ਦੀਵਾਲੀ ਹੈ ਅੱਜ ਦੋਸਤੋ
ਰੌਸ਼ਨੀਆਂ ਦਾ ਤਿਉਹਾਰ
ਹਨ੍ਹੇਰ ਖਾਤੇ ਖਿਲਾਫ਼
ਚਾਨਣ ਦੀ ਜਿੱਤ, ਰਾਤ ਨੂੰ ਦੀਵੇ ਮੋਮਬੱਤੀਆਂ ਹਨ੍ਹੇਰੇ ਦੀ ਹਿੱਕ ਚੀਰਨ ਲਈ ਜਗਣ ਮਘਣਗੇ।
ਕੁਝ ਘਰਾਂ ਦੇ ਬਨੇਰਿਆਂ ਤੇ ਚੀਨੀ ਲੜੀਆਂ ਜਗਦੀਆਂ ਬੁਝਦੀਆਂ ਰਾਤ ਭਰ ਟੰਗੀਆਂ ਰਹਿਣਗੀਆਂ।
ਗੁਰੂ ਨਾਨਕ ਗੁਰਪੁਰਬ ਤੀਕ ।
ਬੰਦੀਛੋੜ ਦਿਵਸ ਵੀ ਹੈ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੰਧਨ ਮੁਕਤ ਕੇਵਲ ਰਾਜੇ ਹੀ ਨਹੀਂ ਸਨ ਕਰਵਾਏ, ਸਾਨੂੰ ਵੀ ਆਜ਼ਾਦ ਫ਼ਿਜ਼ਾ ਚ ਆਜ਼ਾਦ ਸੋਚ ਤੇ ਹਸਤੀ ਦਾ ਸਵਾਮੀ ਬਣਾਇਆ ਸੀ।
ਪੀਰੀ ਦੇ ਨਾਲ ਨਾਲ ਕਿਰਪਾਲੂ ਮੀਰੀ ਵੀ ਸਮਝਾਈ ਸੀ।
ਪਰ ਕੀ ਅਸੀਂ ਬੰਧਨ ਮੁਕਤ ਹੋਏ ਹਾਂ ?
ਨਹੀਂ ਨਹੀਂ ਨਹੀਂ
ਪਹਿਲਾਂ ਨਾਲੋਂ ਵਧੇਰੇ ਬੰਧਨਾਂ ਚ ਜਕੜੇ ਗਏ ਹਾਂ।
ਕੱਲ੍ਹ ਸ਼ਾਮੀਂ ਪੰਜਾਬੀ ਭਵਨ ਲੁਧਿਆਣਾ ਵਿੱਚ ਪੰਜਾਬੀ ਲੇਖਕ ਸਭਾ ਦੇ ਸਵੀਡਨ ਦੀ ਲੇਖਿਕਾ ਡਾ: ਸੋਨੀਆ ਸਿੰਘ ਦੀ ਹਨ੍ਹੇਰ ਮਿਟਾਊ ਪੁਸਤਕ ਧੁੰਦ ਲੋਕ ਅਰਪਨ ਸਮਾਗਮ ਚ ਹਰਬੰਸ ਮਾਲਵਾ ਨੇ ਇਹ ਗੀਤ ਸੁਣਾ ਕੇ ਕਲੇਜਾ ਚੀਰ ਦਿੱਤਾ।
ਜ਼ਾਤ ਪਾਤ ,ਖਿੱਤਾਪ੍ਰਸਤੀ ਤੇ ਵਲਗਣ ਵੰਡ ਨੇ ਸਾਡੀ ਸੋਚ ਦਾ ਕੁਤਰਾ ਕਰ ਦਿੱਤਾ ਹੈ।
ਕੁਤਰੇ ਹੋਏ ਲੋਕ ਲੁੱਟਣੇ ਤੇ ਕੁੱਟਣੇ ਆਸਾਨ ਰਹਿੰਦੇ ਹਨ।
