ਹੋਰ ਪਿੰਡਾਂ ਦਾ ਪਤਾ ਨਹੀਂ ਪਰ ਸਾਡੇ ਪਿੰਡ ਇਹ ਰੀਤ ਬਹੁਤ ਪੁਰਾਣੀ ਹੈ ਕਿ ਪਿੰਡ ਵਿੱਚੋਂ ਜਿਸ ਜਿਸ ਦੀ ਵੀ ਮੌਤ ਹੋ ਚੁੱਕੀ ਹੋਵੇ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਦੀ ਰੋਟੀ ਭਾਵ ਸੇਬ,ਕੇਲੇ , ਮਠਿਆਈਆਂ , ਮਰੂੰਡਾ ਆਦਿ ਉਸ ਮਰੇ ਹੋਏ ਵਾਸਤੇ ਹਰ ਸਾਲ ਦੀਵਾਲੀ ਵਾਲੀ ਸ਼ਾਮ ਮੜੀਆਂ ਵਿੱਚ ਰੱਖ ਕੇ ਆਉਦੇ ਹਨ ਅਤੇ ਉਸ ਦੇ ਨਾਮ ਦਾ ਦੀਵਾ ਵੀ ਮੜੀਆਂ ਵਿੱਚ ਜਗਾ ਕੇ ਆਉਂਦੇ ਹਨ। ਆਸਥਾ ਇੱਥੇ ਟਿਕੀ ਹੋਈ ਹੈ ਕਿ ਉਹਨਾਂ ਵੱਲੋਂ ਮੜੀਆਂ ਵਿੱਚ ਰੱਖਿਆ ਸਮਾਨ ਉਹਨਾਂ ਸਾਰੇ ਮਰੇ ਹੋਏ ਲੋਕਾਂ ਕੋਲ ਪਹੁੰਚ ਜਾਂਦਾ ਹੈ।
ਇਸ ਵਾਰ ਵੀ ਦੀਵਾਲੀ ਪਿਛਲੇ ਸਾਲਾਂ ਵਾਂਗ ਮਨਾਉਣ ਦਾ ਇਰਾਦਾ ਪਹਿਲਾਂ ਤੋਂ ਹੀ ਬਣਾ ਰੱਖਿਆ ਸੀ ਤਾਂ ਜੋ ਕੋਝੀ ਮਾਨਸਿਕਤਾ ਨਾਲ ਖਾਣ ਪੀਣ ਵਾਲ਼ੀਆਂ ਵਸਤੂਆਂ ਖ਼ਰਾਬ ਕਰਨ ਦੀ ਬਜਾਏ ਮੜੀਆਂ ਵਿੱਚੋਂ ਇਕੱਠੀਆਂ ਕਰ ਕਿਸੇ ਜਰੂਰਤਮੰਦਾਂ ਦੇ ਮੂੰਹ ਵਿੱਚ ਪਾਈਆਂ ਜਾ ਸਕਣ।
ਪਿਛਲੇ ਸਾਲ 2017 ਦੀ ਦੀਵਾਲੀ ਜਦੋਂ ਅਨੋਖੇ ਢੰਗ ਮਨਾਈ ਸੀ ਤਾਂ ਪਿੰਡ ਦੇ ਬਹੁਤ ਸਾਰੇ ਮੁੰਡਿਆਂ ਨੇ ਕਿਹਾ ਸੀ ਕਿ ਐਦਾ ਦੇ ਕੰਮ ਕਰਨ ਲੱਗਿਆਂ ਸਾਨੂੰ ਵੀ ਜਰੂਰ ਦੱਸਿਆ ਕਰੋ, ਸੋ ਇਸ ਵਾਰ ਪਿੰਡ ਦੇ ਬਹੁਤੇ ਮੁੰਡੇ ਉਤਾਵਲੇ ਸੀ ਤੇ ਦੀਵਾਲੀ ਵਾਲੇ ਦਿਨ ਦੀ ਉਡੀਕ ਵਿੱਚ ਸਨ।
