ਸਾਰੀ ਮਨੁੱਖਤਾ ਸੂਲ਼ੀ 'ਤੇ ਟੰਗੀ ਪਈ ਹੈ। ਅੱਜ ਦੀ ਤਰੀਕ ਵਿਚ ਬਹੁਤ ਸਾਰੇ ਅਜਿਹੇ ਕਾਰਖ਼ਾਨੇਦਾਰ ਹਨ, ਜਿਹੜੇ ਦਿਨ-ਰਾਤ ਖੱਪ-ਖਾਨੇ ਵਾਲੇ ਉਦਯੋਗ ਚਲਾ ਰਹੇ ਹਨ, ਦਿਨੇਂ ਸਾਰਾ ਦਿਨ ਮਾਮੂਲੀ ਤਨਖ਼ਾਹਾਂ 'ਤੇ ਕੰਮ ਕਰਨ ਲਈ ਮਜਬੂਰ ਮੁਲਾਜ਼ਮ ਮੁਸੀਬਤਾਂ ਵਿਚ ਪਏ ਰਹਿੰਦੇ ਹਨ ਜਦਕਿ ਪੂਰੀ-ਪੂਰੀ ਰਾਤ ਬੀਮਾਰ ਲੋਕ, ਬੱਚੇ ਤੇ ਵਿਦਿਆਰਥੀ ਸੌਂ ਨਹੀਂ ਸਕਦੇ ਹੁੰਦੇ ਕਿਉਂਕਿ ਮੁਨਾਫ਼ਾਖੋਰ ਬੰਦੇ ਆਪਣੇ ਕਾਰੋਬਾਰੀ ਖੱਪ-ਖਾਨੇ ਨੂੰ ਘਟਾਉਣ ਲਈ ਲੋੜੀਂਦੇ ਯੰਤਰ ਜਿਵੇਂ ਹੈਮਰ ਵਗੈਰਾ ਦਾ ਪ੍ਰਬੰਧ ਨਹੀਂ ਕਰਦੇ ਹਨ। ਕੀ ਸਾਨੂੰ ਮਾਂ-ਕੁਦਰਤ ਕਦੇ ਮਾਫ਼ ਕਰੇਗੀ? ਕੀ ਅਸੀਂ ਕੁਦਰਤ-ਮਾਂ ਦੇ ਆਗਿਆਕਾਰ ਧੀਆਂ-ਪੁੱਤਰ ਹਾਂ?
(5)
ਚੇਤੇ ਕਰੋ- ਕੁਝ ਦਹਾਕੇ ਪਹਿਲਾਂ 'ਭੋਪਾਲ ਗੈਸ ਕਾਂਡ' ਵਾਪਰਿਆ ਤਾਂ ਸਾਡੇ ਦਲਾਲ ਹੁਕਮਰਾਨ, ਕਾਰਖ਼ਾਨੇਦਾਰ ਵਗੈਰਾ ਸਾਰੇ ਪੀੜਤਾਂ ਨੂੰ ਇਹ ਕਹਿਣ ਤਕ ਚਲੇ ਗਏ ਸਨ ਕਿ ਚਲੋ ਕੋਈ ਨਹੀਂ, ਉੱਪਰਵਾਲਾ ਵੇਖੂਗਾ ਤੇ ਤੁਸੀਂ ਕਾਰਖ਼ਾਨੇਦਾਰਾਂ ਨੂੰ ਮਾਫ਼ ਕਰ ਦਿਓ, ਮਾਫ਼ ਕਰਨ ਨਾਲ ਮਨੁੱਖ ਨੂੰ 33 ਜਾਂ 53 ਗੁਣਾ ਅੰਦਰੂਨੀ ਤਾਕਤ ਮਿਲਦੀ ਹੈ, ਮਾਫ਼ੀ ਵਿਚ ਬਹੁਤ ਤਾਕਤ ਹੁੰਦੀ ਹੈ, ਵਗੈਰਾ ਵਗੈਰਾ। ਕੁਝ ਚਿਰ ਮਗਰੋਂ ਖ਼ੋਜੀ ਪੱਤਰਕਾਰਾਂ ਨੇ ਇਹ ਤੱਥ ਸਾਹਮਣੇ ਲਿਆਂਦੇ ਸਨ ਕਿ ਉਸ ਫੈਕਟਰੀ ਦੇ ਕੁਝ ਮਾਲਕ ਭਾਵੇਂ ਗੋਰੇ-ਅੰਗਰੇਜ਼ ਸਨ, ਅਧਿਓਂ ਵੱਧ ਸਾਡੇ ਦੇਸੀ ਮੁਨਾਫ਼ਾਖ਼ੋਰਾਂ ਦੀ (ਵੀ) ਹਿੱਸਾ-ਪੱਤੀ (ਵੀ) ਸੀ। 'ਮਾਫ਼ ਕਰ ਦੇਣ ਦੇ ਸਿਧਾਂਤ' ਦੀ ਇੰਨੀ ਘਟੀਆ ਵਰਤੋਂ ਭੋਪਾਲ ਗੈਸ ਕਾਂਡ ਵਿਚ ਕੀਤੀ ਗਈ, ਇਸ ਦੇ ਬਾਵਜੂਦ ਜੋਖਿਮ ਵਾਲੇ ਹਾਲਾਤ ਵਿਚ ਕੰਮ ਕਰਦੇ ਕਾਰਖ਼ਾਨਿਆਂ ਲਈ ਹਾਲੇ ਤਕ ਕੋਈ ਨਿਯਮ-ਸਾਰਣੀ ਜਾਂ 'ਨੌਰਮਜ਼' ਤੈਅ ਨਹੀਂ ਕੀਤੇ ਗਏ।
ਸਾਰੀਆਂ ਗੱਲਾਂ ਛੱਡਦੇ ਹਾਂ, ਹੁਣ, ਬੇਹੱਦ ਸੰਜੀਦਾ ਤੇ ਜ਼ਿੰਦਗੀ ਮੌਤ ਦੇ ਬਰਾਬਰ ਦਾ ਸਵਾਲ ਇਹ ਹੈ ਕਿ ਮਨੁੱਖਤਾ ਹੋਰ ਕਿੰਨੇ ਸਾਲਾਂ ਤਕ ਜਿਉਂਦੀ ਰਹਿ ਸਕੇਗੀ? ਸਾਡੀਆਂ ਆਇੰਦਾ ਨਸਲਾਂ ਨੂੰ ਉਹੋ-ਜਿਹਾ ਚੌਗਿਰਦਾ ਮਿਲ ਸਕੇਗਾ, ਜਿਹੋ ਜਿਹਾ ਸਾਨੂੰ ਜੰਮਣ ਤੋਂ ਬਾਅਦ ਮਿਲ ਗਿਆ ਸੀ? ਕੀ, ਅਜਿਹੇ ਸ਼ੋਸ਼ਕ ਅਨਸਰਾਂ ਦੀ ਅੱਯਾਸ਼ੀ ਲਈ ਲੋਕਾਈ ਇਵੇਂ ਹੀ ਤਿਲ ਤਿਲ ਮਰਦੀ ਰਹੇਗੀ? ਲਗਾਤਾਰ ਪੁਟਾਈ ਕਰਦਿਆਂ ਕਰਦਿਆਂ ਧਰਤੀ ਹੇਠੋਂ ਖਣਿਜ ਖਿਸਕਾਏ ਜਾ ਰਹੇ ਹਨ, ਮਾਈਨਿੰਗ ਦੇ ਨਾਂ 'ਤੇ ਕੋਲੇ, ਹੀਰੇ, ਮੋਤੀ, ਜਵਾਹਰਾਤ ਕੁਝ ਕੁ ਧਨਾਢਾਂ ਤੇ 'ਇੰਟਰਪ੍ਰੈਨਿਊਰਜ਼' ਦੀਆਂ ਤਜੋਰੀਆਂ ਵਿਚ ਬੰਦ ਹੋ ਚੁੱਕੇ ਹਨ। ਉਨ੍ਹਾਂ ਲੋਕਾਂ ਨੇ ਖਣਿਜਾਂ ਨੂੰ ਵੇਚ ਕੇ ਇਨ੍ਹਾਂ ਦਾ ਨਗਦੀਕਰਣ ਕਰ ਲਿਆ ਹੈ। ਇਸ ਦਾ ਹਸ਼ਰ ਇਹ ਹੋ ਸਕਦਾ ਹੈ ਕਿ ਚੱਕਰਵਾਤੀ ਤੂਫ਼ਾਨਾਂ ਤੇ ਭੂਚਾਲਾਂ ਨੇ ਜੇਕਰ ਰਫ਼ਤਾਰ ਫੜ ਲਈ ਤਾਂ ਤਬਾਹੀ ਦਾ ਮੰਜ਼ਰ ਬੇਹੱਦ ਡਰਾਉਣਾ ਹੋਵੇਗਾ, ਇਹ ਸੰਭਾਵੀ ਤਬਾਹੀ ਕੁਲ ਮਨੁੱਖਤਾ ਨੂੰ ਲੀਲ੍ਹ ਸਕਦੀ ਹੈ- ਸਿਰਫ਼ ਅੱਜ ਹੀ ਵਕਤ ਹੈ ਕਿ ਅਸੀਂ ਪੈਸੇ ਦੇ ਜ਼ੋਰ 'ਤੇ ਦਨਦਨਾਉਂਦੇ ਫਿਰਦੇ ਪੈਸੇ ਦੇ ਪੁਜਾਰੀਆਂ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰੀਏ। (ਇਨਪੁਟਸ ਲਈ ਸੰਦੀਪ ਮਹੇ ਦਾ ਧੰਨਵਾਦ)
