ਖ਼ਬਰ ਹੈ ਕਿ ਖਹਿਰਾ ਤੇ ਸੰਧੂ ਨੂੰ ‘ਆਪ‘ ਵਿਚੋਂ ਮੁਅੱਤਲ ਕਰ ਦਿੱਤਾ ਹੈ ਅਤੇ ਆਪ ਵਿੱਚ ਖਿਚੋਤਾਣ ਹੋਰ ਡੂੰਘੀ ਹੋ ਗਈ ਹੈ। ਆਪ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਤੇ ਸੰਧੂ ਲਗਾਤਾਰ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਹੇ ਸਨ ਅਤੇ ਕੇਂਦਰੀ ਤੇ ਸੂਬਾ ਲੀਡਰਸ਼ਿਪ ‘ਤੇ ਵੀ ਸ਼ਬਦੀ ਹਮਲੇ ਕਰ ਰਹੇ ਸਨ। ਉਧਰ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਟਕਸਾਲੀ ਆਗੂਆਂ ਦੀਆਂ ਬਾਗੀ ਸੁਰਾਂ ਕਾਰਨ ਪਾਰਟੀ ਦਾ ਸੰਕਟ ਵਧਦਾ ਜਾ ਰਿਹਾ ਹੈ। ਬਾਗੀਆਂ ਨੂੰ ਮਨਾਉਣ ਦਾ ਵਿਚਾਰ ਛੱਡਕੇ ਅਕਾਲੀ ਦਲ ਨੇ ਕਾਦੀਆਂ ਦੇ ਕੱਦਵਾਰ ਨੇਤਾ ਸੇਵਾ ਸਿੰਘ ਸੇਖਵਾ ਨੂੰ ਪਾਰਟੀ ਦੀ ਮੁੱਢਲੀ ਮੈਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ।
ਜਿਸ ਨੇਤਾ ਦੇ ਪੈਰ ਥੱਲੇ ਬਟੇਰਾ ਆ ਜਾਂਦਾ ਆ, ਉਹ ਭਾਈ ਕਿਸੇ ਐਰੇ-ਗੈਰੇ ਨੱਥੂ-ਖੈਰੇ ਦੀ ਨਹੀਓਂ ਸੁਣਦਾ। ਲੱਖ ਖਹਿਰਾ,ਸੰਧੂ ਕਹਿੰਦੇ ਫਿਰਨ ਕਿ ਭਾਈ ਕੇਜਰੀਵਾਲ, ਪੰਜਾਬ ਦੇ ਲੋਕ ਅਣਖੀਲੇ ਆ। ਇਹਨਾ ਨੂੰ ਚਾਹੀਦੇ ਆ ਹੱਕ। ਇਹਨਾ ਨੂੰ ਚਾਹੀਦਾ ਆ ਆਪਣੇ ਹੱਕ ਦਾ ਪਾਣੀ। ਇਹਨਾ ਨੂੰ ਚਾਹੀਦੀ ਆ ਖੁਦਮੁਖਤਿਆਰੀ। ਕੇਜਰੀਵਾਲ ਆਂਹਦਾ ਭਾਈ ਮੈਨੂੰ ਸ਼ੇਰੇ-ਪੰਜਾਬ ਨਹੀਂ ਚਾਹੀਦੇ, ਮੈਨੂੰ ਚਾਹੀਦੇ ਆ ਜੀ-ਹਜ਼ੂਰ ਪੰਜਾਬੀ! ਜਿਹੜਾ ਦਿੱਲੀਓਂ ਆਇਆ ਹੁਕਮ ਮੰਨਣ, ਸਲਾਮ ਕਰਨ। ਨਹੀਂ ਤਾਂ ਤੂੰ ਕੌਣ ਭਾਈ ਮੈਂ ਕੌਣ?
