ਪਿਛਲੇ ਕੁੱਝ ਅਰਸੇ ਤੋਂ ਰਾਸਟਰਵਾਦੀਆੰ ਵੱਲੋਂ ਸ਼ਹੀਦ ਸ਼ਬਦ ਦੀ ਵਰਤੋਂ ਇਕ ਖ਼ਾਸ ਮਕਸਦ ਲਈ ਕੀਤੀ ਜਾ ਰਹੀ ਹੈ । ਕਦੀ ਭਾੜ੍ਹੇ ਦੇ ਟੱਟੂ ਵੀ ਸ਼ਹੀਦ ਹੋਏ ਹਨ ? ਇੰਗਲੈਂਡ ਵਿੱਚ ਗੁਲਾਮ ਭਾਰਤ ਵਿੱਚ ਬ੍ਰਿਟਿਸ ਸਾਮਰਾਜ ਲਈ ਲੜਣ ਵਾਲੇ ਇਕ ਪੱਗੜੀਧਾਰੀ ਸਿਪਾਹੀ ਦਾ ਬੁੱਤ ਲੱਗਣ ਤੇ ਕੁੱਝ ਅਲਪ-ਬੁੱਧੀ ਲੋਕਾਂ ਨੇ ਸ਼ੋਸਲ ਮੀਡੀਆ ਤੇ ਪੋਸਟਾਂ ਦੀ ਹਨੇਰੀ ਲਿਆਂਦੀ ਪਈ ਹੈ । ਅਜਿਹੀ ਹੌੜ੍ਹ ਪੰਜਾਬੀਆਂ ਵਿੱਚ ਬਹੁਤ ਜਿਆਦਾ ਪਾਈ ਜਾਂਦੀ ਹੈ । ਗੋਰਿਆਂ ਦੀ ਫੌਜ ਵਿੱਚ ਤਨਖ਼ਾਹ ਤੇ ਕੰਮ ਕਰਦੇ ਸਾਰਾਗੜ੍ਹੀਏ ਅਤੇ ਗੈਲੀਪੋਲੀਏ ਸਿਪਾਹੀ ਤਾਂ ਵਿਚਾਰੇ ਢਿੱਡ ਦੀ ਖ਼ਾਤਰ ਸੈਨਿਕ ਬਣੇ ਸਨ । ਉਨ੍ਹਾਂ ਦੀ ਮੌਤ ਤਾਂ ਮਹਿਜ਼ “ਅੰਕੜਿਆਂ” ਦਾ ਹਿੱਸਾ ਹੁੰਦੀ ਹੈ, ਪਰ ਬਿਨਾ ਵੇਤਨ, ਬਿਨਾ ਨਿੱਜੀ ਲਾਭ ਤੇ ਕਿਸੇ ਕੌਮ ਜਾਂ ਦੇਸ਼ ਲਈ ਕੁਰਬਾਨੀ ਕਰਨ ਵਾਲੇ ਸ਼ਹੀਦ ਹੁੰਦੇ ਹਨ ।
........ਮਰਨਾ ਹੋਰ ਹੁੰਦਾ ਤੇ ਸ਼ਹਾਦਤ ਹੋਰ ਹੁੰਦੀ ਹੈ ”ਕਵਿੰਦਰ ਚਾਂਦ” ਤਨਖ਼ਾਹਾਂ ਤੇ ਕੰਮ ਕਰਦੇ ਸੈਨਿਕ ਸਾਮਰਾਜਵਾਦੀਆਂ ਵੱਲੋਂ ਦੂਸਰੇ ਸਾਮਰਾਜੀ ਮੁਲਖ਼ ਦੇ ਖਿਲਾਫ ਦੋਵਾਂ ਆਲਮੀ ਜੰਗਾਂ ਵਿਚ ਖੂਬ ਵਰਤੇ ਗਏ । ਇਕ ਪਾਸੇ ਜਦੋਂ ਗਦਰੀ ਬਾਬੇ ਆਪਣਾ ਸੁਨਹਿਰਾ ਭਵਿੱਖ ਛੱਡ ਕੇ ਕਾਮਾਗਾਟਾ ਮਾਰੂ ਵਿੱਚ ਬਹਿ ਰਹੇ ਸੀ, ਜਦੋਂ ਬਾਬਾ ਜਵਾਲਾ ਸਿੰਘ ਠੱਠੀਆੰ ਵਰਗੇ ਆਪਣਾ ਹਜ਼ਾਰਾਂ ਏਕੜਾਂ ਦਾ ਆਲੂ ਫ਼ਾਰਮ ਵੇਚ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਆ ਰਹੇ ਸੀ ਤਾਂ ਸਾਡੇ ਬਹੁਤ ਸਾਰੇ ਭਾਰਤੀ ਭਰਾ ਟੋਡੀਆੰ ਲਈ ਲੜਣ ਵਾਸਤੇ ਭਾਰਤ ਛੱਡ ਰਹੇ ਸੀ । ਜਦੋਂ ਅਜ਼ਾਦ ਹਿੰਦ ਫੌਜ ਬਰਮਾ ਦੇ ਫਰੰਟ ਤੇ ਦਸਤਕ ਦੇ ਰਹੀ ਸੀ ਤਾਂ ਇਹੋ ਜਹੇ ਹਜ਼ਾਰਾਂ ਗੋਰਿਆਂ ਦੇ ਪਿਆਦੇ ਵਿਕਟੋਰੀਆ ਕਰਾਸ ਲੈਣ ਲਈ, ਤਰੱਕੀਆਂ ਲੈਣ ਲਈ, ਫੀਤੀਆਂ ਲਵਾਉੰਣ ਲਈ, ਬਾਰਾਂ ਵਿੱਚ ਮੁਰੱਬੇ ਲੈਣ ਲਈ, ਯੂਨੀਅਨ ਜੈੱਕ ਦੀ ਸਲਾਮਤੀ ਲਈ ਜੰਗ ਵਿੱਚ ਲੜ ਰਹੇ ਸੀ ।
