ਸਾਥੀ ਸ਼ਿੰਦਰ ਨੱਥੂਵਾਲਾ ਦਾ ਬੇਵਕਤੀ ਅਸਿਹ ਅਤੇ ਅਕਿਹ ਵਿਛੋੜਾ ਇਨਕਲਾਬੀ ਜਮਹੂਰੀ ਲਹਿਰ ਲਈ ਵੱਡਾ ਅਤੇ ਨਾਂ ਪੂਰਾ ਜਾ ਸਕਣ ਵਾਲਾ ਘਾਟਾ ਹੈ। ਭਰ ਜਵਾਨੀ ਪਹਿਰੇ ਤੋਂ ਸਾਥੀ ਸ਼ਿੰਦਰ ਨੱਥੂਵਾਲਾ ਦਾ ਇਨਕਲਾਬੀ ਜਮਹੂਰੀ ਲਹਿਰ ਲਈ ਚੁੱਕਿਆ ਕਦਮ ਆਖਰੀ ਸਾਹ ਤੱਕ ਵਫਾ ਪਾਲਦਾ ਹੋਇਆ ਨਵੇਂ ਲੋਕ ਪੱਖੀ ਜਮਹੂਰੀ ਨਿਜਾਮ ਦੀ ਸਿਰਜਣਾ ਦਾ ਸੁਨੇਹਾ ਦੇਣ ਦੀ ਪਿਰਤ ਪਾਕੇ ਪਿਛਲੇ ਦਿਨੀਂ ਇਨਕਲਾਬੀ ਕਾਫਲੇ ਨੂੰ ਅਲਵਿਦਾ ਆਖ ਗਿਆ। ਸਾਥੀ ਸ਼ਿੰਦਰ ਨੱਥੂਵਾਲ ਦੇ ਬੇਵਕਤੀ ਚਲੇ ਜਾਣ ਨਾਲ ਪ੍ਰੀਵਾਰ ਸਮੇਤ ਇਨਕਲਾਬੀ ਜਮਹੂਰੀ ਲਹਿਰ ਦੇ ਵੱਡੇ ਪ੍ਰੀਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਆਖਰੀ ਸਮੇਂ ਸਾਥੀ ਸ਼ਿੰਦਰ ਨੱਥੂਵਾਲਾ ਪੰਜਾਬ ਦੀਆਂ ਸੰਘ੍ਰਸ਼ਸ਼ੀਲ ਕਿਸਾਨ ਜਥੇਬੰਦੀਆਂ ਦਾ ਅਹਿਮ ਅੰਗ ਕ੍ਰਾਂਤਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਦੀ ਵਡੇਰੀ ਜਿੰਮੇਵਾਰੀ ਨਿਭਾ ਰਿਹਾ ਸੀ। ਜਦ ਪੰਜਾਬ ਸਮੇਤ ਮੁਲਕ ਭਰ ਦੀ ਕਿਸਾਨੀ ਗੰਭੀਰ ਆਰਥਿਕ ਸੰਕਟ ਦੇ ਦੌਰ ਚੋਂ ਗੁਜਰ ਰਹੀ ਹੈ ਤਾਂ ਸ਼ਿੰਦਰ ਨੱਥੂਵਾਲਾ ਵਰਗੇ ਪ੍ਰਤੀਬੱਧ ਕਿਸਾਨ ਆਗੂਆਂ ਦੀ ਬਹੁਤ ਜਿਆਦਾ ਲੋੜ ਸੀ। ਕਿਉਂਕਿ ਸਾਥੀ ਸ਼ਿੰਦਰ ਨੱਥੂਵਾਲਾ ਸਿਰਫ ਕਿਸਾਨ ਆਗੂ ਹੀ ਨਹੀਂ ਸੀ,ਸਗੋਂ ਉਹ ਤਾਂ ਇਨਕਲਾਬੀ ਜਮਹੂਰੀ ਲਹਿਰ ਦਾ ਸਮਰਪਿਤ ਆਗੂ ਸੀ। ਜਿੱਥੇ ਸ਼ਿੰਦਰ ਨੱਥੂਵਾਲਾ ਅੱਜ ਦੀ ਹਾਲਤ ਵਿੱਚ ਕ੍ਰਾਂਤਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਪ੍ਰਧਾਨ ਸੀ,ਨਾਲ ਹੀ ਇਸ ਤੋਂ ਪਹਿਲਾਂ ਉਹ ਇਨਕਲਾਬੀ ਕੇਂਦਰ,ਪੰਜਾਬ ਦਾ ਲੰਬਾ ਸਮਾਂ ਸੂਬਾ ਕਮੇਟੀ ਮੈਂਬਰ ਵਜੋਂ ਵੀ ਅਹਿਮ ਜਿੰਮੇਵਾਰੀ ਨਿਭਾਉਂਦਾ ਰਿਹਾ ਹੈ।