ਹਰਬੰਸ ਦਾ ਗੀੜ ਪੜ੍ਹੋ
ਗੀਤ
ਮੁਲੰਮਾ
ਹਰਬੰਸ ਮਾਲਵਾ
94172 66355
ਉਹਦੇ ਦਿਲ ਵਿੱਚ ਵੀ,
ਸੀ ਪੁਰਾਣੀ ਕੋਈ ਲੀਹ ।
ਸੀ ਪੁਰਾਣੀ ਕੋਈ ਲੀਹ,
ਉਹਦੇ ਦਿਲ ਵਿੱਚ ਵੀ।
ਵੱਡੀ ਗੱਲ ਨੂੰ,
ਛੋਟੀ ਜਹੀ ਕਹਿਕੇ ਕਹਿ ਗਿਆ।
ਜਦੋਂ ਉਹਨੇ ਜਾਤ ਪੁੱਛ ਲਈ,
ਉਹਦੇ ਪਿਆਰ ਦਾ ਮੁਲੰਮਾ ਸਾਰਾ ਲਹਿ ਗਿਆ।
ਭਾਲਿਆ ਸੀ ਤਾਰਿਆਂ ਦੀ ਛਾਂ 'ਚ ਪ੍ਰਭਾਤ 'ਚੋਂ ।
ਮੈਂ ਕੀ ਜਾਣਾਂ,ਕੀ ਸੀ ਉਹਨੇ,ਲੈਣਾ ਮੇਰੀ ਜ਼ਾਤ ਚੋਂ।
ਪਲਾਂ ਛਿਣਾਂ 'ਚੋਂ ਪਿਆਰ ਭੁੰਜੇ ਲਹਿ ਗਿਆ।
ਜਦੋਂ ਉਹਨੇ ਜਾਤ ਪੁੱਛ ਲਈ
ਅੱਖਰਾਂ ਦੀ ਆਸ਼ਕੀ ਤੇ ਸ਼ਬਦਾਂ ਦੀ ਚਾਨਣੀ।
ਜਾਣਦਾ ਤਾਂ ਹੈ ਉਹ ਪਰ ਆਈ ਨਾ ਪਛਾਨਣੀ।
ਸਿੱਧੇ ਰਾਹੇ ਜਾਂਦਾ ਜਾਂਦਾ ਪੁੱਠੇ ਪੈ ਗਿਆ
ਜਦੋਂ ਉਹਨੇ ਜਾਤ ਪੁੱਛ ਲਈ
ਕਦੇ ਉਹਤੇ ਗੁੱਸਾ ਤੇ ਤਰਸ ਕਦੇ ਆ ਜਵੇ।
ਕਦੇ ਪੀੜੋ- ਪੀੜ ਮਨ ਪੂਰਾ ਮੁਸਕਾ ਦਵੇ।
ਗੁੱਸਾ,ਪੀੜ, ਮੁਸਕਾਨ ਦਿਲ ਸਹਿ ਗਿਆ।
ਜਦੋਂ ਉਹਨੇ ਜਾਤ ਪੁੱਛ ਲਈ।
ਕਰ ਲਿਆ ਗੀਤ ਸਾਂਝਾ,ਕਾਗਤਾਂ ਦੇ ਨਾਲ਼ ਮੈਂ।
ਲੋਕਾਂ ਦਿਆਂ ਦਿਲਾਂ ਵਿੱਚ,ਦੇਣਾ ਹੈ ਸੰਭਾਲ਼ ਮੈਂ।
ਪਾਣੀ,ਅੱਜ ਵੀ,ਨਿਵਾਣ ਵੱਲ ਵਹਿ ਗਿਆ।
ਜਦੋਂ ਉਹਨੇ ਜ਼ਾਤ ਪੁੱਛ ਲਈ
ਉਹਦੇ ਪਿਆਰ ਦਾ ਮੁਲੰਮਾ ਸਾਰਾ ਲਹਿ ਗਿਆ।
ਇਸੇ ਸਮਾਗਮ ਚ ਰਾਜਦੀਪ ਤੂਰ ਨੇ ਇੱਕ ਗੀਤ ਸੁਣਾਇਆ। ਉਸ ਦੇ ਬੋਲ ਵੀ ਸਾਨੂੰ ਜਗਾਉਣ ਵਾਲੇ ਸਨ।
