ਪੰਜਾਬ ਦੀ ਸਿਆਸਤ ਦੇ ਰੰਗ ਨਿਰਾਲੇ ਹਨ। ਆਮ ਆਦਮੀ ਪਾਰਟੀ ਲਗਭਗ ਦੋਫਾੜ ਹੋ ਗਈ ਹੈ। ਅਰਵਿੰਦ ਕੇਜਰੀਵਾਲ ਜਿਸ ਨੂੰ ਪੰਜਾਬੀਆਂ ਸਿਰ ਮੱਥੇ ਚੁੱਕਿਆ ਹੋਇਆ ਸੀ। ਪ੍ਰਵਾਸੀ ਪੰਜਾਬੀਆਂ ਜਿਸ ਵਾਸਤੇ ਧੰਨ ਦੇ ਅੰਬਾਰ ਲਗਾ ਦਿੱਤੇ ਸਨ, ਜਿਸਨੂੰ ਇਹ ਕਹਿ ਕੇ ਪ੍ਰਵਾਸੀ ਯਕੀਨ ਦੁਆਉਂਦੇ ਸਨ, "ਕੇਜਰੀਵਾਲ, ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ"। ਉਸੇ ਕੇਜਰੀਵਾਲ ਨੂੰ ਪੰਜਾਬ ਦੇ ਮੁੱਦਿਆਂ ਪ੍ਰਤੀ ਉਲਟ ਬਿਆਨ ਦੇਣ ਕਾਰਨ "ਪੰਜਾਬ ਦਾ ਗਦਾਰ" ਗਰਦਾਨਿਆਂ ਜਾਣ ਲੱਗਾ ਹੈ। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਆਮ ਆਦਮੀ ਪੰਜਾਬ ਦਾ ਗਰੁੱਪ ਤਕੜਾ ਕਰਨ ਲਈ ਲੱਗੇ ਹੋਏ ਹਨ, ਸਿਮਰਜੀਤ ਸਿੰਘ ਬੈਂਸ ਆਪਣੇ ਹੀ ਰੰਗ ਵਿੱਚ ਰੰਗਿਆ, ਕਦੇ ਕਿਸੇ ਨੇਤਾ ਦੇ, ਕਦੇ ਕਿਸੇ ਅਫਸਰ ਦੇ ਪੋਤੜੇ ਫੋਲਣ 'ਚ ਰੁੱਝਾ ਹੈ। ਆਖਰ ਪੰਜਾਬ 'ਚ ਤੀਜੀ ਧਿਰ ਹੀ ਨਹੀਂ, ਦੂਜੀ ਵਿਰੋਧੀ ਧਿਰ ਵਜੋਂ ਉਭਰੀ ਧਿਰ ਖੇਰੂੰ-ਖੇਰੂੰ ਹੋਣ ਦੇ ਰਸਤੇ ਤੁਰ ਪਈ ਹੈ। ਉਹ ਪਾਰਟੀ, ਜਿਸ ਉਤੇ ਆਮ ਲੋਕਾਂ ਨੂੰ ਆਸਾਂ ਸਨ, ਨੌਜਵਾਨਾਂ ਅਤੇ ਖਾਸ ਕਰਕੇ ਪ੍ਰਵਾਸੀਆਂ ਜਿਸ ਨਾਲ ਤਨੋ, ਮਨੋ, ਧਨੋ ਮੋਹ ਕੀਤਾ ਸੀ, 'ਕੁਰਸੀ ਯੁੱਧ' 'ਚ ਉਲਝਕੇ, ਇੱਕ ਤਮਾਸ਼ਾ ਬਣਕੇ ਰਹਿ ਗਈ ਹੈ। ਇਸ ਪਾਰਟੀ ਦੇ ਜ਼ਮੀਨੀ ਪੱਧਰ ਦੇ ਵਰਕਰ ਆਪਣੇ ਨੇਤਾਵਾਂ ਦੀਆਂ ਕੀਤੀਆਂ-ਕੱਤਰੀਆਂ ਤੋਂ ਸ਼ਰਮਸਾਰ ਮਹਿਸੂਸ ਕਰ ਰਹੇ ਹਨ ਅਤੇ ਕਿਸੇ ਵੀ ਪਲੇਟਫਾਰਮ 'ਤੇ ਇੱਕਠੇ ਹੋਕੇ ਪੰਜਾਬ ਦੇ ਮੁੱਦਿਆਂ, ਮਸਲਿਆਂ ਪ੍ਰਤੀ ਆਪਣੀ ਰਾਏ ਰੱਖਣ ਅਤੇ ਉਹਨਾ ਪ੍ਰਤੀ ਆਵਾਜ਼ ਉਠਾਉਣ ਤੋਂ ਵੀ ਝਿਜਕਦੇ ਹਨ। ਖਹਿਰਾ ਅਤੇ ਸੰਧੂ ਬਰਗਾੜੀ ਮੋਰਚੇ ਅਤੇ ਕੇਜਰੀਵਾਲ ਤੋਂ ਪੰਜਾਬ ਦੀ ਖੁਦਮੁਖਤਿਆਰੀ ਮੁੱਦੇ 'ਚ ਉਲਝਕੇ, ਆਪਣੀ ਨਵੀਂ ਪਾਰਟੀ ਬਨਾਉਣ ਦੇ ਰਾਹ ਪੈਕੇ ਇੱਕ ਤੀਜਾ ਬਦਲ ਉਸਾਰਨ ਦੇ ਰਾਹ ਪੈ ਚੁੱਕਾ ਜਾਪਦਾ ਹੈ, ਪਰ ਇਸ ਬਦਲ ਵਿੱਚ ਉਹ ਕਿਸਨੂੰ ਸ਼ਾਮਲ ਕਰੇਗਾ? ਧਰਮਵੀਰ ਗਾਂਧੀ ਨੂੰ? ਸੁੱਚਾ ਸਿੰਘ ਛੁਟੇਪੁਰ ਨੂੰ? ਗੁਰਪ੍ਰੀਤ ਸਿੰਘ ਘੁੱਗੀ ਨੂੰ? ਜਾਂ ਫਿਰ ਇਹੋ ਜਿਹੇ ਰੁਸੇ ਹੋਏ ਨੇਤਾਵਾਂ ਨੂੰ, ਜਿਹਨਾ ਨੂੰ ਸਮੇਂ ਸਮੇਂ ਕੇਜਰੀਵਾਲ ਲੀਡਰਸ਼ੀਪ ਨੇ ਨਾਕਾਰ ਦਿੱਤਾ ਜਾਂ ਬਾਗੀ ਕਰਾਰ ਦਿੱਤਾ ਹੋਇਆ ਹੈ। ਜਾਂ ਫਿਰ ਕੀ ਉਹ ਬਰਗਾੜੀ ਮੋਰਚੇ 'ਚ ਸ਼ਾਮਲ ਨੇਤਾਵਾਂ ਦੀ ਬਾਂਹ 'ਚ ਬਾਂਹ ਪਾਕੇ ਤੁਰੇਗਾ, ਜਿਹੜੇ ਸ਼ਾਇਦ ਉਸਦੇ ਨਾਲ ਤਨੋ-ਮਨੋ ਸਾਂਝ ਪਾਉਣ ਦੇ ਇਛੁਕ ਨਹੀਂ ਹੋਣਗੇ। ਹਾਂ, ਉਹ ਬੈਂਸ ਭਰਾਵਾਂ ਜਾਂ ਕੁਝ ਇੱਕ ਰੁੱਸੇ ਹੋਏ "ਟਕਸਾਲੀ ਅਕਾਲੀਆਂ" ਨੂੰ ਨਾਲ ਲੈਣ ਦੀ ਸੋਚ ਰਿਹਾ ਹੋਏਗਾ। ਪਰ ਕੀ ਇਹ ਟਕਸਾਲੀ ਅਕਾਲੀ ਜਾਂ ਬਰਗਾੜੀ ਮੋਰਚੇ ਨਾਲ ਜੁੜੇ ਹੋਏ ਨੇਤਾ ਸੁਖਪਾਲ ਖਹਿਰਾ ਦੀ ਨੇਤਾਗਿਰੀ ਪ੍ਰਵਾਨ ਕਰ ਲੈਣਗੇ, ਜਿਸਦਾ ਪਿਛੋਕੜ ਮੁਢਲੇ ਤੌਰ ਤੇ ਕਾਂਗਰਸੀ ਹੈ?
