ਕਬੱਡੀ ਖਿਡਾਰੀ ਤੋਂ ਮਾਂ ਬੋਲੀ ਪੰਜਾਬੀ ਦੇ ਅਲੰਬਰਦਾਰ ਦਾ ਸਫਰ : ਅਜੈਬ ਸਿੰਘ ਚੱਠਾ 'ਇਕ ਸੰਸਥਾ'
ਪੰਜਾਬੀ ਵਿਦੇਸ਼ਾਂ 'ਚ ਪਰਵਾਸ ਕਰਨ ਦੇ ਆਦੀ ਹਨ, ਉਹ ਭਾਵੇਂ ਰੋਜੀ ਰੋਟੀ ਦੀ ਤਲਾਸ਼ ਲਈ ਹੋਵੇ ਜਾਂ ਫਿਰ ਆਪਣੀ ਵਿਲਖਣ ਪਛਾਣ ਦੀ ਸਥਾਪਤੀ ਲਈ। ਵਿਦੇਸ਼ਾਂ 'ਚ ਪਹਿਲੀ ਪੀੜੀ ਤਾਂ ਆਪਣੀ ਬੋਲੀ ਅਤੇ ਸਭਿਆਚਾਰ ਬਾਰੇ ਕੁਝ ਖਿਆਲ ਰਖਦੀ ਆਈ ਹੈ ਪਰ ਅਗਲੀਆਂ ਪੀੜੀਆਂ ਉਥੋਂ ਦੀ ਮੁੱਖਧਾਰਾ ਦੀ ਵਹਿਣ ਨੂੰ ਪ੍ਰਵਾਨ ਕਰਦਿਆਂ ਆਪਣੀ ਬੋਲੀ ਅਤੇ ਸਭਿਆਚਾਰ ਤੋਂ ਕਿਨਾਰਾ ਕਰਨ ਦੀ ਫਿਤਰਤ ਆਪਣਾ ਲੈਦੀਆਂ ਹਨ। ਉਝ ਵੀ ਵਿਕਸਤ ਖੇਤਰ ਦੀ ਭਾਸ਼ਾ ਅਤੇ ਸਭਿਆਚਾਰ ਘੱਟ ਵਿਕਸਤ ਖੇਤਰ ਦੇ ਲੋਕਾਂ ਦੀ ਜੁਬਾਨ ਅਤੇ ਸਭਿਆਚਾਰ ਨੂੰ ਆਪਣੇ 'ਚ ਜਜਬ ਜਾਂ ਫਿਜ ਘਟੋ ਘਟ ਪ੍ਰਭਾਵਿਤ ਤਾਂ ਕਰਦਾ ਹੀ ਆਇਆ ਹੈ, ਜਿਸ ਦਾ ਸ਼ਿਕਾਰ ਪੰਜਾਬੀ ਜੁਬਾਨ ਅਤੇ ਸਭਿਆਚਾਰ ਨੂੰ ਵੀ ਹੋਣਾ ਪਿਆ ਹੈ।
ਇਸ ਸਭ ਦੇ ਬਾਵਜੂਦ ਇਹ ਸਾਡੇ ਲਈ ਤਸਲੀ ਵਾਲੀ ਗਲ ਇਹ ਹੈ ਕਿ ਅੱਜ ਦੁਨੀਆ ਭਰ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 13 ਕਰੋੜ ਹੈ ਅਤੇ ਇਹ ਦੁਨੀਆ ਦੀ 10ਵੀਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚ ਸ਼ੁਮਾਰ ਹੈ। ਬਾਲੀਵੁਡ 'ਚ ਪੰਜਾਬੀ ਦੀ ਸਰਦਾਰੀ ਕਿਸੇ ਤੋਂ ਲੁਕੀ ਛੁੱਪੀ ਨਹੀਂ ਹੈ ਤਾਂ ਵਿਦੇਸ਼ਾਂ 'ਚ ਰਚੀ ਜਾ ਰਹੀ ਪੰਜਾਬੀ ਸਾਹਿਤ ਨੇ ਪੰਜਾਬੀ ਸਾਹਿਤ ਦੇ ਥੀਮਕ ਘੇਰੇ ਨੂੰ ਵਿਸ਼ਵ ਪਧਰੀ ਤੇ ਵਿਸ਼ਾਲਤਾ ਪ੍ਰਦਾਨ ਕੀਤੀ ਹੈ। ਇਹ ਸਭ ਮੁਸ਼ਕਿਲ ਹਲਾਤਾਂ ਨਾਲ ਜੂਝਦੇ ਰਹਿਣ ਦੇ ਸਾਡੇ ਸੁਭਾਅ ਦੇ ਕਾਰਨ ਹੀ ਸੰਭਵ ਹੋਇਆ ਹੈ। ਪੰਜਾਬੀ ਜਿਥੇ ਦੁਨੀਆ ਦੇ 150 ਦੇ ਕਰੀਬ ਦੇਸ਼ਾਂ ਵਿਚ ਸਮਾਜ ਸੇਵੀ, ਧਾਰਮਿਕ, ਵਪਾਰਕਿ, ਆਰਥਿਕ ਅਤੇ ਰਾਜਨੀਤਿਕ ਪਿੜ 'ਚ ਦੂਰ ਅੰਦੇਸ਼ੀ ਤੇ ਸਖਤ ਮਿਹਨਤ ਨਾਲ ਆਪਣੀ ਵਿਲਖਣ ਪਹਿਛਾਣ ਹੀ ਸਥਾਪਿਤ ਨਹੀਂ ਕੀਤੀ ਸਗੋਂ ਮੋਹਰੀ ਰੋਲ ਵੀ ਨਿਭਾ ਰਹੇ ਹਨ। ਪੰਜਾਬੀ ਦੇਸ਼ ਵਿਦੇਸ਼ ਦੇ ਕਿਸੇ ਵੀ ਕੋਨੇ 'ਚ ਵਸ ਰਿਹਾ ਹੋਵੇ ਪਰ ਉਸ ਤੋਂ ਭੂ-ਹੇਰਵਾ ਤੋਂ ਨਿਜਾਤ ਪਾਉਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ। ਇਹੀ ਕਾਰਨ ਹੈ ਕਿ ਪੰਜਾਬੀਆਂ ਦੀ ਰੂਹ ਦੀ ਖੁਰਾਕ ਆਪਣੀ ਮਾਂ ਬੋਲੀ ਪੰਜਾਬੀ ਅਤੇ ਸਭਿਆਚਾਰ ਦੀ ਹੋਂਦ ਨੂੰ ਵਿਦੇਸ਼ੀ ਧਰਤੀ 'ਤੇ ਸੁਰਖਿਅਤ ਰਖਣ ਲਈ ਵੀ ਉਹ ਯਤਨਸ਼ੀਲ ਹਨ। ਇਸ ਕਾਰਜ ਲਈ ਪੰਜਾਬੀ ਸੱਥਾਂ ਦੀ ਕਾਇਮੀ ਅਹਿਮ ਭੂਮਿਕਾ ਵੀ ਨਿਭਾ ਰਹੇ ਹਨ।
ਵਿਦੇਸ਼ੀ ਧਰਤੀ 'ਤੇ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਵਾਲਿਆਂ ਦੀ ਜਦ ਬਾਤ ਆਉਦੀ ਹੈ ਤਾਂ ਕੈਨੇਡਾ 'ਚ ਇਸ ਪ੍ਰਤੀ ਅਹਿਮ ਤੇ ਵਡਾ ਯੋਗਦਾਨ ਪਾ ਰਹੇ ਸ: ਅਜੈਬ ਸਿੰਘ ਚੱਠਾ ਦਾ ਜਿਕਰ ਕੀਤੇ ਬਿਨਾ ਕਿਵੇਂ ਅਗੇ ਵਧਿਆ ਜਾ ਸਕਦਾ ਹੈ? ਵਿਦੇਸ਼ੀ ਧਰਤੀ 'ਤੇ ਪੰਜਾਬੀਆਂ ਦੀ ਨਵੀਂ ਪੀੜੀ ਵਲੋਂ ਜਾਣੇ ਅਣਜਾਣੇ ਪੰਜਾਬੀ ਨਾਲ ਕੀਤੇ ਜਾ ਰਹੇ ਸਲੂਕ ਅਤੇ ਪੰਜਾਬੀ ਜੁਬਾਨ ਨੂੰ ਲਗ ਰਹੇ ਖੋਰੇ ਤੋਂ ਚਿੰਤਿਤ ਸ: ਚੱਠਾ ਸੁਚੇਤ ਰੂਪ 'ਚ ਹੋਰਨਾਂ ਹਰਖਿਆਲੀ ਲੋਕਾਂ ਨਾਲ ਮਿਲ ਕੇ ਪੰਜਾਬੀਅਤ ਦੇ ਉਥਾਨ ਲਈ ਯਤਨਸ਼ੀਲ ਹੈ। ਸ: ਚੱਠਾ ਨੇ ਨੌਜਵਾਨ ਪੀੜੀ ਨੂੰ ਉਹਨਾਂ ਦੇ ਅਮੀਰ ਤੇ ਗੌਰਵਮਈ ਇਤਿਹਾਸਕ ਵਿਰਾਸਤ ਤੋਂ ਜਾਣੂ ਕਰਾਉਣ ਦੀ ਲੋੜ ਨੂੰ ਪੂਰੀ ਸ਼ਿਦਤ ਨਾਲ ਮਹਿਸੂਸ ਕੀਤਾ ਹੈ। ਜਿਸ ਦੀ ਪੂਰਤੀ ਲਈ ਉਹ ਕਾਰਜਸ਼ੀਲ ਹੈ।
ਕੈਨੇਡਾ ਦੀ ਧਰਤੀ 'ਤੇ ਸ: ਅਜੈਬ ਸਿੰਘ ਚੱਠਾ ਦੀ ਅਗਵਾਈ 'ਚ 2009 ਤੋਂ 2017 ਤੱਕ ਕੀਤੇ ਜਾ ਚੁਕੇ 4 ਵਿਸ਼ਵ ਪੰਜਾਬੀ ਕਾਨਫਰੰਸਾਂ ਨੇ ਜੋ ਅਮਿੱਟ ਪੈੜਾਂ ਛਡੀਆਂ ਉਸ ਦੀ ਧੁੰਮ ਅਜ ਵੀ ਪੈ ਰਹੀ ਹੈ। ਇਸ ਵਾਰ ਤਿੰਨ ਰੋਜਾ ਪੰਜਵੀਂ ਵਿਸ਼ਵ ਪੰਜਾਬੀ ਕਾਨਫਰੰਸ 2019, ਮਿਤੀ 28, 29 ਅਤੇ 30 ਜੂਨ 2019 ਨੂੰ ਕੈਨੇਡਾ ਦੇ ਟਰੌਟੋ ਵਿਖੇ ਕਰਾਈ ਜਾ ਰਹੀ ਹੈ। ਇਸ ਕਾਨਫਰੰਸ ਦੀ ਪੰਜਾਬੀ ਭਾਈਚਾਰੇ ਵਲੋਂ ਬਹੁਤ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਹੈ।
ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਸ: ਚੱਠਾ ਕਿਸੇ ਜਾਣ ਪਛਾਣ ਦਾ ਮੁਥਾਜ ਤਾਂ ਨਹੀਂ, ਫਿਰ ਵੀ ਉਸ ਦੇ ਪਿਛੋਕੜ ਵਲ ਝਾਤ ਮਾਰੀਏ ਤਾਂ ਉਨਾਂ ਨੂੰ ਆਪਣੀ ਪਛਾਣ ਦੀ ਸ਼ੁਰੂਆਤ ਇਕ ਕਬੱਡੀ ਖਿਡਾਰੀ ਵਜੋਂ ਮਿਲੀ। ਸ: ਚੱਠੇ ਦਾ ਜਨਮ ਮਾਤਾ ਸ਼ਮਿੰਦਰ ਕੌਰ ਦੀ ਕੁੱਖੋਂ ਪਿਤਾ ਸ: ਜੋਗਿੰਦਰ ਸਿੰਘ ਪਹਿਲਵਾਨ ਦੇ ਘਰ ਪਿੰਡ ਢੱਡੋਂਵਾਲ ਵਿਖੇ 1957 'ਚ ਹੋਇਆ। ਪੰਜਵੀਂ ਤਕ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਪੜ੍ਹੇ, ਮਿਡਲ ਸ਼ਾਹਕੋਟ ਅਤੇ ਮੈਟ੍ਰਿਕ ਨੰਗਲ ਅੰਬੀਆਂ ਤੋਂ ਕੀਤੀ। ਗਰੈਜੂਏਸ਼ਨ ਦੀ ਡਿਗਰੀ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਤੋਂ ਲਈ। ਉਹ ਪਹਿਲੀ ਵਾਰ 1973 -74 ਦੌਰਾਨ ਕਬੱਡੀ ਦੇ ਮੈਦਾਨ 'ਚ ਉਤਰਿਆ। 