"ਹਰਜੀਤਾ" ਨਾਂ ਦੀ ਪੰਜਾਬੀ ਮੂਵੀ ਹੈ ਜਿਸ ਨੂੰ ਮੈਂ ਕਿੰਨਾ ਹੀ ਚਿਰ ਸਿਰਫ ਇਸ ਕਰਕੇ ਨਹੀਂ ਵੇਖਿਆ ਕਿ ਜਿਸ ਦਾ ਨਾਂ ਹੀ ਏਨਾ ਬੋਰਿੰਗ ਹੈ ਉਹ ਮੂਵੀ ਕਿਸ ਤਰ੍ਹਾਂ ਦੀ ਹੋਵੇਗੀ? ਪਰ ਇਸ ਸਨਿੱਚਰਵਾਰ ਜਦੋਂ ਇੰਡੀਆ ਦੀ ਥਕਾਵਟ ਦਾ ਭੰਨਿਆ ਸਰੀਰ ਕੁਝ ਹੋਰ ਕਰਨ ਲਈ ਨਹੀਂ ਸੀ ਮੰਨ ਰਿਹਾ ਤਾਂ ਸੋਚਿਆ ਕਿ ਚਲੋ ਵੇਖੋ ਤਾਂ ਸਹੀ ਕਿ ਇਸ ਵਿੱਚ ਹੈ ਕੀ? ਮੂਵੀ ਸਟਾਰਟ ਕਰਨ ਦੀ ਦੇਰ ਹੀ ਸੀ ਕਿ ਇਸ ਨੇ ਚੁੰਬਕ ਵਾਂਗ ਮੈਨੂੰ ਆਪਣੇ ਨਾਲ਼ ਜੋੜ ਲਿਆ। ਮੈਂ ਸਮਝਦਾ ਹਾਂ ਕਿ ਇਹ ਫ਼ਿਲਮ ਜੇ 'ਦੰਗਲ਼ ' ਤੋਂ ਅੱਗੇ ਨਹੀਂ ਤਾਂ ਉਸਤੋਂ ਘੱਟ ਵੀ ਨਹੀਂ। ਇੱਕ ਗਰੀਬ ਪਰਵਾਰ ਦੇ ਮੁੰਡੇ ਦੇ ਹਾਕੀ ਦੇ ਵਧੀਆ ਖਿਡਾਰੀ ਬਣਨ ਦੀ ਕੋਸ਼ਿਸ਼ ਦੁਆਲ਼ੇ ਘੁੰਮਦੀ ਕਹਾਣੀ ਨੂੰ ਫ਼ਿਲਮਾਉਂਦੀ ਇਹ ਫ਼ਿਲਮ ਐਮੀ ਵਿਰਕ ਦੀ ਅਦਾਕਾਰੀ ਦਾ ਸਿਖਰ ਤਾਂ ਹੈ ਉਸਦੇ ਨਾਲ਼ ਹੀ ਗੁਰਪ੍ਰੀਤ ਭੰਗੂ ਅਤੇ ਪੰਕਜ ਤ੍ਰੈਪਾਠੀ ਨੇ ਜਿੰਨੀ ਨੈਚਰਲ ਅਦਾਕਾਰੀ ਕੀਤੀ ਹੈ ਉਹ ਪੰਜਾਬੀ ਫ਼ਿਲਮਾਂ ਵਿੱਚ ਅਰਸੇ ਬਾਅਦ ਹੀ ਵੇਖਣ ਨੂੰ ਮਿਲ਼ਦੀ ਹੈ।
ਅਦਾਕਾਰਾਂ ਦੀ ਅਦਾਕਾਰੀ ਅਤੇ ਨਿਰਦੇਸ਼ਕ ਦੀ ਨਿਰਦੇਸ਼ਨਾ ਦਾ ਸਰੂਰ ਲੈਣ ਲਈ ਪੰਜਾਬੀ ਸਿਨੇਮੇ ਨੂੰ ਪਿਆਰ ਕਰਨ ਵਾਲ਼ੇ ਹਰ ਵਿਅਕਤੀ ਨੂੰ ਇਹ ਫ਼ਿਲਮ ਜ਼ਰੂਰ ਵੇਖਣੀ ਚਾਹੀਦੀ ਹੈ। ਅਜਿਹੀਆਂ ਫ਼ਿਲਮਾਂ ਦਾ ਸਫ਼ਲ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅਜਿਹੀਆਂ ਫ਼ਿਲਮਾਂ ਵੀ ਕਾਮਯਾਬ ਨਾ ਹੋਈਆਂ ਤਾਂ ਫਿਰ ਸਾਨੂੰ ਪੰਜਾਬੀ ਗੀਤਾਂ ਤੇ ਫ਼ਿਲਮਾਂ ਵਿੱਚ ਫੈਲਦੀ ਜਾ ਰਹੀ ਲੱਚਰਤਾ ਨੂੰ ਠੱਲ੍ਹ ਪਾਉਣ ਦੀ ਸੋਚ ਵੀ ਛੱਡ ਦੇਣੀ ਚਾਹੀਦੀ ਹੈ।
ਮੈਨੂੰ ਪਤਾ ਲੱਗਾ ਹੈ ਕਿ ਇਸ ਫ਼ਿਲਮ ਦੇ ਨਿਰਮਾਤਾ ਇਸ ਫ਼ਿਲਮ ਨੂੰ ਮਿਲ਼ੇ ਠੰਡੇ ਹੁੰਗਾਰੇ ਤੋਂ ਨਿਰਾਸ਼ ਨੇ ਤੇ ਮੈਂ ਸੋਚਦਾ ਹਾਂ ਕਿ ਮੇਰੇ ਵਰਗੇ ਕਿੰਨੇ ਹੋਰ ਹੋਣਗੇ ਜਿਨ੍ਹਾਂ ਨੇ ਇਸ ਫ਼ਿਲਮ ਦਾ ਨਾਂ ਵੇਖ ਕੇ ਹੀ ਇਸ ਨੂੰ ਨਾ ਵੇਖਣ ਦਾ ਮਨ ਬਣਾ ਲਿਆ ਹੋਵੇਗਾ? ਇਸ ਪੱਖੋਂ ਨਿਰਮਾਤਾਵਾਂ ਨੂੰ ਵੀ ਸੋਚਣ ਦੀ ਲੋੜ ਹੈ ਕਿ ਸਿਰਫ ਵਧੀਆ ਪ੍ਰੋਡਕਸ਼ਨ ਨਾਲ਼ ਹੀ ਗੱਲ ਨਹੀਂ ਬਣਦੀ, ਲੋਕਾਂ ਦਾ ਧਿਆਨ ਖਿੱਚਣ ਲਈ ਅੱਜ ਦੇ ਮਾਰਕੀਟਿੰਗ ਦਾਅ-ਪੇਚਾਂ ਨੂੰ ਵੀ ਵਰਤਣਾ ਪਵੇਗਾ।
-
ਕੁਲਵਿੰਦਰ ਖੇਹੜਾ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.