ਦਿੱਲੀ ਆਪ ਨਹੀਂ ਉੱਜੜਦੀ
ਸਿਰਫ਼ ਉਜਾੜਦੀ ਹੈ
ਨਿੱਕੇ ਵੱਡੇ ਪਿੰਡ
ਘਰ ਦਰ ਬੂਹੇ ਚੰਨੇ।
ਕਿੱਲਿਉਂ ਖੋਲ੍ਹ ਦਿੰਦੀ ਹੈ
ਡੰਗਰ ਵੱਛੇ
ਆਵਾਰਾ ਸਿਆਸਤਦਾਨਾਂ ਦੇ
ਚਰਨ ਲਈ
ਚਰਾਂਦ ਬਣਦੀ ਹੈ।
ਦਿੱਲੀ ਕਿੱਥੇ ਉੱਜੜਦੀ ਹੈ?
ਦਿੱਲੀ ਸਿਰਫ਼ ਖ਼ਸਮ ਬਦਲਦੀ ਹੈ
ਸਵਾਦ ਬਦਲਦੀ ਹੈ ਜਿਸਮਾਂ ਦੇ
ਭਟਕਦੀ ਫਿਰਦੀ ਦਰ ਦਰ ਆਵਾਰਾ।
ਤਖ਼ਤ ਤੇ ਬਹਿਣ ਦਾ ਚੋਗਾ ਪਾਕੇ
ਉੱਡਣੇ ਪੁੱਡਣੇ ਸ਼ਿਕਾਰੀ
ਪਿੰਜਰੇ ਪਾ ਲੈਂਦੀ ਹੈ।
ਸੁਪਨਿਆਂ ਦਾ ਹੋਕਾ ਦੇਂਦੀ ਹੈ
ਵੇਚਦੀ ਵੱਟਦੀ ਕੱਖ ਵੀ ਨਹੀਂ
ਬੜੀ ਚੰਟ ਹੈ ਦਿੱਲੀ ਖੇਖਣਹਾਰੀ।
ਇਸ ਦੀਆਂ ਇੱਟਾਂ ਨਾ ਵੇਖੋ
ਨੀਅਤ ਪਰਖੋ
ਨਜ਼ਰ ਕਿੱਥੇ ਹੈ
ਤੇ ਨਿਸ਼ਾਨਾ ਕਿਤੇ ਹੋਰ।
ਮਹਾਂ ਭਾਰਤ ਤੋਂ ਤੁਰਦੀ ਤੁਰਦੀ
ਭਾਰਤ ਤੇ ਅੱਪੜੀ
ਹੁਣ ਫੇਰ ਕੂਚੀਆਂ ਚੁੱਕੀ ਫਿਰਦੀ ਹੈ
ਹਰ ਕੂਚੇ ਦੇ ਮੱਥੇ
ਹਿੰਦੋਸਤਾਨ ਲਿਖਣ ਲਈ।
ਪੁਰਾਣੇ ਕਿਲ੍ਹੇ ਕੋਲ ਗਵਾਚਿਆ ਫਿਰਦੈ
ਸਾਡਾ ਪਿੰਡ ਇੰਦਰਪ੍ਰਸਥ।
ਮਾਲਕ ਪਾਂਡਵ ਪਾਂਡੀ ਬਣ ਗਏ ਨੇ
ਰੇਲਵੇ ਸਟੇਸ਼ਨ ਤੇ।
ਮਰ ਚੱਲੇ ਨੇ ਪੰਡਾਂ ਢੋਂਦੇ ਢੋਂਦੇ।
ਹਮਾਯੂੰ ਕਿਲ੍ਹੇਦਾਰ ਨਹੀਂ ਹੁਣ
ਮਕਬਰੇ ਚ ਕੈਦ ਹੈ
ਬਣਿਆ ਫਿਰਦਾ ਸੀ
ਵੱਡਾ ਸ਼ਹਿਨਸ਼ਾਹ।
ਦਿੱਲੀ ਜੇ ਆਪ
ਸੱਤ ਵਾਰ ਉੱਜੜੀ
ਇਸ ਨੇ ਸਾਨੂੰ ਵੀ
ਸੈਂਕੜੇ ਵਾਰ ਉਜਾੜਿਐ।
ਇਹ ਤਾਂ ਫੇਰ ਵੱਸ ਜਾਂਦੀ ਹੈ
ਸੁਪਨ ਖਾਣੀ ਛਨਾਰ।
ਲੰਗੜਾ ਤੈਮੂਰ ਹੋਵੇ ਜਾਂ ਨਾਦਰ
ਫਰੰਗੀਆਂ ਤੀਕ ਲੰਮੀ ਕਤਾਰ
ਅੱਥਰੇ ਘੋੜਿਆਂ ਦੀ
ਮਿੱਧਦੇ ਫਿਰੇ ਜੋ ਰੀਝਾਂ ਪਰੁੱਚਾ
ਫੁਲਕਾਰੀ ਜਿਹਾ ਦੇਸ।
ਹੁਣ ਵੀ ਭਟਕਦੀਆਂ ਰੂਹਾਂ
ਨਹੀਂ ਟਿਕਦੀਆਂ।
ਔਰੰਗਜ਼ੇਬ ਕਬਰ ਚੋਂ ਉੱਠ ਕੇ
ਅੱਧੀ ਰਾਤੀਂ ਵੀ ਹੂਟਰ ਵਜਾ ਕੇ ਲੰਘਦੈ
ਸਾਡੀ ਨੀਂਦ ਦਾ ਵੈਰੀ
ਪਤਾ ਨਹੀਂ ਕਾਹਦੇ ਲਈ
ਗਲੀਆਂ ਕੱਛਦਾ ਫਿਰਦਾ ਹੈ?
ਉੱਜੜੇ ਬਾਗਾਂ ਦਾ ਪਟਵਾਰੀ।
ਲਾਲ ਕਿਲ੍ਹੇ ਦੀ ਫਸੀਲ
ਕੁਫ਼ਰ ਸੁਣ ਸੁਣ ਅੱਕ ਥੱਕ ਗਈ ਹੈ
ਪੁਰਾਣੀਆਂ ਕਿਤਾਬਾਂ ਓਹੀ ਸਬਕ
ਸਿਰਫ਼ ਜੀਭ ਬਦਲਦੀ ਹੈ।
ਝੁੱਗੀਆਂ ਵਿਕਦੀਆਂ ਹਨ
ਦੋ ਮੁੱਠ ਆਟੇ ਬਦਲੇ
ਜ਼ਮੀਰਾਂ ਦੀ ਮੰਡੀ ਚ
ਨੀਲਾਮ ਕੁਰਸੀਆਂ
ਆਪਣਾ ਜਿਸਮ ਨਹੀਂ ਵੇਚਦੀਆਂ ਹੁਣ
ਨਵੇਂ ਖੁੱਲੇ ਸੱਤਾ ਦੇ ਜੀ ਬੀ ਰੋਡ ਤੇ
ਇਖ਼ਲਾਕ ਵੇਚਦੀਆਂ ਹਨ।
ਕੁਰਬਾਨੀਆਂ ਵਾਲੇ ਪੁੱਛਦੇ ਹਨ
ਕੌਣ ਹਨ ਇਹ ਟੋਡੀ ਬੱਚੇ?
ਰਾਏ ਬਹਾਦੁਰ, ਸਰਦਾਰ ਬਹਾਦੁਰ
ਕਿਰਪਾਨ ਬਹਾਦਰ ਕਿੱਧਰ ਗਏ?
ਜਵਾਬ ਮਿਲਦੈ
ਸਾਡੇ ਦਰਬਾਨ ਹਨ ਬੂਹਿਆਂ ਤੇ ।
ਦਿਲ ਤੇ ਦਿੱਲੀ ਫੇਰ ਉੱਜੜਦੀ ਹੈ
ਜਦ ਸੁਣਦੀ ਹੈ ਸੜਿਆ ਜਵਾਬ
ਜਿੰਨ੍ਹਾਂ ਦੇ ਗਲਮੇ ਚ
ਬਲਦੇ ਹਾਰ ਨੇ ਟਾਇਰਾਂ ਦੇ।
ਰਾਜ ਬਦਲੇ ਨਹੀਂ ਹਾਲੇ ਡਾਇਰਾਂ ਦੇ
ਦਿੱਲੀ ਕਦੋਂ ਉੱਜੜਦੀ ਹੈ?
ਇਹ ਤਾਂ ਉਜਾੜਦੀ ਹੈ ਬਾਗਾਂ ਦੇ ਬਾਗ
ਉੱਲੂ ਹਵਾਂਕਦੇ ਨੇ
ਚਿਹਰੇ ਬਦਲ ਬਦਲ
ਬਿਰਖ਼ ਡੋਲਦਾ ਹੈ
ਧਰਤ ਕੰਬਦੀ ਹੈ
ਪਰ ਉੱਜੜਦੇ ਅਸੀਂ ਹੀ ਕਿਉਂ ਹਾਂ?
ਦਿੱਲੀ ਤਾਂ ਫੇਰ ਨਵਾਂ ਖ਼ਸਮ ਕਰ ਲੈਂਦੀ ਹੈ।
ਵਿਧਵਾ ਬਸਤੀ ਇਨਸਾਫ਼ ਲਈ
ਤਰੀਕਾਂ ਭੁਗਤਦੀ ਨਿਭ ਚੱਲੀ ਹੈ।
ਅੱਥਰੂਆਂ ਤੇ ਹੌਕਿਆਂ ਦੇ ਵਣਜਾਰੇ
ਚੋਣਾਂ ਵੇਲੇ ਵੇਚ ਲੈਂਦੇ ਹਨ ਸਿਵੇ
ਫੇਰ ਤਖ਼ਤ ਤੇ ਬਹਿੰਦਿਆਂ ਭੁੱਲ ਜਾਂਦੇ ਨੇ
ਬੁੱਢੀ ਮਾਂ ਦੀ ਅੱਖ ਲਈ ਦਾਰੂ
ਬੀਮਾਰ ਵਿਧਵਾ ਧੀ ਲਈ ਦਵਾਈ ਬੂਟੀ
ਉੱਜੜੇ ਮਨਾਂ ਲਈ ਦਿੱਲੀ
ਤਖ਼ਤ ਨਹੀਂ ਤਖ਼ਤਾ ਹੈ
ਜਿੱਥੇ ਫਾਹੇ ਲੱਗਦੇ ਨੇ
ਹੁਣ ਵੀ ਸੁਨਹਿਰੇ ਖ਼ਾਬ।
ਦਿੱਲੀ ਨਹੀਂ ਉੱਜੜਦੀ
ਸਿਰਫ਼ ਉਜਾੜਦੀ ਹੈ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.