ਗੀਤ
ਆਪਣੇ ਪੰਜਾਬ ਨੂੰ ਬਚਾਇਓ ਵੇ ਪੰਜਾਬੀਓ।
ਐਵੇਂ ਕਿਸੇ ਚੁੱਕ 'ਚ ਨਾ ਆਇਓ ਵੇ ਪੰਜਾਬੀਓ।
ਹਾਲੇ ਸੰਤਾਲ਼ੀ ਤੇ ਚੁਰਾਸੀ ਵੀ ਨਹੀਂ ਭੁੱਲਿਆ।
ਲੱਖਾਂ ਹੀ ਬੇਦੋਸ਼ਿਆਂ ਦਾ ਲਹੂ ਜਦੋਂ ਡੁੱਲਿਆ।
ਲਹੂ ਵਾਲ਼ਾ ਰੰਗ ਨਾ ਭੁਲਾਇਓ ਵੇ ਪੰਜਾਬੀਓ।
ਧਰਤੀ ਕੀ ਵੰਡੀ ਸਾਡੀ ਰੂਹ ਵੰਡੀ ਪਈ ਏ।
ਹਾਲੇ ਤੱਕ ਚੁੱਲਿਆਂ ਦੀ ਅੱਗ ਠੰਢੀ ਪਈ ਏ।
ਤਪਿਆਂ ਨੂੰ ਹੋਰ ਨਾ ਤਪਾਇਓ ਵੇ ਪੰਜਾਬੀਓ।
ਸ਼ਾਤਰਾਂ ਨੇ ਸ਼ਾਤਰਾਨਾ ਚੱਕਰ ਚਲਾਉਣੇ ਨੇ।
ਭਾਈਆਂ ਹੱਥੋਂ ਆਪਣੇ ਹੀ ਭਾਈ ਮਰਵਾਉਣੇ ਨੇ।
ਹੁਣ ਕਿਸੇ ਚਾਲ 'ਚ ਨਾ ਆਇਓ ਵੇ ਪੰਜਾਬੀਓ ।
ਅੱਜ ਉਕਸਾਉਣ ਵਾਲ਼ੇ ਕੱਲ੍ਹ ਨਈਓਂ ਲੱਭਣੇ।
ਜ਼ਖਮ ਪੰਜਾਬ ਦੇ ਹੀ ਪਿੰਡੇ ਉੱਤੇ ਲੱਗਣੇ।
ਹਾੜਾ ਹੋਰ ਪੱਛ ਨਾ ਲਗਾਇਓ ਵੇ ਪੰਜਾਬੀਓ।
ਵਕਤ ਵਿਚਾਰੇ ਬੰਦਾ ਓਹੀ ਅਖਵਾਉਂਦਾ ਹੈ।
"ਤੂਰ" ਤਾਂ ਤੁਹਾਨੂੰ ਬੱਸ ਏਹੀ ਸਮਝਾਉਂਦਾ ਹੈ।
ਨਾ ਲੰਘੇ ਵੇਲ਼ੇ ਪਿੱਛੋਂ ਪਛਤਾਇਓ ਵੇ ਪੰਜਾਬੀਓ।
ਦੋਸਤੋ ਮੇਰੀ ਭਾਵਨਾ ਸਮਝਿਓ
ਦੀਵਾਲੀ ਤੇ ਬੰਦੀਛੋੜ ਦਿਵਸ ਦੇ ਨਾਲ ਅਗਲੇ ਦਿਨ ਦਾ ਕਿਰਤ ਪਿਤਾਮਾ
ਵਿਸ਼ਵਕਰਮਾ ਦਿਵਸ ਵੀ ਮੁਬਾਰਕ ਹੋਵੇ।
ਗੁਰਭਜਨ ਗਿੱਲ
7.11.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.