ਕਿੱਡੇ ਕਿੱਡੇ ਵੱਡੇ ਸਿਰ ਸਨ ਸਾਡੇ ਪੁਰਖ਼ਿਆਂ ਦੇ
ਪਿਛਲੀ ਅਮਰੀਕਾ ਕੈਨੇਡਾ ਫੇਰੀ ਦੌਰਾਨ ਮੈਂ ਕਹਿ ਬੈਠਾ ਕਿ ਕਿਆਰੇਬੰਦੀਆਂ ਨੇ ਸਾਨੂੰ ਛਾਂਗ ਦਿੱਤਾ ਹੈ। ਨਿਕੱਦੇ ਹੋ ਗਏ ਹਾਂ।
ਕਦੇ ਪਿੰਡ ਚ ਇੱਕੋ ਪੱਗ ਤੇ ਜੁੱਤੀ ਨਾਲ ਅੱਧਾ ਮੁਹੱਲਾ ਵਿਆਹ ਵੇਖ ਲੈਂਦਾ ਸੀ।
ਮੰਗਵਾਂ ਸਵੈਟਰ, ਕੋਟ ਤੇ ਟਾਈ ਤਾਂ 1974-75 ਤੀਕ ਮੈਂ ਤੇ ਸ਼ਮਸ਼ੇਰ ਵੀ ਪਾਉਂਦੇ ਰਹੇ ਹਾਂ।
ਪਾਸ਼ ਇੱਕ ਵਾਰੀ ਮੇਰਾ ਅੱਧੀ ਬਾਂਹ ਦਾ ਸਵੈਟਰ ਕਮੀਜ਼ ਥੱਲਿਓਂ ਦੀ ਪਾ ਕੇ ਚਲਾ ਗਿਆ। ਮੈਂ ਲੱਭਦਾ ਫਿਰਾਂ। ਚੌਥੇ ਦਿਨ ਖ਼ਤ ਆ ਗਿਆ, ਲੱਭਦਾ ਨਾ ਫਿਰੀਂ, ਸਿਆਲ ਮੁੱਕੇ ਮੋੜ ਦਿਆਂਗਾ।
1975 ਚ ਜਦ ਮੈਂ ਪੰਜਾਬ ਯੂਨੀਵਰਸਿਟੀ ਚੋਂ ਕਨਵੋਕੇਸ਼ਨ ਤੇ ਸ਼ਿਵ ਕੁਮਾਰ ਗੋਲਡ ਮੈਡਲ ਲੈਣ ਗਿਆ ਤਾਂ ਕਮੀਜ਼ ਤੇ ਕੋਟ ਸ਼ਮਸ਼ੇਰ ਦੇ ਸਨ। ਉਹ ਤਸਵੀਰ ਹੁਣ ਵੀ ਮੁਹੱਬਤੀ ਦਿਨਾਂ ਦੀ ਜ਼ੀਨਤ ਹੈ।
ਕੱਪੜੇ ਲੀੜੇ ਤਾਂ ਇੱਕ ਪਾਸੇ ਰਹੇ, ਸਿਆਸਤ ਚ ਪਾਰਟੀਆਂ ਇੱਕ ਦੂਸਰੇ ਨਾਲ ਰਲ ਮਿਲ ਕੇ ਕੰਮ ਤੇਰ ਲੈਂਦੀਆਂ ਸਨ।
ਅੱਜ ਅਕਾਲੀ ਦਲ ਤੇ ਕਾਂਗਰਸ ਇੱਕ ਦੂਜੇ ਵੱਲ ਜਦ ਕਹਿਰੀ ਅੱਖ ਨਾਲ ਵੇਖਦੀ ਹੈ ਤਾਂ ਮੈਨੂੰ ਸੱਚ ਮੰਨਿਓ, ਸਾਰੇ ਹੀ ਬੌਣੇ ਲੱਗਦੇ ਹਨ।
ਵਿਰਾਸਤੀ ਗਿਆਨ ਤੋਂ ਕੋਰੇ।
ਕਦੇ ਸਾਡੇ ਸਿਰ ਕਿੱਡੇ ਕਿੱਡੇ ਵੱਡੇ ਸਨ।
ਦੇਸ਼ ਭਗਤੀ ਦੇ ਰੰਗ ਚ ਰੰਗੇ ਸੂਰਮੇ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਬਣਦੇ ਸਨ।
ਗਦਰ ਲਹਿਰ ਦੇ ਬਾਨੀਆਂ ਚੋਂ ਪਰਮੁੱਖ ਬਾਬਾ ਵਸਾਖਾ ਸਿੰਘ ਦਦੇਹਰ ਸਾਹਿਬ ਵਾਲੇ ਵਰਗੇ ਸੂਰਮੇ ਤਖ਼ਤ ਤੇ ਸੁਸ਼ੋਭਿਤ ਹੁੰਦੇ ਸਨ1930 ਚ।
ਇਹੀ ਬਾਬਾ ਜੀ ਅਮਰੀਕਾ ਚ ਬਾਬਾ ਜਵਾਲਾ ਸਿੰਘ ਠੱਠੀਆਂ ਨਾਲ ਮਿਲ ਕੇ ਹੋਲਟ ਫਾਰਮ ਸਟਾਕਟਨ ਚ ਆਲੂ ਫਾਰਮ ਸੰਭਾਲਦੇ ਸਨ। ਬਰਕਲੱ ਯੂਨੀਵਰਸਿਟੀ ਚ ਪੜ੍ਹਨ ਗਏ ਨੌਜਵਾਨਾਂ ਨੂੰ ਲੰਗਰ ਪਾਣੀ ਤੇ ਆਰਥਿਕ ਮਦਦ ਕਰਦੇ ਸਨ।
ਇਹੀ ਬਾਬਾ ਜੀ ਦੇਸ਼ ਭਗਤ ਪਰਿਵਾਰ ਸਹਾਇਤਾ ਫੰਡ ਰਾਹੀਂ ਪਰਿਵਾਰਾਂ ਦੀ ਮਦਦ ਕਰਨ ਉਪਰੰਤ ਜਲੰਧਰ ਵਾਲਾ ਦੇਸ਼ ਭਗਤ ਯਾਦਗਾਰ ਹਾਲ ਉਸਾਰਨ ਦੇ ਮੋਢੀ ਬਣੇ, ਬਾਬਾ ਸੋਹਨ ਸਿੰਘ ਭਕਨਾ ਤੇ ਸਾਥੀਆਂ ਨਾਲ।
ਬਾਬਾ ਵਸਾਖਾ ਸਿੰਘ ਜੀ ਤੋਂ ਬਾਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣਨ ਵਾਲੇ ਨੌਜਵਾਨ ਦੇਸ਼ ਭਗਤ ਦਾ ਨਾਮ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਸੀ। ਸਿਰਕੱਢ ਲੇਖਕ ਵੀ ਸਨ ਉਹ। ਮਗਰੋਂ ਉਹ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ 1966-67 ਚ।
ਤਿੰਨ ਵਾਰ ਕਾਂਗਰਸੀ ਟਿਕਟ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਬਣੇ,1952,1957 ਤੇ 1962 ਚ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਰਹੇ ਭਲੇ ਵੇਲਿਆਂ ਚ।
