ਫਿੱਕੇ ਪਏ ਤਿਉਹਾਰਾਂ ਦੇ ਰੰਗ
ਤਿਉਹਾਰ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਉਂਦੇ ਹਨ। ਮੈਨੂੰ ਯਾਦ ਹੈ ਜਦੋਂ ਬਚਪਨ ਵਿੱਚ ਕਿਸੇ ਵੀ ਤਿੳੇਹਾਰ ਤੋਂ ਕਈ ਕਈ ਦਿਨ ਪਹਿਲਾਂ ਹੀ ਬੱਚਿਆਂ ਅਤੇ ਵੱਡਿਆਂ 'ਚ ਉਤਸ਼ਾਹ ਵੱਧ ਜਾਂਦਾ ਸੀ। ਘੱਟ ਆਮਦਨ ਦੇ ਬਾਵਜੂਦ ਵੀ ਲੋਕ ਖੁੱਲੇ ਦਿਲ ਨਾਲ ਤਿਉਹਾਰਾਂ ਦਾ ਆਨੰਦ ਮਾਣਦੇ ਸਨ। ਪਿਛਲੇ ਕੁੱਝ ਸਾਲਾਂ ਤੋਂ ਤਿਉਹਾਰਾਂ ਦੇ ਦਿਨਾਂ 'ਚ ਉਹ ਖੁਸ਼ੀ ਅਤੇ ਉਤਸ਼ਾਹ ਘੱਟ ਹੀ ਦੇਖਣ ਨੂੰ ਮਿਲ ਰਿਹਾ ਹੈ ਜੋ ਪਹਿਲਾਂ ਹੁੰਦਾ ਸੀ। ਵੱਡੇ ਪਰਿਵਾਰਾਂ ਦੀ ਵੰਡ ਅਤੇ ਵਧੀ ਸ਼ਰੀਕੇਬਾਜੀ ਨੇ ਸਭ ਕੁੱਝ ਖੁੰਜੇ ਲਾ ਦਿੱਤਾ ਹੈ।
ਇੱਕ ਦੂਜੇ ਦੇ ਘਰ ਜਾ ਕੇ ਦਿਵਾਲੀ ਜਾਂ ਲੌਹੜੀ ਮਨਾਉਣਾ ਤਾਂ ਹੁਣ ਬੀਤੇ ਦੀ ਗੱਲ ਹੋ ਗਈ ਹੈ। ਸੜਕਾਂ ਅਤੇ ਰਸਤਿਆਂ ਦੇ ਕਿਨਾਰੇ ਹੁੰਦੇ ਟੂਣੇ ਇਹਨਾ ਮਹਾਨ ਪਰਬਾਂ ਦੀ ਪਵਿੱਤਰਾਤਾ ਲਈ ਚਣੌਤੀ ਸਿੱਧ ਹੋ ਰਹੇ ਹਨ। ਗੱਲ ਗੱਲ 'ਤੇ ਹੁੰਦੇ ਤਕਰਾਰਾਂ ਨੇ ਤਿੳੇਹਾਰਾਂ ਸਮੇਂ ਹੁੰਦੇ ਏਕੇ ਅਤੇ ਪਿਆਰ ਨੂੰ ਖਤਮ ਕਰ ਦਿੱਤਾ ਹੈ ਅਤੇ ਲੋਕ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ। ਵੱਡੇ ਪਰਿਵਾਰ ਜਿੱਥੇ ਕਦੇ ਪਰਿਵਾਰਕ ਜੀਆਂ ਦਾ ਮੇਲਾ ਲੱਗ ਜਾਂਦਾ ਸੀ ਉਹ ਅੱਜ ਚੁੱਪ ਦੀ ਸਥਿਤੀ 'ਚੋਂ ਵਿੱਚਰ ਰਹੇ ਹਨ। ਪਰਿਵਾਰਾਂ ਦੇ ਟੁੱਟਣ ਨਾਲ ਵਧੀਆਂ ਦੂਰੀਆਂ ਨੇ ਲੋਕ ਮਨਾਂ 'ਚੋਂ ਪਿਆਰ ਮਨਫੀ ਕਰ ਦਿੱਤਾ ਹੈ। ਆਮਦਾਨ ਘਟੀ ਹੈ, ਇਸਦੇ ਉਲਟ ਮਹਿੰਗਾਈ ਅਤੇ ਖਰਚੇ ਵਧੇ ਹਨ। ਪਿੰਡਾਂ ਵਿੱਚ ਕਿਸੇ ਸਮੇਂ ਕਈ ਕਈ ਕਿੱਲਿਆਂ ਦੇ ਮਾਲਕ ਅੱਜ ਪਰਿਵਾਰਿਕ ਵੰਡ ਕਾਰਨ ਘੱਟ ਜਮੀਨਾਂ 'ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ ਅਤੇ ਆਰਥਿਕ ਮੰਦਹਾਲੀ 'ਚ ਬੂਰੀ ਤਰਾਂ ਘਿਰ ਗਏ ਹਨ। ਰੋਜ਼ਾਨਾ ਦੇ ਜਰੂਰੀ ਖਰਚਿਆਂ ਦਾ ਝੰਬਿਆ ਇਨਸਾਨ ਖਿੱਸੇ ਜਾਂ ਜੇਬ 'ਚੋਂ ਖਰਚ ਲਈ ਪੈਸਾ ਕੱਢਣ ਲੱਗਿਆ ਕਈ ਵਾਰ ਸੋਚਦਾ ਹੈ। ਵਧੀਆਂ ਜੁੰਮੇਵਾਰੀਆਂ ਕਾਰਨ ਇਸ ਮਹਿੰਗਾਈ ਦੇ ਜਮਾਨੇ 'ਚ ਆਮਦਨ ਦਮ ਤੋੜਦੀ ਜਾ ਰਹੀ ਹੈ। ਬੇਰੁਜ਼ਗਾਰ ਫਿਰਦਾ ਨੌਜਵਾਨ ਜਿਸ ਕੋਲ ਕਮਾ ਕੇ ਆਪਣੇ ਮਾਪਿਆਂ ਨੂੰ ਦੇਣ ਲਈ ਕੁੱਛ ਨਹੀਂ ਸ਼ਾਇਦ ਤਿਉਹਾਰ ਮਨਾਉਣ ਲਈ ਆਪਣੇ ਮਾਪਿਆਂ ਤੋਂ ਪੈਸਾ ਮੰਗਦੇ ਸਮੇਂ ਸ਼ਰਮ ਮਹਿਸੂਸ ਕਰੇਗਾ। ਬੇਰੁਜ਼ਗਾਰੀ ਨੇ ਇੱਕ ਨੌਜਵਾਨ ਦੇ ਮਨ ਵਿੱਚੋਂ ਤਿਉਹਾਰਾਂ ਅਤੇ ਮੇਲਿਆਂ ਦੇ ਸਭ ਚਾਅ ਖਤਮ ਕਰ ਦਿੱਤੇ ਹਨ।
ਬੇਮੌਸਮੀ ਬਰਸਾਤ ਅਤੇ ਭਾਰੀ ਗੜੇਮਾਰੀ ਨੇ ਕਿਸਾਨਾਂ ਦਾ ਡਾਢਾ ਨੁਕਸਾਨ ਕੀਤਾ ਹੈ। ਇੱਕ ਕਿਸਾਨ ਵੀਰ ਦੇ ਮੁਰਝਾਏ ਚਿਹਰੇ ਨੂੰ ਦੇਖ ਕੇ ਜਦੋਂ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਜਿਸ ਇਨਸਾਨ ਦੀ ਛੇ ਮਹੀਨੇ ਦੀ ਮਿਹਨਤ ਮਿੱਟੀ 'ਚ ਮਿਲ ਜਾਏ ਉਸ ਵਾਸਤੇ ਤਿਉਹਾਰਾਂ ਦੀ ਖੁਸ਼ੀ ਕੋਈ ਮਾਇਨੇ ਨਹੀਂ ਰੱਖਦੀ। ਉਸਨੇ ਦੱਸਿਆ ਕਿ ਜੇਕਰ ਫਸਲ ਚੰਗੀ ਨਿਕਲ ਆਵੇ ਤਾਂ ਫਿਰ ਆਮ ਦਿਨ ਵੀ ਤਿਉਹਾਰ ਵਰਗਾ ਹੀ ਲੱਗਦਾ ਹੈ। ਉਸਦੀ ਗੱਲ ਸੁਣ ਕੇ ਮੇਰਾ ਮਨ ਵੀ ਉਦਾਸ ਹੋ ਗਿਆ ਅਤੇ ਇਸ ਸੱਚੀ ਪਰ ਕੌੜੀ ਗੱਲ 'ਤੇ ਡੂੰਘਾ ਵਿਚਾਰ ਕਰਨ ਲੱਗਿਆ।
ਬਿਲਕੁੱਲ, ਜੇਕਰ ਇਨਸਾਨ ਦੀ ਕਮਾਈ 'ਤੇ ਹੀ ਡਾਕਾ ਪੈ ਜਾਵੇ ਫਿਰ ਖਰਚਣ ਵਾਸਤੇ ਕੁੱਝ ਨਹੀਂ ਰਹਿੰਦਾ ਅਤੇ ਜਦੋਂ ਖਰਚਣ ਲਈ ਕੁੱਝ ਨਹੀਂ ਰਹਿੰਦਾ ਫਿਰ ਚਿੰਤਾ 'ਚ ਘਿਰਿਆ ਮਨ ਕਿਸੇ ਤਿਉਹਾਰ ਜਾਂ ਪਰਬ ਦੀ ਖੁਸ਼ੀ ਮਨਾਉਣ ਤੋਂ ਪਿੱਛੇ ਹੱਟ ਜਾਂਦਾ ਹੈ। ਬਸ ਇੱਕ ਰਵਾਇਤ ਪੂਰਨ ਲਈ ਤਿਉਹਾਰ ਵਾਲੇ ਦਿਨ ਕੁੱਝ ਰਸਮੀ ਕੰਮ ਕੀਤੇ ਜਾਂਦੇ ਹਨ। ਹਰ ਇੱਕ ਤਿਉਹਾਰ ਖੁਸ਼ੀ ਦਾ ਸੁਨੇਹਾ ਲੈ ਕੇ ਆਉਂਦਾ ਹੈ। ਪਰ ਜਦੋਂ ਹਾਲਾਤ ਪਹਿਲਾਂ ਹੀ ਨਾਸਾਜ਼ ਹੋਣ ਤਾਂ ਤਿੳਹਾਰਾਂ ਦਾ ਲਿਆਂਦਾ ਖੁਸ਼ੀ ਦਾ ਪੈਗਾਮ ਵੀ ਮੱਠਾ ਪੈ ਜਾਂਦਾ ਹੈ।
ਪਰ ਸਮਾਜ ਦਾ ਇਤਫ਼ਾਕ ਅਤੇ ਪਿਆਰ ਇਸ ਸੰਕਟ ਦਾ ਹੱਲ ਕਰਕੇ ਇੱਕ ਖੁਸ਼ੀਆਂ ਅਤੇ ਹਾਸਿਆਂ ਚਾਵਾਂ ਵਾਲਾ ਸਮਾਜ ਦੁਬਾਰਾ ਸਿਰਜ ਸਕਦਾ ਹੈ। ਇਸ ਵਿੱਚ ਸਰਕਾਰਾਂ ਦਾ ਸਹਾਰਾ ਤੱਕਣਾਂ ਸ਼ਾਇਦ ਬੇਵਕੂਫੀ ਹੋਵੇਗੀ। ਲੋਕਾਂ ਨੂੰ ਇਕੱਠੇ ਤਿਉਹਾਰ ਮਨਾਉਣ ਦੀ ਪਿਰਤ ਦੁਬਾਰਾ ਪਾਉਣੀ ਹੋਵੇਗੀ। ਇਸ ਵਿੱਚ ਬੁੱਧਜੀਵੀ ਵਰਗ ਇੱਕ ਅਹਿਮ ਭੂਮਿਕਾ ਨਿਭਾ ਸਕਦਾ ਹੈ। ਗਰੀਬ ਅਮੀਰ ਦਾ ਪਾੜਾ ਖਤਮ ਕਰਕੇ ਇੱਕ ਹੋ ਕੇ ਤਿਉਹਾਰ ਮਨਾਏ ਜਾਣ। ਇੱਕ ਦੂੁਜੇ ਦੇ ਘਰ ਦੇ ਡੂੰਘੇ ਭੇਦ ਪਤਾ ਕਰਨ ਨਾਲੋਂ ਗੂੜਾ ਵਿਸ਼ਵਾਸ਼ ਪੈਦਾ ਕੀਤਾ ਜਾਵੇ। ਜੇਕਰ ਕਾਰੋਬਾਰਾਂ ਜਾਂ ਖੇਤੀ 'ਚ ਪਏ ਘਾਟਿਆਂ ਦੇ ਬਾਵਜੂਦ ਸਭ ਇੱਕ ਦੂਜੇ ਨਾਲ ਮਿਲ ਕੇ ਪਰਬ ਜਾਂ ਤਿਉਹਾਰ ਮਨਾਉਣਗੇ ਤਾਂ ਘਾਟਿਆਂ ਅਤੇ ਨੁਕਸਾਨਾਂ ਦਾ ਫਿਕਰ ਖੁਸ਼ੀ 'ਚ ਰੁਕਾਵਟ ਨਹੀਂ ਬਣ ਸਕੇਗਾ। ਇਸ ਕਾਰਜ ਲਈ ਵੱਡੇ ਹੰਭਲੇ ਅਤੇ ਦਿਲ ਦੀ ਲੋੜ ਹੈ। ਕੁੱਝ ਦਿਨ ਦੀ ਮਿਲੀ ਇਸ ਜਿੰਦਗੀ ਨੂੰ ਆਉ ਇੱਕ ਮਿੱਕ ਅਤੇ ਜਿੰਦਾਦਿਲ ਹੋ ਕੇ ਜਿਊਣ ਦਾ ਅਹਿਦ ਕਰੀਏ ਅਤੇ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਸਾਥੀ ਬਣ ਕੇ ਖੁਸ਼ੀ ਖੁਸ਼ੀ ਤਿਉਹਾਰਾਂ ਦਾ ਆਨੰਦ ਮਾਣੀਏ।
-
ਪ੍ਰੋ. ਧਰਮਜੀਤ ਸਿੰਘ ਮਾਨ, ਪ੍ਰੋਫੈਸਰ, ਜਵਾਹਰਲਾਲ ਨਹਿਰੂ ਸਰਕਾਰੀ ਕਾਲਜ
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.