ਹੰਸ ਦਾ ਜਾਦੂ ਜਿਉਂ ਦਾ ਤਿਉਂ ਬਰਕਰਾਰ
ਨਵਦੀਪ ਸਿੰਘ ਗਿੱਲ
ਚੰਡੀਗੜ੍ਹ, 16 ਨਵੰਬਰ 2018 - ਮੁੱਦਤਾਂ ਬਾਅਦ ਅੱਜ ਹੰਸ ਰਾਜ ਹੰਸ ਦਾ ਲਾਈਵ ਸਟੇਜ ਸ਼ੋਅ ਦੇਖਿਆ। ਪਿਛਲੇ ਕਰੀਬ ਇਕ ਦਹਾਕੇ ਤੋਂ ਇਸ ਕਲਾਕਾਰ ਨੂੰ ਸਿਰਫ ਰਾਜਸੀ ਖੇਤਰ ਵਿੱਚ ਵਿਚਰਦਿਆਂ ਹੀ ਮਿਲਦੇ ਰਹਿੰਦੇ ਸਨ ਪਰ ਅੱਜ ਕਲਾ ਗਰਾਮ ਵਿਖੇ ਚੰਡੀਗੜ੍ਹ ਨੈਸ਼ਨਲ ਕਰਾਫਟ ਮੇਲੇ ਦੌਰਾਨ ਉਸ ਦੀ ਸੂਫ਼ੀ, ਕਲਾਸੀਕਲ, ਫੋਕ ਤੇ ਪੌਪ ਦੇ ਸੁਮੇਲ ਵਾਲੀ ਗਾਇਕੀ ਦੇ ਵਗਦੇ ਦਰਿਆ ਵਿੱਚ ਚੁੱਭੀ ਮਾਰਨ ਦਾ ਮੌਕਾ ਮਿਲਿਆ।
ਬਚਪਨ ਦੇ ਦੌਰ ਤੋਂ ਜਿਨ੍ਹਾਂ ਕਲਾਕਾਰਾਂ ਨੂੰ ਲਾਈਵ ਸੁਣ-ਸੁਣ ਵੱਡੇ ਹੋਏ ਆ, ਉਨ੍ਹਾਂ ਚੋ ਹੰਸ ਇਕ ਹੈ।ਸਾਡੀ ਪੀੜ੍ਹੀ ਲਈ ਕੁਲਦੀਪ ਮਾਣਕ, ਗੁਰਦਾਸ ਮਾਨ, ਹੰਸ, ਹਰਭਜਨ ਮਾਨ, ਮਨਮੋਹਨ ਵਾਰਿਸ, ਸਰਦੂਲ ਸਿਕੰਦਰ, ਕਮਲਜੀਤ ਨੀਰੂ, ਸਤਵਿੰਦਰ ਬਿੱਟੀ, ਪੰਮੀ ਬਾਈ, ਸਰਬਜੀਤ ਚੀਮਾ, ਸੁਰਜੀਤ ਬਿੰਦਰਖੀਆ, ਜੈਂਜੀ ਬੀ, ਬੱਬੂ ਮਾਨ ਆਦਿ ਗਾਇਕ ਚਹੇਤੇ ਹੁੰਦੇ ਸਨ। ਹਾਲੇ ਵੀ ਚੇਤੇ ਹੈ ਕਿ 24-25 ਸਾਲ ਪਹਿਲਾਂ ਹੰਸ ਰਾਜ ਹੰਸ ਨੂੰ ਬਰਨਾਲੇ ਐਸ ਡੀ ਕਾਲਜ ਦੇ ਗਰਾਊਂਡ (ਜਿੱਥੇ ਪਹਿਲਾ ਹਾਕੀ ਮੈਦਾਨ ਸੀ, ਹੁਣ ਬੀ ਐਡ ਕਾਲਜ ਹੈ) ਵਿੱਚ ਖੁੱਲ੍ਹੇ ਅਖਾੜੇ ਵਿੱਚ ਸੁਣਿਆ ਸੀ।
ਫੇਰ ਹੰਸ ਨੂੰ ਦੂਜੀ ਵਾਰ 2002 ਵਿੱਚ ਲੁਧਿਆਣੇ ਪ੍ਰੋ ਮੋਹਨ ਸਿੰਘ ਮੇਲੇ ਮੌਕੇ ਸੁਣਨ ਦਾ ਮੌਕਾ ਮਿਲਿਆ (ਉਸ ਵੇਲੇ ਵਾਲੀ ਹੰਸ ਤੇ ਮਾਣਕ ਸਾਬ ਨਾਲ ਖਿਚਵਾਈ ਤਸਵੀਰ ਹੁਣ ਤੱਕ ਸਾਂਭ ਕੇ ਰੱਖੀ ਹੋਈ ਹੈ) ਫੇਰ ਜਲੰਧਰ ਪੱਤਰਕਾਰੀ ਕਰਦਿਆਂ ਹੰਸ ਨੂੰ ਜਿੱਥੇ ਕਈ ਵਾਰ ਸੁਣਨ ਦਾ ਮੌਕਾ ਮਿਲਿਆਂ ਉੱਥੇ ਨਿੱਜੀ ਤੌਰ ਉਤੇ ਵੀ ਬਹੁਤ ਵਾਰ ਮਿਲੇ।ਸ਼ਮਸ਼ੇਰ ਸੰਧੂ ਭਾਜੀ ਨੂੰ ਪੀਟੀਸੀ ਲਾਈਫ਼ ਟਾਈਮ ਅਚੀਵਮੈੰਟ ਮਿਲਣ ਮੌਕੇ ਸਮਾਰੋਹ ਦੌਰਾਨ ਸੰਧੂ ਸਾਬ ਨੇ ਹੰਸ ਨਾਲ ਜਾਣ-ਪਛਾਣ ਕਰਵਾਉਂਦਿਆਂ ਜਦੋਂ ਮੈਨੂੰ ਆਪਣਾ ਅਜ਼ੀਜ਼ ਦੱਸਿਆ ਤਾਂ ਹੰਸ ਹੋਰ ਵੀ ਤਪਾਕ ਨਾਲ ਮਿਲਣ ਲੱਗਿਆ। ਇਕ ਵਾਰ ਬਾਲੀਵੁੱਡ ਕਲਾਕਾਰ ਧਰਮਿੰਦਰ ਨਾਲ ਮਿਲਣੀ ਮੌਕੇ ਵੀ ਤਾਜ ਹੋਟਲ ਚ ਰਾਜਨੀਤੀ ਤੋਂ ਅੱਕੇ ਹੰਸ ਰਾਜ ਹੰਸ ਨੂੰ ਰਾਜਨੀਤੀ ਤੋਂ ਤੋਬਾ ਕਰਦੇ ਸੁਣਿਆ ਸੀ।
ਹੰਸ ਦੀ ਪਛਾਣ ਕਲਾ ਪ੍ਰੇਮੀਆਂ ਲਈ ਤਾਂ ਇਕ ਕਲਾਕਾਰ ਦੀ ਹੀ ਹੈ। ਇਸ ਵਾਰ ਕਰਾਫਟ ਮੇਲੇ ਦੌਰਾਨ ਲੱਗਣ ਵਾਲੇ ਕਲਾਕਾਰਾਂ ਦੀ ਸੂਚੀ ਵਿੱਚ ਹੰਸ ਦਾ ਨਾਮ ਦੇਖ ਕੇ ਬਹੁਤ ਖ਼ੁਸ਼ੀ ਹੋਈ ਸੀ। ਉਸ ਦਿਨ ਤੋਂ ਹੰਸ ਦਾ ਲਾਈਵ ਸ਼ੋਅ ਦੇਖਣ ਦਾ ਮਨ ਬਣਾਇਆ ਅਤੇ ਅੱਜ ਸੁਣ ਵੀ ਲਿਆ। ਹੰਸ ਨੇ ਪੂਰਾ ਰੰਗ ਬੰਨ੍ਹ ਦਿੱਤਾ। ਉਸ ਦਾ ਜਾਦੂ ਹਾਲੇ ਵੀ ਬਰਕਰਾਰ ਹੈ ਅਤੇ ਲੋਕਾਂ ਵਿੱਚ ਹਾਲੇ ਵੀ ਉਸ ਦਾ ਕਰੇਜ਼ ਹੈ। ਹੰਸ ਨੇ ਵੀ ਫਰਮਾਇਸ਼ਾਂ ਪੂਰੀਆਂ ਕਰਦਿਆਂ ਇਹ ਜੋ ਸਿੱਲੀ-ਸਿੱਲੀ ਆਉਂਦੀ ਹੈ ਹਵਾ, ਨਿੱਤ ਖ਼ੈਰ ਮੰਗਾ, ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ, ਦਿਲ ਚੋਰੀ ਸਾਡਾ ਹੋ ਗਿਆ, ਦਿਲ ਟੋਟੇ ਟੋਟੇ ਹੋ ਗਿਆ, ਤੇਰੇ ਸ਼ਹਿਰ ਨੂੰ ਸਜਦਾ ਕਰ ਚੱਲੇ...ਜਾ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਾਰ ਜਾਵੇਗੀ, ਨੱਚਣ ਤੋਂ ਪਹਿਲਾ ਹੋਕਾ ਦਿਆਂਗਾ ਆਦਿ ਗਾਏ। ਗਰਾਰੀਆਂ ਲਾਉਣੀਆਂ, ਸਿਰ ਹਿਲਾ ਹਿਲਾ ਜ਼ੁਲਫ਼ਾਂ ਨੂੰ ਚਿਹਰੇ ‘ਤੇ ਨਚਾਉਣਾ, ਗੀਤ ਲਮਕਾਉਂਦਿਆਂ ਗ਼ਜ਼ਲਾਂ, ਸ਼ੇਅਰਾਂ, ਪੁਰਾਣੇ ਗੀਤਾਂ ਨੂੰ ਸੁਣਾਉਣਾ ਵੀ ਹੰਸ ਨੇ ਬਾਦਸਤੂਰ ਜਾਰੀ ਰੱਖਿਆ।ਤੇਰੇ ਨੀ ਕਰਾਰਾ ਮੈਨੂੰ ਪੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਗਾ ਕੇ ਉਸਤਾਦ ਯਮਲੇ ਜੱਟ ਨੂੰ ਯਾਦ ਕਰਵਾਇਆ।ਹੰਸ ਦੀ ਗਾਇਕੀ ਹਾਲੇ ਵੀ ਪੂਰੇ ਜ਼ੋਬਨ ‘ਤੇ ਹੈ। ਸ਼ਾਲਾਂ ਕਾਇਮ ਰਹੇ ਇਹ ਆਵਾਜ਼
16 ਨਵੰਬਰ, 2018
ਅੱਧੀ ਰਾਤੀਂ 12 ਵੱਜਕੇ 10 ਮਿੰਟ ਤੇ
-
ਨਵਦੀਪ ਸਿੰਘ ਗਿੱਲ, ਲੇਖਕ
navdeepsinghgill82@gmail.com
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.