ਸਾਥੀ ਸ਼ਿੰਦਰ ਨੱਥੂਵਾਲਾ ਦੀ ਜਿੰਦਗੀ ਵਿੱਚ ਅਨੇਕਾਂ ਉਤਰਾਅ ਚੜਾਅ ਆਏ,ਆਰਥਿਕ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪਿਆ,ਪਰ ਕੋਈ ਵੀ ਮੁਸ਼ਕਲ ਸਾਥੀ ਸ਼ਿੰਦਰ ਨੱਥੂਵਾਲਾ ਦੇ ਇਨਕਲਾਬੀ ਰਾਹ'ਚ ਰੋੜਾ ਨਾਂ ਬਣ ਸਕੀ। ਸਗੋਂ ਸਾਥੀ ਸ਼ਿੰਦਰ ਨੱਥੂਵਾਲਾ ਨੇ ਤਾਂ ਪ੍ਰੀਵਾਰ ਸਮੇਤ ਇਨਕਲਾਬੀ ਲਹਿਰ ਵਿੱਚ ਕੰਮ ਕਰਕੇ ਨਿਵੇਕਲੀ ਮਿਸਾਲ ਕਾਇਮ ਕੀਤੀ। ਅਜਿਹਾ ਕੁੱਝ ਸਾਥੀ ਸ਼ਿੰਦਰ ਨੱਥੂਵਾਲਾ ਆਪਣੇ ਲੋਕ ਪੱਖੀ ਇਨਕਲਾਬੀ ਵਿਗਿਆਨਕ ਵਿਚਾਰਾਂ ਦੀ ਪ੍ਰਪੱਕਤਾ,ਦ੍ਰਿੜ ਵਿਸ਼ਵਾਸ਼,ਫੌਲਾਦੀ ਇਰਾਦੇ ਕਰਕੇ ਹੀ ਕਰ ਸਕਿਆ। ਸਾਥੀ ਸ਼ਿੰਦਰ ਦੇ ਲੋਕ ਪੱਖੀ ਪੰਧ ਵਿੱਚ ਸਰੀਰਕ ਬਿਮਾਰੀ ਅਤੇ ਹਕੂਮਤੀ ਹੱਲੇ ਵੀ ਰੋੜਾ ਨਾਂ ਬਣ ਸਕੇ। ਜਦ ਪਿਛਲੇ ਸਾਲ ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਅਗਸਤ ਮਹੀਨੇ ਬਰਨਾਲਾ ਮਹਾਂਰੈਲੀ ਕਰਕੇ ਸਤੰਬਰ ਮਹੀਨੇ ਰਾਜੇ ਦੇ ਮਹਿਲਾਂ ਵੱਲ ਚਾਲੇ ਪਾਉਣ ਦਾ ਫੈਸਲਾ ਕੀਤਾ ਤਾਂ ਹਰਲ ਹਰਲ ਕਰਦੀ ਹਕੂਮਤੀ ਧਾੜ(ਪੁਲਿਸ) ਨੇ ਬਿਮਾਰ ਹੋਣ ਦੇ ਬਾਵਜੂਦ ਵੀ ਚੁੱਕਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕਰ ਦਿੱਤਾ। ਹਕੂਮਤੀ ਹੱਲਾ ਵੀ ਸਾਥੀ ਸ਼ਿੰਦਰ ਦੇ ਹੌਂਸਲੇ ਅੱਗੇ ਹੀਣਾ ਪੈ ਗਿਆ ਜਦ ਜੇਲ੍ਹ'ਚੋਂ ਬਾਹਰ ਆਉਂਦਿਆਂ ਹੀ ਘਰ ਦੀ ਥਾਂ ਸੰਘ੍ਰਸ਼ਸ਼ੀਲ ਪਿੜ ਮਹਿਮਦਪੁਰ ਦੀ ਦਾਣਾ ਮੰਡੀ'ਚ ਜਾ ਗਰਜਿਆ। ਸਟੇਜ ਉੱਪਰ ਹੀ ਬੋਲਦੇ ਸਮੇਂ ਘਬਰਾਹਟ ਹੋਣ ਤੋਂ ਬਾਅਦ ਪਟਿਆਲਾ ਹਸਪਤਾਲ ਇਲਾਜ ਕਰਵਾਕੇ ਕੁੱਝ ਠੀਕ ਹੋਣ ਤੋਂ ਬਾਅਦ ਫਿਰ ਸੰਘ੍ਰਸ਼ਸ਼ੀਲ ਕਿਸਾਨ ਕਾਫਲਿਆਂ ਦਾ ਹਿੱਸਾ ਬਣ ਰਣ ਤੱਤੇ ਮੈਦਾਨ'ਚ ਜੂਝਦਾ ਹੋਇਆ ਹਾਕਮਾਂ ਦੇ ਢਿੱਡੀਂ ਹੌਲ਼ ਪਾÀਂਦਾ ਰਿਹਾ।
ਅੱਜ ਭਾਵੇਂ ਸ਼ਿੰਦਰ ਨੱਥੂਵਾਲਾ ਦੀ ਜਿਸਮਾਨੀ ਤੌਰ'ਤੇ ਮੌਤ ਹੋ ਹਈ ਹੈ ਪਰ ਇਨਕਲਾਬੀ ਜਮਹੂਰੀ ਲਹਿਰ ਅਤੇ ਕਿਸਾਨ ਕਾਫਲਿਆਂ ਸੰਗ ਪਾਲੀ ਵਫਾ ਭਵਿੱਖ ਦੀਆਂ ਪੀੜ੍ਹੀਆਂ ਵਾਸਤੇ ਵਿਚਾਰ ਦੇ ਰੂਪ'ਚ ਪ੍ਰੇਰਨਾ ਸ੍ਰੋਤ ਬਣ ਉਸ ਦੇ ਅਧੂਰੇ ਕਾਰਜ ਲੁੱਟ ਜਬਰ ਅਤੇ ਦਾਬੇ ਵਾਲਾ ਪ੍ਰਬੰਧ ਦਾ ਤੁਖਮ ਮਿਟਾ ਹਕੀਕੀ ਲੋਕਾ ਸ਼ਾਹੀ ਨਵਾਂ ਜਮਹੂਰੀ ਪ੍ਰਬੰਧ ਸਿਰਜਣ ਲਈ ਚੱਲ ਰਹੀ ਜਮਾਤੀ ਜੱਦੋਜਹਿਦ ਲਈ ਅਗਵਾਈ ਦਿੰਦੀ ਰਹੇਗੀ। ਸਾਥੀ ਸ਼ਿੰਦਰ ਨੱਥੂਵਾਲਾ ਦੀ ਚੇਤੰਨ,ਸੰਘਰਸ਼ਮਈ,ਮਾਣਮੱਤੀ ਜੀਵੀ ਜਿੰਦਗੀ ਨੂੰ ਸਲਾਮ। ਅੱਜ ੧੧ ਨਵੰਬਰ ੨੦੧੮ ਨੂੰ ਸਾਥੀ ਸ਼ਿੰਦਰ ਨੱਥੂਵਾਲਾ ਦੇ ਸੰਗਰਾਮੀ ਰਾਹਾਂ ਤੇ ਤੁਰਨ ਵਾਲੇ ਅਨੇਕਾਂ ਸੰਗੀ ਸਾਥੀ ਨੱਥੂਵਾਲ ਗਰਬੀ (ਨੇੜੇ ਬਾਘਾਪੁਰਾਣਾ) ਵਿਖੇ ੧੧ ਵਜੇ ਉਸ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਂਟ ਕਰਕੇ ਉਸ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਜੋਰਦਾਰ ਅਹਿਦ ਕਰਨਗੇ।
-
ਰਣਦੀਪ ਸੰਗਤਪੁਰਾ,
rvs0001@gmail.com
8427511770
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.