ਗੁਲਾਮ ਮਾਨਸਿਕਤਾ ਦੀ ਰਹਿੰਦ ਖੂੰਹਦ ਨਾਲ ਗ੍ਰਸਤ ਮੈਂ ਉਨਾਂ ਸਾਰੇ ਪੰਜਾਬੀਆੰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਅਗਰ ਟੋਡੀਆੰ ਦੇ ਇਹ ਝੋਲੀ-ਚੁਕ ਵਿਸ਼ਵ ਜੰਗਾਂ ਵਿੱਚ ਬ੍ਰਿਟਿਸ ਸਾਮਰਾਜ ਵੱਲੋੰ ਲੜ ਕੇ ਮਰਨ ਵਾਲੇ ਸ਼ਹੀਦ ਹਨ, ਤਾਂ ਫਿਰ ਸ਼ਹੀਦੇ ਆਜ਼ਮ ਭਗਤ ਸਿੰਘ ਕਿੰਨ੍ਹਾ ਵਿੱਚੋਂ ਹੋਇਆ ? ਕਰਤਾਰ ਸਿੰਘ ਸਰਾਭਾ ਕਿੰਨ੍ਹਾ ਦਾ ਸ਼ਹੀਦ ਹੈ ? ਸੁਭਾਸ਼ ਚੰਦਰ ਬੋਸ ਕਿਹਦੇ ਖਿਲਾਫ਼ ਲੜਿਆ ਸੀ ? ਧੰਨਾ ਸਿੰਘ ਬਹਿਬਲਪੁਰ ਕਿਹੜਾ ਭਰਤੀ ਲਈ ਅਣਫਿਟ ਸੀ ? ਊਧਮ ਸਿੰਘ ਦੇ ਮਨ ਵਿੱਚ ਬਦਲੇ ਦੀ ਥਾਂ ਤੇ ਜਾਗੀਰਾਂ ਦੀ ਪ੍ਰਾਪਤੀ ਕਿਉਂ ਨਾ ਆਈ ? ਚੰਦਰ ਸ਼ੇਖਰ ਆਜ਼ਾਦ ਕੀ ਸਾਰਾਗੜ੍ਹੀਏ ਸਿੱਖਾਂ ਨਾਲੋਂ ਘੱਟ ਬਹਾਦਰ ਸੀ ? ਜਦੋਂ ਭਾਰਤ ਸਰਕਾਰ ਕੋਲੋਂ ਆਪਾਂ ਪੰਜਾਬ ਲਈ ਹੱਕ ਮੰਗਦੇ ਹਾਂ ਤਾਂ ਇਨ੍ਹਾਂ ਭਾੜੇ ਦੇ ਸੈਨਿਕਾਂ ਦਾ ਨਾਮ ਵਿੱਚ ਸ਼ਾਮਿਲ ਕਿਉਂ ਨਹੀੰ ਕਰਦੇ ??
ਯਾਰੋ ਭਾੜ੍ਹੇ ਦੇ ਫੌਜੀਆੰ ਦੇ ਗੁਣਗਾਨ ਕਰਕੇ ਆਪਣੇ ਸ਼ਹੀਦਾਂ ਦਾ ਇੰਝ ਨਿਰਾਦਰ ਨਾ ਕਰੋ । ਜਿਨਾ ਆਪਣੇ ਘਰ-ਬਾਰ ਕੁਰਕ ਕਰਾਏ, ਚੱਕੀਆੰ ਲਵਾਈਆਂ, ਤਸ਼ੱਦਦ ਝੱਲੇ, ਜੇਲ੍ਹਾਂ ਵਿੱਚ ਜੁਆਨੀਆਂ ਗਾਲ੍ਹੀਆਂ, ਕਾਲੇਪਾਣੀਆਂ ਵਿੱਚ ਜੀਵਨ ਹੰਢਾਇਆ, ਫਾਂਸੀ ਦੇ ਰੱਸੇ ਚੁੰਮੇ.......ਉਨ੍ਹਾਂ ਸੂਰਬੀਰ ਯੋਧਿਆਂ ਦਾ ਅਪਮਾਨ ਨਾ ਕਰੋ !
-
ਸਰਬਜੀਤ ਸੋਹੀ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.