ਤੀਸਰਾ ਸੰਸਾਰ ਹਾਕੀ ਕੱਪ ਮਲੇਸ਼ੀਆ ਦੀ ਰਾਜਧਾਨੀ 1 ਮਾਰਚ ਤੋਂ 14 ਮਾਰਚ, 1975 ਤੱਕ ਮਰਦੇਕਾ ਸਟੇਡੀਅਮ, ਮੈਂਡਫ ਸਟੇਡੀਅਮ ਕੁਆਲਾਲੰਪੁਰ ਵਿਖੇ ਹੋਇਆ। ਭਾਰਤੀ ਹਾਕੀ ਟੀਮ 1973 ਵਾਲੇ ਵਿਸ਼ਵ ਵਿਚਲੀਆਂ ਆਪਣੀਆਂ ਗਲਤੀਆਂ ਵਿਚ ਸੁਧਾਰ ਕਰਦੀ ਹੋਏ, ਪੂਰੇ ਬੁਲੰਦ ਹੌਂਸਲਿਆਂ ਨਾਲ ਕੁਆਲਾਲੰਪੁਰ ਪਹੁੰਚੀ। ਭਾਰਤੀ ਹਾਕੀ ਟੀਮ ਦਾ ਤਿਆਰੀ ਕੈਂਪ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੀ ਸਰਪ੍ਰਸਤੀ ਹੇਠ ਚੰਡੀਗੜ੍ਹ ਵਿਖੇ ਲਗਾਇਆ ਗਿਆ। ਇਸ ਵਾਰ ਫਿਰ ਭਾਰਤੀ ਟੀਮ ਦੀ ਅਗਵਾਈ ਅਜੀਤਪਾਲ ਨੇ ਹੀ ਕੀਤੀ। ਭਾਰਤ ਨੂੰ ਸਭ ਤੋਂ ਔਖੇ ਪੂਲ ਬੀ ਵਿਚ ਜਰਮਨੀ, ਆਸਟ੍ਰੇਲੀਆ, ਇੰਗਲੈਂਡ, ਅਰਜਨਟਾਈਨਾ ਤੇ ਘਾਨਾ ਨਾਲ ਰੱਖਿਆ ਗਿਆ, ਜਦਕਿ ਪੂਲ ਏ ਵਿਚ ਪਿਛਲੀ ਚੈਂਪੀਅਨ ਹਾਲੈਂਡ, ਪਾਕਿਸਤਾਨ, ਸਪੇਨ, ਨਿਊਜ਼ੀਲੈਂਡ, ਪੋਲੈਂਡ, ਮੇਜ਼ਬਾਨ ਮਲੇਸ਼ੀਆ ਵਰਗੀਆਂ ਟੀਮਾਂ ਸਨ। ਭਾਰਤੀ ਟੀਮ ਦੇ ਕੋਚ ਬਾਬਾ ਗੁਰਚਰਨ ਸਿੰਘ ਬੋਧੀ ਅਤੇ ਮੈਨੇਜਰ ਬਲਬੀਰ ਸਿੰਘ ਸਨ। ਟੀਮ ਮੈਂਬਰਾਂ ਵਿਚ ਕਪਤਾਨ ਅਜੀਤਪਾਲ ਤੋਂ ਇਲਾਵਾ ਅਸ਼ੋਕ ਦੀਵਾਨ, ਮਾਈਕਲ ਕਿੰਡੋ, ਅਸਲਮ ਸ਼ੇਰ ਖਾਨ, ਸੁਰਜੀਤ ਸਿੰਘ ਰੰਧਾਵਾ, ਵਰਿੰਦਰ ਸਿੰਘ, ਓਂਕਾਰ ਸਿੰਘ, ਮਹਿੰਦਰ ਸਿੰਘ ਮੁਣਸ਼ੀ, ਵਿਜੇ ਫਿਲਿਪ, ਕਰਨਲ ਹਰਚਰਨ ਸਿੰਘ, ਕੁਲਵੰਤ ਸਿੰਘ, ਆਰ. ਐਸ. ਪਵਾਰ, ਵੀ. ਪੀ. ਗੋਵਿੰਦਾ, ਅਸ਼ੋਕ ਕੁਮਾਰ ਆਦਿ ਪ੍ਰਮੁੱਖ ਸਨ। ਟੂਰਨਾਮੈਂਟ ਦਾ ਉਦਘਾਟਨੀ ਮੈਚ ਦੋ ਵਿਸ਼ਵ ਚੈਂਪੀਅਨ ਟੀਮਾਂ ਪਾਕਿਸਤਾਨ ਅਤੇ ਹਾਲੈਂਡ ਵਿਚਕਾਰ ਖੇਡਿਆ ਗਿਆ। ਦੋਹੇਂ ਟੀਮਾਂ 3-3 ਗੋਲਾਂ 'ਤੇ ਬਰਾਬਰ ਰਹੀਆਂ। ਦੂਸਰੇ ਪਾਸੇ ਅਰਜਨਟਾਈਨਾ ਨੇ ਆਪਣੇ ਮੁੱਢਲੇ ਮੈਚ ਵਿਚ ਭਾਰਤ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਨਸਨੀ ਫੈਲਾ ਦਿੱਤੀ। ਅਗਲੇ ਮੈਚਾਂ ਵਿਚ ਭਾਰਤ ਨੇ ਜਰਮਨੀ ਨੂੰ 3-1 ਨਾਲ, ਇੰਗਲੈਂਡ ਨੂੰ 2-1, ਘਾਨਾ ਨੂੰ 7-0, ਆਸਟ੍ਰੇਲੀਆ ਨਾਲ 1-1 ਗੋਲਾਂ 'ਤੇ ਬਰਾਬਰੀ ਰੱਖ ਕੇ ਲਗਾਤਾਰ ਤੀਸਰੀ ਵਾਰ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡਣ ਦਾ ਮਾਣ ਹਾਸਿਲ ਕੀਤਾ। ਸੈਮੀਫਾਈਨਲ ਵਿਚ ਪਹੁੰਚਣ ਵਾਲੇ ਦੂਸਰੀ ਟੀਮ ਇਸ ਪੂਲ ਵਿਚ ਜਰਮਨੀ ਸੀ, ਉਸ ਨੇ ਇੰਗਲੈਂਡ, ਅਰਜਨਟਾਈਨਾ ਤੇ ਘਾਨਾ ਨੂੰ ਬੁਰੀ ਤਰ੍ਹਾਂ ਰੋਲਿਆ। ਇੰਗਲੈਂਡ ਨੇਆਸਟ੍ਰੇਲੀਆ ਨੂੰ 3-1 ਨਾਲ ਹਰਾ ਕੇ ਨਾ ਸਿਰਫ ਭਾਰਤ ਨੂੰ ਸੈਮੀਫਾਈਨਲ ਵਿਚ ਜਗ੍ਹਾ ਦਿਵਾਈ, ਸਗੋਂ ਆਸਟ੍ਰੇਲੀਆ ਦੇ ਸੰਜੋਏ ਸੁਪਨੇ ਚਕਨਾਚੂਰ ਕਰ ਦਿੱਤੇ। ਦੂਸਰੇ ਪੂਲ ਵਿਚ ਪਿਛਲੀ ਚੈਂਪੀਅਨ ਹਾਲੈਂਡ ਦੀ ਹਾਲਤ ਇੰਨੀ ਬੁਰੀ ਹੋਈ ਕਿ ਉਹ ਆਪਣੇ ਸਾਰੇ ਮੈਚ ਹਾਰ ਕੇ ਪੂਲ ਵਿਚ ਫਾਡੀ ਰਿਹਾ। ਜਦਕਿ ਪਾਕਿਸਤਾਨ ਨੇ ਮਲੇਸ਼ੀਆ ਨੂੰ 1-0 ਨਾਲ, ਸਪੇਨ ਨੂੰ 5-0 ਨਾਲ, ਨਿਊਜ਼ੀਲੈਂਡ ਨੂੰ 2-0 ਨਾਲ ਹਰਾਉਣ ਤੋਂ ਬਾਅਦ ਪੋਲੈਂਡ ਅਤੇ ਹਾਲੈਂਡ ਨਾਲ ਮੈਚ ਬਰਾਬਰੀ ਰੱਖ ਕੇ ਆਪਣਾ ਪੂਲ ਟੌਪ ਕੀਤਾ। ਜਦਕਿ ਮਲੇਸ਼ੀਆ ਨੇ ਸਪੇਨ, ਪੋਲੈਂਡ, ਹਾਲੈਂਡ ਵਰਗੀਆਂ ਟੀਮਾਂ ਨੂੰ ਹਰਾ ਕੇ ਪਹਿਲੀ ਵਾਰ ਸੈਮੀਫਾਈਨਲ ਵਿਚ ਪਹੁੰਚਣ ਦਾ ਇਤਿਹਾਸ ਰਚਿਆ। ਇਸ ਤਰ੍ਹਾਂ ਪਹਿਲੇ ਸੈਮੀਫਾਈਨਲ ਵਿਚ ਮੈਚ ਪਾਕਿਸਤਾਨ ਨੇ ਜਰਮਨੀ ਨੂੰ 5-1 ਨਾਲ ਹਰਾ ਕੇ 1972 ਮਿਊਨਿਖ ਉਲੰਪਿਕ ਵਿਚ 2-1 ਗੋਲਾਂ ਦੀ ਮਿਲੀ ਹਾਰ ਦਾ ਬਦਲਾ ਲਿਆ। ਦੂਸਰਾ ਸੈਮੀਫਾਈਨਲ ਮੁਕਾਬਲਾ ਵਿਸ਼ਵ ਕੱਪ ਦੇ ਇਤਿਹਾਸ ਦਾ ਇਕ ਇਤਿਹਾਸਕ ਮੈਚ ਹੋ ਕੇ ਨਿਬੜਿਆ। 40 ਹਜ਼ਾਰ ਦਰਸ਼ਕਾਂ ਦੀ ਸਮਰਥਾ ਵਾਲੇ ਮਰਦੇਕਾ ਸਟੇਡੀਅਮ ਵਿਚ ਮੈਚ ਦੇਖਣ ਲਈ ਦਰਸ਼ਕਾਂ ਦੀ ਇੰਨੀ ਭੀੜ ਸੀ ਕਿ ਉਥੇ ਤਿੱਲ ਸੁੱਟਣ ਜੋਗੀ ਵੀ ਜਗ੍ਹਾ ਨਹੀਂ ਸੀ। ਮਲੇਸ਼ੀਆ ਵਿਚ ਕਿਸੇ ਹਾਕੀ ਮੈਚ 'ਤੇ ਹੁਣ ਤੱਕ ਦਾ ਇਹ ਰਿਕਾਰਡ 'ਕੱਠ ਸੀ। ਮੈਚ ਦੇ 33ਵੇਂ ਮਿੰਟ ਵਿਚ ਮਲੇਸ਼ੀਆ ਦੇ ਤੇਜ਼ ਫਾਰਵਰਡ ਪੂਨ ਫੂਕ ਲੋਕ ਨੇ ਮੈਦਾਨੀ ਗੋਲ ਕਰਕੇ ਭਾਰਤ ਦੇ ਖੇਮੇ ਵਿਚ ਸਨਸਨੀ ਫੈਲਾ ਦਿੱਤੀ। ਇਹ ਗੋਲ ਖਾਣ ਤੋਂ ਬਾਅਦ ਭਾਰਤੀ ਟੀਮ ਥੋੜ੍ਹਾ ਜਿਹਾ ਸੰਭਲੀ। ਦੂਸਰੇ ਹਾਫ਼ ਦੇ ਸ਼ੁਰੂ ਵਿਚ ਹਰਚਰਨ ਅਤੇ ਪਵਾਰ ਦੇ ਤਾਲਮੇਲ ਨਾਲ ਭਾਰਤ ਨੇ ਮੈਦਾਨੀ ਗੋਲ ਕਰਕੇ ਮੈਚ ਬਰਾਬਰੀ 'ਤੇ ਲੈ ਆਂਦਾ। ਭਾਰਤ ਨੇ ਅਜੇ ਮੈਚ ਬਰਾਬਰੀ ਕਰਕੇ ਸੁੱਖ ਦਾ ਸਾਹ ਲਿਆ ਸੀ ਕਿ ਥੋੜ੍ਹੇ ਸਮੇਂ ਬਾਅਦ ਮਲੇਸ਼ੀਆ ਸਮੂ ਗਨਾਂਨਥਨ ਨੇ ਆਪਣੀ ਟੀਮ ਨੂੰ ਪਨੈਲਟੀ ਕਾਰਨਰ ਤੋਂ ਗੋਲ ਕਰਕੇ ਮੁੜ 2-1 ਦੀ ਬੜ੍ਹਤ ਹਾਸਿਲ ਕਰ ਲਈ। ਮਲੇਸ਼ੀਆ ਜਿੱਤ ਦੇ ਕਿਨਾਰੇ ਪੁੱਜ ਚੁੱਕਿਆ ਸੀ। ਹਾਰ ਸਾਹਮਣੇ ਦਿਸਦੀ ਹੋਣ ਕਰਕੇ ਭਾਰਤੀ ਖੇਮੇ ਵਿਚ ਖਲਬਲੀ ਮਚੀ ਪਈ ਸੀ। ਪਰ ਮੈਚ ਸਮਾਪਤੀ ਤੋਂ ਤਿੰਨ ਮਿੰਟ ਪਹਿਲਾਂ 1936 ਉਲੰਪਿਕ ਦੇ ਹੀਰੋ ਧਿਆਨ ਚੰਦ ਦੇ ਪੁੱਤਰ ਅਸ਼ੋਕ ਕੁਮਾਰ ਨੇ ਆਪਣੇ ਹੁਨਰ ਨਾਲ ਭਾਰਤੀ ਟੀਮ ਨੂੰ ਪਨੈਲਟੀ ਕਾਰਨਰ ਦਿਵਾਇਆ। ਜਿਸ ਨੂੰ 1936 ਉਲੰਪਿਕ ਦੇ ਹੀ ਇਕ ਹੋਰ ਹੀਰੋ ਅਹਿਮਦ ਸ਼ੇਰ ਖਾਨ ਦੇ ਬੇਟੇ ਅਸਲਮ ਸ਼ੇਰ ਖਾਨ ਨੇ ਆਪਣਾ ਤਵੀਤ ਚੁੰਮਿਆ ਅਤੇ ਜਬਰਦਸਤ ਹਿੱਟ ਮਾਰ ਕੇ ਗੋਲ ਕਰਕੇ ਮਲੇਸ਼ੀਆ ਦੇ ਫੱਟੇ ਖੜਕਾ ਦਿੱਤੇ ਅਤੇ ਟਰਾਂਜ਼ਿਸਟਰਾਂ 'ਤੇ ਕਮੈਂਟਰੀ ਸੁਣ ਰਹੇ ਭਾਰਤੀ ਹਾਕੀ ਪ੍ਰੇਮੀਆਂ ਨੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਪੂਰੇ ਸਮੇਂ ਤੱਕ ਦੋਵੇਂ ਟੀਮਾਂ 2-2 ਗੋਲਾਂ ਨਾਲ ਬਰਾਬਰ ਰਹੀਆਂ। ਵਾਧੂ ਸਮੇਂ ਦੀ ਤੀਜੇ ਮਿੰਟ ਵਿਚ ਸੱਜੇ ਪਾਸੇ ਤੋਂ ਫਿਲਿਪ ਦੇ ਮਾਰੇ ਕਰਾਸ 'ਤੇ ਲੈਫਟ ਆਊਟ ਹਰਚਰਨ ਸਿੰਘ ਨੇ ਬਹੁਤ ਹੀ ਕਲਾਸਿਕ ਗੋਲ ਕਰਕੇ ਭਾਰਤ ਦਾ ਫਾਈਨਲ ਵਿਚ ਪੁੱਜਣ ਦਾ ਝੰਡਾ ਗੱਡ ਦਿੱਤਾ। ਮਲੇਸ਼ੀਆ ਦੇ ਵਿਚ ਚੁੱਪ ਵਿਸਰ ਗਈ ਜਦਕਿ ਭਾਰਤ ਦੇ ਵਿਚ ਜਿੱਤ ਦੀ ਕਾਵਾਂ ਰੌਲੀ ਪੈ ਗਈ। ਇਤਿਹਾਸ ਗਵਾਹ ਹੈ ਕਿ ਜਦੋਂ ਅਸਲਮ ਸ਼ੇਰ ਖਾਨ ਨੇ ਬਰਾਬਰੀ ਦਾ ਗੋਲ ਦਾਗਿਆ ਤਾਂ ਉਸ ਵੇਲੇ ਦੇ ਮਲੇਸ਼ੀਆ ਦੇ ਸੁਲਤਾਨ ਦੀ ਬੇਟੀ ਨੇ ਆਖਿਆ ਕਿ ਜੇਕਰ ਮੈਨੂੰ ਇਹ ਪਤਾ ਹੁੰਦਾ ਕਿ ਅਸਲਮ ਸ਼ੇਰ ਖਾਨ ਤੇਰੇ ਕਰਕੇ ਮਲੇਸ਼ੀਆ ਨੇ ਹਾਰਨਾ ਹੈ, ਮੈਂ ਤੁਹਾਨੂੰ ਗੋਲੀ ਮਾਰ ਦਿੰਦੀ। ਭਾਵੇਂ ਉਸ ਲੜਕੀ ਦੀ ਗੱਲ ਇਕ ਮਜ਼ਾਕ ਸੀ, ਪਰ ਇਕ ਆਪਣੇ ਮੁਲਕ ਦੀ ਹਾਰ ਦਾ ਵੱਡਾ ਦੁੱਖ ਉਸਨੂੰ ਲੱਗਿਆ ਸੀ, ਪਰ ਹਾਰਾਂ ਜਿੱਤਾਂ ਤਾਂ ਖੇਡ ਦਾ ਇਕ ਹਿੱਸਾ ਹਨ।
ਅਖੀਰ ਫਾਈਨਲ ਮੁਕਾਬਲਾ ਉਸ ਵੇਲੇ ਦੋ ਦਿੱਗਜ ਹਾਕੀ ਦੇਸ਼ਾਂ ਗੁਆਂਢੀ ਮੁਲਕਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਇਆ। ਫਾਈਨਲ ਮੈਚ ਤੋਂ ਪਹਿਲਾਂ ਭਾਰਤ ਦੇ ਹਰ ਜਗ੍ਹਾ, ਸਰਕਾਰੀ ਦਫਤਰ, ਸਿਨੇਮਾ ਹਾਲ, ਰੈਸਟੋਰੈਂਟਾਂ, ਕਾਲਜਾਂ ਵਿਚ ਇਕੋ ਚਰਚਾ ਸੀ ਕਿ ਵਿਸ਼ਵ ਚੈਂਪੀਅਨ ਕਿਹੜਾ ਮੁਲਕ ਬਣੇਗਾ। ਉਸ ਸਮੇਂ ਲੋਕਾਂ ਦਾ ਹਾਕੀ ਪ੍ਰਤੀ ਇੰਨਾ ਮੋਹ ਸੀ ਕਿ ਇਸ ਮੈਚ ਵਿਚ ਦੋਹਾਂ ਟੀਮਾਂ ਦੇ ਖਿਡਾਰੀਆਂ 'ਤੇ ਬਹੁਤ ਹੀ ਮਨੋਵਿਗਿਆਨਕ ਦਬਾਅ ਸੀ ਤੇ ਉਹ ਮੈਚ ਤੋਂ ਪਹਿਲਾਂ ਸਾਰੀ ਰਾਤ ਨਾ ਸੁੱਤੇ। ਉਸ ਸਮੇਂ ਦੇ ਖਿਡਾਰੀਆਂ ਦੇ ਦੱਸਣ ਮੁਤਾਬਿਕ ਰਾਤ 1 ਵਜੇ ਪਾਕਿਸਤਾਨ ਫਾਰਵਰਡ ਇਸਲਾਹੂਦੀਨ ਨੇ ਆਪਣੇ ਦੋਸਤ ਭਾਰਤੀ ਫੁੱਲਬੈਕ ਸੁਰਜੀਤ ਸਿੰਘ ਰੰਧਾਵਾ ਨੂੰ ਟੈਲੀਫੋਨ ਕੀਤਾ ਕਿ 'ਕੀ ਗੱਲ ਸੁਰਜੀਤ ਸੁੱਤਾ ਨਹੀਂ?' ਅੱਗੋਂ ਸੁਰਜੀਤ ਦਾ ਜਵਾਬ ਸੀ, 'ਭਾਅ ਜੀ ਪਤਾ ਨਹੀਂ ਕੀ ਗੱਲ ਹੈ, ਨੀਂਦ ਨਹੀਂ ਆ ਰਹੀ, ਕੱਲ ਵਾਲੇ ਮੈਚ ਦਾ ਖਿਆਲ ਹੀ ਦਿਮਾਗ ਵੀ ਘੁੰਮੀ ਜਾਂਦਾ ਹੈ।' ਅੱਗੋ ਇਸਲਾਹੂਦੀਨ ਨੇ ਆਖਿਆ ਕਿ 'ਬਸ ਇਹੀ ਗੱਲ ਇਧਰ ਹੈ।' ਦੋਵੇਂ ਖਿਡਾਰੀਆਂ ਨੇ ਰਾਤ ਕਾਫੀ ਦੇਰ ਤੱਕ ਗਰਾਊਂਡ ਦੇ ਵਿਚ ਆਪਸੀ ਗੱਲਾਂ ਵਿਚ ਇਕ ਦੂਜੇ ਦੀ ਟੀਮ ਦੀਆਂ ਰਣਨੀਤੀ ਦੀਆਂ ਗੱਲਾਂ ਬੁੱਝਣ ਦੀ ਕੋਸ਼ਿਸ਼ ਕੀਤੀ। ਸੁਰਜੀਤ ਨੇ ਗੱਲਾਂਬਾਤਾਂ ਨਾਲ ਇਸਲਾਹੂਦੀਨ ਦੀ ਪਾਕਿਸਤਾਨੀ ਟੀਮ ਨੂੰ ਵਿਸ਼ਵ ਚੈਂਪੀਅਨ ਬਣਾ ਦਿੱਤਾ, ਪਰ ਦੂਜੇ ਦਿਨ ਅਸਲੀ ਨਤੀਜਾ ਕੁਝ ਹੋਰ ਸੀ।
ਮੈਚ ਸ਼ੁਰੂ ਹੋਣ ਤੋਂ ਪਹਿਲਾ ਫੁਲਬੈਕ ਸੁਰਜੀਤ ਸਿੰਘ ਨੇ ਇਕ ਦਾਅ ਵਰਤਿਆ ਕਿ ਪਾਕਿਸਤਾਨ ਜੂਨੀਅਰ ਖਿਡਾਰੀਆਂ ਨੂੰ ਅਜਿਹਾ ਦਬਕਾ ਮਾਰਿਆ ਕਿ ਉਹ ਸੋਚਾ ਵਿਚ ਪੈ ਗਏ, ਕਿ ਉਨ੍ਹਾਂ ਕੋਲੋ ਸੁਰਜੀਤ ਪ੍ਰਤੀ ਪਤਾ ਨਹੀਂ ਕੀ ਕੋਈ ਗੁਸਤਾਖ਼ੀ ਹੋ ਗਈ। ਅਖੀਰ 14 ਮਾਰਚ ਸ਼ਾਮ 5 ਵਜੇ ਭਾਰਤ-ਪਾਕਿਸਤਾਨ ਦੀ ਫੈਸਲਾਕੁੰਨ ਟੱਕਰ ਸ਼ੁਰੂ ਹੋ ਗਈ। ਮੈਚ ਦੇ ਪਹਿਲੇ 17ਵੇਂ ਮਿੰਟ ਵਿਚ ਪਾਕਿਸਤਾਨੀ ਦੇ ਰਾਈਟ ਆਊਟ ਇਸਲਾਹੂਦੀਨ ਦੇ ਕਰਾਸ 'ਤੇ ਰਾਈਟ ਇਨ ਜ਼ਹੀਦ ਨੇ ਮੈਦਾਨੀ ਗੋਲ ਕਰਕੇ ਪਾਕਿਸਤਾਨ ਨੂੰ ਇਕ ਗੋਲ ਨਾਲ ਅੱਗੇ ਕਰ ਦਿੱਤਾ। ਪਾਕਿਸਤਾਨ 