ਸੋਚਿਆ ਜਾ ਸਕਦਾ ਹੈ ਕਿ ਜੇ ਅਸੀਂ ਮੁੱਠੀ ਭਰ ਲੋਕ ਜਾਗਰੂਕ ਹੋ ਵੀ ਜਾਈਏ ਤਾਂ ਕੀ ਕਰ ਲਾਂਗੇ? ਇਸ ਦਾ ਜਵਾਬ ਇਹ ਹੈ ਕਿ ਅਸੀਂ ਮੁੱਠੀ ਭਰ ਲੋਕ ਜੇ ਸੱਚਮੁੱਚ ਇਕਮੁੱਠ ਹੋ ਜਾਈਏ ਤਾਂ ਕੀ ਨਹੀਂ ਕਰ ਸਕਦੇ? ਕਿਉਂਜੋ ਇਤਿਹਾਸ ਵਿਚ ਅਜਿਹੀਆਂ ਕਈ ਪ੍ਰੇਰਣਾਵਾਂ ਪਈਆਂ ਹਨ ਕਿ ਹਰ ਯੁੱਗ-ਪਲਟਾਊ ਮਹਾਂਕਾਰਜਾਂ ਦਾ ਆਗ਼ਾਜ਼ 'ਮੁੱਠੀ ਭਰ ਲੋਕ' ਹੀ ਕਰਦੇ ਆਏ ਹਨ, ਮੁੜ ਕੇ ਜਿਹੜੇ ਕਾਫ਼ਲੇ ਵਿਚ ਰਲਦੇ ਹਨ, ਉਹ ਤਾਂ 'ਹੋਰ' ਹੁੰਦੇ ਹਨ- ਆਗਾਜ਼ ਹਮੇਸ਼ਾਂ ਮੁੱਠੀ ਭਰ ਲੋਕਾਂ ਨੇ ਕੀਤਾ ਹੁੰਦਾ ਹੈ। ਸਾਡੇ ਵਿਚ ਵੀ ਕਿਰਦਾਰ ਪੱਖੋਂ ਖ਼ਾਮੀਆਂ ਹਨ, ਅਸੀਂ ਲੋਕ ਅਵਤਾਰਵਾਦ ਵਿਚ ਭਰੋਸਾ ਰੱਖਦੇ ਹਾਂ, ਸਦੀਆਂ ਤੋਂ ਸਾਨੂੰ (ਬੇਅੰਤ) ਪਿਛਲੇ ਜਨਮਾਂ ਤੇ ਅਗਲੇ ਜਨਮਾਂ ਦੇ ਫ਼ਲਸਫ਼ੇ ਸਮਝਾਅ ਦਿੱਤੇ ਜਾਂਦੇ ਹਨ ਤੇ ਅਸੀਂ 'ਵਰਤਮਾਨ ਪਲਾਂ' ਨੂੰ ਸਮਝਣਾ ਨਹੀਂ ਚਾਹੁੰਦੇ ਹੁੰਦੇ। ਹਾਲਾਂਕਿ ਵਰਤਮਾਨ ਸਾਨੂੰ ਝੰਜੋੜਦਾ ਵੀ ਰਹਿੰਦਾ ਹੈ।
ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਵੱਲੋਂ ਚੁੱਕੇ ਗਏ ਨੁਕਤੇ
ਇਸ ਸੰਸਥਾ ਨੇ ਜਲੰਧਰ ਵਿਚ ਚੋਣਵੇਂ ਪੱਤਰਕਾਰਾਂ ਨੂੰ ਆਪਣੇ ਕੋਲ ਸੱਦਿਆ ਤੇ ਸੰਸਥਾ ਦਾ ਮਕਸਦ ਦੱਸਣ ਤੋਂ ਇਲਾਵਾ ਸਾਰੇ ਸੰਸਾਰ ਵਿਚ ਪੱਸਰ ਰਹੇ ਖ਼ੁਰਾਕੀ ਸੰਕਟ ਬਾਰੇ ਤੌਖ਼ਲੇ ਜ਼ਾਹਿਰ ਕੀਤੇ ਹਨ। ਸੰਸਥਾ ਦਾ ਕਹਿਣਾ ਹੈ ਕਿ ਅੱਜ ਖ਼ੁਰਾਕ ਲੜੀ (ਫੂਡ ਚੇਨ) ਜ਼ਹਿਰੀਲੀ ਹੋ ਚੁੱਕੀ ਹੈ, ਖੇਤੀਬਾੜੀ ਖੇਤਰ ਕਾਰਪੋਰੇਟ ਅਜਾਰੇਦਾਰਾਂ ਥੱਲੇ ਆਉਣ ਕਰ ਕੇ ਇਹ ਲਾਹੇਵੰਦ ਨਹੀਂ ਰਹੀ ਤੇ ਫ਼ਸਲਾਂ 'ਤੇ ਜ਼ਹਿਰੀ ਕੀਟਨਾਸ਼ਕਾਂ ਦਾ ਲੋੜੋਂ ਵੱਧ ਮਿਕਦਾਰ ਵਿਚ ਛਿੜਕਾਅ ਕਰਨ ਲਈ ਗੁਮਰਾਹ ਕੀਤਾ ਜਾਂਦਾ ਹੈ, ਇਹੀ ਜ਼ਹਿਰੀਲੇ ਜੁਜ਼, ਫ਼ਸਲਾਂ ਜ਼ਰੀਏ ਮਨੁੱਖੀ ਸਰੀਰ ਵਿਚ ਦਾਖ਼ਲ ਹੋ ਚੁੱਕੇ ਹਨ। ਜੈਨੇਟਕਲੀ ਮੋਡੀਫਾਇਡ ਆਰਗੇਨਿਜ਼ਮ (ਜੀ.ਐੱਮ.ਓ.) ਫੂਡ ਦੀ ਬਜਾਏ ਜੈਵਿਕ ਖੇਤੀ ਨੂੰ ਹੁਲਾਰਾ ਦੇਣਾ ਚਾਹੀਦਾ ਹੈ ਤਾਂ ਜੋ ਮਨੁੱਖਤਾ ਕੈਂਸਰ, ਡਾਇਬਟੀਜ਼ ਤੇ ਹੋਰ ਮਾਰੂ ਰੋਗਾਂ ਤੋਂ ਬੱਚ ਸਕੇ।
ਦੂਜੀ ਆਲਮੀ ਜੰਗ ਮਗਰੋਂ ਉਜਾੜਾ, ਅਬਾਦੀ ਦਾ ਬੇਕਿਰਕ ਤਬਾਦਲਾ ਤੇ ਜਿਣਸੀ ਸਬੰਧਾਂ ਵਿਚ ਖ਼ਤਰਨਾਕ ਹੱਦ ਤਕ ਤਬਦੀਲੀਆਂ ਆਈਆਂ, ਇਹਦੇ ਲਈ ਜਿਹੜੇ ਕੌਮਾਂਤਰੀ ਕਰਾਰਨਾਮੇ ਜ਼ਿੰਮੇਵਾਰ ਹਨ, 'ਤੇ ਮੁੜ ਸਮੀਖਿਆ ਦੀ ਲੋੜ ਹੈ।
ਕੋਇਟੋ ਪ੍ਰੋਟੋਕੋਲ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਤੇ ਪੈਰਿਸ ਸਮਝੌਤੇ ਤੋਂ ਭੱਜਣਾ ਵੀ ਮਨੁੱਖਾਂ ਦੀ ਖ਼ੁਰਾਕੀ ਸੁਰੱਖਿਆ ਦੇ ਨੁਕਤੇ ਤੋਂ ਕਤੱਈ ਤੌਰ 'ਤੇ ਜਾਇਜ਼ ਨਹੀਂ ਹੈ। ਇਸ ਸੰਸਥਾ ਦਾ 'ਹਰੇ ਇਨਕਲਾਬ' ਸਬੰਧੀ ਕੀਤੇ ਦਾਅਵਿਆਂ 'ਤੇ ਕੋਈ ਯਕੀਨ ਨਹੀਂ ਹੈ ਤੇ ਪੂਰਾ ਜ਼ੋਰ ਬਦਲਵੀਂ ਜੈਵਿਕ ਖੇਤੀ 'ਤੇ ਹੈ। ਸੁਚੇਤ ਪਾਠਕ ਆਪਣੀ ਜਗਿਆਸਾ ਸ਼ਾਂਤ ਕਰਨ ਲਈ kudratmanav@gmail.com 'ਤੇ ਈ-ਮੇਲ ਸੰਪਰਕ ਸਥਾਪਤ ਕਰ ਸਕਦੇ ਹਨ।
-
ਯਾਦਵਿੰਦਰ ਸਿੰਘ, ਲੇਖਕ
yadwahad @gmail. Com
94653 29617
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.