31 ਅਕਤੂਬਰ, 2018 ਦੀ ਸਵੇਰ ਦਾ ਨਵਾਂ ਜ਼ਮਾਨਾ। ਪਹਿਲੇ ਪੰਨੇ 'ਤੇ ਜਿਹੜੀ ਪਹਿਲੀ ਖ਼ਬਰ ਨਜ਼ਰ ਪਈ, ਉਹ ਸਵੇਰ ਨੂੰ ਸੋਗੀ ਕਰ ਗਈ। ਬਰਨਾਲੇ ਰਹਿੰਦੇ ਦਰਵੇਸ਼ ਨਾਵਲਕਾਰ ਬਸੰਤ ਕੁਮਾਰ ਰਤਨ ਚਲੇ ਗਏ। ਉਦਾਸ ਹੋਇਆ ਹਾਂ। ਰਤਨ ਜੀ ਨਾਲ ਸਾਹਿਤਕ ਸਮਾਗਮਾਂ ਵਿਚ ਹੋਈਆਂ ਮੇਲ-ਮਿਲਣੀਆਂ ਚੇਤੇ ਆਈਆਂ ਨੇ। ਚਿੱਟਾ ਕੁਰਤਾ, ਤੇ ਪਜਾਮਾ ਵੀ ਚਿੱਟਾ ਖੁੱਲ੍ਹੇ ਪੌਚ੍ਹਿਆਂ ਵਾਲਾ। ਚਿੱਟੇ ਬੂਟ ਕੱਪੜੇ ਦੇ, ਤੇ ਫਿੱਕੇ ਰੰਗ ਦੀਆਂ ਜੁਰਾਬਾਂ। ਹਮੇਸ਼ਾ ਗੰਭੀਰ ਮੁਦਰਾ। ਕੁਝ ਨਾ ਕੁਝ ਸੋਚਦੇ ਰਹਿੰਦੇ ਦਿਖਦੇ। ਨਾਲ ਦਿਆਂ ਨੂੰ ਸੁਣਦੇ ਜਾਂ ਕੁਝ ਪੜ੍ਹਦੇ ਹੁੰਦੇ। ਘੱਟ ਬੋਲਦੇ, ਮਸਾਂ ਹੀ, ਜਿਵੇਂ ਲੋੜ ਪੈਣ ਉਤੇ ਰਿਹਾ ਨਾ ਗਿਆ ਹੋਵੇ! ਮੈਂ ਉਹਨਾਂ ਦੀ ਅਜਿਹੀ ਦਰਵੇਸ਼ੀ ਸ਼ਖਸੀਅਤ ਤੋਂ ਪ੍ਰਭਾਵਿਤ ਸਾਂ। ਉਹਨਾਂ ਦੇ ਦਰਸ਼ਨ ਕਰ ਕੇ ਨਿਰਮਲ-ਨਿਰਮਲ ਹੋ ਜਾਂਦਾ ਸੀ ਮਨ। ਉਹ ਸਰਸਰੀ ਜਿਹੀ ਗੱਲ ਕਰਦੇ, ਹਾਲ-ਚਾਲ ਪੁਛਦੇ, ਨਵਾਂ ਕੀ ਲਿਖਿਆ ਜਾਂ ਪੜ੍ਹਿਆ ਹੈ, ਇਸ ਬਾਬਤ ਵੀ ਜਾਣ ਲੈਂਦੇ। ਜਦ ਕਦ ਵੀ ਬਰਨਾਲੇ ਜਾਣਾ, ਤਾਂ ਵੇਲੇ ਵਿਚੋਂ ਵਲ਼ ਭੰਨ ਕੇ ਪ੍ਰੋ ਪ੍ਰੀਤਮ ਸਿੰਘ ਰਾਹੀ ਦੇ ਦੁਵਾ ਖਾਨੇ ਜ਼ਰੂਰ ਗੇੜਾ ਕੱਢਣਾ ਕਿ ਇਸੇ ਬਹਾਨੇ ਰਤਨ ਜੀ ਦੇ ਦੀਦਾਰ ਹੋ ਜਾਣਗੇ। ਉਹ ਨਾ ਵੀ ਆਏ ਹੁੰਦੇ ਤਾਂ ਬੈਂਚ 'ਤੇ ਬਹਿ ਕੇ ਉਡੀਕਣਾ।