ਮੈਂ ਨਿੱਜੀ ਤੌਰ ਤੇ ਬਹੁਤ ਖੁਸ਼ ਸੀ ਕਿ ਤਰਕ ਨਾਲ ਸੋਚਣ ਵਾਲਾ ਜਿਹੜਾ ਪੌਦਾ ਪਿੰਡ ਵਿੱਚ ਲਗਾਇਆ ਸੀ, ਉਹ ਵਧ ਫੁੱਲ ਕੇ ਜਵਾਨ ਹੋ ਰਿਹਾ ।ਜੋ ਨੌਜਵਾਨ ਕਦੇ ਮੜੀਆਂ, ਸਿਵੇ, ਟੂਣੇ ਟਾਮਣਾ ਆਦਿ ਤੋਂ ਡਰਦੇ ਹੁੰਦੇ ਸਨ ਉਹ ਅੱਜ ਮੂਹਰੇ ਹੋ ਹੋ ਕੇ ਮੜੀਆਂ ਵਿਚਲਾ ਰੱਖਿਆ ਸਮਾਨ ਇਕੱਠਾ ਕਰ ਬਾਲਟੀਆਂ ਤੋੜਿਆਂ ਵਿੱਚ ਪਾ ਰਹੇ ਸਨ।
ਰਾਤ 7 ਵਜੇ ਤੱਕ ਪਿੰਡ ਦੇ ਸਾਰੇ ਲੋਕ ਖਾਣ ਪੀਣ ਵਾਲ਼ੀਆਂ ਵਸਤੂਆਂ ਮੜੀਆਂ ਵਿੱਚ ਰੱਖ ਆਏ ਅਤੇ ਦੀਵੇ ਜਗਾ ਕੇ ਘਰਾਂ ਨੂੰ ਪਰਤ ਗਏ।
7:30 ਵਜੇ ਅਸੀ ਸਾਰੇ ਆਪਣੇ ਆਲਾ ਛੋਟਾ ਗਗਨ , ਗੁਰਵਿੰਦਰ ਸਿੰਘ ਮਾਸਟਰ,ਬਲਜਿੰਦਰ, ਕਰਨ ਥਿੰਦ , ਕਰਨ ਬਰੜ, ਹਰੀਸ਼, ਸੁਖਚੈਨ , ਗੱਗੂ ਕੌੜਾ , ਪ੍ਰਧਾਨ ਕਾਕੂ, ਸਤਪਾਲ, ਜਗਸੀਰ ਤੇ ਦਸ਼ਮੇਸ਼ ਹਾਂਡਾ ਆਦਿ ਖਾਲ਼ੀ ਤੋੜੇ ਬਾਲਟੀਆ ਲੈ ਕੇ ਮੜੀਆਂ ਵਿੱਚ ਪਹੁੰਚ ਗਏ।ਅੱਜ ਸ਼ਮਸ਼ਾਨ-ਘਾਟ ਵੀ ਜਗਦੇ ਦੀਵਿਆਂ ਨਾਲ ਕਿਸੇ ਮਹਿਲ ਵਾਂਗ ਲੱਗ ਰਿਹਾ ਸੀ।
ਇਕ ਸਿਰੇ ਤੋਂ ਸਾਰੇ ਕੇਲੇ , ਸੇਬ, ਰੱਸਗੁੱਲੇ , ਬਰਫ਼ੀ , ਮਰੂੰਡੇ ਅਤੇ ਜਲੇਬੀ ਆਦਿ ਸਾਫ ਸੁਥਰੇ ਢੰਗ ਨਾਲ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਤੇ ਕੁਇੰਟਲ ਤੋਂ ਜਿਆਦਾ ਸਮਾਨ ਇਕੱਠਾ ਕਰ ਲਿਆ।
ਖੈਰ ਅਸੀ ਸਾਰਾ ਸਮਾਨ ਚੁੱਕ ਕੇ ਰੇਲਵੇ ਸਟੇਸ਼ਨ “ਜੀਵਾਂ ਅਰਾਈਂ” ਤੇ ਝੁੱਗੀਆਂ ਵਿੱਚ ਬੈਠੇ ਪਰਵਾਸੀ ਮਜ਼ਦੂਰਾਂ ਨੂੰ ਵੰਡਣ ਚਲੇ ਗਏ। ਇਹ ਪਰਵਾਸੀ ਮਜ਼ਦੂਰ ਪਰਿਵਾਰਾਂ ਸਮੇਤ ਕਣਕ ਅਤੇ ਝੋਨੇ ਦੇ ਸੀਜਨ ਦੌਰਾਨ ਖਾਣ ਵਾਸਤੇ ਖੇਤਾਂ ਵਿੱਚੋਂ ਦਾਣੇ ਇਕੱਠੇ ਕਰਨ ਲਈ ਪੰਜਾਬ ਆਉਦੇ ਹਨ। ਭੁੱਖੇ ਨੰਗੇ ਉਹ ਆਪ ਅਤੇ ਉਹਨਾਂ ਦੇ ਬੱਚਿਆਂ ਦਾ ਵੀ ਇਹੀ ਹਾਲ ਸੀ।
ਸਾਰਾ ਸਮਾਨ ਇਹਨਾਂ ਗ਼ਰੀਬਾਂ ਵਿੱਚ ਵੰਡ ਦਿੱਤਾ। ਰਾਤ ਦੇ 8:30 ਵਜੇ ਲੋਕ ਜਦੋਂ ਪਟਾਖੇ ਤੇ ਆਤਿਸ਼ਬਾਜੀਆਂ ਚਲਾ ਕੇ ਦੀਵਾਲੀ ਮਨਾ ਰਹੇ ਸਨ ਤਾਂ ਅਸੀ ਇਹਨਾਂ ਜ਼ਰੂਰਤ ਮੰਦਾਂ ਨੂੰ ਖਾਣ ਵਾਲ਼ੀਆਂ ਵਸਤੂਆਂ ਵੰਡ ਕੇ ਮਾਣ ਮਹਿਸੂਸ ਕਰ ਰਹੇ ਸਾਂ ਅਤੇ ਅੱਤ ਦੀ ਖ਼ੁਸ਼ੀ ਵੀ ਹੋ ਰਹੀ ਸੀ ਤੇ ਨਾਲ ਨਾਲ ਦੁੱਖ ਵੀ ਹੋ ਰਿਹਾ ਸੀ ਕੇ 21ਵੀ ਸਦੀ ਅਠਾਰਾਂ ਸਾਲਾਂ ਦੀ ਜਵਾਨ ਹੋ ਗਈ ਪਰ ਹਾਲ ਵੇਖ ਲਉ ਸਾਡਾ, ਮਾਨਸਿਕਤਾ ਦੇਖੋ ਸਾਡੀ, ਜਰੂਰਤਮੰਦਾਂ ਨੂੰ ਦੇਣ ਦੀ ਬਜਾਏ ਅਸੀ ਕਈ ਕਈ ਸਾਲ ਪਹਿਲਾਂ ਮਰ ਚੁੱਕਿਆਂ ਦੇ ਮੂੰਹਾਂ ਵਿੱਚ ਪਾਉਣ ਨੂੰ ਫਿਰਦੇ ਹਾਂ।
ਸੁਨੇਹਾ ਇਹੀ ਕਿ ਮਰਿਆਂ ਵੱਲ ਭੇਜਣ ਦੀ ਬਜਾਏ ਲੋੜਵੰਦਾਂ ਨੂੰ ਦੇ ਦਿੱਤਾ ਜਾਏ, ਅਸਲੀ ਦੀਵਾਲੀ ਦਾ ਅਹਿਸਾਸ ਹੋਊ।
-
ਗੁਰਅਰਪਨ ਸਿੰਘ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.