ਹਰਬੰਸ ਮਾਲਵਾ ਦੇ ਗੀਤ ਮੈਨੂੰ ਲੰਮੇ ਸਮੇਂ ਤੇਂ ਪ੍ਰਭਾਵਤ ਕਰਦੇ ਰਹੇ ਨੇ। ਉਸ ਕੋਲ ਹਰ ਵੇਲੇ ਕਹਿਣ ਲਈ ਕੋਈ ਸੱਜਰਾ ਅਨੁਭਵ ਤੇ ਅੰਦਾਜ਼ ਹੁੰਦਾ ਹੈ।
ਮੈਂ ਹਮੇਸ਼ਾਂ ਚਾਹਿਆ ਹੈ ਕਿ ਇਹ ਸੁਰੀਲਾ ਸ਼ਾਇਰ ਮੁੱਖ ਧਾਰਾ ਦੇ ਗੀਤਕਾਰਾਂ ਚ ਸ਼ੁਮਾਰ ਹੋਵੇ ਪਰ ਹਰਬੰਸ ਆਪ ਹੀ ਪਿੱਛੇ ਸਰਕ ਜਾਂਦਾ ਹੈ।
ਸੰਗਾਊ ਹੋਣਾ ਉਸ ਦੀ ਸੀਮਾ ਹੈ ਪਰ ਸਮਰਥਾ ਕਮਾਲ ਦੀ।
ਸਮਰਾਲਾ ਨੇੜੇ ਉਸ ਦਾ ਪਿੰਡ ਹੈ ਜਟਾਣਾ ਉੱਚਾ ਹੈ,ਦੂਜਾ ਜਟਾਣਾ ਨੀਵਾਂ ਹੈ। ਇਹ ਊਚ ਨੀਚ ਪੰਜਾਬ ਦੇ ਪਿੰਡਾਂ ਦਾ ਸਦੀਆਂ ਤੋਂ ਹੀ ਖਹਿੜਾ ਨਹੀਂ ਛੱਡ ਰਹੀ ਪਰ ਹਰਬੰਸ ਦੇ ਗੀਤ ਨੀਵਿਆਂ ਦੇ ਪੱਖ ਚ ਭੁਗਤਦੇ ਹਨ।
ਹਰਬੰਸ ਮਾਲਵਾ 1977 ਤੋਂ 1981 ਤੀਕ ਮਾਲਵਾ ਕਾਲਿਜ ਬੌਦਲੀ ਸਮਰਾਲਾ ਚ ਪੜ੍ਹਿਆ ਹੈ। ਉਦੋਂ ਇਹ ਕਾਲਿਜ ਪੰਜਾਬ ਸਟੂਡੈਂਟਸ ਯੂਨੀਅਨ ਦਾ ਗੜ੍ਹ ਸੀ।
ਜਗਰਾਓਂ ਦੇ ਲਾਜਪਤ ਰਾਏ ਕਾਲਿਜ ਚ ਮੇਰਾ ਵਿਦਿਆਰਥੀ ਰਿਹਾ ਜਰਨੈਲ ਵੱਡਾ ਆਗੂ ਸੀ ਇਸ ਜਥੇਬੰਦੀ ਦਾ।
ਉਹ ਵੀ ਸਮਰਾਲੇ ਪੜ੍ਹਦਾ ਰਿਹਾ ਹੋਣ ਕਰਕੇ ਹਰਬੰਸ ਦਾ ਸਨੇਹੀ ਕਦਰਦਾਨ ਹੈ।
ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਦੀ ਪ੍ਰੇਰਨਾ ਨਾਲ ਸਮਰਾਲਾ ਵਿਦਿਆਰਥੀ ਲੇਖਕਾਂ ਦਾ ਵੀ ਮੁੱਖ ਕੇਂਦਰ ਬਣ ਗਿਆ।
ਕਮਲਜੀਤ ਨੀਲੋਂ, ਹਰਬੰਸ ਮਾਲਵਾ, ਅਮਰ ਆਫਤਾਬ, ਨਵਕਵਿਤਾ ਸਵੇਰ ਤੇ ਕਿੰਨੇ ਹੋਰ ਨਾਮ ਚੇਤੇ ਆ ਰਹੇ ਨੇ ਉਨ੍ਹਾਂ ਸਮਿਆਂ ਦੇ।