74- 75 'ਚ ਕਬੱਡੀ ਦਾ ਚਮਕਦਾ ਸਿਤਾਰਾ ਬਣਿਆ । 75 -76 'ਚ ਟੀਮ ਦੇ ਕਪਟਾਨ ਬਣੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚੈਂਪੀਅਨ। ਸੰਨ 1977- 78 'ਚ ਯੂਨੀਵਰਸਿਟੀ ਦੇ ਤਕੜੇ ਸਟਾਪਰ ਹੋਣ ਦਾ ਮਾਣ ਵੀ ਮਿਲਿਆ। ਸੰਨ 1974 ਤੋਂ 78 ਤਕ ਲਗਾਤਾਰ 4 ਸਾਲ ਕਾਲਜ ਦੇ ਅਤੇ ਫਿਰ 80 ਤਕ ਪੰਜਾਬੀ ਯੂਨੀ: ਪਟਿਆਲਾ ਕੈਂਪਸ ਦੇ ਬੈਸਟ ਅਥਲੀਟ ਰਹੇ ਸ: ਚੱਠਾ ਨੇ 1980 - 81 ਵਿਚ ਐਲ ਐਲ ਬੀ ਕੀਤੀ। ਉਪਰੰਤ ਨਕੋਦਰ ਦੀਆਂ ਕਚਹਿਰੀਆਂ 'ਚ ਵਕਾਲਤ। ਫਿਰ ਉਹਨਾਂ ਅਮਰੀਕਾ ਦੀ ਧਰਤੀ 'ਤੇ ਪੈਰ ਧਰਿਆ ਅਤੇ 1994 ਤਕ ਉਥੇ ਲਾ ਆਫਿਸ 'ਚ ਕੰਮ ਕੀਤਾ। 2001 'ਚ ਆਪ ਕੈਨੇਡਾ ਵਿਚ ਬੈਰਿਸਟਰ ਅਤੇ ਸੋਲਿਸਟਰ ਦੀਆਂ ਡਿਗਰੀਆਂ ਹਾਸਲ ਕੀਤੀਆਂ। ਇਸੇ ਦੌਰਾਨ ਉਹਨਾਂ ਦਾ ਮੇਲ ਪੰਜਾਬੀਅਤ ਨਾਲ ਪ੍ਰਣਾਈ ਅਹਿਮ ਸ਼ਖਸੀਅਤ ਸ: ਦਰਸ਼ਨ ਸਿੰਘ ਬੈਂਸ ਨਾਲ ਹੋਇਆ। ਸ: ਬੈਂਸ ਦੀ ਪ੍ਰੇਰਣਾ ਅਤੇ ਪੰਜਾਬੀ ਜੁਬਾਨ ਬਾਰੇ ਚਿੰਤਾ ਜਾਹਿਰ ਕਰਨ 'ਤੇ ਸ: ਚੱਠਾ ਨੇ ਉਸ ਸਮੇਤ ਹੋਰਨਾਂ ਦੇ ਸਹਿਯੋਗ ਨਾਲ 2009 'ਚ ਸ਼ੇਰਡੈਨ ਕਾਲਜ, ਬਰੈਮਟਨ, ਕੈਨੇਡਾ ਵਿਖੇ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਗਾਜ਼ ਕੀਤਾ ਗਿਆ। ਇਸ ਤਿੰਨ ਰੋਜਾ ਕਾਨਫਰੰਸ ਦੀ ਸਫਲਤਾ ਨੇ ਵਿਸ਼ਵ ਪਧਰ 'ਤੇ ਪੰਜਾਬੀਆਂ ਨੂੰ ਆਪਣੀ ਬੋਲੀ, ਸਭਿਆਚਾਰ ਅਤੇ ਵਿਰਸੇ ਨਾਲ ਜੋੜਣ ਵੱਲ ਸੁਚੇਤ ਕੀਤਾ, ਜਿਸ ਦੀ ਖੂਬ ਚਰਚਾ ਹੋਈ। ਇਸ ਮੌਕੇ ਬਤੌਰ ਚੈਅਰਮੈਨ ਆਪਣੇ ਸੁਭਾਅ ਅਨੁਸਾਰ ਸਖਤ ਮਿਹਨਤ ਤੇ ਕੰਮ ਪ੍ਰਤੀ ਨਿਸ਼ਠਾ ਨੇ ਆਪ ਨੂੰ ਟੀਮ ਦਾ ਮੋਹਰੀ ਹੋਣ ਦਾ ਮਾਣ ਦਿਤਾ। ਇਸੇ ਤਰਾਂ ਹਰ ਦੋ ਸਾਲ ਬਾਅਦ ਕਾਨਫਰੰਸ ਕਰਨ ਦੀ ਨਿਸ਼ਚੇ ਅਧੀਨ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ 2011 ਵਿਚ ਬਰੈਪਟਨ ਵਿਖੇ ਕਰਵਾਈ ਗਈ। 2013 'ਚ ਹੋਣ ਵਾਲੀ ਕਾਨਫਰੰਸ ਸ: ਦਰਸ਼ਨ ਸਿੰਘ ਦੀ ਬੇਵਕਤੀ ਮੌਤ ਕਾਰਨ ਨਹੀਂ ਹੋ ਸਕੀ ਪਰ ਸ: ਅਜੈਬ ਸਿੰਘ ਚੱਠਾ ਵਲੋਂ ਉਸ ਵਰ੍ਹੇ ਵੀ ਸਵ: ਦਰਸ਼ਨ ਸਿੰਘ ਦੀ ਯਾਦ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਤੀਜੀ ਵਿਸ਼ਵ ਪੰਜਾਬੀ ਕਾਨਫਰੰਸ 13 ਅਤੇ 14 ਜੂਨ 2015 ਨੂੰ ਸੈਚਰੀ ਗਾਰਡਨ ਰਿਕਰੇਸ਼ਨ ਸੈਂਟਰ ਬਰੈਮਟਨ ਵਿਖੇ ਹੋਈ। ਇਸ 'ਚ ਵਖ ਵਖ ਦੇਸ਼ਾਂ ਦੇ 116 ਡੈਲੀਗੇਟਾਂ ਨੇ ਹਿਸਾ ਲਿਆ। ਇਸ ਮੌਕੇ ਸ: ਚੱਠਾ ਦੀ ਪਹਿਲ ਕਦਮੀ ਸਦਕਾ ਭਾਰਤ ਅਤੇ ਪਾਕਿਸਤਾਨ ਤੋਂ ਲੇਖਕ ਅਤੇ ਬੁਧੀਜੀਵੀਆਂ ਨੇ ਵਧ ਚੜ ਕੇ ਸ਼ਮੂਲੀਅਤ ਕੀਤੀ। ਇਸੇ ਪ੍ਰਕਾਰ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ 2017, ਟਰੌਂਟੋ ਵਿਖੇ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ, ਕਲਮ ਫਾਊਡੇਸ਼ਨ, ਓਨਟਾਰੀਉ ਫਰੈਂਡਸ ਕਲਬ ਅਤੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਦੇ ਸਹਿਯੋਗ ਨਾਲ ਮਿਤੀ 23, 24 ਅਤੇ 25 ਜੂਨ 2017 ਨੂੰ ਕੀਤੀ ਗਈ। ਹੁਣ ਪੰਜਵੀਂ ਵਿਸ਼ਵ ਪੰਜਾਬੀ ਕਾਨਫਰੰਸ ਟਰੌਂਟੋ ਦੀ ਧਰਤੀ 'ਤੇ 28, 29 ਅਤੇ 30 ਜੂਨ ਨੂੰ ਕਰਾਏ ਜਾਣ ਦਾ ਐਲਾਨ ਕੀਤਾ ਜਾ ਚੁਕਿਆ ਹੈ। ਜਿਸ ਵਿਚ ਭਾਰਤ ਤੋਂ ਇਲਾਵਾ ਲਹਿਦੇ ਪੰਜਾਬ ਅਤੇ ਵਿਸ਼ਵ ਭਰ ਦੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੇਖਕਾਂ, ਬੁਧੀਜੀਵੀਆਂ ਅਤੇ ਸਰੋਤਿਆਂ ਵਲੋਂ ਵਧ ਚੜ ਕੇ ਸ਼ਮੂਲੀਅਤ ਕਰਨ ਦੀਆਂ ਸੰਭਾਵਨਾਵਾਂ ਹਨ। ਕਾਨਫਰੰਸ ਨੂੰ ਸਫਲ ਤੇ ਯਾਦਗਾਰੀ ਬਣਾਉਣ ਲਈ ਸ: ਅਜੈਬ ਸਿੰਘ ਚੱਠਾ ਅਤੇ ਸਾਥੀਆਂ ਵਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਾਨਫਰੰਸਾਂ ਦੀ ਵਿਲਖਣ ਪਖ ਇਹ ਵੀ ਹੈ ਕਿ ਉਹਨਾਂ 'ਚ ਸਿਰਫ ਖੋਜ ਪਤਰ ਹੀ ਨਹੀਂ ਪੜ੍ਹੇ ਜਾਂਦੇ ਸਗੋਂ ਦਰਪੇਸ਼ ਚੁਨੌਤੀਆਂ ਪ੍ਰਤੀ ਵਿਦਵਾਨਾਂ ਵਲੋਂ ਮਿਲ ਬੈਠ ਕੇ ਵਿਚਾਰ ਵਤਾਂਦਰੇ ਰਾਹੀਂ ਹਲ ਤਲਾਸ਼ੇ ਜਾਂਦੇ ਹਨ।
ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਕਰਨ ਦੇ ਇਰਾਦੇ ਨਾਲ ਸਥਾਪਿਤ ਵਿਸ਼ਵ ਪੰਜਾਬੀ ਕਾਨਫਰੰਸ ਦਾ ਬੂਟਾ ਕਾਫੀ ਵੱਧ ਫੁਲ ਰਿਹਾ ਹੈ, ਜੋ ਆਉਣ ਵਾਲੇ ਸਮੇਂ 'ਚ ਕੈਨੇਡਾ ਵਿਚ ਰਹਿੰਦੇ ਪੰਜਾਬੀਆਂ ਲਈ ਸੰਘਣੀ ਛਾਂ ਦੇਣ ਦੇ ਨਾਲ ਨਾਲ ਹੋਰਨਾਂ ਦੇਸ਼ਾਂ 'ਚ ਵੱਸ ਰਹੇ ਪੰਜਾਬੀ ਪ੍ਰੇਮੀਆਂ ਲਈ ਪ੍ਰੇਰਣਾ ਸਰੋਤ ਬਣੀ ਰਹੇਗੀ।
ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਸ: ਅਜੈਬ ਸਿੰਘ ਚੱਠਾ ਦੇ ਜਿੰਦਗੀ ਦਾ ਮੁਖ ਮਕਸਦ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਪੰਜਾਬੀ ਜੀਵਨ ਜਾਚ ਨੂੰ ਪ੍ਰਫੁਲਤ ਕਰਨਾ ਹੈ। ਉਹ ਪੰਜਾਬੀ ਜੁਬਾਨ ਨੂੰ ਸਦੀਵੀ ਰਹਿਣ ਵਾਲੀ ਭਾਸ਼ਾ ਵਜੋਂ ਦੇਖਣਾ ਚਾਹੁੰਦਾ ਹੈ। ਕੈਨੇਡਾ ਦੀ ਧਰਤੀ 'ਤੇ ਕਾਨਫਰੰਸਾਂ ਰਾਹੀਂ ਵਿਦਵਾਨ ਅਤੇ ਚਿੰਤਕਾਂ ਦੁਆਰਾ ਸੰਵਾਦ ਰਚਾਉਣ ਦਾ ਮਕਸਦ ਪਰਵਾਸ ਭੋਗ ਰਹੇ ਪੰਜਾਬੀਆਂ ਨੂੰ ਆਪਣੀ ਬੋਲੀ, ਸਾਹਿਤ ਅਤੇ ਸਭਿਆਚਾਰ ਪ੍ਰਤੀ ਜਾਗਰੂਕ ਕਰਾਉਣਾ ਹੈ। ਜਿਸ ਤੋਂ ਆਉਣ ਵਾਲੀਆਂ ਨਸਲਾਂ ਵੀ ਸੇਧ ਲੈ ਸਕਣ। ਨਵੀਂ ਪੀੜੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਣਾ ਅਤੇ ਪਛਮੀ ਰੰਗ 'ਚ ਰੰਗੀ ਜਾ ਰਹੀ ਨੌਜਵਾਨ ਪੀੜੀ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜਾਉਣਾ ਚਾਹੁੰਦਾ ਹੈ। ਇਸ ਪ੍ਰਤੀ ਉਹ ਜਮੀਨੀ ਪਧਰ 'ਤੇ ਕਾਰਜ ਕਰਨ ਦੀ ਲੋੜ 'ਤੇ ਜੋਰ ਦਿੰਦਾ ਹੈ।
ਨਿਰਸੰਦੇਹ ਉਹ ਇਕ ਵਿਅਕਤੀ ਨਾ ਹੋ ਕੇ ਸੰਸਥਾ ਦਾ ਦਰਜਾ ਰਖਦਾ ਹੈ, ਬਿਨਾ ਕਿਸੇ ਸਰਕਾਰੀ ਮਾਲੀ ਸਹਾਇਤਾ ਦੇ ਕੈਨੇਡਾ ਵਰਗੇ ਮੁਲਕ 'ਚ ਇਨੇ ਵਡੇ ਸਮਾਗਮਾਂ ਦਾ ਆਯੋਜਨ ਕਰਨਾ ਬਹੁਤ ਵਡਾ ਉਪਰਾਲਾ ਹੈ। ਸ: ਚੱਠਾ ਅਤੇ ਸਾਥੀ ਇਸ ਪਰਉਪਕਾਰੀ ਕਾਰਜ ਲਈ ਸਲਾਮ ਦੇ ਹੱਕਦਾਰ ਹਨ। ਉਮੀਦ ਕਰਦੇ ਹਾਂ ਕਿ ਕਾਨਫਰੰਸਾਂ ਦਾ ਇਹ ਸਿਲਸਿਆ ਇੰਝ ਹੀ ਨਿਰਵਿਘਣ ਜਾਰੀ ਰਹੇਗਾ ਅਤੇ ਸਾਰਥਿਕ ਸਿੱਟਿਆਂ ਦੇ ਨਾਲ ਨਵੇਂ ਦਿਸਹਦੇ ਨਾਪਦੀ ਰਹੇਗੀ। ਆਮੀਨ ।
-
ਸਰਚਾਂਦ ਸਿੰਘ, ਲੇਖਕ
sarchand001@gmail.com
9781355522
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.