ਪੰਜਾਬੀ ਲੇਖਕਾਂ ਦਾ ਸਾਂਝਾ ਪਾਠਕ ਮਿੱਤਰ ਵਿਰਸਾ ਸਿੰਘ ਫਰੀਦਕੋਟ ਦੇ ਸੈਸ਼ਨ ਜੱਜ ਦਾ ਰੀਡਰ ਸੀ ਤੇ ਰਤਨ ਜੀ ਦੇ ਨਾਵਲ 'ਸੱਤ ਵਿੱਢਾ ਖੂਹ' ਦੀਆਂ ਗੱਲਾਂ ਕਰਦਾ ਨਾ ਥਕਦਾ। ਵਕੀਲ ਉਸਦੀਆਂ ਗੱਲਾਂ ਅਣਸੁਣੀਆਂ ਕਰ ਦਿੰਦੇ। ਮੈਂ ਨਿਆਣਾ, ਕੁਝ ਨਾ ਜਾਣਾ, ਕਿਉਂਕਿ ਉਦੋਂ ਕਚਹਿਰੀ ਵੇਲਾ ਹੋਇਆ ਹੁੰਦਾ ਸੀ, ਜੱਜ ਦੀਆਂ ਘੰਟੀਆਂ ਸੁਣਾਂ ਕਿ ਵਿਰਸਾ ਸਿੰਘ ਦੀਆਂ ਗੱਲਾਂ? ਤੇ ਨਾ ਹੀ ਰਤਨ ਜੀ ਨੂੰ ਮਿਲਿਆ ਸਾਂ, ਤੇ ਨਾ ਹੀ ਵੇਖੀ ਸੀ ਉਹਨਾਂ ਦੀ ਕੋਈ ਪੁਸਤਕ। ਪ੍ਰੋ ਪ੍ਰੀਤਮ ਸਿੰਘ ਰਾਹੀ ਦਾ ਸੁਭਾਅ ਸੀ ਕਿ ਨਿੱਕੇ-ਨਿੱਕੇ ਚੁਟਕਲੇ ਸੁਣਾਈ ਜਾਣੇ ਤੇ ਲਾਗੇ ਬੈਠੈ ਦਾ ਦਿਲ ਲਵਾਈ ਰੱਖਣਾ। ਹਸਾਈ ਵੀ ਜਾਣਾ ਤੇ ਦੇਸੀ ਦਵਾ ਦੀਆਂ ਦੀਆਂ ਪੁੜੀਆਂ ਵੀ ਬੰਨ੍ਹੀ ਜਾਣੀਆਂ। ਚਿੱਟੇ ਕਾਗਜ਼ਾਂ ਦੀਆਂ ਪੁੜੀਆਂ ਵੱਲ ਵੇਂਹਦੇ-ਵੇਂਹਦੇ ਰਤਨ ਜੀ ਲੋੜ ਪੈਣ 'ਤੇ ਵੀ ਹੱਸਣ ਜੋਕਰਾ ਹੀ ਹਸਦੇ। ਕਈ ਵਾਰ ਰਾਹੀ ਜੀ ਦਾ ਚੁਟਕਲਾ ਠੁੱਸ ਹੋ ਜਾਂਦਾ ਫਿਊਜ਼ ਹੋਈ ਫੁੱਲਝੜੀ ਵਾਂਗਰ। ਫਿਰ ਉਹ ਕੋਈ ਹੋਰ ਚੁਟਕਲਾ ਸੋਚਣ ਲਗਦੇ। ਰਤਨ ਜੀ ਨੂੰ ਖੁੱਲ੍ਹ ਕੇ ਹਸਦਿਆਂ ਘੱਟ ਹੀ ਦੇਖਿਆ ਸੀ, ਬਹੁਤ ਘੱਟ।
ਇਸ ਵੇਲੇ ਉਹ ਇਕਾਸੀ ਵਰ੍ਹਿਆਂ ਦੇ ਸਨ। ਪੰਜਾਬੀ ਸਾਹਿਤ ਦੇ ਸੂਝਵਾਨ ਪਾਠਕ ਉਹਨਾਂ ਦੇ ਲਿਖੇ ਨਾਵਲਾਂ ਨੂੰ ਸਹਿਜੇ ਹੀ ਪੋਟਿਆਂ ਉਤੇ ਗਿਣ ਲੈਂਦੇ ਨੇ। 