ਹਰਬੰਸ ਰੁਜ਼ਗਾਰ ਲਈ ਲੁਧਿਆਣਾ ਦੇ ਜੀਵਨ ਬੀਮਾ ਨਿਗਮ ਚ ਭਰਤੀ ਹੋ ਗਿਆ। ਕਰਮਚਾਰੀਆਂ ਦਾ ਆਗੂ ਬਣਿਆ। ਜ਼ਿੰਦਾਬਾਦ ਮੁਰਦਾਬਾਦ ਵਾਲੀ ਤੋਰ ਨੇ ਸ਼ਾਇਰ ਪਿੱਛੇ ਪਾ ਦਿੱਤਾ।
ਜਦ ਕਦੇ ਮਿਲਦਾ ਉਸ ਕੋਲ ਨਵਾਂ ਗੀਤ ਹੁੰਦਾ, ਪਰ ਸੰਗਦਾ ਝਿਕਦਾ ਅੰਦਾਜ਼ ਉਸ ਦਾ ਪਿੱਛਾ ਨਾ ਛੱਡਦਾ।
ਉਸ ਦੇ ਕੁਝ ਗੀਤ ਚਰਨਜੀਤ ਆਹੂਜਾ ਦੇ ਸੰਗੀਤ ਵਿੱਚ ਅਖ਼ਤਰ ਅਲੀ ਮਤੋਈ ਦੀ ਕੈਸਿਟ ਜੰਝ ਲੈ ਕੇ ਆ ਜਾ ਵਿੱਚ ਰੀਕਾਰਡ ਹੋਏ। ਇੱਕ ਹੋਰ ਸੰਗੀਤਕਾਰ ਦੇ ਸੰਗੀਤ ਵਿੱਚ ਕੇਸਰ ਮਾਣਕੀ ਨੇ ਵੀ ਕੁਝ ਗੀਤ ਰੀਕਾਰਡ ਕਰਵਾਏ ਪਰ ਆਪਣੇ ਗੀਤਾਂ ਦੀ ਪੈਰਵੀ ਕੌਣ ਕਰੇ?
ਹਰਬੰਸ ਦੱਸਦਾ ਹੈ ਕਿ ਗਾਇਕਾਂ ਦੀ ਦੁਨੀਆਂ ਅਲੱਗ ਹੈ।
ਪੰਜਾਬੀ ਭਵਨ ਲੁਧਿਆਣਾ ਚ ਉਸ ਦੀ ਦਿਲਚਸਪੀ ਨੇ ਉਸਨੂੰ ਮੁੜ ਸੁਰਜੀਤ ਕੀਤਾ। ਜਨਮੇਜਾ ਸਿੰਘ ਜੌਹਲ ਨੇ ਹਰਬੰਸ ਦੇ ਗੀਤਾਂ ਦਾ ਸੰਗ੍ਰਹਿ ਸਾਲ 2000 ਚ ਪ੍ਰਕਾਸ਼ਿਤ ਕੀਤਾ। ਜਲਦੀ ਵਿਕ ਜਾਣ ਕਰਕੇ ਕਿਤਾਬ ਵਿਸ਼ਾਲ ਪਾਠਕ ਵਰਗ ਤੀਕ ਨਾ ਪੁੱਜੀ।
ਕਮਾਲ ਦੇ ਗੀਤ ਹਨ ਸਾਰੇ।
ਹਰਬੰਸ ਦੇ ਦੂਜੇ ਗੀਤ ਸੰਗ੍ਰਹਿ ਦੀ ਉਡੀਕ ਹੈ। ਹੁਣ ਉਹ ਸੇਵਾਮੁਕਤ ਹੋ ਕੇ ਲੁਧਿਆਣਾ ਚ ਹੀ ਪਾਸੀ ਨਗਰ ਵਿਖੇ ਰਹਿ ਰਿਹਾ ਹੈ।
ਅੱਜ ਸਵੇਰੇ ਉਸ ਨੇ ਦਿੱਲੀ ਕਤਲੇਆਮ ਬਾਰੇ ਬਹੁਤ ਹੀ ਮਾਰਮਿਕ ਮਰਸੀਆ ਭੇਜਿਆ ਤਾਂ ਦਿਲ ਕੀਤਾ ਕਿ ਤੁਹਾਨੂੰ ਦੱਸਾਂ ਕਿ ਹਰਬੰਸ ਮਾਲਵਾ ਮੇਰਾ ਬੇਲੀ ਹੈ।
ਗੀਤ ਨੁਮਾ ਮਰਸੀਆ ਪੜ੍ਹ ਕੇ ਦੱਸਿਓ ਕਿ ਮੈਂ ਠੀਕ ਕਿਹੈ ਨਾ!