ਪੰਜਾਬ ਦੀ ਦੂਜੀ ਧਿਰ ਅਕਾਲੀ-ਭਾਜਪਾ ਸਮੇਂ ਦੀ ਭੈੜੀ ਮਾਰ ਹੇਠ ਹੈ। ਇਸਦੀ ਇਕ ਧਿਰ ਭਾਜਪਾ ਦਾ ਪੰਜਾਬ ਵਿੱਚੋਂ ਆਧਾਰ ਖੁੱਸ ਚੁੱਕਾ ਹੈ। ਭਾਜਪਾ 'ਚ ਇੱਕ, ਦੋ ਨਹੀਂ ਤਿੰਨ ਗਰੁੱਪ ਬਣੇ ਹੋਏ ਹਨ। ਪਿਛਲੇ ਦਸ ਸਾਲ 'ਬਾਦਲਾਂ" ਨਾਲ ਰਲਕੇ ਉਹਨਾ ਨੇ "ਕੁਰਸੀ ਦਾ ਸੁਖ" ਮਾਣਿਆ ਹੈ। ਵਜ਼ੀਰੀਆਂ, ਚੇਅਰਮੈਨੀਆਂ ਹੰਢਾਈਆਂ ਹਨ। ਬਾਦਲਾਂ ਦੇ ਬਲਬੂਤੇ ਸਰਕਾਰੇ-ਦਰਬਾਰੇ ਆਪਣੀਆਂ ਚਮ ਦੀਆਂ ਚਲਾਈਆਂ ਹਨ। ਇਹ ਵੱਖਰੀ ਗੱਲ ਹੈ ਕਿ ਇਸ ਗਠਜੋੜ 'ਚ ਕਿਧਰੇ ਕਿਧਰੇ ਤ੍ਰੇੜਾਂ ਵੀ ਦਿਖੀਆਂ ਅਤੇ ਸਰਕਾਰ ਦੀ ਬਦਨਾਮੀ ਦਾ "ਸਿਹਰਾ" ਉਹਨਾ ਅਕਾਲੀਆਂ ਦੇ ਸਿਰ ਮੜਨ ਦਾ ਯਤਨ ਕੀਤਾ ਹੈ ਪਰ ਕਿਉਂਕਿ ਅਕਾਲੀਆਂ ਬਿਨ੍ਹਾਂ ਉਹਨਾ ਦਾ ਸਰਦਾ ਨਹੀਂ ਸੀ, ਕੁਝ ਪੁੱਛਗਿੱਛ ਵੀ ਉਹਨਾ ਦੀ ਨਹੀਂ ਸੀ,ਇਸ ਲਈ ਗੱਦੀ ਨਾਲ ਚੁੰਬੜੇ ਰਹੇ। ਹਾਂ, ਪਰ ਕਦੇ ਕਦੇ ਉਹ ਅਕਾਲੀਆਂ ਤੋਂ ਵੱਖ ਹੋਕੇ ਇੱਕਲੇ ਚੋਣ ਲੜਨ ਦੀਆਂ ਧਮਕੀਆਂ ਦੇਂਦੇ ਰਹੇ। ਇਹਨਾ 10 ਸਾਲਾਂ ਵਿੱਚੋਂ ਜਦੋਂ ਨਰੇਂਦਰ ਮੋਦੀ ਦਾ ਅਕਾਲੀ-ਭਾਜਪਾ ਗੱਠਜੋੜ ਵੇਲੇ ਰਾਜ ਭਾਗ ਰਿਹਾ, ਉਹ ਪੰਜਾਬ ਲਈ ਨਾ ਤਾਂ ਕੋਈ ਖਾਸ ਪ੍ਰਾਜੈਕਟ ਲਿਆ ਸਕੇ, ਨਾ 1984 ਦੇ ਕਤਲੇਆਮ ਦੇ ਜੁੰਮੇਵਾਰ ਲੋਕਾਂ ਨੂੰ ਸਜ਼ਾ ਦੁਆਉਣ, ਚੰਡੀਗੜ੍ਹ ਅਤੇ ਨਾਲ ਲਗਦੇ ਇਲਾਕੇ ਪੰਜਾਬ 'ਚ ਸ਼ਾਮਲ ਕਰਨ ਜਾਂ ਦਰਿਆਈ ਪਾਣੀਆਂ ਦੇ ਮਸਲੇ ਦੇ ਹੱਲ ਲਈ ਕੁਝ ਕਰ ਜਾਂ ਕਰਵਾ ਸਕੇ। ਸਿੱਟੇ ਵਜੋਂ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਸਮੇਤ ਭਾਜਪਾ ਵਾਲਿਆਂ ਦੀਆਂ ਸਫ਼ਾਂ ਵੀ ਪੰਜਾਬ ਦੀ ਸਿਆਸਤ ਵਿੱਚੋਂ ਲਪੇਟ ਦਿੱਤੀਆਂ ਅਤੇ ਗਠਜੋੜ ਦੀ ਸ਼ਰਮਨਾਕ ਹਾਰ ਹੋਈ, ਇਸ ਗੱਠਜੋੜ ਦੇ 18 ਵਿਧਾਇਕ ਹੀ ਜਿੱਤ ਸਕੇ, ਜਦਕਿ ਆਮ ਆਦਮੀ ਪਾਰਟੀ ਦੇ 23 ਵਿਧਾਇਕ ਜਿਤੇ ਤੇ ਪੰਜਾਬ ਅਸੰਬਲੀ 'ਚ ਵਿਰੋਧੀ ਧਿਰ ਬਣ ਬੈਠੇ।
ਸ਼੍ਰੋਮਣੀ ਅਕਾਲੀ ਦਲ ਨੇ 2017 ਤੋਂ ਪਿਛੇ ਦਸ ਸਾਲ ਪੰਜਾਬ ਉਤੇ ਰਾਜ ਕੀਤਾ। ਕਹਿਣ ਨੂੰ ਤਾਂ "ਰਾਜ ਨਹੀਂ ਸੇਵਾ" ਵਾਂਗਰ ਰਾਜ-ਭਾਗ ਚਲਾਉਣ ਦੀ ਗੱਲ ਪ੍ਰਚਾਰੀ ਪਰ ਉਹਨਾ ਦੇ ਇਸ ਦਸ ਸਾਲਾ ਰਾਜ-ਭਾਗ ਵਿੱਚ ਪੰਜਾਬ, ਭੂ-ਮਾਫੀਆ, ਰੇਤ-ਮਾਫੀਆ ਅਤੇ ਨਸ਼ਾ ਮਾਫੀਆ ਦੀ ਗ੍ਰਿਫਤ ਵਿੱਚ ਆ ਗਿਆ। ਅਸਲ ਰਾਜ-ਭਾਗ ਸਿਆਸਤਦਾਨਾਂ ਨਾਲੋਂ ਵੱਧ ਬਾਬੂਸ਼ਾਹੀ, ਨੌਕਰਸ਼ਾਹੀ ਨੇ ਚਲਾਇਆ। ਪਿੰਡਾਂ, ਸ਼ਹਿਰਾਂ ਦੇ ਵਿਕਾਸ ਕਾਰਜਾਂ ਦੀਆਂ ਗੱਲਾਂ ਤਾਂ ਵਧੇਰੇ ਹੋਈਆਂ, ਪਰ ਨੌਜਵਾਨਾਂ ਨੂੰ ਰੁਜ਼ਗਾਰ-ਨੌਕਰੀ ਦੇਣ ਦੀ ਗੱਲ ਤੋਂ ਸਰਕਾਰ ਨੇ ਅੱਖਾਂ ਮੀਟੀ ਰੱਖੀਆਂ। ਇਲਾਕੇ ਦੇ "ਇਲਾਕਾ ਇੰਚਾਰਜਾਂ" ਪੁਲਿਸ ਅਤੇ ਸਿਵਲ ਪ੍ਰਾਸ਼ਾਸਨ ਵਿੱਚ ਚੰਮ ਦੀਆਂ ਚਲਾਈਆਂ, ਇਥੋਂ ਤੱਕ ਕਿ ਇਲਾਕੇ ਦੇ ਪੁਲਿਸ ਥਾਣੇਦਾਰਾਂ, ਸਿਵਲ ਪ੍ਰਾਸ਼ਾਸਨ, ਵਾਲਿਆਂ ਦੇ ਬਹੁਤੇ ਅਧਿਕਾਰ ਆਪ ਵਰਤਕੇ ਸਥਾਨਕ ਪਿੰਡ ਪੰਚਾਇਤਾਂ ਨੂੰ ਵੀ ਡੰਮੀ ਬਣਾਕੇ ਰੱਖ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਰਾਜ-ਭਾਗ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਦੀਆਂ ਘਟਨਾਵਾਂ ਹੋਈਆਂ, ਜਿਹਨਾ ਨੂੰ ਰਾਜ ਪ੍ਰਬੰਧ ਨੇ ਅੱਖੋਂ-ਪਰੋਖੇ ਕੀਤੀ ਰੱਖਿਆ।ਲੋਕ ਇਸ ਪ੍ਰਾਸ਼ਾਸਨ ਤੋਂ ਬੁਰੀ ਤਰ੍ਹਾਂ ਤੰਗ ਆ ਗਏ ਅਤੇ ਰਾਜ ਪਲਟਾ ਐਸਾ ਵੱਜਿਆ ਕਿ ਲਗਭਗ ਇੱਕ ਸਦੀ ਦੀ ਉਮਰ ਵਾਲਾ ਸ਼੍ਰੋਮਣੀ ਅਕਾਲੀ ਦਲ, ਜਿਸਦੀ ਇਲਾਕਾਈ ਪਾਰਟੀ ਵਜੋਂ ਤੂਤੀ ਬੋਲਦੀ ਸੀ, ਚਾਰੋਂ ਖਾਨੇ ਚਿੱਤ ਹੋ ਗਿਆ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਉਪਰਲੇ ਨੇਤਾ ਖਾਸ ਕਰਕੇ ਬਾਦਲ ਪਰਿਵਾਰ "ਬਰਗਾੜੀ ਘਟਨਾ" ਕਰਕੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਨਿਸ਼ਾਨੇ ਹੇਠ ਹੈ। ਉਹ ਕਦੇ ਕਿਧਰੇ ਕਦੇ ਕਿਸ ਥਾਂ ਧਰਨੇ ਲਾਉਂਦੇ ਹਨ, ਮੁੱਖਮੰਤਰੀ ਦੀ ਰਿਹਾਇਸ਼ ਘੇਰਦੇ ਹਨ, ਦਿੱਲੀ ਜਾਕੇ 1984 ਦੇ ਸਿੱਖ ਕਤਲੇਆਮ ਦੇ ਸਬੰਧ 'ਚ ਧਰਨੇ ਦਿੰਦੇ ਹਨ, ਕਦੇ ਪੰਜਾਬ ਸਰਕਾਰ ਵਲੋਂ ਕਿਤਾਬਾਂ ਵਿੱਚ ਸਿੱਖ ਇਤਹਾਸ ਨੂੰ ਤਰੋੜਨ ਮਰੋੜਨ ਸਬੰਧੀ ਸੜਕਾਂ ਉਤੇ ਬੈਠਦੇ ਹਨ। ਅਸਲ 'ਚ ਸ਼੍ਰੋਮਣੀ ਅਕਾਲੀ ਦਲ ਆਪਣੇ ਖੁਸੇ ਹੋਏ ਬਕਾਰ ਨੂੰ ਮੁੜ ਥਾਂ ਸਿਰ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ ਪਰ ਉਸਦੀ ਪੇਸ਼ ਨਹੀਂ ਜਾ ਰਹੀ। ਟਕਸਾਲੀ ਅਕਾਲੀ,ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਲੀਡਰਸ਼ਿਪ ਨੂੰ ਸ਼ਰੇਆਮ ਚੈਲਿੰਗ ਕਰ ਰਹੇ ਹਨ, ਜਿਸ ਨਾਲ ਸ਼੍ਰੋਮਣੀ ਅਕਾਲੀਦਲ ਨਿੱਤ ਨਵੇਂ ਸੰਕਟ ਦਾ ਸ਼ਿਕਾਰ ਹੋ ਰਿਹਾ ਹੈ।
ਹਾਲ ਉਂਜ ਕਾਂਗਰਸ ਦਾ ਵੀ ਚੰਗਾ ਨਹੀਂ। ਕੋਈ ਵਾਇਦਾ ਕੈਪਟਨ ਸਰਕਾਰ ਪੂਰਿਆਂ ਨਹੀਂ ਕਰ ਸਕੀ। ਸਭ ਤੋਂ ਵੱਧ ਪ੍ਰੇਸ਼ਾਨੀ ਇਸ ਰਾਜ ਵਿੱਚ ਸੂਬੇ ਦੇ ਮੁਲਾਜ਼ਮਾਂ ਖਾਸ ਕਰ ਅਧਿਆਪਕਾਂ ਨੂੰ ਹੈ। ਸੂਬੇ ਦੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ, ਉਹਨਾ ਦੀਆਂ ਹੋਰ ਜਾਇਜ਼ ਮੰਗਾਂ ਮੰਨਣ ਦੇ ਵਾਇਦਿਆਂ ਦੇ ਨਾਲ-ਨਾਲ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਘਰ-ਘਰ ਨੌਕਰੀ ਦੇਣ, ਪੈਨਸ਼ਨਾਂ ਵਧਾਉਣ ਦੇ ਵਾਇਦੇ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਸਨ ਪਰ ਹੁਣ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦੇ ਨਾਮ ਉਤੇ ਉਹਨਾ ਨੂੰ ਠੇਗਣਾ ਵਿਖਾਇਆ ਜਾ ਰਿਹਾ ਹੈ। ਮਹਿੰਗਾਈ ਨੇ ਲੋਕਾਂ ਦੀ ਮੱਤ ਮਾਰੀ ਹੋਈ ਹੈ। ਭ੍ਰਿਸ਼ਟਾਚਾਰ ਦਾ ਦਫ਼ਤਰਾਂ 'ਚ ਬੋਲ ਬਾਲਾ ਹੈ। ਹਰ ਵਰਗ ਦੇ ਲੋਕਾਂ 'ਚ ਸਰਕਾਰ ਪ੍ਰਤੀ ਰੋਸ ਪਹਿਲਾਂ ਨਾਲੋਂ ਨਿੱਤ ਪ੍ਰਤੀ ਵਧ ਰਿਹਾ ਹੈ। ਪਰ ਕਾਂਗਰਸ ਵਲੋਂ ਵਿਰੋਧੀ ਧਿਰ ਦੀ ਫੁੱਟ ਦਾ ਫਾਇਦਾ ਉਠਾਕੇ ਪਹਿਲਾਂ ਗੁਰਦਾਸਪੁਰ ਚੋਣ ਪਾਰਲੀਮੈਂਟ ਹਲਕਾ, ਫਿਰ ਸ਼ਾਹਕੋਟ ਅਸੰਬਲੀ ਹਲਕਾ ਅਤੇ ਫਿਰ ਜ਼ਿਲਾ ਪ੍ਰੀਸ਼ਦ, ਵਿਧਾਨ ਸਭਾ ਚੋਣਾਂ ਜਿੱਤ ਗਈ ਅਤੇ ਲੋਕਾਂ 'ਚ ਇਹ ਗੱਲ ਪ੍ਰਚਾਰਨ ਲੱਗੀ ਕਿ ਉਹ ਹਰਮਨ ਪਿਆਰੀ ਸਰਕਾਰ ਹੈ। ਲੋਕਾਂ ਦੀ ਹਿਤੈਸ਼ੀ ਸਰਕਾਰ ਹੈ। ਪੰਜਾਬ ਦੇ ਲੋਕਾਂ ਸਾਹਮਣੇ ਹੁਣ 13000 ਪਿੰਡ ਪੰਚਾਇਤਾਂ ਅਤੇ 2019 'ਚ ਲੋਕ ਸਭਾ ਦੀਆਂ ਚੋਣਾਂ ਹਨ। ਪੰਜਾਬ ਕਾਂਗਰਸ ਇਹ ਦੋਵੇਂ ਚੋਣਾਂ ਜਿੱਤਣ ਦੀ ਪੂਰੀ ਵਾਹ ਲਾਏਗੀ ਅਤੇ ਆਪਣੀ ਭੱਲ ਬਣਾਏਗੀ, ਉਹ ਇਹ ਚੋਣਾਂ ਅਕਾਲੀ, ਭਾਜਪਾ, ਆਮ ਆਦਮੀ 'ਚ ਪਈ ਆਪੋ-ਧਾਪੀ ਅਤੇ ਮਾਰ-ਧਾੜ ਕਾਰਨ ਜਿੱਤ ਵੀ ਸਕਦੀ ਹੈ ਕਿਉਂਕਿ ਉਪਰੋਕਤ ਤਿੰਨੇ ਧਿਰਾਂ ਤੋਂ ਬਿਨ੍ਹਾਂ ਬਸਪਾ, ਸ਼੍ਰੋਮਣੀ ਅਕਾਲੀ ਦਲ(ਮਾਨ), ਜਾਂ ਹੋਰ ਕੋਈ ਚੌਥੀ ਧਿਰ ਇਸ ਯੋਗ ਨਹੀਂ ਕਿ ਉਹ ਕਾਂਗਰਸ ਅਤੇ ਮੌਜੂਦਾ ਸਰਕਾਰੀ ਤੰਤਰ ਨੂੰ ਚਣੌਤੀ ਦੇ ਸਕੇ। ਪਰ ਅਸਲ ਮਾਅਨਿਆਂ ਵਿੱਚ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਪੀੜਤ ਲੋਕਾਂ ਦੀ ਬਾਂਹ ਫੜਨ ਵਾਲਾ ਕੌਣ ਹੈ? ਕਾਂਗਰਸ ? ਜਿਹੜੀ ਲੋਕਾਂ ਦਾ ਦਿਲ ਹੁਣ ਤੱਕ ਨਹੀਂ ਜਿੱਤ ਸਕੀ। ਅਕਾਲੀ-ਭਾਜਪਾ? ਜਿਸਨੇ ਲੋਕਾਂ ਦੇ ਸੁਪਨਿਆਂ ਨੂੰ 10 ਸਾਲਾ ਮਿੱਧਿਆ-ਮਧੋਲਿਆ। ਆਮ ਆਦਮੀ ਪਾਰਟੀ? ਜਿਸਨੇ ਆਸ ਤੋਂ ਪਹਿਲਾਂ ਹੀ ਲੋਕਾਂ ਦੇ ਸੁਪਨਿਆਂ ਨੂੰ ਤਹਿਸ਼-ਨਹਿਸ਼ ਕਰ ਸੁੱਟਿਆ! ਬਸਪਾ ਅਤੇ ਹੋਰ ਨਿੱਕੀਆਂ-ਮੋਟੀਆਂ ਪਾਰਟੀਆਂ ਨੂੰ ਤਾਂ ਲੋਕਾਂ ਨੇ ਪ੍ਰਵਾਨ ਹੀ ਨਹੀਂ ਕੀਤਾ।