'ਸੱਤ ਵਿੱਢਾ ਖੂਹ' (1978) ਬਹੁਤ ਪੜ੍ਹਿਆ ਗਿਆ ਤੇ ਸੰਨ 1978 ਵਿਚ ਸਾਹਿਤ ਸਮੀਖਿਆ ਬੋਰਡ ਜਲੰਧਰ ਵੱਲੋ ਉਸ ਸਾਲ ਦਾ ਸਰਵੋਤਮ ਨਾਵਲ ਐਲਾਨਿਆਂ ਗਿਆ। ਉਹ 'ਇੱਛਰਾਂ' ਨਾਵਲ (2003), 'ਸੂਫ਼ ਦਾ ਘੱਗਰਾ' (1976), ਤੇ 'ਨਿੱਕੀ ਝਨਾਂ'(1992), 'ਬਿਸ਼ਨੀ (1974), ਰਾਤ ਦਾ ਕਿਨਾਰਾ,ਨਾਵਲ ਵੀ ਰਚ ਗਏ। 1967 ਵਿੱਚ "ਅਸ਼ਟਮੀਂ'(ਕਾਵਿ-ਸੰਗ੍ਰਹਿ), ਆਤਮ ਕਥਾ 'ਕਾਫਰ' (2010), ਵੀ ਲਿਖ ਗਏ। ਪੰਜਾਬੀ ਤੋਂ ਬਿਨਾਂ ਉਹ ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਵੀ ਚੰਗੇ ਗਿਆਤਾ ਸਨ। ਦਸਣ ਵਾਲੇ ਦਸਦੇ ਨੇ ਕਿ ਉਹਨਾਂ ਪੜ੍ਹਦਿਆਂ -ਪੜ੍ਹਦਿਆਂ ਹੀ 34 ਇਮਤਿਹਾਨ ਪਾਸ ਕੀਤੇ। ਗਿਆਨੀ ਪ੍ਰਭਾਕਰ ਤੇ ਫਿਰ ਰਾਹੀ ਜੀ ਦੇ ਪ੍ਰੇਰਨ ਉਹਨਾਂ ਰਤਨ ਦਰਸ਼ਨ,ਰਤਨ ਅਦੀਬ ਤੇ ਅਦੀਬ ਫਾਜ਼ਿਨ ਕਰ ਲਏ। ਕਈ ਵਾਰ ਸ਼ੁਗਲ-ਸ਼ੁਗਲ ਵਿਚ ਉਨਾਂ ਰਾਹੀ ਜੀ ਨਾਲ ਸੰਸਕ੍ਰਿਤ ਵਿਚ ਗੱਲਾਂ ਕਰਨੀਆਂ, ਕਿਉਂਕਿ ਰਾਹੀ ਜੀ ਵੀ ਸੰਸਕ੍ਰਿਤ ਦੀ ਐਮ.ਏ ਸਨ। 'ਪਰਦੇਸੀ ਕਲਾ ਮੰਚ' ਵੱਲੋਂ ਉਹਨਾਂ ਨੂੰ ਭੇਟ ਕੀਤੇ ਸਨਮਾਨ-ਪੱਤਰ ਵਿਚ ਉਹਨਾਂ ਦਾ ਜੱਦੀ ਪਿੰਡ ਜੱਬੋਮਾਜਰਾ ਜਿਲਾ ਬਠਿੰਡਾ ਹੈ। ਸੰਨ 1959 ਵਿਚ ਉਹ ਪ੍ਰਾਇਮਰੀ ਟੀਚਰ ਲੱਗ ਗਏ ਤੇ 1995 ਵਿਚ ਸੇਵਾ-ਮੁਕਤ ਹੋਏ।