ਨਵੰਬਰ ਚੁਰਾਸੀ ਦਾ ਮਰਸੀਆ
ਘਟ ਘਟ ਜਾਂਦੇ ਪਿਆਰ ਵਾਲ਼ੀਆਂ,
ਧਰਮ ਦੇ ਨਾਂ ਤੇ ਖਾਰ ਵਾਲ਼ੀਆਂ ,
ਇੱਕ,ਨੌਂ, ਅੱਠ ਤੇ ਚਾਰ ਵਾਲ਼ੀਆਂ ,
ਯਾਦਾਂ ਲੈ ਕੇ ਬਹਿ ਜਾਂਦਾ ਹੈ।
ਸੜਦਾ ਬਲ਼ਦਾ ਟਾਇਰ ਅਜੇ ਵੀ
ਬਾਪੂ ਦੇ ਗਲ਼ ਪੈ ਜਾਂਦਾ ਹੈ ।
ਧੌਣ ਦੁਆਲ਼ੇ ਹੱਥ ਫੇਰ ਕੇ ਤੋੜ ਤੋੜ ਕੁਝ ਸੁੱਟਦਾ ਰਹਿੰਦਾ ।
ਜ਼ੋਰ ਜ਼ੋਰ ਨਾਲ਼ ਫੂਕਾਂ ਮਾਰੇ ਨਾਲੇ ਟਾਇਰ ਨੂੰ ਕੁੱਟਦਾ ਰਹਿੰਦਾ ।
ਹਫ਼ ਜਾਵਣ ਦੀ,ਲਿਫ਼ ਜਾਵਣ ਦੀ,
ਸਾਰੀ ਪੀੜਾ ਸਹਿ ਜਾਂਦਾ ਹੈ।
ਸੜਦਾ ਬਲ਼ਦਾ ਟਾਇਰ ਅਜੇ ਵੀ.......
ਗੁਰੂ-ਦੁਆਰਿਉਂ ਪਰਤਦਿਆਂ ਜੀ,
ਹੱਥ ਵਿੱਚ ਓਹਦੇ ਦੇਗ ਸੀ ਸੁੱਚੀ ।
ਨਿੱਕੜੇ ਬੱਚਿਆਂ ਦੇ ਨਾਂ ਲੈ ਕੇ,ਵਾਜਾਂ ਮਾਰੇ ਉੱਚੀ ਉੱਚੀ।
ਉਸਦਾ ਬੋਲਿਆ ਬੋਲ,ਅੰਤ ਨੂੰ,
ਉਸ ਅੰਦਰ ਹੀ ਲਹਿ ਜਾਂਦਾ ਹੈ।
ਸੜਦਾ ਬਲ਼ਦਾ ਟਾਇਰ ਅਜੇ ਵੀ.....
ਹੱਥ ਦਾ ਛਤਰ ਬਣਾ ਕੇ ਅੱਖ ਤੇ,
ਅੰਬਰ ਵੱਲ ਨੂੰ ਤੱਕਦਾ ਰਹਿੰਦਾ।
ਡਰ ਡਰ ਲਾਟਾਂ ਵਾਲ਼ੀ ਅੱਗ ਨੂੰ
ਝਿੜਕ ਝਿੜਕ ਕੇ ਡੱਕਦਾ ਰਹਿੰਦਾ।
ਲਾਟਾਂ ਦਾ ਚੰਗਿਆੜਾ ਫ਼ਿਰਕੂ
ਪਗੜੀ ਦੇ ਸੰਗ ਖਹਿ ਜਾਂਦਾ ਹੈ।
ਸੜਦਾ ਬਲ਼ਦਾ ਟਾਇਰ ਅਜੇ ਵੀ.....
ਏਸ ਮਹੀਨੇ ਚੜ੍ਹੇ ਨਵੰਬਰ ਪਿੰਡਾ ਉੱਠੇ ਮੱਚ ਮੱਚ ਉਹਦਾ।
ਬੋਲੇ ਨਾ,ਪਰ ਵੇਖੀ ਜਾਵੇ,ਮਨ ਤਪਦਾ ਗੱਚ ਭਰਦਾ ਉਹਦਾ।
ਨਦੀਆਂ ਦੇ ਹਮਰਾਹੀ ਦਾ ਹੰਝ ਅੱਖੀਆਂ ਵਿੱਚ ਹੀ ਰਹਿ ਜਾਂਦਾ ਹੈ।
ਸੜਦਾ ਬਲ਼ਦਾ ਟਾਇਰ ਅਜੇ ਵੀ.....
ਇੱਕ ਤੋਂ ਤਿੰਨ ਨਵੰਬਰ ਅੱਗ ਵਿੱਚ ਸੜਨ ਜਿਹਾ ਦੰਡ ਹੈ ਸਰਮਾਇਆ।
ਆਪਣੀ ਮਾਂ ਤੇ ਬਾਬਲ ਦੀ ਛਾਂ ਦੇ ,
ਨਾਂ ਤੇ ਵੰਡ ਵਰਦੀਆਂ ਆਇਆ ।
ਉਂਗਲੀ ਫੜਕੇ ਬੱਚਿਆਂ ਨੂੰ ਹੁਣ
ਰੋਜ਼ ਸਕੂਲੇ ਲੈ ਜਾਂਦਾ ਹੈ।
ਸੜਦਾ ਬਲ਼ਦਾ ਟਾਇਰ ਅਜੇ ਵੀ
ਬਾਪੂ ਦੇ ਗਲ਼ ਪੈ ਜਾਂਦਾ ਹੈ।
ਹਰਬੰਸ ਮਾਲਵਾ
ਲੁਧਿਆਣਾ
9417266355)
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.