ਟਕਸਾਲੀ ਅਕਾਲੀ ਮਰਦੇ ਰਹੇ-ਖਪਦੇ ਰਹੇ, ਜੇਲਾਂ ਕੱਟਦੇ ਰਹੇ, ਕੁੱਟਾਂ ਖਾਂਦੇ ਰਹੇ। ਖਾਣ ਕੁੱਟਾਂ, ਜਾਣ ਜੇਲੀਂ, ਹੱਕ ਤਾਂ ਭਾਈ ਪਿਉ ਤੋਂ ਬਾਅਦ ਪੁੱਤ ਦਾ ਹੀ ਬਣਦਾ। ਵੱਡੇ ਬਾਦਲ ਕਿਹੜਾ ਜੱਗੋਂ ਬਾਹਰੀ ਜਾਂ ਅੱਲੋਕਾਰੀ ਕੀਤੀ ਆ। ਵੇਖੋ ਨਾ ਨਹਿਰੂ ਤੋਂ ਬਾਅਦ ਇੰਦਰਾ ਗਾਂਧੀ, ਫਿਰ ਇੰਦਰਾ ਗਾਂਧੀ ਤੋਂ ਬਾਅਦ ਰਾਜੀਵ ਗਾਂਧੀ, ਤੇ ਫਿਰ ਆਈ ਸੋਨੀਆ ਤੇ ਹੁਣ ਆ ਗਿਆ ਕਾਕਾ ਰਾਹੁਲ। ਬਾਬਾ ਬਾਦਲ ਤੱਕੜਾ ਹਾਲੇ,ਜੀਉਂਦੇ ਜੀਅ ਸੁਖਬੀਰ ਨੂੰ ਅੱਗੇ ਲਾ ਗਿਆ। ਕੁਰਸੀ ਉਤੇ ਉਹਨੂੰ ਚਿਪਕਾ ਗਿਆ। ਐਵੇ ਟਕਸਾਲੀ ਰੌਲਾ ਪਾਈ ਜਾਂਦੇ ਆ। ਪਾਈ ਜਾਣ। ਉਹਦੀ ਸਿਹਤ ਤੇ ਨਹੀਓਂ ਕੋਈ ਅਸਰ। ਆਹ ਵੇਖ ਨਾ ਕੁਰਸੀ ਤੋਂ ਲੱਥ ਨਹੀਂ ‘ਤੇ 84 ਦੇ ਕਤਲੇਆਮ ਦੀ ਗੱਲ ਕਰਨ ਲੱਗ ਪਿਆ। ਇਹਨੂੰ ਕੋਈ ਪੁੱਛੇ ਭਲਾ ਕੁਰਸੀ ਤੇ ਬੈਠੇ ਨੂੰ ‘ਸੱਜਣ‘ ਯਾਦ ਕੋਈ ਨਹੀਂ ਆਏ?
ਰਹੀ ਗੱਲ ਆਹ ਆਪਣੇ ਕੇਜਰੀਵਾਲ ਦੀ, ਰਾਜਾ ਤਾਂ ਪੰਜਾਬ ਦਾ ਬਨਣਾ ਚਾਹੁੰਦਾ ਤੇ ਗਾਲਾਂ ਪੰਜਾਬ ਦੇ ਕਿਸਾਨਾਂ ਨੂੰ ਹੀ ਕੱਢੀ ਜਾਂਦਾ, ਅਖੇ “ਪੰਜਾਬੋਂ ਪਰਾਲੀ ਦੀ ਗੰਦੀ ਹਵਾ, ਕਿਸਾਨੋ ਦਿੱਲੀ ਵੱਲ ਧੱਕੀ ਜਾਨੇਂ ਓਂ।
ਚੁੱਪ ਕਰ ਲੇਖਕ ਸਿਹਾਂ, ਇਹਨਾ ਨੇਤਾਵਾਂ ਨੂੰ ਨਹੀਂਓ ਕੋਈ ਸਮਝ ਸਕਦਾ। ਇਹਨਾ ਦੇ ਹੱਥ ਛੁਰੀ ਹੁੰਦੀ ਆ ਤੇ ਮੂੰਹ ‘ਚ ਰਾਮ ਰਾਮ! ਉਹ ਭਾਵੇਂ ਹੋਵੇ ਸੋਨੀਆ ਜਾਂ ਹੋਵੇ ਮੋਦੀ। ਉਹ ਹੋਵੇ ਲਾਲੂ ਜਾਂ ਹੋਵੇ ਮੁਲਾਇਮ। ਉਹ ਹੋਵੇ ਕੇਜਰੀ ਜਾਂ ਹੋਵੇ ਬਾਦਲ। ਉਹ ਹੋਵੇ ਧੰਨਾ ਸਿਹੁੰ ਜਾਂ ਹੋਵੇ ਪੰਨਾ ਸਿੰਹੁ! ਇਹ ਇੱਕ ਦੂਜੇ ਨੂੰ ਭਾਈ ਮਿੱਧਦੇ ਆ, ਉਹਨਾ ਦੀਆਂ ਲਾਸ਼ਾਂ ਉਤੇ ਭੰਗੜਾ ਪਾਉਂਦੇ ਆ ਤੇ ਜੇਕਰ ਕੋਈ ਮਿਧਿਆ ਨਾ ਜਾਏ ਤਾਂ ਜਨਤਾ ਨੂੰ ਮਧੋਲੀ ਜਾਂਦੇ ਆ। ਇਹ ਬੀਮਾਰੀ ਨਿੱਤ ਵਧਦੀ ਹੀ ਜਾਂਦੀ ਆ, ਲਉ ਸੁਣੋ ਕਵੀਓ ਵਾਚ, “ਮਾਰੋ-ਮਾਰ ਕਰਦੀ ਅੱਗੇ ਜਾਏ ਵੱਧਦੀ, ਏਹਨੂੰ ਕੋਈ ਨਾ ਤੋਪ ਤਲਵਾਰ ਰੋਕੇ“।
ਗਿੱਠ ਨਾਲ ਮਿਣ ਦੇਵਾਂ ਮੈਂ ਪਰਬਤਾਂ ਨੂੰ,
ਗੱਲਾਂ ਗੱਲਾਂ ਨਾਲ ਕਿਲੇ ਉਸਾਰ ਦੇਵਾਂ
ਖ਼ਬਰ ਹੈ ਕਿ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿਸ਼ਵ ਬੈਂਕ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਭਾਰਤ ਦੀ ਜੀਡੀਪੀ 2019 ਵਿੱਚ ਦੁਨੀਆਂ ਦੇ ਉਪਰਲੇ ਪੰਜ ਦੇਸ਼ਾਂ ਵਿੱਚ ਹੋ ਜਾਏਗੀ। ਉਹਨਾ ਕਿਹਾ ਕਿ 190 ਦੇਸ਼ਾਂ ਵਿੱਚ 2014 ਵਿੱਚ ਭਾਰਤ ਦਾ ਵਪਾਰਕ ਖੁਲੇਪਨ ‘ਚ 142 ਸਥਾਨ ਸੀ, ਜੋ 2017 ਵਿੱਚ 100 ਤੇ ਪੁੱਜ ਗਿਆ ਅਤੇ 2018 ਵਿੱਚ ਇਸਦਾ 77ਵਾਂ ਸਥਾਨ ਹੋ ਗਿਆ ਹੈ। ਉਹਨਾ ਕਿਹਾ ਕਿ ਮੋਦੀ ਦੇ ਮੇਕ ਇਨ ਇੰਡੀਆ ਅਤੇ ਭਾਰਤ ‘ਚ ਸੌਖਾ ਵਪਾਰ ਕਰਨ ਦੇ ਰਸਤੇ ਖੁਲਣ ਕਾਰਨ ਇਹ ਸੰਭਵ ਹੋਇਆ।
ਵੇਖੋ, ਸਭ ਕੁਝ, ਆਹ ਆਪਣੇ ਗੁਆਂਢੀ ਚੀਨ ‘ਚ ਬਣਦਾ। ਬਲਭ ਭਾਈ ਪਟੇਲ ਦੀ ਦੁਨੀਆਂ ਦੀ ਸਭ ਤੋਂ ਵੱਡੀ ਮੂਰਤੀ 3500 ਕਰੋੜ ਖਰਚ ਕੇ, ਚੀਨ ਤੋਂ ਬਣਵਾਈ। ਆਹ, ਆਪਣੀ ਸੂਈ ਗੰਧੂਈ, ਪਟਾਕੇ-ਛਟਾਕੇ, ਸਾਈਕਲ, ਇਥੋਂ ਤੱਕ ਕਿ ਮਸਾਂ ਇੱਕ ਦਿਨ ਚੱਲਣ ਵਾਲੇ ਪੈਨਸਲ ਸੈਲ ਅਤੇ ਪਤੰਗ ਉਡਾਉਣ ਵਾਲੀ ਸ਼ੀਸ਼ਾ ਲੱਗੀ, ਨਿਆਣੇ ਦੀ ਗਰਦਨ ਹੱਥ ਕੱਟਣ ਵਾਲੀ ਪਤੰਗੀ ਡੋਰ ਤੱਕ ਚਾਈਨਾ ਤੋਂ ਆਉਂਦੀ ਆ। ਖਰਚ ਕੇ ਪੈਸੇ, ਲੈਕੇ ਕਮਿਸ਼ਨ, ਮਨ ਦੀ ਬਾਤ ਆਖਣ ਲਈ, ਆਹ ਆਪਣੇ ਮੋਦੀ ਜੀ ਰੇਡੀਓ ਤੇ ਜ਼ਬਰਦਸਤੀ ਤੋਤੇ ਵਾਗੂੰ ਰਟਿਆ ਭਾਸ਼ਣ ਸੁਨਾਉਣ ਬਹਿ ਜਾਂਦੇ ਆ। ਹਮਨੇ ਬਹੁਤ ਤਰੱਕੀ ਕੀ ਹੈ?ਹਮ ਦੇਸ਼ ਕੋ ਬਹੁਤ ਆਗੇ ਲੇ ਗਏ ਹੈਂ। ਵਾਕਿਆ ਹੀ ਦੇਸ਼ ਆਗੇ ਚਲਾ ਗਿਆ ਹੈ। ਭੁੱਖ ਮਰੀ ਦੇ ਰਿਕਾਰਡ ਕਾਇਮ ਹੋ ਗਏ ਹਨ। ਰਿਸ਼ਵਤ ਖੋਰੀ ਹੁਣ ਚੀਜ਼ ਖਰੀਦਣ ਦੇ ਮੁੱਲ ਤੇ ਦਫਤਰੋਂ ਕੰਮ ਕਰਾਉਣ ਲਈ ਫੀਸ ਵਜੋਂ ਗਿਣੀ ਜਾਣ ਲੱਗ ਪਈ ਆ। ਲੋਕ ਆਖਣ ਲੱਗ ਪਏ ਆ ਦਫਤਰ ਦੇ ਬਾਬੂ ਨੂੰ, ਆਹ ਭਾਈ ਸਰਕਾਰੀ ਫੀਸ ਅਤੇ ਆਹ ਭਾਈ ਤੇਰੀ ਫੀਸ! ਤਦੇ ਭਾਈ ਦੇਸ਼ ਤਰੱਕੀ ਕਰ ਗਿਆ ਆ। ਮੋਦੀ ਦੀ ਸਰਕਾਰ ਵੇਲੇ ਹੁਣ ਦੇਸ਼ ‘ਚ 831 ਇਹੋ ਜਿਹੇ ਕਰੋੜਪਤੀ ਹੋ ਗਏ ਆ, ਜਿਹਨਾ ਕੋਲ ਪ੍ਰਤੀ 1000 ਕਰੋੜ ਜਾਂ ਇਸਤੋਂ ਵੀ ਜਿਆਦਾ ਧਨ ਆ ਤੇ ਦੇਸ਼ ‘ਚ ਅੱਧੀ ਆਬਾਦੀ 67 ਕਰੋੜ ਗਰੀਬੀ ਰੇਖਾ ਤੋਂ ਥੱਲੇ ਆ। ਵੱਡੇ ਲੋਕਾਂ ਲਈ ਤਾਂ ਭਾਈ ਮੋਦੀ ਕੰਮ ਕਰਦਾ ਆ। ਤਦੇ ਤਾਂ ਮੋਦੀ ਤੇ ਮੋਦੀ ਦੀ ਸਰਕਾਰ ਵਲੋਂ ਮਾਰੇ ਜਾਂਦੇ ਦਮਗਜਿਆਂ ਬਾਰੇ ਕਿਹਾ ਜਾਣ ਲੱਗ ਪਿਆ ਆ, “ਗਿੱਠ ਨਾਲ ਮਿਣ ਦੇਵਾਂ ਮੈਂ ਪਰਬਤਾਂ ਨੂੰ,ਗੱਲਾਂ ਗੱਲਾਂ ਨਾਲ ਕਿਲੇ ਉਸਾਰ ਦੇਵਾਂ“।
ਕਿਸ ਕਿਸ ਦਾ ਮੈਂ ਮੋੜਾਂ ਕਰਜ਼ਾ, ਸੋਚ ਰਿਹਾ ਕਿਸਾਨ ਮਹੀਨੇ ਕੱਤਕ’ਚ।
ਖ਼ਬਰ ਹੈ ਕਿ 2018 ਦੀ ਨਾਬਾਰਡ ਦੀ ਇਕ ਰਿਪੋਰਟ ਅਨੁਸਾਰ ਦੇਸ ਵਿੱਚ 48 ਫੀਸਦੀ ਪਰਿਵਾਰ ਖੇਤੀ ਅਧਾਰਤ ਹਨ, ਜਿਹਨਾਂ ਦੀ ਔਸਤ ਬਚਤ ਪਿਛਲੇ ਸਾਲ ਘੱਟੋ ਘੱਟ 6000 ਤੋਂ 12000 ਰੁਪਏ ਤੱਕ ਰਹੀ। ਇਹਨਾ ਖੇਤੀ ਕਰਦੇ ਪਰਿਵਾਰਾਂ ਵਿੱਚੋਂ 90 ਫੀਸਦੀ ਕਰਜ਼ਾਈ ਹਨ। ਕਰਜ਼ੇ ਕਾਰਨ 1998 ਤੋਂ 2018 ਤੱਕ ਤਿੰਨ ਲੱਖ ਕਿਸਾਨਾਂ ਨੇ ਕੀਟਨਾਸ਼ਕ ਦਵਾਈ ਪੀਕੇ ਜਾਂ ਹੋਰ ਸਾਧਨਾ ਨਾਲ ਖੁਦਕੁਸ਼ੀ ਕੀਤੀ ਹੈ। ਸਰਕਾਰ ਨੇ 2015 ਤੋਂ ਬਾਅਦ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਬਾਰੇ ਕੋਈ ਰਿਪੋਰਟ ਹੀ ਨਹੀਂ ਛਾਪੀ।
ਜ਼ਿੰਦਗੀ ਦੀਆਂ ਤਲਖ ਹਕੀਕਤਾਂ ਕੁਝ ਹੋਰ ਨੇ ਅਤੇ ਸਬਜਬਾਗ ਕੁਝ ਹੋਰ। ਦੇਸ਼ ਮਹਾਨ’ਚ ਧਰਮ ਤੇ ਕਾਨੂੰਨ ਦੇ ਨਾਂ ਹੇਠ ਬਗਲਿਆ ਦਾ ਰੂਪ ਧਾਰ ਲੁਟੇਰੇ ਮਛੀਆ ਖਾਣ ਲੱਗ ਪਏ ਹਨ। ਕਿਸਾਨ ਨੂੰ ਬੈਂਕ ਖਾਂਦਾ ਆ। ਕਿਸਾਨ ਨੂੰ ਸ਼ਾਹੂਕਾਰ ਖਾਂਦਾ ਆ। ਕਿਸਾਨ ਨੂੰ ਆੜਤੀ ਖਾਂਦਾ ਆ। ਮੰਡੀ ਗਏ ਕਿਸਾਨ ਨੂੰ ਸਰਕਾਰੀ ਕਰਮਚਾਰੀ ਖਾਂਦਾ ਆ। ਕਿਸਾਨ ਤਾਂ ਮੱਛੀ ਆ, ਘੜੇ ਦੀ ਮੱਛੀ, ਜਿਹੜਾ ਜ਼ਿੰਦਗੀ’ਚ ਪਤਾ ਨਹੀ ਕਿੰਨੇ ਲੋਕਾਂ ਦੀ ਖੁਰਾਕ ਬਣਦਾ ਆ। ਕਰਜ਼ਾ ਚੁੱਕਦਾ ਆ ਬਾਪ। ਚੁਕਾਉਂਦਾ ਆ ਬੇਟਾ। ਕਰਜ਼ਾ ਚੁੱਕਦਾ ਆ ਧੀਆਂ ਦਾ ਕਾਰਜ ਕਰਨ ਲਈ ਕਿਸਾਨ, ਮੁੜ ਕਰਜੇ ਦਾ ਸਤਾਇਆ ਸੋਚਾਂ ਵਿੱਚ ਡੁਬਿਆ ਉਨੀਂਦਰੇ ਕੱਟਦਾ ਆ। ਜ਼ਹਿਰ ਪੀਂਦਾ ਆ। ਗੱਲ ਰੱਸਾ ਪਾਉਂਦਾ ਆ। ਵਰਦੀ ਅੱਗ’ਚ ਕਿਸਾਨ ਜੀਰੀ ਲਾਉਂਦਾ ਆ। ਸਿਰ ਤਪਾ ਲੈਂਦਾ ਆ। ਪੈਰ ਗਾਰੇ-ਪਾਣੀ’ਚ ਠੰਡੇ ਠਾਰ ਹੋ ਜਾਂਦੇ ਆ। ਕੀਹਨੂੰ ਦੱਸੇ ਰੋਗ?ਕਿਵੇਂ ਉਸ ਬੁਝਾਰਤ ਨੂੰ ਪੱਲੇ ਬੰਨੇ, “ਪੈਰ ਗਰਮ, ਪੈਰ ਨਰਮ ਅਤੇ ਸਿਰ ਠੰਡਾ, ਹਕੀਮ ਵੈਦ ਦੇ ਮਾਰੋ ਡੰਡਾ”। ਬੀਮਾਰ ਪੈਂਦਾ ਹੈ। ਡਾਕਟਰ ਦੇ ਜਾਣ ਲਈ ਖੀਸੇ’ਚ ਦਮੜੀ ਨਹੀਂ। ਕਰਜ਼ਾ ਵਧਦਾ ਜਾਂਦਾ ਆ, “ਡੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ”। ਸੋਚਾਂ ਤੋਂ ਬਿਨਾਂ ਪੱਲੇ ਕੁਝ ਨਹੀਂ। ਤਦੇ ਤਾਂ ਆਹਨਾਂ ਆ ਕਿ ਕਿਸਾਨ ਸੋਚਦਾ ਕਿਸ ਕਿਸ ਦਾ ਮੈਂ ਮੋੜਾ ਕਰਜ਼ਾ, ਸੋਚ ਰਿਹਾ ਮਹੀਨੇ ਕੱਤਕ’ਚ। ਜਦੋਂ ਫਸਲ ਕੋਲ ਹੈ, ਪਰ ਆੜਤੀ ਉਸ ਤੇ ਅੱਖ ਲਾਈ ਬੈਠਾ ਹੈ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਇਕ ਤਾਜ਼ਾ ਰਿਪੋਰਟ ਅਨੁਸਾਰ 2017 ਵਿੱਚ ਭਾਰਤ ਵਿੱਚ 3,22,000 ਅਮੀਰ, 87000 ਵੱਡੀ ਜਾਇਦਾਦ ਵਾਲੇ ਅਤੇ 4000 ਬਹੁਤ ਜਿਆਦਾ ਜਾਇਦਾਦ ਵਾਲੇ ਲੋਕ ਵਸਦੇ ਹਨ। ਭਾਰਤ ਦੀ 67 ਕਰੋੜ ਅਬਾਦੀ ਗਰੀਬੀ ਵਿੱਚ ਰਹਿੰਦੀ ਹੈ, ਜੋ ਦੇਸ਼ ਦੀ ਲਗਭਗ ਅੱਧੀ ਅਬਾਦੀ ਹੈ।
ਇੱਕ ਵਿਚਾਰ
ਅਸਲ ਵਿੱਚ ਸੱਚਾ ਅਮੀਰ ਵਿਅਕਤੀ ਕੇਵਲ ਉਹ ਹੀ ਹੈ, ਜੋ ਹੋਰ ਧੰਨ ਦੀ ਕਾਮਨਾ ਨਹੀ ਕਰਦਾ.. ਈਰਿਚ ਫਰੋਮ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.