1973 ਸੰਸਾਰ ਕੱਪ ਵਾਲੀ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ, ਪਰ ਭਾਰਤ ਇਸ ਵਾਰ ਹਰ ਹਾਲਤ ਵਿਚ ਸੰਸਾਰ ਕੱਪ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਬਹੁਤ ਹੀ ਕਲਾਸਿਕ, ਰੋਮਾਂਚਿਕ ਮੈਚ ਵਿਚ ਦੋਹਾਂ ਟੀਮਾਂ ਨੇ ਜਵਾਬੀ ਹਮਲਿਆਂ ਵਾਲੀ ਖੇਡ ਵਿਖਾਈ। ਮੈਚ ਸਮਾਪਤੀ ਤੋਂ 10 ਮਿੰਟ ਪਹਿਲਾਂ ਭਾਰਤ ਨੂੰ ਮਿਲੇ ਪਨੈਲਟੀ ਕਾਰਨਰ 'ਤੇ ਫੁੱਲਬੈਕ ਸੁਰਜੀਤ ਸਿੰਘ ਨੇ ਗੋਲ ਕਰਕੇ ਮੈਚ ਇਕ-ਇਕ ਗੋਲਾਂ ਦੀ ਬਰਾਬਰੀ 'ਤੇ ਲੈ ਆਂਦਾ। ਪਾਕਿਸਤਾਨ ਦੀ ਤੇਜ਼ ਤਰਾਰ ਲੈਫਟ ਆਊਟ ਸਮੀਉਲਾ ਨੂੰ ਮੋਢੇ ਦੀ ਸੱਟ ਕਾਰਨ ਮੈਚ ਤੋਂ ਵੱਖ ਹੋਣਾ ਪਿਆ, ਜਿਸਦਾ ਭਾਰਤ ਨੂੰ ਭਰਪੂਰ ਫਾਇਦਾ ਹੋਇਆ। ਮੈਚ ਸਮਾਪਤੀ ਨੂੰ ਪੰਜ ਮਿੰਟ ਪਹਿਲਾਂ ਮਿਲੇ ਲੌਂਗ ਕਾਰਨਰ ਦੀ ਹਿੱਟ ਤੋਂ ਭਾਰਤ ਦੇ ਤੇਜ਼ ਤਰਾਰ ਰਾਈਟ ਇਨ ਅਸ਼ੋਕ ਕੁਮਾਰ ਨੇ ਵਿਵਾਦਗ੍ਰਸਤ ਗੋਲ ਕਰਕੇ ਭਾਰਤ ਨੂੰ 2-1 ਦੀ ਬੜ੍ਹਤ ਦਿਵਾਈ। ਮਲੇਸ਼ੀਅਨ ਰੈਫਰੀ ਵਿਜੇਨਾਥਨ ਇਕ ਮਿੰਟ ਲਈ ਇਸ ਗੋਲ ਬਾਰੇ ਸੋਚਦਾ ਰਿਹਾ ਕਿ ਉਹ ਭਾਰਤ ਨੂੰ ਪਨੈਲਟੀ ਕਾਰਨਰ ਦੇਵੇ ਜਾਂ ਗੋਲ। ਅਖੀਰ ਉਸ ਗੋਲ ਹੋਣ ਦਾ ਇਸ਼ਾਰਾ ਕਰ ਦਿੱਤਾ। ਪਾਕਿਸਤਾਨੀ ਖਿਡਾਰੀਆਂ ਨੇ ਇਸ ਗੋਲ ਦਾ ਵਿਰੋਧ ਵੀ ਕੀਤਾ, ਪਰ ਨਤੀਜਾ ਬੇਅਰਥ ਸੀ ਅਤੇ ਭਾਰਤ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣ ਗਿਆ ਤੇ ਭਾਰਤੀ ਹਾਕੀ ਦਾ ਸਿਤਾਰਾ ਪੂਰੀ ਦੁਨੀਆਂ ਵਿਚ ਚਮਕਿਆ। ਹਾਲੈਂਡ ਦਾ ਟਾਈਜ਼ ਕਰੂਜ਼ ਤੇ ਪਾਕਿਸਤਾਨ ਦਾ ਮਨਜ਼ੂਰ ਹਸਨ 7-7 ਗੋਲ ਕਰਕੇ ਇਸ ਵਿਸ਼ਵ ਕੱਪ ਦੇ ਸਰਵੋਤਮ ਸਕੋਰਰ ਬਣੇ। ਮੈਚ ਸਮਾਪਤੀ ਤੋਂ ਬਾਅਦ ਜਦੋਂ ਸੁਰਜੀਤ ਪਾਕਿਸਤਾਨੀ ਖਿਡਾਰੀਆਂ ਨੂੰ ਹਾਡਲਕ ਕਹਿਣ ਗਿਆ ਤਾਂ ਪਾਕਿਸਤਾਨ ਦੇ ਜੂਨੀਅਰ ਖਿਡਾਰੀ ਜਿਨ੍ਹਾਂ ਨੂੰ ਸੁਰਜੀਤ ਨੇ ਮੈਚ ਤੋਂ ਪਹਿਲਾ ਦਬਕਾ ਮਾਰਿਆ ਸੀ ਤੇ ਉਨ੍ਹਾਂ ਆਖਿਆ ਕਿ ਸੁਰਜੀਤ 'ਭਾਜੀ' ਤੁਸੀ ਸਾਨੂੰ ਬੁਰਾ ਭਲਾ ਕਿਉਂ ਬੋਲਿਆ ਤਾਂ ਸੁਰਜੀਤ ਨੇ ਆਖਿਆ ਕਿ ਪਤੰਦਰੋ ਜੇ ਮੈਂ ਤੁਹਾਨੂੰ ਦਬਕਾ ਨਾ ਦਿੰਦਾ ਤੁਸੀ ਸਾਡੀ ਮੈਚ ਵਿਚ ਰੈਲ ਬਣਾਉਣੀ ਸੀ, ਤੇ ਇਹ ਦਬਕਾ ਹੀ ਸਾਨੂੰ ਵਿਸ਼ਵ ਚੈਂਪੀਅਨ ਬਣਾ ਦਿੱਤਾ।
ਇਸ ਜਿੱਤ ਨਾਲ ਭਾਰਤ ਵਿਚ ਭਾਰਤੀਆਂ ਨੇ ਜਿੱਤ ਦੇ ਪੂਰੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ, ਉਥੇ ਪਾਕਿਸਤਾਨ ਵਿਚ ਹਾਰ ਦਾ ਮਾਤਮ ਛਾ ਗਿਆ। ਕਪਤਾਨ ਅਜੀਤਪਾਲ ਸਿੰਘ ਦੀ ਚਰਚਾ ਹੋਈ ਤੇ ਭਾਰਤੀ ਟੀਮ ਦਾ ਭਾਰਤ ਪੁੱਜਣ 'ਤੇ ਥਾਂ-ਥਾਂ ਸ਼ਾਨਾਮੱਤਾ ਨਿੱਘਾ ਸਵਾਗਤ ਹੋਇਆ। (ਚਲਦਾ)
-
ਜਗਰੂਪ ਸਿੰਘ ਜਰਖੜ, ਖੇਡ ਲੇਖਕ
jagroopjarkhar@gmail.com
98143-00722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.