ਬੇਹੱਦ ਉਦਾਸ ਮੋਇਆ ਅਲਗੋਜ਼ਾ ਵਾਦਕ ਤਾਰਾ ਚੰਦ
ਗੁਰਭਜਨ ਗਿੱਲ
ਸਾਹਿਰ ਲੁਧਿਆਣਵੀ ਤਾਰਾ ਚੰਦ ਨੂੰ ਕਦੇ ਨਹੀਂ ਸੀ ਮਿਲਿਆ ਪਰ ਇਸ ਧਰਤੀ ਤੇ ਵਸਦੇ ਸਾਰੇ ਤਾਰਾ ਚੰਦਾਂ ਦੀ ਦਰਦ ਕਹਾਣੀ ਉਸ ਦੀ ਇਕ ਗਜ਼ਲ ਦਾ ਸ਼ੇਅਰ ਬੜੇ ਸਪਸ਼ਟ ਅੰਦਾਜ਼ ਵਿਚ ਕਹਿੰਦਾ ਹੈ
'ਜੋ ਤਾਰ ਸੇ ਨਿਕਲੀ ਹੈ, ਵੋ ਧੁਨ ਸਭ ਨੇ ਸੁਨੀ ਹੈ,
ਜੋ ਸਾਜ਼ ਪੇ ਗੁਜ਼ਰੀ ਵੋ ਕਿਸ ਦਿਲ ਕੋ ਪਤਾ ਹੈ।
ਕੁਲ ਦੁਨੀਆਂ ਸੰਗੀਤ ਨੂੰ ਰੂਹ ਦੀ ਖੁਰਾਕ ਆਖਦੀ ਹੈ ਪਰ ਸੰਗੀਤ ਪੈਦਾ ਕਰਨ ਵਾਲੇ ਨੂੰ ਜੇਕਰ ਹਰ ਰੋਜ਼ ਖਾਣ ਵਾਲੀ ਰੋਟੀ ਦੇ ਵੀ ਸੰਸੇ ਹੋਣ ਤਾਂ ਉਹ ਸੰਗੀਤ ਨੂੰ ਅਲਵਿਦਾ ਕਿਉਂ ਨਾ ਆਖੇ? ਪਰ ਜਿਸ ਸ਼ੌਕ ਨੂੰ ਕਿੱਤਾ ਬਣਾ ਕੇ ਸੰਗੀਤ ਦੀ ਦੁਨੀਆਂ ਦੇ ਨਾਮਵਰ ਵਿਅਕਤੀ ਤਾਰਾ ਚੰਦ ਨੇ ਆਪਣੇ ਅਲਗੋਜ਼ਿਆਂ ਦੀ ਧੁਨ ਤੇ ਦੁਨੀਆਂ ਨਚਾਈ ਉਸ ਦੀਆਂ ਉਦਾਸੀਆਂ ਦੀ ਹਾਥ ਕੌਣ ਪਾਉਂਦਾ।
ਉਹ ਬਚਪਨ ਵੇਲੇ ਆਪਣੇ ਮਾਪਿਆਂ ਨਾਲ ਸਿਆਲਕੋਟ ਜ਼ਿਲੇ ਦੇ ਪਿੰਡ ਸਲਾਰੀਆ ਚੱਕ ਵਿਚੋਂ ਉਜੜ ਕੇ ਜੰਮੂ ਨੇੜੇ ਮੱਲਕੇ ਚੱਕ ਵਿਚ ਆਬਾਦ ਹੋਇਆ। ਬਹੁਤ ਥੋਹੜੇ ਲੋਕ ਜਾਣਦੇ ਨੇ ਕਿ ਸਿਆਲਕੋਟ ਕਲਾ ਦੀ ਧਰਤੀ ਹੈ। ਗੱਲ ਭਾਵੇਂ ਸਰ ਮੁਹੰਮਦ ਇਕਬਾਲ ਦੀ ਹੋਵੇ ਜਾਂ ਉਰਦੂ ਸ਼ਾਇਰੀ ਦੇ ਸਿਖਰਲੇ ਡੰਡੇ ਫੈਜ਼ ਅਹਿਮਦ ਫੈਜ਼ ਦੀ, ਪੰਜਾਬੀ ਵਾਰਤਕ ਅਤੇ ਜੀਵਨ ਸਲੀਕੇ ਦੇ ਬੇਤਾਜ਼ ਬਾਦਸ਼ਾਹ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਜਾਂ ਵਿਯੋਗ ਦੇ ਸੁਲਤਾਨ ਕਾਦਰਯਾਰ ਦੀ ਸਾਰਿਆਂ ਦੀ ਜੰਮਣ ਭੋਇੰ ਸਿਆਲਕੋਟ ਹੀ ਸੀ। ਪੂਰਨ ਭਗਤ ਸਲਵਾਨ ਤੇ ਇੱਛਰਾਂ ਮਾਂ ਦੀਆਂ ਪੈੜਾਂ ਵਾਲਾ ਸਿਆਲਕੋਟ । ਇਥੇ ਹੀ ਲੋਕ ਨਾਚ ਭੰਗੜਾ ਜੰਮਿਆ, ਢੋਲ ਦੀ ਪਹਿਲੀ ਥਾਪ ਨੇ ਪੰਜਾਬ ਦੇ ਗੱਭਰੂਆਂ ਨੂੰ ਬਲਦਾਂ ਦੀਆਂ ਟੱਲੀਆਂ, ਹਮੇਲਾਂ ਲੱਕ ਅਤੇ ਗਿੱਟਿਆਂ ਨਾਲ ਬੰਨ–ਬੰਨ ਕੇ ਵਿਸਾਖੀ ਨੂੰ ਕਣਕਾਂ ਦੇ ਮੂੰਹ ਲਾਲੀ ਆਈ ਵੇਖ ਕੇ ਨੱਚਣਾ ਸਿਖਾਇਆ। ਅਲਗੋਜ਼ਿਆਂ ਦਾ ਠੇਠ ਪੰਜਾਬੀ ਲੋਕ ਸੰਗੀਤ ਵੀ ਇਸ ਧਰਤੀ ਤੇ ਹੀ ਪ੍ਰਵਾਨ ਚੜਿਆ। ਬਾਂਸ ਦੀਆਂ ਪੋਰੀਆਂ ਨੂੰ ਇਸ ਇਲਾਕੇ ਵਿਚ ਮੱਟੀਆਂ ਵੀ ਆਖਦੇ ਨੇ ਅਤੇ ਇਹ ਮੱਟੀਆਂ ਜਦ ਪੂਰੇ ਵਜ਼ਦ ਵਿਚ ਆ ਕੇ ਤਾਰਾ ਚੰਦ ਆਪਣੇ ਸਾਹਾਂ ਸਵਾਸਾਂ ਦਾ ਸੇਕ ਭਰ ਕੇ ਵਜਾਉਂਦਾ ਸੀ ਤਾਂ ਕਾਇਨਾਤ ਸਾਹ ਰੋਕ ਕੇ ਸੁਣਦੀ ਮੈਂ ਆਪ ਵੇਖੀ ਹੈ।
ਉਹ ਭਾਵੇਂ ਨਰਿੰਦਰ ਬੀਬਾ ਦਾ ਸਾਥ ਦੇ ਰਿਹਾ ਹੁੰਦਾ ਜਾਂ ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦਾ ਨਾਲ ਕਲੀਆਂ ਤੇ ਸੰਗਤ ਦੇ ਰਿਹਾ ਹੁੰਦਾ, ਨੱਚਦੀ ਜਵਾਨੀ ਵਾਲੇ ਪੰਮੀ ਬਾਈ ਨਾਲ ਸੁਰ ਮਿਲਾ ਰਿਹਾ ਹੁੰਦਾ । ਉਸ ਦੀ ਸੁਰੀਲੀ ਮੱਟੀਆਂ ਦੀ ਜੋੜੀ ਵੱਖਰੇ ਅੰਦਾਜ਼ ਵਿਚ ਹੀ ਰੂਹ ਨਸ਼ਿਆ ਜਾਂਦੀ। ਉਸ ਦੇ ਵਜਾਏ ਅਲਗੋਜ਼ਿਆਂ ਨੂੰ ਸੁਰਿੰਦਰ ਛਿੰਦਾ ਦੇ ਐਲ ਪੀ ਰਿਕਾਰਡ ਜਿਉਣਾ ਮੌੜ ਵਿਚ ਵੀ ਸੁਣ ਸਕਦੇ ਹੋ ਅਤੇ ਸਰਦੂਲ ਸਿਕੰਦਰ ਦੇ ਕਈ ਗੀਤਾਂ ਵਿਚ ਵੀ। ਲੰਮਾਂ ਸਮਾਂ ਤਾਰਾ ਚੰਦ ਦੇ ਅਲਗੋਜ਼ੇ ਦੂਰਦਰਸ਼ਨ ਕੇਂਦਰ ਜਲੰਧਰ ਦੀ ਮੁਖ ਧੁਨ ਵੀ ਬਣੇ ਰਹੇ ਹਨ।
ਤਾਰਾ ਚੰਦ ਦੇਸ਼ ਦੀ ਵੰਡ ਵੇਲੇ 7 ਸਾਲਾਂ ਦਾ ਸੀ ਬਾਲ ਸੱਜਰੇ ਸੁਪਨਿਆਂ ਵਾਲਾ। ਹੁਣ 77ਸਾਲ ਦਾ ਬਜੁਰਗ ਹੋ ਕੇ ਸਦਾ ਲਈ ਰੁਝ ਮਹੀਨੇ ਪਹਿਲਾਂ ਤੁਰ ਗਿਆ ਹੈ।
ਉਸ ਦੀਆਂ ਲੋੜਾਂ, ਥੋੜਾਂ ਕਦੇ ਵੀ ਇਹ ਕਲਾ ਪੂਰੀਆਂ ਨਹੀਂ ਸੀ ਕਰ ਸਕੀ ਪਰ ਨਿੱਕੀ ਉਮਰ ਵਿਚ ਲਾਏ ਇਸ਼ਕ ਨੂੰ ਉਹ ਮਰਨ ਤੀਕ ਆਪਣੇ ਨਾਲ–ਨਾਲ ਤੋਰਦਾ ਰਿਹਾ ਹੈ । ਉਸ ਦੇ ਬਾਪ ਕਿਰਪਾ ਰਾਮ ਨੂੰ ਵੀ ਅਲਗੋਜ਼ੇ ਵਜਾਉਣ ਦਾ ਸ਼ੌਕ ਸੀ। ਗੁੱਲੂ ਸ਼ਾਹ ਦੇ ਮੇਲੇ ਤੇ ਉਹ ਹਰ ਸਾਲ ਸੰਗੀਤ ਦੇ ਵੱਡੇ ਵੱਡੇ ਸ਼ਾਹ ਅਸਵਾਰਾਂ ਨਾਲ ਬਰ ਮੇਚਦਾ। ਉਸ ਨੂੰ ਵੇਖ–ਵੇਖ ਕੇ ਪੁੱਤਰ ਤਾਰਾ ਚੰਦ ਵਿਚ ਵੀ ਉਹੀ ਬਣਨ ਦੀ ਰੀਝ ਉਸਰੀ। ਨਸੀਬਾਂ ਵਿਚ ਅੱਖਰ ਗਿਆਨ ਵਿਧ ਮਾਤਾ ਨੇ ਹੀ ਨਹੀਂ ਸੀ ਲਿਖਿਆ। ਸ਼ੌਕ ਦੇ ਕਬੂਤਰ ਪਾਲਣ ਵਾਲਿਆਂ ਨਾਲ ਸਰਸਵਤੀ ਅਕਸਰ ਨਰਾਜ਼ ਰਹਿੰਦੀ ਹੈ। ਉਹ ਸਕੂਲ ਦਾ ਮੂੰਹ ਤਾਂ ਨਾ ਵੇਖ ਸਕਿਆ ਪਰ ਆਪਣੇ ਸੰਗੀਤ ਦੇ ਬਲਬੂਤੇ ਉਸ ਨੇ ਸਾਰਾ ਦਿੱਲੀ ਦੱਖਣ ਗਾਹਿਆ।
ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਨੇ ਉਸ ਨੂੰ ਗੁਰੂਕੁਲ ਪਰੰਪਰਾ ਅਧੀਨ ਲੁਧਿਆਣਾ ਵਿਚ ਉਸਤਾਦ ਮੰਨਿਆ । ਉਸ ਨੂੰ ਸਿਰਫ ਛੇ ਮਹੀਨੇ ਇਹ ਰੁਤਬਾ ਮਿਲਿਆ ਤੇ ਬਦਲੇ ਵਿਚ ਸਿਰਫ 12000/– ਰੁਪਏ। ਉਹ ਵੀ ਪੰਮੀ ਬਾਈ ਵੱਲੋਂ ਵਾਰ ਵਾਰ ਟੈਲੀਫੂਨ ਕਰਨ ਤੇ । ਹੁਣ ਨਵੇਂ ਜੰਮੇ ਸੰਗੀਤਕਾਰਾਂ ਨੇ ਉਸ ਦੇ ਅਲਗੋਜ਼ੇ ਕੰਪਿਊਟਰ ਵਿਚ ਰਿਕਾਰਡ ਕਰ ਲਏ ਹਨ ਅਤੇ ਬਦਲ ਬਦਲ ਕੇ ਤਰਜ਼ਾਂ ਨਵੀਆਂ ਰਿਕਾਰਡਿੰਗਾਂ ਵਿਚ ਭਰੀ ਜਾ ਰਹੇ ਹਨ। ਸੰਗੀਤ ਦੀ ਮਿਠਾਸ ਤਾਰਾ ਚੰਦ ਦੀ ਤੇ ਰੁਪਈਏ ਨਵੇਂ ਜੰਮੇ ਸੰਗੀਤਕਾਰਾਂ ਦੇ । ਦੇਸ਼ ਦਾ ਵਿਧਾਨ ਵੀ ਚੁੱਪ ਹੈ ਅਤੇ ਸੰਗੀਤ ਦੇ ਵਣਜ ਵਿਹਾਰ ਨਾਲ ਜੁੜੇ ਲੋਕ ਵੀ । ਪਿਛਲੇ 60 ਸਾਲਾਂ ਤੋਂ ਅਲਗੋਜ਼ੇ ਵਜਾ ਰਿਹਾ ਤਾਰਾ ਚੰਦ ਮਰਨ ਤੀਕ ਪੱਥਰਾਈਆਂ ਅੱਖਾਂ ਨਾਲ ਇਸ ਮੁਲਕ ਦੇ ਸਭਿਆਚਾਰਕ ਚੌਧਰੀਆਂ ਵੱਲ ਵੇਖਦਾ ਰਿਹਾ ।
ਤਾਰਾ ਚੰਦ ਆਖਦਾ ਸੀ ਕਿ ਗਰੀਬੀ ਨਾਲ ਮੱਥਾ ਡਾਹੁਣ ਲਈ ਮੈਂ ਕੁਝ ਸਮਾਂ ਫੁਟਪਾਥ ਤੇ ਬੈਠ ਕੇ ਖੁਦ ਫੁਟਬਾਲ ਸਿਉਂ ਕੇ ਵੀ ਵੇਚੇ ਹਨ ਅਤੇ ਹੋਰ ਨਿੱਕੇ–ਨਿੱਕੇ ਕਈ ਕੰਮ ਕਾਰ ਵੀ ਕੀਤੇ ਨੇ । ਪਰ ਇਸ ਮਸ਼ੀਨੀ ਯੁਗ ਵਿਚ ਹੱਥਾਂ ਦੇ ਸਿਉਂਤੇ ਫੁਟਬਾਲ ਕੌਣ ਖਰੀਦਦਾ ਹੈ । ਮਸ਼ੀਨੀ ਮਾਲ ਨੇ ਸਾਡੇ ਵਰਗਿਆਂ ਨੂੰ ਵਾਧੂ ਵਸਤੂ ਬਣਾ ਕੇ ਖੱਲੀਂ ਖੂੰਜੀਂ ਸੁੱਟ ਦਿੱਤਾ ਹੈ। ਹੁਣ ਇਕੋ ਨਮੋਸ਼ੀ ਮਾਰਦੀ ਹੈ ਕਿ ਜਿਸ ਪੰਜਾਬ ਦੇ ਲੋਕ ਸੰਗੀਤ ਦੀਆਂ ਟਾਹਰਾਂ ਮਾਰਦੇ ਨਾ ਤਾਂ ਸਰਕਾਰੀ ਆਗੂ ਥੱਕਦੇ ਹਨ ਅਤੇ ਨਾ ਸਭਿਆਚਾਰ ਦੇ ਨਾਂ ਉੱਤੇ ਸੇਵਾ ਕਰਨ ਵਾਲੇ ਚੌਧਰੀ ਹੀ ਦਮ ਲੈਂਦੇ ਹਨ ਪਰ ਮੇਰੇ ਲਈ ਸਾਰਾ ਜੱਗ ਹਨੇਰਾ ਹੈ । ਮੈਂ ਹਰ ਕਿਸੇ ਨੂੰ ਆਪਣੇ ਦਿਲ ਦਾ ਦੁੱਖੜਾ ਸੁਣਾਇਆ ਹੈ। ਮੇਰੇ ਤਿੰਨੇ ਬੱਚੇ ਰੁਜਗਾਰ ਲੱਭ ਰਹੇ ਨੇ। ਦੋਵੇਂ ਪੁੱਤਰ ਦਸਵੀਂ ਪਾਸ ਕਰ ਚੁੱਕੇ ਨੇ। ਕਮਜ਼ੋਰ ਆਰਥਿਕਤਾ ਕਾਰਨ ਅਗਲੇਰੀ ਪੜਾਈ ਨਹੀਂ ਕਰ ਸਕੇ।
ਮੇਰੇ ਅਲਗੋਜ਼ਿਆਂ ਨੂੰ ਉਹ ਪਿਆਰ ਨਾਲ ਕਿਉਂ ਵੇਖਣ ਕਿਉਂਕਿ ਮੈਨੂੰ ਇਸ ਸ਼ੌਕ ਨੇ ਕੀ ਦਿੱਤਾ ਹੈ। ਵੱਡਾ ਪੁੱਤਰ ਕਦੇ ਕਦੇ ਅਲਗੋਜ਼ੇ ਫੜ ਲੈਂਦਾ ਹੈ। ਦਰਦ ਪਰੁਚੀ ਹੇਕ ਕੱਢਦਾ ਹੈ ਪਰ ਇਸ ਦਰਦ ਨੂੰ ਪਛਾਨਣ ਵਾਲਾ ਇਸ ਪੰਜਾਬ ਵਿਚ ਕੌਣ ਹੈ ? ਨਾਂ ਸਰਕਾਰਾਂ ਨਾ ਸੰਸਥਾਵਾਂ ਤੇ ਨਾ ਕਲਾਕਾਰ।
ਤਾਰਾ ਚੰਦ ਦੇਸ਼ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਵੀ ਹਰ ਸਾਲ ਆਪਣੇ ਅਲਗੋਜ਼ਿਆਂ ਦੀ ਸਤਰੰਗੀ ਘੋਲਦਾ ਰਿਹਾ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਨਵੀਂ ਦਿੱਲੀ ਵਿਖੇ ਵੀ ਪੰਜਾਬ ਦੇ ਗੱਭਰੂਆਂ ਨਾਲ ਕਈ ਸਾਲ ਲਗਾਤਾਰ ਆਪਣੇ ਅਲਗਜ਼ੇ ਲੈ ਕੇ ਹਾਜ਼ਰ ਹੁੰਦਾ ਰਿਹਾ ।ਦੇਸ਼ ਦੀ ਪ੍ਰਮੁਖ ਅਖਬਾਰਾਂ ਉਸ ਦੀਆਂ ਦੇਸ਼ ਦੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਖਿੱਚੀਆਂ ਮੂਰਤਾਂ ਪਹਿਲੇ ਪੰਨਿਆਂ ਤੇ ਛਾਪਦੀਆਂ ਰਹੀਆਂ ਪਰ ਛਪੀਆਂ ਮੂਰਤਾਂ ਦੀ ਰੋਟੀ ਨਹੀਂ ਪੱਕਦੀ ਆਖ਼ਰੀ ਵੇਲੇ ਉਸ ਕੋਲ ਮੂਰਤਾਂ ਵੀ ਨਹੀਂ ਸਨ ਰਹੀਆਂ ਕਿਉਂਕਿ ਉਨਾਂ ਤਸਵੀਰਾਂ ਨੂੰ ਛਾਪਣ ਦਾ ਲਾਰਾ ਲਾ ਕੇ ਤੁਰਦੇ ਬਣੇ ਕਈ ਪੱਤਰਕਾਰਾਂ ਨੇ ਉਸ ਦੀ ਇਹ ਮਾਣ ਮੱਤੀ ਸੰਪਤੀ ਵੀ ਨਹੀਂ ਸੀ ਪਰਤਾਈ। ਉਸ ਨੂੰ ਕਦੇ ਵੀ ਕਿਸੇ ਸਰਕਾਰੀ ਸੰਸਥਾ ਨੇ ਕਿਸੇ ਨਿੱਕੇ ਵੱਡੇ ਪੁਰਸਕਾਰ ਲਈ ਯੋਗ ਨਹੀਂ ਸੀ ਸਮਝਿਆ ਕਿਉਂਕਿ ਸੰਸਥਾਵਾਂ ਨੂੰ ਛਪੇ ਛਪਾਏ ਜੀਵਨ ਵੇਰਵੇ ਵਾਲੇ ਰੰਗੀਨ ਕਾਗਜ਼ ਚਾਹੀਦੇ ਹਨ ਜਿਨਾਂ ਵਿਚ ਝੂਠਾ ਸੱਚਾ ਵੇਰਵੇ ਵਾਰ ਪ੍ਰਾਪਤੀਆਂ ਦਾ ਲੇਖਾ ਜੋਖਾ ਹੋਵੇ। ਪਰ ਤਾਰਾ ਚੰਦ ਤਾਂ ਆਪਣਾ ਸਾਰਾ ਕੁਝ ਹੀ ਹਵਾਵਾਂ ਨੂੰ ਸੌਪਦਾ ਰਿਹਾ ਹੈ। ਹਵਾ ਵਿਚ ਲਿਖੀ ਇਬਾਰਤ ਨੂੰ ਪੜਨ ਦਾ ਆਪਣੇ ਵਤਨ ਵਿਚ ਰਿਵਾਜ਼ ਹੀ ਨਹੀਂ। ਪ੍ਰੋ: ਮੋਹਨ ਸਿੰਘ ਯਾਦਗਾਰੀ ਫਾਉਂਡੇਸ਼ਨ ਦੇ ਚੇਅਰਮੈਨ ਸ੍ਵ.ਜਗਦੇਵ ਸਿੰਘ ਜੱਸੋਵਾਲ ਨੇ ਜ਼ਰੂਰ ਇਕ ਵਾਰ ਉਸਨੂੰ ਮੇਲੇ ਤੇ ਸਨਮਾਨਤ ਕੀਤਾ ਸੀ। ਪਰ ਉਸ ਤੋਂ ਬਿਨਾ ਕਦੇ ਕਿਸੇ ਸੰਸਥਾ ਨੇ ਰੁਮਾਲ ਵੀ ਨਹੀਂ ਦਿੱਤਾ, ਅੱਖੀਆਂ ਪੂੰਝਣ ਨੂੰ।
ਤਾਰਾ ਚੰਦ ਵੱਲੋਂ ਇਹ ਸਵਾਲ ਸਾਡੇ ਸਾਰਿਆਂ ਸਾਹਮਣੇ ਬਰਛੇ ਵਾਂਗ ਖੜਾ ਰਿਹਾ?
ਤਾਰਾ ਚੰਦ ਉਦਾਸੀ ਦੇ ਡੂੰਘੇ ਆਲਮ ਵਿਚੋਂ ਬੋਲਦਾ ਸੀ ' ਹੁਣ ਮੈਂ ਜੰਮੂ ਨਹੀਂ ਜਾਣਾ ਕਿਉਂਕਿ ਇਸ ਪੰਜਾਬ ਵਿਚ ਮੈਂ ਆਪਣੀ ਜਵਾਨੀ ਦੇ ਦਿਨ ਗੁਜ਼ਾਰੇ ਨੇ, ਬੁਢਾਪਾ ਵੀ ਏਥੇ ਹੀ ਅਲਗਜ਼ੇ ਵਜਾਉਂਦਿਆਂ ਹੀ ਆਇਆ ਹੈ। ਮੈਂ ਇਥੋਂ ਦੀਆਂ ਜੂਹਾਂ ਵਿਚ ਆਪਣੇ ਸਾਹਾਂ ਦੇ ਜ਼ੋਰ ਨਾਲ ਮਿੱਠੀਆਂ ਤਰਜ਼ਾਂ ਦਾ ਰਸ ਘੋਲਿਆ ਹੈ ਪਰ ਮੇਰੀ ਜ਼ਿੰਦਗੀ ਦਾ ਜ਼ਹਿਰ ਚੂਸਣ ਵਾਲਾ ਕੋਈ ਸ਼ਿਵ ਜੀ ਭਗਵਾਨ ਮੈਨੂੰ ਪਿਛਲੇ ਲੰਮੇ ਸਮੇਂ ਤੋਂ ਨਹੀਂ ਮਿਲਿਆ। ਤਾਰਾ ਚੰਦ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਵਿਚ ਰਹਿੰਦਾ ਰਿਹਾ ।
