ਅਣਗਿਣਤ ਜਾਨਾਂ ਦਾ ਕਾਤਲ ਹੈ 'ਮਿਲਾਵਟਖੋਰ'
ਦੁੱਧ ਪ੍ਰਮਾਤਮਾ ਦੀ ਇਨਸਾਨ ਨੂੰ ਬਖਸ਼ੀ ਇੱਕ ਅਨਮੋਲ ਦਾਤ ਹੈ। ਦੁੱਧ ਤੋਂ ਬਨਣ ਵਾਲਾ ਪਨੀਰ, ਦਹੀਂ ਅਤੇ ਲੱਸੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਇੱਕ ਵਰਦਾਨ ਹਨ। ਹਰ ਪਰਿਵਾਰ ਵਿੱਚ ਲੋੜ ਅਨੁਸਾਰ ਦੁੱਧ ਦੀ ਵੱਧ ਜਾਂ ਘੱਟ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ। ਪਿੰਡਾਂ ਵਿੱਚ ਪਸ਼ੂ ਧਨ ਹੋਣ ਕਰਕੇ ਦੁੱਧ ਆਸਾਨੀ ਨਾਲ ਉਪਲਬਧ ਹੋ ਜਾਂਦਾ ਹੈ ਪਰ ਇਸਦੇ ਉਲਟ ਸ਼ਹਿਰਾਂ ਵਿੱਚ ਲੋਕ ਦੁੱਧ ਮੁੱਲ ਖਰੀਦ ਕੇ ਗੁਜ਼ਾਰਾ ਕਰਦੇ ਹਨ। ਸ਼ਰੀਰ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਇਹ ਅਨਮੋਲ ਪਦਾਰਥ ਜਦੋਂ ਮਿਲਾਵਟ ਜਾਂ ਨਕਲੀਪਨ ਦਾ ਸ਼ਿਕਾਰ ਹੋ ਜਾਣ, ਸੋਚੋ ਸਥਿਤੀ ਕੀ ਹੋਵੇਗੀ। ਪਰ ਅੱਜਕਲ ਮਿਲਾਵਟੀ ਜਾਂ ਨਕਲੀ ਦੁੱਧ ਅਤੇ ਘਿਉ ਤਿਆਰ ਕਰਨ ਦੀਆਂ ਖਬਰਾਂ ਅਕਸਰ ਅਖਬਾਰਾਂ ਵਿੱਚ ਛਪਦੀਆਂ ਹਨ।
ਕੁੱਝ ਦਿਨ ਪਹਿਲਾਂ ਪਟਿਆਲਾ ਪੁਲੀਸ ਵਲੋਂ ਨਕਲੀ ਦੁੱਧ ਤਿਆਰ ਕਰਨ ਲਈ ਵਰਤਿਆ ਜਾਂਦਾ ਪਾਊਡਰ, ਕੈਮੀਕਲ ਅਤੇ ਤਿਆਰ ਕੀਤੇ ਨਕਲੀ ਦੁੱਧ ਅਤੇ ਪਨੀਰ ਦੀ ਵੱਡੀ ਖੇਪ ਬਰਾਮਦ ਕੀਤੀ ਗਈ। ਬਰਾਮਦ ਹੋਏ ਇਸ ਨਕਲੀ ਅਤੇ ਮਿਲਾਵਟੀ ਸਮਾਨ ਨੇ ਸਮਾਜ ਵਿੱਚ ਪਤਾ ਨਹੀਂ ਕਿੰਨੇ ਹੀ ਮਾਸੂਮ ਲੋਕਾਂ ਦੀ ਸਿਹਤ ਨੂੰ ਸ਼ਿਕਾਰ ਬਣਾਉਣਾ ਸੀ। ਮਿਲਾਵਟ ਖੋਰੀ ਦਾ ਧੰਦਾ ਕਰਨ ਵਾਲੇ ਇਹ ਲੋਕ ਕਿਸੇ ਕਾਤਲ ਨਾਲੋਂ ਘੱਟ ਨਹੀਂ। ਇੱਕ ਗਰਭਵਤੀ ਮਾਂ ਜਦੋਂ ਰਸਾਇਣਾਂ ਨਾਲ ਤਿਆਰ ਕੀਤੇ ਇਸ ਦੁੱਧ ਨੂੰ ਪੀਵੇਗੀ ਤਾਂ ਪੇਟ ਅੰਦਰ ਪਲ ਰਹੇ ਬੱਚੇ 'ਤੇ ਇਸ ਦਾ ਕਿੰਨਾ ਬੂਰਾ ਅਸਰ ਹੋਵੇਗਾ, ਇਹ ਸੋਚਣ ਵਾਲੀ ਗੱਲ ਹੈ। ਮਾਨਸਿਕ ਵਿਕਾਰਾਂ ਵਾਲੇ ਬੱਚਿਆਂ ਦੇ ਜੰਮਣ ਪਿੱਛੇ ਵੀ ਮਾਂ ਵਲੋਂ ਕੀਤਾ ਜਾਂਦਾ ਮਿਲਾਵਟੀ ਅਤੇ ਜ਼ਹਿਰੀਲੀਆਂ ਚੀਜਾਂ ਦਾ ਸੇਵਨ ਇੱਕ ਵੱਡਾ ਕਾਰਨ ਹੈ। ਮਾਸੂਮ ਬੱਚੇ, ਨੌਜਵਾਨ ਅਤੇ ਬਜ਼ੁਰਗ ਮਿਲਾਵਟੀ ਜਾਂ ਜ਼ਹਿਰੀਲਾ ਦੁੱਧ ਜਾਂ ਉਸ ਤੋਂ ਬਣਦੇ ਪਦਾਰਥ ਖਾ ਪੀ ਕੇ ਕਿਵੇਂ ਤੰਦਰੁਸਤ ਰਹਿ ਸਕਦੇ ਹਨ। ਦਿਲ ਦੇ ਰੋਗ, ਕੈਂਸਰ, ਸ਼ੂਗਰ, ਮਹਿਦੇ ਦੇ ਰੋਗ, ਹੱਡੀਆਂ ਦੀ ਕਮਜ਼ੋੋਰੀ ਅਤੇ ਚਲਦੇ ਫਿਰਦੇ ਤੰਦਰੁਸਤ ਸ਼ਰੀਰਾਂ ਦੇ ਇੱਕ ਦਮ ਬਹਿ ਜਾਣ ਪਿੱਛੇ ਮਿਲਾਵਟੀ ਚੀਜਾਂ ਦੀ ਵਰਤੋਂ ਇੱਕ ਵੱਡਾ ਕਾਰਨ ਹੈ। ਜਦੋਂ ਤੱਕ ਇਨਸਾਨ ਦੀ ਵਰਤੋਂ ਲਈ ਬਣੀਆਂ ਖੁਰਾਕਾਂ ਰਸਾਇਣਾਂ ਅਤੇ ਜ਼ਹਿਰਾ ਦੀ ਮਿਲਾਵਟ ਤੋਂ ਬਚੀਆਂ ਰਹੀਆਂ, ਉਦੋਂ ਤੱਕ ਇਨਸਾਨ ਵੀ ਬਿਮਾਰੀਆਂ ਤੋਂ ਬਚੇ ਰਹੇ। ਲੇਕਿਨ ਜਦੋਂ ਖੁਰਾਕਾਂ ਜ਼ਹਿਰੀਲੀਆਂ ਹੋ ਗਈਆਂ ਤਾਂ ਇਨਸਾਨ ਵੀ ਬਿਮਾਰੀਆਂ ਦੇ ਸ਼ਿਕਾਰ ਹੋਣ ਲੱਗ ਪਏ। ਫ਼ਰੀਦਕੋਟ ਪੁਲੀਸ ਵਲੋਂ ਕੋਟਕਪੂਰਾ ਵਿਖੇ ਇੱਕ ਪਲਾਂਟ 'ਚ ਛਾਪਾ ਮਾਰ ਕੇ ਕੈਮੀਕਲ ਵਰਤ ਕੇ ਦੇਸੀ ਘਿਉ ਤਿਆਰ ਕਰਨ ਦਾ ਪਰਦਾਫਾਸ਼ ਕੀਤਾ ਹੈ। ਇੱਥੋਂ ਤਕਰੀਬਨ ਪੰਦਰਾਂ ਟਨ ਤਿਆਰ ਕੀਤਾ ਨਕਲੀ ਦੇਸੀ ਘਿਉ ਬਰਾਮਦ ਕੀਤਾ ਗਿਆ ਜਿਸ ਨੇ ਕਿਸੇ ਨਾ ਕਿਸੇ ਤਰਾਂ ਲੋਕਾਂ ਦੀ ਜਰੂਰਤ ਬਣ ਕੇ ਸਿਹਤ ਦਾ ਨੁਕਸਾਨ ਕਰਨਾ ਸੀ। ਇਹ ਤਾਂ ਉਹ ਜਖੀਰੇ ਸਨ ਜੋ ਕਾਨੂੰਨ ਦੀ ਨਜ਼ਰ ਚੜ ਗਏ ਪਰ ਗੁਪਤ ਤਰੀਕੇ ਨਾਲ ਮਿਲਾਵਟ ਦਾ ਚੱਲ ਰਿਹਾ ਧੰਦਾ ਅਜੇ ਵੀ ਪੁਲੀਸ ਅਤੇ ਕਾਨੂੰਨ ਦੀਆਂ ਨਜ਼ਰਾਂ ਤੋਂ ਕਾਫੀ ਦੂਰ ਹੈ।