ਸ਼ਾਇਰੀ , ਕਹਾਣੀ ਲਿਖਣ ਦੇ ਨਾਲ ਨਾਲ ਵਧੀਆ ਵਾਰਤਕ ਕਾਰ, ਅਨੁਵਾਦਕ ਵੀ। ਗਿਆਨੀ ਗੁਰਮੁਖ ਸਿੰਘ ਮੁਸਾਫਿਰ ਜੀ ਦੀ ਰ ਮ ਸਿੰਘ ਵੱਲੋਂ ਬਣਾਈ ਇਹ ਪੇਟਿੰਗ ਜਦ ਵੀ ਵੇਖਦਾਂ ਤਾਂ ਸਰਬਗੁਣ ਸੰਪੂਰਨ ਸ਼ਖਸੀਅਤ ਨੂੰ ਸਾਹਮਣੇ ਬੈਠਾ ਮਹਿਸੂਸਨਾਂ।
1976 ਚ ਸੁਰਗਵਾਸ ਹੋਏ ਮੁਸਾਫਿਰ ਜੀ। ਮੇਰਾ ਸੁਭਾਗ ਹੈ ਕਿ ਡਾ: ਰਣਧੀਰ ਸਿੰਘ ਚੰਦ ਦੀ ਸੰਗਤ ਕਾਰਨ ਮੈਨੂੰ
ਜ਼ਿੰਦਗੀ ਚ ਪਹਿਲਾ ਕਵੀ ਦਰਬਾਰ 1976 ਚ ਪੜ੍ਹਨ ਦਾ ਮੌਕਾ ਗੌਰਮਿੰਟ ਮਹਿਲਾ ਕਾਲਿਜ ਪਟਿਆਲਾ ਵਿਖੇ ਮਿਲਿਆ, ਉਸ ਦੀ ਪ੍ਰਧਾਨਗੀ ਮੁਸਾਫਿਰ ਜੀ ਨੇ ਹੀ ਕੀਤੀ ਸੀ।
ਮੈਂ ਸੱਦਿਆ ਹੋਇਆ ਕਵੀ ਨਹੀਂ ਸਾਂ, ਸਿਰਫ਼ ਡਾ: ਸੁਰਜੀਤ ਸਿੰਘ ਸੇਠੀ ਜੀ ਤੇ ਉਨ੍ਹਾਂ ਦੀ ਜੀਵਨ ਸਾਥਣ ਪ੍ਰੋ: ਮਨੋਹਰ ਕੌਰ ਅਰਪਨ ਸਦਕਾ ਸੰਭਵ ਹੋ ਸਕਿਆ। ਇਸ ਪਰਿਵਾਰ ਦੇ ਮਾਮਾ ਜੀ ਸਨ ਮੁਸਾਫਿਰ ਜੀ। ਪ੍ਰੋ: ਅਰਪਨ ਇਸੇ ਕਾਲਿਜ ਚ ਪੰਜਾਬੀ ਪੜ੍ਹਾਉਂਦੇ ਹੋਣ ਕਾਰਨ ਕਵੀ ਦਰਬਾਰ ਦੇ ਮੁੱਖ ਪ੍ਰਬੰਧਕ ਸਨ। ਡਾ: ਚੰਦ ਦੇ ਕਹਿਣ ਤੇ ਮੈਨੂੰ ਵੀ ਕਵਿਤਾ ਸ਼ੀਸ਼ਾ ਝੂਠ ਬੋਲਦਾ ਹੈ ਪੜ੍ਹਨ ਦਾ ਮੌਕਾ ਮਿਲਿਆ।
ਕਵਿਤਾ ਸੁਣਾ ਕੇ ਮੰਚ ਤੇ ਬੈਠਾ ਤਾਂ ਮੁਸਾਫਿਰ ਜੀ ਨੇ ਮੈਨੂੰ ਥਾਪੜਾ ਦਿੱਤਾ। ਮੈਂ ਹੁਣ ਤੀਕ ਵੀ ਉਸ ਛੋਹ ਨੂੰ ਵਿਸਾਰ ਨਹੀਂ ਸਕਿਆ।
ਡਾ: ਜਗਤਾਰ ਤੇ ਪ੍ਰੋ: ਤ੍ਰੈਲੋਚਨ ਨੂੰ ਵੀ ਮੈਂ ਓਦਣ ਹੀ ਖੁੱਲ੍ਹ ਕੇ ਪਹਿਲੀ ਵਾਰ ਮਿਲਿਆ।
