ਮੇਰੀ ਪਹਿਲੀ ਕਿਤਾਬ ਸ਼ੀਸ਼ਾ ਝੂਠ ਬੋਲਦਾ ਹੈ 1978 ਚ ਛਪੀ ਸੀ। ਨਿਊ ਏਜ ਬੁੱਕ ਸੈਂਟਰ ਅੰਮ੍ਰਿਤਸਰ ਵਾਲੇ ਸ: ਪਿਆਰਾ ਸਿੰਘ ਨੇ ਛਾਪੀ ਸੀ।
ਇਸ ਦਾ ਖਰੜਾ ਬੜੀ ਮਿਹਨਤ ਨਾਲ ਡਾ: ਰਣਧੀਰ ਸਿੰਘ ਚੰਦ ਜੀ ਨੇ ਸੋਧਿਆ ਸੀ। ਹਰਭਜਨ ਸਿੰਘ ਬਾਜਵਾ ਦੀ ਸਿਫ਼ਾਰਿਸ਼ ਤੇ ਪਿਆਰਾ ਸਿੰਘ ਕਿਤਾਬ ਛਾਪਣਾ ਮੰਨਿਆ ਸੀ।
ਇਹ ਕਿਤਾਬ 15 ਅਗਸਤ 1978 ਨੂੰ ਛਪ ਕੇ ਆਈ ਸੀ, ਉਸੇ ਦਿਨ ਪੰਜਾਬੀ ਟ੍ਰਿਬਿਊਨ ਦਾ ਪਲੇਠਾ ਅੰਕ ਬਾਜ਼ਾਰ ਚ ਆਇਆ ਸੀ।
ਮੈਨੂੰ ਚੇਤੇ ਹੈ ਉਸ ਰਾਤ ਮੈਂ ਤੇ ਜਾਗੀਰ ਸਿੰਘ ਜਗਤਾਰ ਰਵੀ ਸਾਹਿੱਤ ਪ੍ਰਕਾਸ਼ਨ ਵਾਲੇ ਮਿਹਰਬਾਨ ਵੀਰ ਮੋਹਨ ਸਿੰਘ ਰਾਹੀ ਦੇ ਘਰ ਰਹੇ ਸਾਂ।
ਮੈਨੂ ਯਾਦ ਹੈ, ਬਾਰੀਕ ਜੇਹੀ ਗਲੀ ਚ ਘਰ ਸੀ। ਪਰਿਵਾਰ ਤੋਂ ਮਿਲਿਆ ਸਨੇਹ ਹੁਣ ਤੀਕ ਨਹੀਂ ਭੁੱਲਿਆ।
ਪਹਿਲੀ ਕਿਤਾਬ ਤੇ ਮੇਰੇ ਪੱਲਿਉਂ 400 ਰੁਪਏ ਦਾ ਕਾਗ਼ਜ਼ ਲੱਗਿਆ ਸੀ 96 ਸਫ਼ੇ ਦੀ ਕਿਤਾਬ ਨੂੰ। ਬਾਕੀ ਖ਼ਰਚਾ ਪ੍ਰਕਾਸ਼ਕ ਨੇ ਕੀਤਾ।
500 ਕਾਪੀ ਚੋਂ ਮੈਨੂੰ 150 ਕਾਪੀਆਂ ਮਿਲੀਆਂ। ਜਗੀਰ ਸਿੰਘ ਜਗਤਾਰ ਜੀ ਨੇ ਇਹ ਕਿਤਾਬ ਬਰਨਾਲੇ ਲੋਕ ਅਰਪਨ ਕਰਵਾਈ। ਰਾਮ ਸਰੂਪ ਅਣਖ਼ੀ, ਪ੍ਰੋ: ਰਵਿੰਦਰ ਭੱਠਲ ਤੇ ਜ ਸ ਜਗਤਾਰ ਤੋਂ ਇਲਾਵਾ ਪ੍ਰੋ:,ਪ੍ਰੀਤਮ ਸਿੰਘ ਰਾਹੀ ਕਿਤਾਬ ਬਾਰੇ ਬੋਲੇ ਸੀ।
ਕਿਤਾਬ ਦਾ ਮੁੱਖ ਬੰਦ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਜੀ ਨੇ ਲਿਖਿਆ ਸੀ ਤੇ ਡੇਢ ਪੰਨਾ ਸੁਰਜੀਤ ਪਾਤਰ ਜੀ ਨੇ।
ਇਮਰੋਜ਼ ਜੀ ਨੇ ਇਸ ਦਾ ਮੂੰਹ ਮੱਥਾ ਸ਼ਿੰਗਾਰਿਆ।
ਇੱਕ ਸਾਲ ਦੋ ਮਹੀਨੇ ਬਾਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੈਨੂੰ ਇਸ ਕਿਤਾਬ ਬਦਲੇ ਭਾਈ ਵੀਰ ਸਿੰਘ ਪੁਰਸਕਾਰ ਦਿੱਤਾ। ਇਨਾਮ ਰਾਸ਼ੀ 500 ਰੁਪਏ ਸੀ।
ਇਸ ਦੇ ਦੋ ਛੱਤ ਵਾਲੇ ਦੇਸੀ ਪੱਖੇ ਖ਼ਰੀਦੇ।
ਇਨਾਮ ਦੀ ਤਾਰ ਤੇ ਮੇਰੇ ਘਰ ਪੁੱਤਰ ਹੋਣ ਦੀ ਖ਼ਬਰ ਇੱਕੋ ਦਿਨ ਮਿਲੀ ਸੀ।
ਹੈ ਨਾ ਸਬੱਬ!