ਖਾਣ ਅਤੇ ਪੀਣ ਵਾਲੀਆਂ ਚੀਜਾਂ ਵਿੱਚ ਮਿਲਾਵਟ ਕਰਨ ਵਾਲੇ ਲੋਕ ਅੱਜ ਇਸ ਸਮਾਜ ਲਈ ਇੱਕ ਵੱਡੀ ਚਣੌਤੀ ਬਣ ਗਏ ਹਨ ਅਤੇ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਾਨੂੰਨੀ ਸਿਕੰਜਾ ਵੀ ਇਹਨਾਂ ਨੂੰ ਕਾਬੂ ਕਰਨ 'ਚ ਬਹੁਤਾ ਕਾਰਗਾਰ ਸਾਬਤ ਨਹੀਂ ਹੋ ਰਿਹਾ। ਹੁਣ ਤੱਕ ਸਰਕਾਰੀ ਤੰਤਰ ਵੀ ਇਸ ਕੋਹੜ ਨੂੰ ਪੂਰੀ ਤਰਾਂ ਠੱਲਣ 'ਚ ਨਾਕਾਮਯਾਬ ਸਾਬਿਤ ਹੋਇਆ ਹੈ। ਬੇਸ਼ੱਕ ਪਟਿਆਲਾ ਅਤੇ ਫਰੀਦਕੋਟ ਪੁਲੀਸ ਵਲੋਂ ਫੜਿਆ ਮਿਲਾਵਟੀ ਖਾਦ ਪਦਾਰਥਾਂ ਦਾ ਜ਼ਖੀਰਾ ਇਸ ਕੋਹੜ ਨੂੰ ਠੱਲਣ ਲਈ ਇੱਕ ਸਕਰਾਤਮਕ ਕਦਮ ਹੈ, ਪਰ ਅਜੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ। ਅੱਜ ਤੱਕ ਸ਼ਾਇਦ ਹੀ ਕਿਸੇ ਮਿਲਾਵਟਖੋਰ ਨੂੰ ਮਿਸਾਲੀ ਸਜ਼ਾ ਦਿੱਤੀ ਗਈ ਹੋਵੇ ਜੋ ਦੂਜਿਆਂ ਲਈ ਸਬਕ ਬਣ ਸਕੇ।
ਭਾਰਤ ਦੇ ਉਲਟ ਪੱਛਮੀ ਦੇਸ਼ਾਂ 'ਚ ਮਿਲਾਵਟਖੋਰੀ ਨੂੰ ਇੱਕ ਘਿਨਘਾਉਣਾਂ ਜ਼ੁਰਮ ਮੰਨਿਆਂ ਜਾਦਾ ਹੈ ਅਤੇ ਅਜਿਹਾ ਕਾਰਾ ਕਰਨ ਵਾਲੇ ਨੂੰ ਸ਼ਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਹੈ। ਉਹਨਾਂ ਦਾ ਮੰਨਣਾ ਹੈ ਕਿ ਮਿਲਾਵਟਖੋਰ ਤੰਦਰੁਸਤ ਸਮਾਜ ਲਈ ਖਤਰਾ ਹੈ, ਜੋ ਕਿ ਮਿਲਾਵਟ ਕਰਕੇ ਕਈ ਲੋਕਾਂ ਦੀ ਜਾਨ ਨਾਲ ਖੇਡਦਾ ਹੈ, ਇਸ ਕਰਕੇ ਉਹ ਇਸ ਜ਼ੁਰਮ ਨੂੰ ਨਾ ਬਖਸ਼ਣਯੋਗ ਸਮਝਦੇ ਹਨ। ਇਹ ਸਖ਼ਤ ਸਜ਼ਾ ਹੋਰਾਂ ਲਈ ਵੀ ਇੱਕ ਸਬਕ ਬਣ ਜਾਂਦੀ ਹੈ। ਇਸਦੇ ਉਲਟ ਸਾਡੇ ਸਮਾਜ ਵਿੱਚ ਮਿਲਾਵਟਖੋਰ ਲੋਕਾਂ ਦੀਆਂ ਕੀਮਤੀ ਜਾਂਨਾ ਨਾਲ ਖੇਡ ਕੇ ਚੰਗਾਂ ਪੈਸਾ ਕਮਾੳਂੁਦੇ ਹਨ। ਤਿਉਹਾਰਾਂ ਦੇ ਦਿਨਾਂ ਦੌਰਾਨ ਕਈ ਕਈ ਦਿਨ ਪਹਿਲਾਂ ਹੀ ਸਟੋਰ ਕੀਤਾ ਗਿਆ ਖੋਆ ਅਤੇ ਮਿਠਿਆਈ ਲੋਕਾਂ ਨੂੰ ਵੇਚ ਕੇ ਚੰਗੀ ਕਮਾਈ ਕੀਤੀ ਜਾਂਦੀ ਹੈ। ਚੰਦ ਪੈਸਿਆਂ ਦੀ ਖਾਤਿਰ ਵੇਚਿਆ ਜਾਂਦਾ ਇਹ ਮਿਲਾਵਟੀ ਸਮਾਨ ਇੱਕ ਜ਼ਹਿਰ ਹੈ ਜੋ ਜਿਉਂਦੇ ਇਨਸਾਨਾ ਨੂੰ ਘੁਣ ਵਾਂਗ ਹੌਲ਼ੀ ਹੌਲ਼ੀ ਖਤਮ ਕਰ ਦਿੰਦਾ ਹੈ।
ਨਿਡਰ ਹੋ ਕੇ ਚਲਦਾ ਮਿਲਾਵਟ ਦਾ ਧੰਦਾ ਕੀਤੇ ਨਾ ਕੀਤੇ ਸਿਆਸੀ ਹਮਾਇਤ ਹੋਣ ਦਾ ਵੀ ਸ਼ੱਕ ਪੈਦਾ ਕਰਦਾ ਹੈ, ਕਿਉਂਕਿ ਜਿਸ ਕਿਸੇ ਵੀ ਦੁਕਾਨ ਜਾਂ ਹੋਟਲ ਨੂੰ ਮਿਲਾਵਟਖੋਰੀ ਦੇ ਦੋਸ਼ਾਂ ਹੇਠ ਬੰਦ ਕੀਤਾ ਜਾਂਦਾ ਹੈੇ ਉਹ ਕੁੱਝ ਦਿਨਾਂ ਬਾਅਦ ਫਿਰ ਖੁੱਲ ਜਾਂਦਾ ਹੈ, ਜਿੱਥੋਂ ਇਹ ਅੰਦਾਜਾ ਲਗਦਾ ਹੈ ਕਿ ਅਸਰ ਰਸੂਖ ਵਾਲੇ ਇਹ ਬੰਦੇ ਆਖਿਰ ਆਪਣਾ ਬਚਾਊ ਕਰ ਹੀ ਜਾਂਦੇ ਹਨ। ਉਹਨਾਂ 'ਤੇ ਕੋਈ ਪੁਖਤਾ ਅਤੇ ਸਖਤ ਕਾਰਵਾਈ ਨਾ ਕਰਨਾ ਪ੍ਰਸ਼ਾਸ਼ਨ ਦੀ ਵੱਡੀ ਕਮਜ਼ੋਰੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਸਮੇਂ ਦੀਆ ਸਰਕਾਰਾਂ ਅਤੇ ਸਮਾਜ ਮਿਲਾਵਟਖੋਰਾਂ ਨੂੰ ਕਾਬੂ ਕਰਨ 'ਚ ਨਾਕਾਮਯਾਬ ਰਿਹਾ ਹੈ। ਸਿਹਤ ਵਿਭਾਗ ਵਲੋਂ ਜੇਕਰ ਲਗਾਤਾਰ ਯਤਨ ਕੀਤੇ ਜਾਣ ਤਾਂ ਭੋਲ਼ੇੇਭਾਲ਼ੇ ਲੋਕਾਂ ਨੂੰ ਇਹ ਜ਼ਹਿਰ ਨਿਗਲ਼ਣੋਂ ਬਚਾਇਆ ਜਾ ਸਕਦਾ ਹੈ ਪਰ ਇਸ ਲਈ ਸੁਹਿਰਦ ਅਤੇ ਸਮਰਪਿਤ ਯਤਨਾਂ ਦੀ ਲੋੜ ਹੈ। ਇਸ ਵਿੱਚ ਸਮਾਜ ਨੂੰ ਵੀ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ ਅਤੇ ਇਮਾਨਦਾਰ ਹੰਭਲਾਂ ਹੀ ਇਸ ਕੋਹੜ ਨੂੰ ਜੜੋਂ ਪੁੱਟਣ 'ਚ ਸਹਾਈ ਸਿੱਧ ਹੋਵੇਗਾ।
-
ਪ੍ਰੋ. ਧਰਮਜੀਤ ਸਿੰਘ ਮਾਨ, ਪ੍ਰੋਫੈਸਰ, ਜਵਾਹਰਲਾਲ ਨਹਿਰੂ ਸਰਕਾਰੀ ਕਾਲਜ
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.