ਸਰਬਜੀਤ ਕੌਰ ਜੱਸ ਸਾਡੀ ਜ਼ਬਾਨ ਦੀ ਸਮਰੱਥ ਕਵਿੱਤਰੀ ਹੈ। ਨਵੇਂ ਮੁਹਾਵਰੇ ਵਾਲੀ ਜੀਵੰਤ ਕਵਿਤਾ ਦੀ ਸਿਰਜਕ।
ਕਈ ਵਾਰ ਜਾਪਦੈ ਉਹ ਸਿਆਹੀ ਨਾਲ ਨਹੀਂ ਤੇਜ਼ਾਬ ਨਾਲ ਲਿਖਦੀ ਹੈ।
ਉਸ ਦੀ ਹਰ ਨਜ਼ਮ ਪੜ੍ਹ ਕੇ ਇਹੀ ਲੱਗਦੈ ਕਿ ਇਹ ਗੱਲ ਪਹਿਲਾਂ ਕਿਸੇ ਨੇ ਕਿਉਂ ਨਹੀਂ ਲਿਖੀ।
ਸਰਬਜੀਤ ਪੇਕਿਉਂ ਫ਼ੀਰੋਜ਼ਪੁਰ ਦੀ ਹੈ ਪਰ ਮਾਪੇ ਲਾਹੌਰ ਜ਼ਿਲ੍ਹੇ ਚੋਂ ਸੰਤਾਲੀ ਦੇ ਹੱਲਿਆਂ ਵੇਲੇ ਆਏ ਸਨ।
ਹੁਣ ਪਟਿਆਲਾ ਚ ਪਰਿਵਾਰ ਸਮੇਤ ਵੱਸਦੀ ਹੈ। ਕਿੱਤੇ ਪੱਖੋਂ ਅਧਿਆਪਕਾ ਹੈ ਜੱਸ।
ਉਸਦੇ ਦੋ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁਕੇ ਨੇ। ਸ਼ਬਦਾਂ ਦੀ ਨਾਟਮੰਡਲੀ ਨੇ ਤਾਂ ਉਸ ਦੀ ਕਾਵਿ ਪਛਾਣ ਥੋੜੇ ਸਮੇਂ ਚ ਹੀ ਸਥਾਪਤ ਕਰ ਦਿੱਤੀ ਸੀ।
ਉਸ ਨੂੰ ਪੜ੍ਹਦਿਆਂ ਪਾਕਿਸਤਾਨ ਦੀ ਸਮਰੱਥ ਕਵਿੱਤਰੀ ਤਾਹਿਰਾ ਸਰਾ ਦੇ ਬੋਲ ਯਾਦ ਆਉਂਦੇ ਨੇ।
ਜਿੰਨੇ ਹਰਫ਼ ਉਲੀਕਾਂ ਜ਼ਹਿਰਾਂ ਸੁੱਟਦੇ ਨੇ,
ਕਾਨਾ ਏਂ ਜਾਂ ਸੱਪ ਨੂੰ ਘੜਿਆ ਹੋਇਆ ਏ।
ਉਸ ਦੀ ਸੱਜਰੀ ਕਵਿਤਾ ਬਨੇਰਿਆਂ ਤੇ ਦੀਵਾਲੀ ਨੂੰ ਜਗਣ ਵਾਲੇ ਚਿਰਾਗਾਂ ਵਰਗੀ ਜਾਪਦੀ ਹੈ।
ਤੁਸੀਂ ਵੀ ਪੜ੍ਹੋ।
ਹਾਕਮ ਦੀ ਮੁਹੱਬਤ
ਜਦੋਂ ਤੁਸੀ ਸੁੱਤੇ ਹੰਦੇ ਹੋ
ਤਾਂ ਹਾਕਮ ਤੁਹਾਡੇ ਸੁੱਤੇ ਪਿਆਂ ਦਾ
ਮੱਥਾ ਚੁਮਦਾ ਹੈ,
ਪਿੱਠ ਪਲੋਸਦਾ ਹੈ
ਤੇ ਤੁਹਾਡੇ ਸੁਪਨਿਆਂ ਦੇ ਹਾਣ ਦੀਆਂ
ਲੋਰੀਆਂ ਸੁਣਾਉਂਦਾ ਹੈ
ਜਦੋਂ ਤਸੀ ਸੁੱਤੇ ਹੁੰਦੇ ਹੋ
ਤਾਂ ਹਾਕਮ ਨੂੰ ਸਭ ਤੋਂ ਵੱਧ ਪਿਆਰੇ ਲਗਦੇ ਹੋ
ਜਦੋਂ ਤੁਸੀ ਸੁੱਤੇ ਹੁੰਦੇ ਹੋ