ਇੱਕ ਆਥਣ,ਜਦ ਉਹ ਘਰ ਨੂੰ ਚਲੇ ਗਏ ਤਾਂ ਰਾਹੀ ਜੀ ਨੇ ਦੱਸਿਆ ਕਿ ਛੇਆਂ ਧੀਆਂ ਮਗਰੋਂ ਇੱਕ ਪੁੱਤਰ ਪੈਦਾ ਹੋਇਆ ਸੀ, ਉਹ ਵੀ ਸੜਕ ਹਾਦਸੇ ਨੇ ਖੋਹ ਲਿਆ ਰਤਨ ਜੀ ਤੋਂ, ਫਿਰ ਵੀ ਵੱਡੇ ਦਿਲ ਵਾਲੇ ਤੇ ਦਲੇਰ ਨੇ, ਏਡੀ ਵੱਡੀ ਕਬੀਲਦਾਰੀ ਦਾ ਬੋਝ ਚੁੱਕ ਕੇ ਲਿਖ-ਪੜ੍ਹ ਰਹੇ ਨੇ।" ਰਾਹੀ ਜੀ ਤੋਂ ਇਹ ਸੁਣ ਕੇ ਰਤਨ ਜੀ ਪ੍ਰਤੀ ਉਸ ਦਿਨ ਤੋਂ ਮੇਰੀ ਹਮਦਰਦੀ ਹੋਰ ਵੀ ਜਾਗ ਪਈ ਸੀ।
***** ********** ******* ******* *********
ਜਦ ਵੀ ਕਦੀ ਮਿਲਣਾ ਤਾਂ ਉਹਨਾਂ ਨਿਹੋਰਾ ਦੇਣਾ,"ਭਾਈ ਹੁਣ ਤੂੰ ਵੱਡਾ ਹੁੰਦੈ ਜਾਨੈ, ਮਿਲਣੋ-ਗਿਲਣੋ ਵੀ ਗਿਆ ਐਂ।" ਮੈਂ ਸ਼ਰਮਾਅ ਕੇ ਮਾਫੀ ਮੰਗ ਲੈਣੀ। ਇੱਕ ਦਿਨ ਜੋਗਿੰਦਰ ਸਿੰਘ ਨਿਰਾਲਾ ਆਖਣ ਲੱਗੇ ਕਿ ਇਸ ਬੰਦੇ ਦਾ ਸਿਦਕ ਤੇ ਸਬਰ ਦੇਖੋ ਕਿ ਸੁਰਜੀਤ ਸਿੰਘ ਬਰਨਾਲਾ ਨਾਲ ਖਾਸੀ ਨੇੜਤਾ ਰਹੀ, ਬਰਨਾਲਾ ਜੀ ਇਸਦੀ ਦਿਲੋਂ ਕਦਰ ਕਰਦੇ ਸੀ ਤੇ ਉਹਨਾਂ ਕਈ ਵਾਰ ਪੁੱਛਿਆ ਕਿ ਰਤਨ ਜੀ, ਮੇਰੇ ਲਈ ਕੋਈ ਸੇਵਾ ਦੱਸੋ, ਤਾਂ ਹਰ ਵਾਰ ਹੱਥ ਜੋੜ ਦਿੰਦੇ ਰਹੇ ਕਿ ਕੋਈ ਸੇਵਾ ਨਹੀਂ ਸਰਦਾਰ ਸਾਹਿਬ। ਇਹ ਸੱਚ ਹੈ ਕਿ ਅਜਿਹੇ ਦਾਨਿਸ਼ਵਰ ਕਲਮਕਾਰ ਤੁਰਦੇ ਜਾ ਰਹੇ ਨੇ ਵਾਰੋ ਵਾਰੀ, ਜੋ ਕਲਮ ਦੀ ਪੂਜਾ ਕਰਦੇ ਰਹੇ।ਨਹੀਂੳ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ!
94174-21700
-
ਨਿੰਦਰ ਘੁਗਿਆਣਵੀ, ਪੰਜਾਬੀ ਲੇਖਕ ਤੇ ਕਾਲਮਿਸਟ
ninder_ghugianvi@yahoo.com
94174-21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.