ਡਾ: ਜਗਤਾਰ ਤੇ ਚੰਦ ਜੀ ਦੀ ਲੰਮੀ ਦੋਸਤੀ ਉਪਰੰਤ ਮਨ ਮੁਟਾਵ ਨੂੰ ਤ੍ਰੈਲੋਚਨ ਸਦਕਾ ਪਹਿਲੀ ਵਾਰ ਮਿਟਦਿਆਂ ਵੇਖਿਆ। ਕਮਾਲ ਦਾ ਦਿਨ ਸੀ ਉਹ। ਗੌਰਮਿੰਟ ਮਹਿਲਾ ਕਾਲਿਜ ਪਟਿਆਲਾ ਨੇ ਆਪਣੇ ਆਗਾਮੀ ਕਾਲਿਜ ਮੈਗਜ਼ੀਨ ਵਿੱਚ ਉਸ ਕਵੀ ਦਰਬਾਰ ਦੀਆਂ ਤਸਵੀਰਾਂ ਤੇ ਰੀਪੋਰਟ
ਛਾਪੀ, ਜੋ ਬੜਾ ਚਿਰ ਮੈਂ ਸੰਭਾਲ ਕੇ ਰੱਖੀ। ਹੁਣ ਗਵਾਚ ਗਈ ਹੈ 1976-77 ਦੀ ਉਹ ਮੈਗਜ਼ੀਨ।
ਗੱਲ ਤਾਂ ਕਰਨੀ ਸੀ ਵੱਡੇ ਸਿਰਾਂ ਵਾਲੇ ਪੁਰਖਿਆਂ ਦੀ, ਮੁਸਾਫਿਰ ਜੀ ਵਰਗਿਆਂ ਦੀ ਜੋ 1978 ਦੇ ਕਹਾਣੀ ਸੰਗ੍ਰਹਿ ਉਰਵਾਰ ਪਾਰ ਬਦਲੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਵੀ ਬਣੇ ਮਰਨ ਉਪਰੰਤ।
ਉਹ ਭਾਰਤ ਦੀ ਵਿਧਾਨ ਘੜਨੀ ਕਮੇਟੀ ਦੇ ਵੀ ਚੁਣੇ ਹੋਏ ਮੈਂਬਰ ਸਨ। 1949 ਤੋਂ 1959 ਤੀਕ ਪੰਜਾਬ ਪ੍ਰਦੇਸ਼ ਕਾਂਰਸ ਕਮੇਟੀ ਦੇ ਪਰਧਾਨ ਵੀ ਰਹੇ ਮੁਸਾਫਿਰ ਜੀ।
1967 ਚ ਪੰਜਾਬ ਅਸੰਬਲੀ ਦੀ ਚੋਣ ਅੰਮ੍ਰਿਤਸਰ ਦੇ ਕਮਿਉਨਿਸਟ ਮਜ਼ਦੂਰ ਆਗੂ ਕਾਮਰੇਡ ਸੱਤ ਪਾਲ ਡਾਂਗ ਪਾਸੋਂ ਹਾਰ ਗਏ।
1968 ਤੋਂ 1974 ਤੀਕ ਰਾਜ ਸਭਾ ਮੈਂਬਰ ਰਹੇ।
ਵਿਸ਼ਵ ਅਮਨ ਲਹਿਰ ਤੇ ਅਗਾਂਹਵਧੂ ਲੇਖਕ ਸੰਗਠਨ ਦੀਆਂ ਕਈ ਅੰਤਰ ਰਾਸ਼ਟਰੀ ਕਾਨਫਰੰਸਾਂ ਵਿੱਚ ਸ਼ਮੂਲੀਅਤ ਕੀਤੀ ਉਨ੍ਹਾਂ।
