ਪਾਕਿਸਤਾਨ ਦੀ ਅਸੀਆ ਨੂਰੀਨ (ਅਸੀਆ ਬੀਬੀ) ਜੋ ਕਿ 2010 ਤੋਂ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੀ ਸੀ ਦੀ ਸਜਾ ਨੂੰ ਅੱਜ ਪਾਕਿਸਤਨ ਦੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਅਸੀਆ ਬੀਬੀ ਨੂੰ ਟ੍ਰਾਇਲ ਕੋਰਟ ਨੇ ਪੈਗੰਬਰ ਮੁਹੰਮਦ ਸਾਹਿਬ ਬਾਰੇ ਅਪਸ਼ਬਦ ਬੋਲਣ ਲਈ ਦੋਸ਼ੀ ਕਰਾਰ ਦਿਂਦਿਆਂ ਹੋਇਆਂ 2010 ਚ ਸਜ਼ਾ-ਏ-ਮੌਤ ਸੁਣਾਈ ਸੀ ਅਤੇ ਇਸ ਸਜ਼ਾ ਨੂੰ ਬਾਅਦ ਚ ਲਾਹੌਰ ਹਾਈ ਕੋਰਟ ਨੇ ਵੀ ਬਰਕਰਾਰ ਰਖਿਆ ਸੀ ਪਰ ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਦੇ ਫੈਸਲੇ ਨੂੰ ਉਲਟਾ ਦਿੱਤਾ ਹੈ।
ਕੀ ਹੈ ਪੂਰਾ ਮਾਮਲਾ ?
ਬੀਬੀਸੀ ਨੀਊਜ਼ ਦੇ ਮੁਤਾਬਕ 14 ਜੂਨ 2009 ਨੂੰ ਅਸੀਆ ਬੀਬੀ ਆਪਣੇ ਘਰ ਦੇ ਨਜ਼ਦੀਕ ਖੇਤਾਂ ਚ ਕੰਮ ਕਰ ਰਹੀ ਸੀ ਜਿੱਥੇ ਅਸੀਆ ਬੀਬੀ ਦਾ ਨਾਲ਼ ਕੰਮ ਕਰ ਰਹੀਆਂ ਔਰਤਾਂ ਨਾਲ਼ ਝਗੜਾ ਹੋ ਗਿਆ ਕਿਉਂਕਿ ਅਸੀਆ ਬੀਬੀ ਨੇ ਇਕ ਮੁਸਲਿਮ ਔਰਤ ਨੂੰ ਪੀਣ ਲਈ ਪਾਣੀ ਦਿੱਤਾ ਤਾਂ ਨਾਲ਼ ਕੰਮ ਕਰ ਰਹੀ ਇਕ ਹੋਰ ਔਰਤ ਨੇ ਕਿਹਾ ਕਿ ਉਹ ਪਾਣੀ ਨਾ ਪੀਵੇ ਕਿਉਂਕਿ ਪਾਣੀ ਵਾਲੇ ਕੱਪ ਨੂੰ ਇਸਾਈ ਔਰਤ ਨੇ ਛੂਹਿਆ ਹੈ ਅਤੇ ਇਹ ਅਸ਼ੁਧ ਹੋ ਚੁੱਕਾ ਹੈ। ਜਿਸ ਤੋਂ ਬਾਅਦ ਔਰਤਾਂ ਵਿੱਚ ਤਕਰਾਰ ਹੋ ਗਿਆ ਅਤੇ ਧਾਰਮਿਕ ਵਿਵਾਦ ਚ ਤਬਦੀਲ ਹੋ ਗਿਆ ਸੀ।
"ਦੀ ਇੰਡੀਪੈਂਡੈਂਟ" ਦੇ ਮੁਤਾਬਕ ਜੇ ਅਸੀਆ ਬੀਬੀ ਦੀ ਆਖਰੀ ਅਪੀਲ ਰੱਦ ਹੋ ਜਾਂਦੀ ਤਾਂ ਉਹ ਪਾਕਿਸਤਾਨ ਦੀ ਪਹਿਲੀ ਔਰਤ ਸੀ ਜਿਸ ਨੂੰ "ਈਸ਼ ਨਿੰਦਾ" ਕਾਨੂੰਨ ਦੇ ਤਹਿਤ ਸਜ਼ਾ-ਏ-ਮੌਤ ਦਿੱਤੀ ਜਾਣੀ ਸੀ। ਜਨਵਰੀ 2011 ਚ ਪਾਕਿਸਤਾਨੀ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਨੇ ਅਸੀਆ ਬੀਬੀ ਨੂੰ ਰਿਹਾ ਕਰਨ ਦੀ ਹਮਾਇਤ ਕੀਤੀ ਤਾਂ ਉਸਦੇ ਸੁਰਖਿਆ ਗਾਰਡ ਵਲੋਂ ਗੋਲੀ ਮਾਰ ਕੇ ਉਸਨੂੰ ਕਤਲ ਕਰ ਦਿੱਤਾ ਸੀ ।
ਕੋਰਟ ਦੇ ਫੈਸਲੇ ਦਾ ਪਾਕਿਸਤਾਨ ਉੱਤੇ ਪ੍ਰਭਾਵ?
ਪਾਕਿਸਤਾਨੀ ਅਖਬਾਰ "ਡਾਨ" ਦੀ ਖਬਰ ਦੇ ਮੁਤਾਬਕ ਸੁਪਰੀਮ ਕੋਰਟ ਫੈਸਲੇ ਦੇ ਖਿਲਾਫ ਪਾਕਿਸਤਾਨ ਚ ਕਈ ਜਗ੍ਹਾ ਰੋਡ ਜਾਮ ਕਰ ਦਿੱਦੇ ਗਏ ਹਨ। ਕਈ ਜਥੇਬੰਦੀਆਂ ਨੇ ਦੇਸ਼ ਵਿਆਪੀ ਵਿਰੋਧ ਪ੍ਰਦਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ। "ਬੀਬੀਸੀ ਨੀਊਜ਼" ਦੇ ਮੁਤਾਬਕ ਪਾਕਿਸਤਾਨੀ ਪੰਜਾਬ ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ, ਪੁਲਿਸ ਦੀਆਂ ਗੱਡੀਆਂ ਦੇ ਰਾਹੀਂ ਐਲਾਨ ਕੀਤਾ ਜਾ ਰਿਹਾ ਹੈ ਪੰਜ ਤੋਂ ਜਿਆਦਾ ਲੋਕ ਇਕਠੇ ਖੜੇ ਨਾ ਹੋਣ। ਅਲਗ ਅਲਗ ਮਸਜਿਦਾਂ ਤੋਂ ਐਲਾਨ ਕੀਤਾ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਲੋਕ ਘਰਾਂ ਚੋਂ ਨਿਕਲ ਕੇ ਖੁਲ੍ਹ ਕੇ ਵਿਰੋਧ ਕਰਨ।
ਕੀ ਕਿਹਾ ਸੀ ਸੁਪਰੀਮ ਕੋਰਟ ਨੇ ?
ਬੀਬੀਸੀ ਨੀਊਜ਼" ਦੇ ਮੁਤਾਬਕ ਅਸੀਆ ਬੀਬੀ ਦੀ ਰਿਹਾਈ ਦਾ ਫੈਸਲਾ ਸੁਪਰੀਮ ਕੋਰਟ ਦੇ ਜੱਜ ਆਸਿਫ ਸਈਦ ਖੋਸਾ ਨੇ ਲਿਖਿਆ ਹੈ। ਜੱਜ ਨੇ ਸ਼ੁਰੂਆਤ ਚ ਕਿਹਾ ਕਿ ਪੈਗੰਬਰ ਮੁਹੰਮਦ ਜਾਂ ਕੁਰਾਨ ਦੀ ਬੇਅਦਬੀ ਕਰਨ ਦੀ ਸਜ਼ਾ ਮੌਤ ਜਾਂ ਉਮਰ ਕੈਦ ਹੈ। ਪਰੰਤੂ ਇਸ ਜੁਰਮ ਦਾ ਗਲਤ ਅਤੇ ਝੂਠਾ ਇਲਜਾਮ ਅਕਸਰ ਲਗਾਇਆ ਜਾਂਦਾ ਹੈ।
ਉਨ੍ਹਾਂ ਨੇ ਮਾਸ਼ਲ ਖਾਨ ਅਤੇ ਅਯੂਬ ਮਸੀਹ ਕੇਸ ਦਾ ਹਵਾਲਾ ਦੇਂਦੇ ਹੋਏ ਕਿਹਾ ਕਿ ਪਿਛਲੇ 28 ਸਾਲਾਂ ਚ 62 ਮੁਲਜਮਾ ਨੂੰ ਅਦਾਲਤ ਦਾ ਫੈਸਲਾ ਆਉਂਣ ਤੋਂ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ।
ਕੋਰਟ ਨੇ ਕਿਹਾ ਕਿ ਅਸੀਆ ਬੀਬੀ ਨੂੰ ਤੁਰੰਤ ਰਿਹਾ ਕੀਤਾ ਜਾਵੇ ਜੇਕਰ ਉਹ ਕਿਸੇ ਹੋਰ ਜੁਰਮ ਚ ਲੋੜੀਂਦੀ ਨਹੀ ਹੈ।
ਕੀ ਕਿਹਾ ਅਸੀਆ ਬੀਬੀ ਦੇ ਪਰਿਵਾਰ ਨੇ ?
ਮੀਡੀਆ ਨਾਲ ਪਹਿਲਾਂ ਕੀਤੀ ਹੋਈ ਗੱਲਬਾਤ ਚ ਅਸੀਆ ਬੀਬੀ ਦੀ ਬੇਟੀ ਨੇ ਕਿਹਾ ਸੀ ਕਿ ਜੇਕਰ ਉਸਦੀ ਮਾਂ ਰਿਹਾ ਹੋ ਜਾਂਦੀ ਹੈ ਤਾਂ ਉਹ ਆਪਣੀ ਮਾਂ ਦੇ ਗਲ ਲਗ ਕੇ ਰੋਵੇਗੀ ਅਤੇ ਰੱਬ ਦਾ ਸ਼ੁਕਰਾਨਾ ਕਰੇਗੀ ਉਸਨੂੰ ਰਿਹਾ ਕਰਨ ਲਈ।"ਦੀ ਇੰਡੀਪੈਂਡੈਂਟ" ਨੇ ਲਿਖਿਆ ਕਿ ਉਮੀਦ ਹੈ ਕਿ ਰਿਹਾਈ ਤੋਂ ਬਾਅਦ ਅਸੀਆ ਬੀਬੀ ਪਾਕਿਸਤਾਨ ਨੂੰ ਛੱਡਕੇ ਕਿਸੇ ਹੋਰ ਮੁਲਕ ਚ ਪਨਾਹ ਲੈ ਸਕਦੀ ਹੈ !
-
ਜਸਪਾਲ ਸਿੰਘ ਨਿੱਝਰ, ਪੰਜਾਬੀ ਲੇਖਕ ਤੇ ਕਾਲਮਿਸਟ
jassi67338@gmail.com
8279371632
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.