ਖ਼ਬਰ ਹੈ ਕਿ ਅਕਾਲੀ ਆਗੂਆਂ ਖਾਸ ਕਰਕੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਘੇਰਨ ਲਈ ਅਤੇ ਉਹਨਾ ਵਲੋਂ ਕੱਟੀ ਗਈ ਜੇਲ੍ਹ ਦਾ ਸੱਚ ਸਾਹਮਣੇ ਲਿਆਉਣ ਲਈ ਪੰਜਾਬ ਸਰਕਾਰ ਨੇ ਜੇਲ੍ਹ ਦਾ ਰਿਕਾਰਡ ਇੱਕਠਾ ਕਰਕੇ ਇਹ ਗੱਲ ਸਾਹਮਣੇ ਲਿਆਂਦੀ ਜਾ ਰਹੀ ਹੈ ਕਿ ਉਹਨਾ ਵਲੋਂ ਆਪਣੇ ਸਿਆਸੀ ਜੀਵਨ ਵਿੱਚ 17 ਸਾਲ ਜੇਲ੍ਹ ਕੱਟਣ ਦਾ ਦਾਅਵਾ ਗਲਤ ਹੈ ਅਤੇ ਉਹਨਾ ਸਿਰਫ ਸਾਢੇ ਚਾਰ ਸਾਲ ਕੈਦ ਕੱਟੀ ਹੈ, ਇਸ ਵਿੱਚ ਵਿਸ਼ਰਾਮ ਘਰਾਂ ਵਿੱਚ ਕੱਟੀ ਜੇਲ੍ਹ ਵੀ ਸ਼ਾਮਲ ਹੈ। ਉਹ ਪੰਜਾਬੀ ਸੂਬੇ, ਇੰਦਰਾ ਗਾਂਧੀ ਵਲੋਂ ਲਗਾਈ ਐਮਰਜੈਂਸੀ ਖਿਲਾਫ, ਸਤਲੁਜ ਲਿੰਕ ਨਹਿਰ (ਐਸ.ਵਾਈ.ਐਲ) ਖਿਲਾਫ ਕੀਤੇ ਸੰਘਰਸ਼ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੀ ਸਰਕਾਰ ਦੌਰਾਨ ਬਾਦਲ ਪਰਿਵਾਰ 'ਤੇ ਦਰਜ ਕੀਤੇ ਮਾਮਲੇ 'ਚ ਜੇਲ੍ਹ ਗਏ ਸਨ। ਇਹਨਾ ਸਾਰੇ ਤੱਥਾਂ ਦੀ ਪੁਸ਼ਟੀ ਪੰਜਾਬ ਦੇ ਮੌਜੂਦਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਨੇ ਕੀਤੀ ਹੈ।
ਆਜ਼ਾਦੀ ਲਈ ਜੇਲ੍ਹਾਂ ਕੱਟੀਆਂ ਆਜ਼ਾਦੀ ਪ੍ਰਵਾਨਿਆਂ ਨੇ। ਆਜ਼ਾਦੀ ਲਈ ਜਾਨ ਗੁਆਈ ਆਜ਼ਾਦੀ ਦੇ ਸ਼ੌਦਾਈਆਂ ਨੇ। ਆਜ਼ਾਦੀ ਲਈ ਜ਼ਮੀਨਾਂ-ਜਾਇਦਾਦਾਂ ਕੁਰਕ ਕਰਵਾਈਆਂ, ਟੱਬਰ ਮਰਵਾਏ ਆਜ਼ਾਦੀ ਘੁਲਾਟੀਆਂ ਨੇ। ਆਜ਼ਾਦੀ ਲਈ ਟੱਬਰ ਗੁਆਏ, ਫਾਂਸੀ ਦੇ ਰੱਸੇ ਚੁੰਮੇ, ਤੋਪਾਂ ਮੂਹਰੇ ਧੜ ਸਿਰ ਉਡਵਾਏ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸੂਰਮਿਆਂ ਨੇ। ਪਰ ਆਜ਼ਾਦੀ ਦਾ ਪਟਕਾ ਗਲਾਂ 'ਚ ਪਾਕੇ ਬਹਿ ਗਏ ਉਪਰਲੇ ਨੇਤਾ, ਉਵੇਂ ਹੀ ਜਿਵੇਂ ਖਰਗੋਸ਼ ਮਾਰਿਆ ਕਿਸੇ ਸ਼ਿਕਾਰੀ ਨੇ ਅਤੇ ਹੱਥ ਆ ਗਿਆ ਕਿਸੇ ਹੋਰ ਦੇ ਜੋ ਟੱਪ ਟੱਪ ਆਖਣ ਲੱਗ ਪਿਆ, "ਮਾਰ ਲਿਆ ਉਏ ਖਰਗੋਸ਼, ਮਾਰ ਲਿਆ। ਇਵੇਂ ਹੀ ਕੁਝ ਲੋਕ ਆਖਣ ਲੱਗ ਪਏ ਲੈ ਲਈ ਉਏ ਆਜ਼ਾਦੀ, ਲੈ ਲਈ"।