ਤੁਸੀ ਉਸ ਦੇ ਮਨ ਦੇ, ਐਨ ਨਜ਼ਦੀਕ ਹੁੰਦੇ ਹੋ
ਜਦੋਂ ਤਸੀ ਸੁੱਤੇ ਹੁੰਦੇ ਹੋ
ਤਾਂ ਹਾਕਮ ਮੁਹੱਬਤ ਦੇ ਰੰਗ 'ਚ ਰੰਗਿਆ ਹੁੰਦਾ ਹੈ |
ਜਦੋਂ ਤੁਸੀ ਸੁੱਤੇ ਹੁੰਦੇ ਹੋ
ਤਾਂ ਰਾਤਾਂ ਨੂੰ ਜਾਗਦੇ
ਨਿੱਕੇ- ਨਿੱਕੇ ਕੌਡੀ ਕਟਹਿਣੇ
ਤੁਹਾਨੂੰ ਲਾਹਨਤਾਂ ਪਾਉਂਦੇ ਨੇ
ਤਾਰੇ ਬੱਦਲਾਂ ਦੀ ੳਟ ਭਾਲਣ ਲਗਦੇ ਨੇ
ਤੁਸੀ ਰੌਸ਼ਨ ਚਿਰਾਗਾਂ ਦੀਆਂ ਅੱਖਾਂ 'ਚ
ਮਿਰਚਾਂ ਵਾਂਗ ਚੁਭਣ ਲਗਦੇ ਹੋ
ਜਦੋਂ ਤੁਸੀ ਸੁੱਤੇ ਹੁੰਦੇ ਹੋ
ਜਦੋਂ ਤੁਸੀ ਅੰਗੜਾਈ ਭਰਦੇ ਹੋ
ਤਾਂ ਹਾਕਮ ਤੁਹਾਡੇ ਸਿਰ ਵੱਢ ਦਿੰਦਾ ਹੈ
ਅੱਖਾਂ ਕੱਢ ਦਿੰਦਾ ਹੈ
ਪੈਰਾਂ ਦੀਆਂ ਖੁਰੀਆਂ 'ਚ
ਮੇਖਾਂ ਗੱਡ ਦਿੰਦਾ ਹੈ
ਤੇ ਤੁਹਾਡੀ ਚੇਤਨਾ ਦੀ ਧੂਣੀ
ਬਾਲ ਕੇ ਸੇਕਣ ਲਗਦਾ ਹੈ
ਜਦੋਂ ਤੁਸੀ ਅੰਗੜਾਈ ਭਰਦੇ ਹੋ
ਤਾਂ ਹਾਕਮ ਦੀ ਸਾਰੀ ਮੁਹੱਬਤ
ਮੁਸ਼ਕ ਕਾਫ਼ੂਰ ਵਾਂਗ ਉੱਡ ਜਾਂਦੀ ਹੈ
ਹਾਕਮ - ਨਾ ਤੀਰ ...ਨਾ ਤਲਵਾਰ
ਨਾ ਬੰਬ ...ਨਾ ਬੰਦੂਕ ਤੋਂ ਡਰਦਾ ਹੈ
ਹਾਕਮ ਤੁਹਾਡੇ ਜਾਗਣ ਤੋਂ ਡਰਦਾ ਹੈ
ਜਦੋਂ ਤੁਸੀਂ ਜਾਗਦੇ ਹੁੰਦੇ ਹੋ
ਤਾਂ ਹਾਕਮ ਲਈ,
ਤੁਸੀਂ ਪ੍ਰੇਮੀ ਨਹੀਂ ਹੁੰਦੇ
ਨਾ ਹੁੰਦੇ ਹੋ
ਦੇਸ਼ ਭਗਤ.... ਸ਼ਾਂਤੀ ਪਸੰਦ...
ਰਾਸ਼ਟਰਵਾਦੀ.
ਤੁਸੀਂ ਹੁੰਦੇ ਹੋ-
ਦੇਾਸ਼-ਧ੍ਰੋਹੀ...ਫਸਾਦੀ ... ਦਗੇਬਾਜ਼
ਜਦੋਂ ਤੁਸੀਂ ਜਾਗਦੇ ਹੁੰਦੇ ਹੋ
ਤਾਂ ਤੁਸੀ ਹੁੰਦੇ ਹੋ
ਹਾਕਮ ਦੀ ਹਿੱਕ 'ਤੇ ਗੱਡਿਆ
ਸੇਹ ਦਾ ਤੱਕਲਾ
ਸਰਬਜੀਤ ਕੌਰ ਜੱਸ
ਪਟਿਆਲਾ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.