ਪੁਆਧ ਪੁਰਾਣਾ ਅੰਬਾਲਾ ਜ਼ਿਲ੍ਹਾ ਸੀ। ਚੰਡੀਗੜ੍ਹ ਜਿਸ ਥਾਂ ਤੇ ਵੱਸਿਆ ਇਥੇ ਲਗਪਗ 50-60 ਪਿੰਡ ਹੁੰਦੇ ਸਨ।
ਇਨ੍ਹਾਂ ਇਲਾਕੇ ਨੂੰ ਪਹਾੜਾਂ ਦੀ ਪੰਜੇਬ ਹੋਣ ਦਾ ਵੀ ਮਾਣ ਹਾਸਲ ਹੈ।
ਇਥੋਂ ਦੀ ਜ਼ਿੰਦਗੀ ਚ ਕਾਹਲ ਨਹੀਂ , ਸਹਿਜ ਤੇ ਸੁਹਜ ਹੈ। ਗੀਤ ਸੰਗੀਤ ਵੀ ਸ਼ੋਰੀਲਾ ਨਹੀਂ, ਧੀਮਾ ਹੈ ਚਸ਼ਮਿਆਂ ਜਿਹਾ। ਤੁਪਕਾ ਤੁਪਕਾ ਰੂਹ ਤੇ ਟਪਕਦਾ।
1933 ਚ ਸੁਰਗਵਾਸ ਹੋਏ ਭਗਤ ਆਸਾ ਰਾਮ ਬੈਦਵਾਨ ਸੋਹਾਣੇ ਵਾਲਿਆਂ ਨੇ ਆਪਣੀ ਰੂਹ ਚ ਸੰਗੀਤ ਨਾਟਕ ਤੇ ਕਥਾ ਨੂੰ ਸਮੋਇਆ। ਸੁਮੇਲ ਕਰਕੇ ਪੁਆਧੀ ਅਖਾੜੇ ਦੀ ਨੀਂਹ ਉੱਤੇ ਮਮਟੀਆਂ ਉਸਾਰ ਦਿੱਤੀਆਂ।
ਪੂਰੇ ਪੁਆਧ ਨੂੰ ਰਾਮਾਇਣ, ਮਹਾਂਭਾਰਤ, ਲੋਕ ਗਾਥਾਵਾਂ ਸਿੱਖ ਇਤਿਹਾਸ ਤੇ ਲੋਕ ਪਰੰਪਰਾ ਨੂੰ ਅਖਾੜੇ ਰਾਹੀਂ ਸਿੱਖਿਅਤ ਕੀਤਾ।
ਉਸ ਦੀ ਪਰੰਪਰਾ ਨੂੰ ਗੁਰਦੇਵ ਸਿੰਘ ਕੁੰਭੜਾ , ਚਰਨ ਸਿੰਘ ਸਲਾਹਕਪੁਰ ਤੇ ਸਮਰਜੀਤ ਸਿੰਘ ਸੰਮੀ ਬੜੀ ਤਨਦੇਹੀ ਨਾਲ ਸਿੰਜਦੇ ਆ ਰਹੇ ਹਨ।
ਭਗਤ ਆਸਾ ਰਾਮ ਬੈਦਵਾਨ ਕਿਰਤੀ ਕਿਸਾਨ ਸੀ। ਅਖਾੜੇ ਦੀ ਕੋਈ ਫੀਸ ਨਹੀਂ ਸੀ ਲੈਂਦਾ। ਨਿਸ਼ਕਾਮ ਟੀਮ ਸੀ।
ਇਸ ਪੁਆਧੀ ਅਖਾੜੇ ਵਿਚ ਸਾਰੰਗੀ, ਢੋਲਕੀ, ਡਫਲੀ, ਖੜਤਾਲਾਂ ਤੇ ਹੋਰ ਲੋਕ ਸਾਜ਼ ਵੱਜਦੇ ਹਨ।
ਸਿਰਫ਼ ਇੱਕੋ ਇਸਤਰੀ ਪਾਤਰ ਹੁੰਦਾ ਹੈ ਜੋ ਆਪਣੀਆਂ ਦਿਲਕਸ਼ ਅਦਾਵਾਂ ਨਾਲ ਗੀਤ ਸੰਗੀਤ ਨੂੰ ਆਪਣੇ ਨਾਚ ਨਾਲ ਅੱਗੇ ਤੋਰਦਾ ਹੈ।
ਪੁਆਧੀ ਅਖਾੜੇ ਦੀਆਂ ਪੇਸ਼ਕਾਰੀਆਂ ਵਿੱਚ ਇਹ ਨਚਾਰ ਆਪਣੀ ਇਕਲੌਤੀ ਪੇਸ਼ਕਾਰੀ ਕਾਰਨ ਕੇਂਦਰੀ ਧੁਰਾ ਹੁੰਦਾ ਹੈ।