ਕਿਰਾਏ ਦੇ ਕਮਰੇ ਵਿਚ ਚਾਰ ਜੀਅ ਨਾਲ ਦੁਖ ਸੁਖ ਦੀਆਂ ਘੜੀਆਂ ਗੁਜ਼ਾਰਦਾ ਰਿਹਾ। ਤਾਰਾ ਚੰਦ ਆਖਦਾ ਸੀ ਕਿ ਕੋਈ ਸਭਿਆਚਾਰਕ ਸੰਸਥਾ ਜਾਂ ਸਰਕਾਰੀ ਗੈਰ ਸਰਕਾਰੀ ਮਹਿਕਮਾ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਰੋਟੀ ਜੋਗਾ ਰੁਜ਼ਗਾਰ ਦੇ ਦੇਵੇ ਤਾਂ ਮੈਂ ਰਹਿੰਦੀ ਉਮਰ ਇਸ ਵੱਡਮੁੱਲੇ ਵਿਰਸੇ ਵਾਲੇ ਸਭਿਆਚਾਰਕ ਸਾਜ਼ ਦੀ ਸਿਖਲਾਈ ਦੇਣ ਲਈ ਆਪਣੇ ਆਪ ਨੂੰ ਸਮਰਪਿਤ ਕਰ ਸਕਦਾ ਹਾਂ। ਤਾਰਾ ਚੰਦ ਦੇ ਅਲਗੋਜ਼ੇ ਅੱਜ ਵੀ ਉਸ ਦੇ ਕਾਲੇ ਬਸਤੇ ਵਿਚ ਸਹਿਕਦੇ ਸ਼ਾਇਦ ਇਹੀ ਆਖ ਰਹੇ ਹੋਣ ਕਿ ਦੁਨੀਆਂ ਵਾਲਿਓ ਜੇ ਤਰਜ਼ਾਂ ਹੀ ਮੁਕ ਗਈਆਂ, ਜੇ ਸਾਜ਼ਾਂ ਨੂੰ ਆਵਾਜ਼ ਨਾ ਮਿਲੀ, ਆਵਾਜ਼ ਨੂੰ ਸੁੱਚੇ ਸੁਥਰੇ ਸਾਜ ਨਾ ਮਿਲੇ ਤਾਂ ਜ਼ਿੰਦਗੀ ਬਿਲਕੁਲ ਮਸ਼ੀਨ ਬਣ ਜਾਵੇਗੀ ਅਤੇ ਮਸ਼ੀਨ ਵਰਗੀ ਜ਼ਿੰਦਗੀ ਧੜਕਣ ਪੈਦਾ ਨਹੀਂ ਕਰ ਸਕਦੀ। ਤਾਰਾ ਚੰਦ ਜਦੋਂ ਬੇਹੱਦ ਉਦਾਸ ਹੋ ਜਾਂਦਾ ਸੀ ਤਾਂ ਉਹ ਬਹੁਤ ਸਾਰੇ ਅਨਪੜ੍ਹ ਕਲਾਕਾਰਾਂ ਵਾਂਗ ਸ਼ਰਾਬ ਦਾ ਸਹਾਰਾ ਵੀ ਲੈਂਦਾ ਹੁੰਦਾ ਸੀ ਪਰ ਉਸ ਲਈ ਤਾਂ ਦੋ ਡੰਗ ਦੀ ਰੋਟੀ ਵੀ ਗੋਲ ਕਰਨੀ ਔਖੀ ਕਹਾਣੀ ਬਣ ਗਈ ਸੀ
ਉਸ ਦੀ ਦਰਦ ਭਰੀ ਵਾਰਤਾ ਸਮੂਹ ਪੰਜਾਬੀਆਂ ਦੇ ਸਾਹਮਣੇ ਮੈਂ ਲਿਖ ਕੇ ਕਈ ਵਾਰ ਰੱਖੀ ਕਿ ਕੀਹ ਸਭਿਆਚਾਰ ਦਾ ਵਣਜ ਕਰਦੇ ਵਣਜਾਰਿਆਂ, ਦੇਸ਼ ਦੇ ਸਭਿਆਚਾਰਕ ਵਿਰਾਸਤ ਲਈ ਫਿਕਰਮੰਦ ਅਦਾਰਿਆਂ ਦਾ ਜਾਗਣਾ ਜ਼ਰੂਰੀ ਨਹੀਂ ਸੀ ।
ਜੇਕਰ ਤੂੰਬੀ ਦੀ ਤਾਰ ਹੀ ਟੁੱਟ ਗਈ, ਅਲਗੋਜ਼ਿਆਂ ਦੀ ਹੂਕ ਹੀ ਗੈਰ ਹਾਜ਼ਰ ਹੋ ਗਈ, ਢੋਲ ਦੇ ਵਜੰਤਰੀ ਵੀ ਸਿਰਫ ਵਿਆਹ ਸ਼ਾਦੀਆਂ ਮੌਕੇ ਮੰਗਤਿਆਂ ਵਾਂਗ ਘਰਾਂ ਦੇ ਬਾਹਰ ਹੀ ਖਲੋਣ ਲੱਗ ਪਏ ਤਾਂ ਸਾਡੇ ਕੋਲ ਬਾਕੀ ਕੀ ਬਚੇਗਾ ? ਇਹ ਗੋਦੜੀ ਦੇ ਲਾਲ ਸੰਭਾਲਣ ਲਈ ਕੌਣ ਅੱਗੇ ਆਵੇਗਾ । ਹੁਣ ਨਾ ਰਾਜੇ ਹਨ ਨਾ ਮਹਾਂਰਾਜੇ ।
ਖਤਰੇ 'ਚ ਸੰਗੀਤ ਪਿਆ,