ਪੰਜਾਬ ਦੇ ਸਿਆਸੀ ਰੰਗ ਨਿਰਾਲੇ ਹਨ। ਜਿਥੋਂ ਵੀ ਲੋਕਾਂ ਨੂੰ ਆਸ ਬੱਝਦੀ ਹੈ, ਉਹ ਆਪ ਮੁਹਾਰੇ ਉਧਰ ਤੁਰ ਜਾਂਦੇ ਹਨ, ਮ੍ਰਿਗ ਤ੍ਰਿਸ਼ਨਾ ਵਾਂਗਰ। ਸਮੇਂ-ਸਮੇਂ ਲੋਕ ਭਲਾਈ ਪਾਰਟੀ, ਪੀ ਪੀ ਪੀ ਤੇ ਆਮ ਆਦਮੀ ਪਾਰਟੀ ਨੂੰ ਉਹਨਾ ਸਿਰੇ ਚੁਕਿਆ। ਪਰ ਜਦੋਂ ਆਸ ਦੀ ਕਿਰਨ ਕੋਈ ਨਹੀਂਓ ਲੱਭਦੀ, ਉਹ ਨਿਰਾਸ਼ ਹੋ ਜਾਂਦੇ ਹਨ। ਅਸਲ 'ਚ ਪੰਜਾਬ ਦਾ ਸਿਆਸਤਦਾਨ ਹੁਣ ਲੋਕਾਂ ਪ੍ਰਤੀ ਸੰਜੀਦਾ ਨਹੀਂ ਰਿਹਾ। ਉਹ ਸਿਰਫ ਤੇ ਸਿਰਫ ਵੋਟ ਬੈਂਕ ਭਾਲਦਾ ਹੈ ਇਸ ਵਾਸਤੇ ਉਹ ਸਾਮ, ਦਾਮ, ਦੰਡ ਦਾ ਹਥਿਆਰ ਵਰਤਦਾ ਹੈ ਅਤੇ ਕੁਰਸੀ ਹਥਿਆਕੇ ਪੰਜ ਸਾਲ ਮੌਜਾਂ ਕਰਦਾ ਹੈ।
ਪੰਜਾਬ ਦਾ ਇਤਹਾਸ ਗੁਆਹ ਹੈ ਕਿ ਪੰਜਾਬ ਦੇ ਲੋਕ ਸਮੇਂ –ਸਮੇਂ ਆਪਣੇ ਨਿਰਾਲੇ ਰੰਗ ਦਿਖਾਉਂਦੇ ਹਨ। ਲੁੱਟੇ-ਪੁੱਟੇ ਜਾਣ ਬਾਅਦ ਵੀ ਉਹ ਫਿਰ ਇੱਕਠੇ ਹੁੰਦੇ ਹਨ ਅਤੇ ਕਿਸੇ ਨਵੇਂ ਰੰਗ ਦੀ ਤਲਾਸ਼ 'ਚ ਜੁੱਟ ਜਾਂਦੇ ਹਨ।
ਪੰਜਾਬ ਦੀ ਇਸ ਨਿਰਾਲੀ ਸਥਿਤੀ ਵਿੱਚ ਸ਼ਾਇਦ ਪੰਜਾਬ ਦੇ ਲੋਕ ਕਿਸੇ "ਸਤ ਰੰਗੀ ਪੀਂਘ" ਦੇ ਰੰਗਾਂ ਜਿਹੇ ਰੰਗਾਂ ਦੀ ਭਾਲ ਦੇਰ-ਸਵੇਰ ਕਰ ਹੀ ਲੈਣਗੇ ਕਿਉਂਕਿ ਉਪਰਾਮ, ਉਦਾਸ ਹੋਣਾ ਉਹਨਾ ਕਦੇ ਸਿੱਖਿਆ ਹੀ ਨਹੀਂ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.