ਸਮਰਜੀਤ ਦੇ ਗਰੁੱਪ ਚ ਇਸਤਰੀ ਪਾਤਰ ਦੀ ਅਦਾਕਾਰੀ ਕਰਨ ਵਾਲਾ ਕਲਾਕਾਰ ਸੁਨਾਮ ਦਾ ਕਮਲ ਪ੍ਰੀਤ ਹੈ। ਉਸ ਦੀਆਂ ਸ਼ੋਖ਼ ਨਾਚ ਅਦਾਵਾਂ ਪੁਆਧੀ ਅਖਾੜੇ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ।
ਕਮਲਪ੍ਰੀਤ ਸਿੱਖਿਅਤ ਕਲਾਕਾਰ ਹੈ ਜਿਸ ਨੂੰ ਅੱਗੇ ਵਧਣ ਦੀ ਰੀਝ ਹੈ। ਉਸ ਕੋਲ ਛੀਟਕਾ ਲਚਕੀਲਾ ਜਿਸਮ ਹੈ, ਨਾਚ ਦੀਆਂ ਬਾਰੀਕੀਆਂ ਹਨ। ਉਸ ਨੂੰ ਲਾਜ਼ਮੀ ਵਕਤ ਸਲਾਮ ਕਹੇਗਾ। ਉਸ ਨੂੰ ਪੰਜਾਬੀ ਫਿਲਮਾਂ ਵਾਲੇ ਵੀ ਸੰਪਰਕ ਕਰਦੇ ਹਨ ਪਰ ਅਜੇ ਉਹ ਹੋਰ ਪਰਪੱਕ ਹੋਣਾ ਚਾਹੁੰਦਾ ਹੈ।
ਸਮਰਜੀਤ ਸਿੰਘ ਸੰਮੀ ਦੱਸਦਾ ਹੈ ਕਿ ਪੁਆਧੀ ਅਖਾੜਾ ਕੋਈ ਰੁਜ਼ਗਾਰ ਨਹੀਂ, ਅਰਾਧਨਾ ਹੈ, ਧਰਤੀ ਦੀ ਮਰਯਾਦਾ ਦੀ।
ਪੁਆਧੀ ਅਖਾੜੇ ਦੇ ਕਲਾਕਾਰ ਚਰਨ ਸਿੰਘ ਨੂੰ ਭਾਗੋਮਾਜਰਾ ਵਿਖੇ 18 ਨਵੰਬਰ ਨੂੰ ਪੁਆਧੀ ਸੱਥ ਵੱਲੋਂ ਮਨਮੋਹਨ ਸਿੰਘ ਦਾਊਂ ਤੇ ਸਾਥੀਆਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ।
ਭਗਤ ਆਸਾ ਰਾਮ ਬੈਦਵਾਨ ਦੀਆਂ ਲਿਖਤਾਂ ਤੇ ਜੀਵਨ ਬਾਰੇ ਪੰਜਾਬੀ ਯੂਨੀਵਰਸਿਟੀ ਵੱਲੋਂ ਪੁਸਤਕ ਛਾਪੀ ਜਾ ਚੁਕੀ ਹੈ।
ਦੂਰਦਰਸ਼ਨ ਨੂੰ ਇਸ ਮਹਾਨ ਲੋਕ ਨਾਟਕ ਪਰੰਪਰਾ ਬਾਰੇ ਫਿਲਮ ਤਿਆਰ ਕਰਨੀ ਚਾਹੀਦੀ ਹੈ।
ਮੈਂ ਵੀ ਇਸ ਸਮਾਗਮ ਚ ਸ਼ਾਮਿਲ ਹੋਵਾਂਗਾ। ਪੁਆਧੀ ਮਹਿਕ ਨੂੰ ਸਾਹੀਂ ਰਮਾਵਾਂਗਾ।
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.