ਸੁੱਤੀਆਂ ਜਾਗਣ ਨਾ ਸਰਕਾਰਾਂ।
ਸਰਕਾਰ ਕੇਵਲ ਚੁਣੀ ਹੋਈ ਧਿਰ ਹੀ ਨਾ ਸਮਝੋ। ਇਨ੍ਹਾਂ ਕਲਾਕਾਰਾਂ ਨੂੰ ਸੰਭਾਲਣ ਲਈ ਵਿਦਿਅਕ ਅਦਾਰੇ ਵੀ ਸਰਕਾਰ ਬਣ ਸਕਦੇ ਹਨ। ਜੇ ਵਿਸਵਾਸ਼ ਹੀ ਤਿੜਕ ਗਿਆ ਤਾਂ ਇਨ੍ਹਾਂ ਕਲਾਕਾਰਾਂ ਨੂੰ ਮੁੜ ਸੁਰਜੀਤ ਕਰਨਾ ਔਖਾ ਹੋ ਜਾਵੇਗਾ।
ਤਾਰਾ ਚੰਦ ਉਹ ਮਾਣ ਮੱਤਾ ਕਲਾਕਾਰ ਸੀ ਜੋ ਆਪਣੀ ਮੰਦੀ ਆਰਥਿਕ ਹਾਲਤ ਲਈ ਸਾਥੋਂ ਆਰਥਿਕ ਮਦਦ ਨਹੀਂ ਮੰਗਦਾ, ਸਗੋਂ ਸਾਥੋਂ ਕੰਮ ਮੰਗਦਾ ਰਿਹਾ। ਇਹ ਆਖਦਾ ਰਿਹਾ ਕਿ ਮੇਰੀਆਂ ਤਰਜ਼ਾਂ ਨੂੰ ਆਪਣੇ ਸਾਹਾਂ ਸਵਾਸਾਂ ਵਿਚ ਪਰੋ ਲਵੋ । ਮੈਂ ਆਪਣੇ ਪੁਰਖਿਆਂ ਤੋਂ ਜੋ ਹਾਸਲ ਕੀਤਾ ਸੀ ਉਹ ਮੈਥੋਂ ਲੈ ਲਵੋ। ਜੇਕਰ ਮੇਰੀ ਮਿੱਟੀ ਦਾ ਵਜੂਦ ਕੱਲ ਨੂੰ ਏਦੂੰ ਵੀ ਨਾਕਾਰਾ ਹੋ ਗਿਆ ਤਾਂ ਭਵਿੱਖ ਸਾਨੂੰ ਤੁਹਾਨੂੰ ਕਦੇ ਮੁਆਫ ਨਹੀਂ ਕਰੇਗਾ।
ਅਲਗੋਜ਼ਾ ਵਾਦਕ ਤਾਰਾ ਚੰਦ ਨੇ ਆਖਰੀ ਸਵਾਸ ਆਪਣੇ ਵਤਨ ਜੰਮੂ ਚ ਹੀ ਲਏ। ਅਣਗਾਏ ਗੀਤ ਵਾਂਗ ਚਲਾ ਗਿਆ। ਪੰਜਾਬ ਚ ਉਸ ਦੀਆਂ ਅੰਤਿਮ ਰਸਮਾਂ ਤੋਂ ਬਾਦ ਹੀ ਖਬਰ ਮਿਲੀ।
ਉਸਤਾਦ ਲਾਲ ਚੰਦ ਯਮਲਾ ਜੱਟ ਦੇ ਪੋਤਰੇ ਸੁਰੇਸ਼ ਯਮਲਾ ਜੱਟ ਨੇ ਜਦ ਮੈਨੂੰ ਕੁਝ ਮਹੀਨੇ ਪਹਿਲਾਂ ਉਸ ਦੇ ਜਾਣ ਬਾਰੇ ਦੱਸਿਆ ਤਾਂ ਮੈਨੂੰ ਉਹ ਦਿਨ ਯਾਦ ਆ ਗਏ ਜਦ ਉਹ ਅਕਸਰ ਸੰਗਦਾ ਸੰਗਦਾ ਪੰਜਾਬ ਖੇਤੀ ਯੂਨੀਵਰਸਿਟੀ ਚ ਸਾਡੇ ਦਫ਼ਤਰ ਆ ਜਾਂਦਾ ਸੀ। ਘੰਟਿਆਂ ਬੱਧੀ ਨਿੱਕੀਆਂ ਨਿੱਕੀਆਂ ਯਾਦਾਂ ਦੇ ਗਲੋਟੇ ਕੱਤੀ ਜਾਂਦਾ, ਪਰ ਮੈਂ ਹੀ ਇਨ੍ਹਾਂ ਨੂੰ ਅਟੇਰ ਕੇ ਸਾਂਭਣ ਤੋਂ ਅਸਮਰੱਥ ਰਿਹਾ।
ਇਹੋ ਜਹੇ ਵੇਲੇ ਨਿੰਦਰ ਘੁਗਿਆਣਵੀ ਚਾਹੀਦਾ ਸੀ ਜੋ ਸੋਨੇ ਦੀਆਂ ਡਲੀਆਂ ਨਾਲੋ ਨਾਲ ਸਾਂਭੀ ਜਾਂਦਾ।
ਮੇਰੇ ਸਹਿਕਰਮੀ ਕਈ ਵੇਰ ਹੱਸ ਕੇ ਆਖਦੇ, ਤੇਰੇ ਕੋਲ ਇਹੋ ਜਹੇ ਰੋਣ ਧੋਣ ਵਾਲੇ ਕੀ ਕਰਨ ਆਉਂਦੇ ਨੇ?