ਮੁਸਾਫਿਰ ਜੀ ਦੀ ਸਮੁੱਚੀ ਰਚਨਾ ਇਕੱਠੇ ਸੈੱਟ ਦੇ ਰੂਪ ਚ ਛਪਿਆਂ ਮੁੱਦਤ ਹੋ ਗਈ ਹੈ,ਨਵਯੁਗ ਪਬਲਿਸ਼ਰਜ਼ ਵੱਲੋਂ ਭਾਪਾ ਪ੍ਰੀਤਮ ਸਿੰਘ ਜੀ ਨੇ ਬੜੀ ਰੀਝ ਨਾਲ ਛਾਪੀ ਸੀ। ਇਹ ਡੱਬਾ ਬੰਦ ਸੈੱਟ ਡਾ: ਆਤਮਜੀਤ ਤੇ ਪ੍ਰੋ: ਰਵਿੰਦਰ ਭੱਠਲ ਰਾਹੀਂ ਮੇਰੀ ਲਾਇਬਰੇਰੀ ਦੀ ਸ਼ਾਨ ਹੈ।
ਮੁਸਾਫਿਰ ਜੀ ਦੀ ਦੇਸ਼ ਭਗਤ ਸੂਰਮਗਤੀ,ਅਧਿਆਪਨ ਸੇਵਾ,ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ, ਲੋਕ ਸਭਾ ਨੁਮਾਇੰਦਗੀ, ਮੁੱਖ ਮੰਤਰੀ ਕਾਰਜ ਭਾਰ, ਰਾਜ ਸਭਾ ਮੈਂਬਰੀ,ਸਾਹਿਤ ਸਿਰਜਣ ਸਿਰਮੌਰਤਾ।
ਇੱਕੋ ਸਿਰ ਵਿੱਚ ਕਿੰਨਾ ਕੁਝ ਸੀ। ਮੇਰੀ ਤੌਬਾ.......।
ਅੱਜ ਵਾਲੇ ਵੱਡੇ ਉਦਯੋਗਕ ਘਰਾਣੇ ਏਅਰਟੈੱਲ ਵਾਲੇ ਸੱਤਪਾਲ ਮਿੱਤਲ ਪਰਿਵਾਰ ਨੂੰ ਤਾਂ ਸ਼ਾਇਦ ਹੀ ਚੇਤੇ ਹੋਵੇ ਕਿ ਸੱਤ ਪਾਲ ਮਿੱਤਲ ਤੇ ਜੋਗਿੰਦਰ ਪਾਲ ਪਾਂਡੇ ਜੋੜੀ ਨੂੰ ਰਾਜਨੀਤੀ ਚ ਮੁਸਾਫਿਰ ਜੀ ਹੀ ਲੈ ਕੇ ਆਏ ਸਨ।
ਗੱਲ ਕਿੱਧਰੋਂ ਕਿੱਧਰ ਤੁਰ ਪਈ, ਪਤਾ ਹੀ ਨਹੀਂ ਲੱਗਿਆ।
ਚਲੋ! ਅੱਜ ਕਿਹੜਾ ਅਖ਼ਬਾਰ ਆਉਣਾ ਹੈ।
ਵਿਸ਼ਵਕਰਮਾ ਤੇ ਗੋਵਰਧਨ ਪੂਜਾ ਦਿਵਸ ਹੈ ਅੱਜ। ਸ਼ਿਲਪਕਾਰੀ ਪਿਤਾਮਾ ਨੂੰ ਸਲਾਮ ਕਹਿ ਕੇ ਗੱਲ ਮੁਕਾਉਂਦਾ ਹਾਂ।
ਗੋਬਰ ਧਨ ਵੀ ਸੰਭਾਲੋ ਪਰ ਆਵਾਰਾ ਗਊਆਂ ਵੀ ਸੜਕਾਂ ਤੋਂ ਗਊਸ਼ਾਲਾ ਚ ਲੈ ਜਾਉ ਗਊ ਭਗਤੋ। ਪੂਜਾ ਤੋਂ ਅੱਗੇ ਤੁਰੋ।
ਸ਼ਿਲਪਕਾਰੋ, ਤੁਹਾਡੀ ਕਿਰਤੀ ਬਿਰਤੀ ਨੂੰ ਸਲਾਮ!
ਗੁਰਭਜਨ ਗਿੱਲ
8.11.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.