ਕਿਤਾਬ ਬਾਰੇ ਘੋਲੀਆ ਵਾਲੇ ਕਾਮਰੇਡ ਸੁਰਜੀਤ ਗਿੱਲ, ਡਾ; ਬਿਕਰਮ ਸਿੰਘ ਘੁੰਮਣ , ਭੂਸ਼ਨ, ਦਲਬੀਰ, ਲਖਵਿੰਦਰ ਜੌਹਲ ਨੇ ਚੰਗੇ ਰੀਵੀਊ ਕੀਤੇ।
ਇਹ ਕਿਤਾਬ ਹੁਣ ਤੀਕ ਚਾਰ ਵਾਰ ਛਪ ਚੁਕੀ ਹੈ।
ਇਸ ਕਿਤਾਬ ਨੂੰ ਮੈਂ ਵਾਰ ਵਾਰ ਪੜ੍ਹਦਾ ਹਾਂ। ਅੱਜ ਵੀ ਪੜ੍ਹ ਰਿਹਾਂ। ਪਲੇਠੇ ਬੱਚੇ ਨੂੰ ਦੁਲਾਰਨ ਜਹੇ ਅਹਿਸਾਸ ਨੇ।
ਫਿਰ ਹੋਰ ਕਿਤਾਬਾਂ ਵੱਖ ਵੱਖ ਸਮੇਂ ਤੇ ਛਪਦੀਆਂ ਰਹੀਆਂ। ਹਰ ਧੁਖ਼ਦਾ ਪਿੰਡ ਮੇਰਾ ਹੈ, ਬੋਲ ਮਿੱਟੀ ਦਿਆ ਬਾਵਿਆ, ਅਗਨ ਕਥਾ, ਮਨ ਦੇ ਬੂਹੇ ਬਾਰੀਆਂ,ਖ਼ੈਰ ਪੰਜਾਂ ਪਾਣੀਆਂ ਦੀ,ਧਰਤੀ ਨਾਦ, ਪਾਰਦਰਸ਼ੀ, ਮੋਰਪੰਖ, ਮਨ ਤੰਦੂਰ,ਗੁਲਨਾਰ, ਮਿਰਗਾਵਲੀ, ਰਾਵੀ , ਸੰਧੂਰਦਾਨੀ ਤੋਂ ਬਾਦ ਹੁਣ ਸੁਰਤਾਲ ਛਪੇਗੀ ਨਵੇਂ ਸਾਲ ਚ।
ਇਹ ਕਿਤਾਬ ਸਾਹਿਬ ਯੱਗ ਪ੍ਰਕਾਸ਼ਨ ਵਾਲੇ ਵੀਰ ਰਣਜੀਤ ਸਿੰਘ ਰਾਣਾ ਪ੍ਰਕਾਸ਼ਿਤ ਕਰਨਗੇ। ਇਸ ਦੇ ਸਭ ਹੱਕ ਉਨ੍ਹਾਂ ਕੋਲ ਹਨ ਕਿਉਂਕਿ ਉਹ ਹਰ ਕਿਤਾਬ ਕਈ ਹਜ਼ਾਰ ਛਾਪਦੇ ਹਨ।
ਬਾਕੀ ਗੱਲ ਫੇਰ ਕਰਾਂਗਾ।
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.