ਮੈਂ ਇੱਕੋ ਗੱਲ ਆਖਦਾ, ਸ਼ਹਿਰ ਚ ਮੋਢੇ ਮੁੱਕਦੇ ਜਾ ਰਹੇ ਨੇ ਜਿੱਥੇ ਸਿਰ ਧਰ ਕੇ ਰੋਇਆ ਜਾ ਸਕੇ।
ਬੰਦੇ ਮੁੱਕਦੇ ਜਾ ਰਹੇ ਹਨ ਜਿੰਨ੍ਹਾਂ ਤੋਂ ਰਾਹ ਖਹਿੜਾ ਪੁੱਛਿਆ ਜਾ ਸਕੇ।
ਸਬੱਬ ਵੇਖੋ! ਰਾਤੀਂ ਨੌਜਵਾਨ ਪੱਤਰਕਾਰ ਪੁੱਤਰ ਨੀਲ ਭਾਲਿੰਦਰ ਸਿੰਘ ਵੀ ਇਹੀ ਕਹਿ ਰਿਹਾ ਸੀ। ਹਿੰਦੀ ਸ਼ਾਇਰ ਦੁਸ਼ਿਅੰਤ ਕੁਮਾਰ ਵੀ ਇਹੀ ਕਹਿੰਦਾ ਮਰ ਗਿਆ
ਅਬ ਕਿ ਇਸ ਬਾਜ਼ਾਰ ਮੇਂ ਬਾਰਾਤ ਹੋ ਯਾ ਵਾਰਦਾਤ,
ਅਬ ਕਿਸੀ ਭੀ ਬਾਤ ਪਰ ਖੁਲਤੀ ਨਹੀਂ ਹੈਂ ਖਿੜਕੀਆਂ।
ਤਾਰਾ ਚੰਦ ਮਰਨ ਉਪਰੰਤ ਵੀ ਦਸਤਕ ਦਿੰਦਾ ਹੈ, ਕਹਿੰਦਾ ਹੈ, ਮਨ ਦੇ ਬੂਰੇ ਬਾਰੀਆਂ ਖੋਲ੍ਹੋ, ਨਹੀਂ ਤਾਂ ਦਮ ਘੁੱਟ ਕੇ ਮਰ ਜਾਉਗੇ ਦੁਨੀਆ ਵਾਲਿਓ।
ਮੇਰਾ ਤਾਰਾ ਚੰਦ ਬਾਰੇ ਲੇਖ ਪੜ੍ਹ ਕੇ ਸ਼ਮਸ਼ੇਰ ਸਿੰਘ ਸੰਧੂ ਨੇ ਲਿਖਿਆ ਕਿ
ਯਾਰ! ਤਾਰਾ ਚੰਦ ਬਾਰੇ ਤੇਰੀ ਲਿਖਤ ਨੇ ਰੋਣ ਲਾ ਦਿੱਤਾ। ਜਾਪਦੈ, ਆਪਾਂ ਸਾਰੇ ਦੋਸ਼ੀ ਆਂ। ਦਿਲਸ਼ਾਦ ਅਖ਼ਤਰਹ ਤੇ ਸੁਰਜੀਤ ਬਿੰਦਰਖੀਆ ਦੇ ਰਕਈ ਗੀਤਾਂ ਚ ਮੈਂ ਤਾਰਾ ਚੰਦ ਦੇ ਅਲਗੋ਼ਜ਼ੇ ਭਰਵਾਏ ਸੀ।
ਮੈਂ ਉਹਨੂੰ ਹੋਟਲ ਚਠਹਿਰਾ ਕੇ ਕਹਿਣਾ,ਲੈ ਬਈ ਸੱਜਣਾ,ਖਾਣ ਪੀਣ ਨੂੰ ਜੋ ਮਰਜ਼ੀ ਆਰਡਰ ਕਰੀ ਜਾਹ।
ਪੇਮੈਂਟ ਵੀ ਮੂੰਹ ਮੰਗੀ ਦੇਣੀ, ਪਰ ਇਹ ਲਫ਼ਜ਼ ਛੋਟੇ ਲੱਗਦੇ ਨੇ। ਸਰਦੂਲ ਸਿਕੜਦਰ ਦੇ ਗੀਤ ਫੁੱਲਾਂ ਦੀਏ ਕੱਚੀਏ ਵਪਾਰਨੇ ਚ ਉਹਦੇ ਅਲਗੋਜ਼ੇ ਕਮਾਲ ਸੀ।
ਇਹੀ ਕਹਾਂਗਾ।
ਤਾਰਾ ਅਲਗੋਜੇ ਝੂਮ ਕੇ ਵਜਾ ਗਿਆ, ਜਾਦੂਗਰ ਲੱਕੜੀ ਚ ਜਾਨ ਪਾ ਗਿਆ।
ਅਣਗਾਏ ਗੀਤ ਨੂੰ
ਇੱਕ ਵਾਰ ਫਿਰ ਸਲਾਮ!
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.