ਕੁਰਬਾਨੀਆਂ ਕੀਤੀਆਂ ਅਕਾਲੀਆਂ ਨੇ। ਜੇਲ੍ਹਾਂ ਕੱਟੀਆਂ ਅਕਾਲੀਆਂ ਨੇ। ਕੁੱਟਾਂ ਖਾਧੀਆਂ ਅਕਾਲੀਆਂ ਨੇ। ਢੁੱਡਰ ਭਨਾਇਆ ਅਕਾਲੀਆਂ ਨੇ। ਜਿਹਨਾ ਪੱਲੇ ਕਿਸੇ ਫੁੱਟੀ ਕੌਡੀ ਨਹੀਂ ਪਾਈ ਕਿਸੇ ਵੀ ਅਕਾਲੀ ਸਰਕਾਰ ਨੇ। ਅਤੇ ਫਿਰ ਮੌਜਾਂ ਕੀਤੀਆਂ, ਰਾਜ ਕੀਤਾ, ਬਾਦਲਾਂ ਨੇ। ਇਹ ਦੱਸਕੇ ਕਿ ਉਹਨਾ ਨੇ ਤਾਂ ਲੋਕਾਂ ਲਈ ਲੰਬੀ ਉਮਰ ਜੇਲ੍ਹਾਂ 'ਚ ਹੀ ਗੁਆ ਦਿੱਤੀ। ਜੁਆਨੀ ਜੇਲ੍ਹਾਂ 'ਚ ਹੀ ਗਾਲ ਦਿੱਤੀ। ਬਦਲੇ 'ਚ ਰਾਜ ਭਾਗ ਲੈ ਕੇ ਲੋਕਾਂ ਪੱਲੇ ਨਾ ਅੰਨ ਰਹਿਣ ਦਿੱਤਾ, ਨਾ ਨੌਕਰੀ। ਲੋਕਾਂ ਪੱਲੇ ਪਾ ਦਿੱਤੀ 20 ਕਿਲੋ ਰੁਪੱਈਏ ਭਾਅ ਵਾਲੀ ਸੁਸਰੀ ਲੱਗੀ ਕਣਕ ਜਾਂ 500 ਟਕਾ ਮਹੀਨਾ ਪੈਨਸ਼ਨ, ਖਾਉ ਤੇ ਮੌਜ ਉਡਾਉ। ਤੇ ਬਾਦਲਾਂ ਦੇ ਗੁਣ ਗਾਓ ਪਰ ਸੱਚ ਤਾਂ ਸੱਚ ਆ ਨਾ ਜੀ। ਸੱਚ ਕੱਢਣ ਵਾਲੇ ਪਰਦੇ ਫੋਲ੍ਹ ਹੀ ਦਿੰਦੇ ਆ, ਜਿਵੇਂ ਬਰਗਾੜੀ ਦਾ ਸੱਚ ਫੋਲਿਆ। ਜਿਵੇਂ ਗੁਰਮੀਤ ਰਾਮ ਰਹੀਮ ਨਾਲ ਹੋਏ ਵੋਟਾਂ ਦੇ ਸੌਦੇ ਦੀ ਸੱਚਾਈ ਬਿਆਨੀ। ਉਂਜ ਭਾਈ ਨੇਤਾਵਾਂ ਦੇ ਭੇਦ ਵੱਡੇ ਹਨ, ਜਿਹੜੇ ਬਾਬਾ ਜੀ ਤੁਸੀਂ ਹੀ ਜਾਣਦੇ ਹੋ। ਮਹਾਰਾਜਿਆਂ, ਰਾਜਿਆਂ, ਵੱਡਿਆਂ ਦੇ ਰੰਗ ਅਜੀਬ ਹੀ ਹੁੰਦੇ ਆ, ਜਿਹੜੇ ਲੋਕਾਂ ਨੂੰ "ਬੁੱਧੂ" ਬਣਾਉਂਦੇ ਨੇ ਤੇ ਬੱਸ ਬੁੱਧੂ ਬਣਾਉਂਦੇ ਨੇ, ਪਰ ਤੁਹਾਥੋਂ ਕਿਹੜਾ ਰੰਗ ਉਹਨਾ ਦਾ ਛੁਪਿਆ ਹੋਇਆ। ਤਦੇ ਇੱਕ ਕਵੀ ਲਿਖਦਾ ਆ, "ਕੁਝ ਬੋਲ ਤੂੰ ਬਾਬਾ ਜੀ, ਲਹੂ ਦੇ ਦੁੱਧ ਵਾਲੀ ਰੋਟੀ ਫੋਲ ਬਾਬਾ ਜੀ"।
ਜਾਹ ਹਾਕਮਾਂ! ਤੈਨੂੰ ਨਹੀਂ ਅਕਲ ਭੋਰਾ, ਮਿਹਣੇ ਮਾਰ ਜੁਆਨੀ ਇਹ ਆਖਦੀ ਏ।
ਖ਼ਬਰ ਹੈ ਕਿ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੁਜ਼ਗਾਰ ਉਤਪਾਦਨ ਅਤੇ ਸਿਖਲਾਈ ਵਿਭਾਗ ਵਲੋਂ ਲਗਾਏ ਜਾ ਰਹੇ ਰੁਜ਼ਗਾਰ ਮੇਲਿਆਂ 'ਚ 82000 ਨੌਜਵਾਨਾਂ ਲਈ ਪ੍ਰਾਈਵੇਟ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਹੈ। ਉਹਨਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ ਯਕੀਨੀ ਬਨਾਉਣ ਲਈ ਪ੍ਰਬੰਧ ਕਰਨ। ਉਹਨਾ ਰੁਜ਼ਗਾਰ ਲਈ ਹੈਲਪ-ਲਾਈਨ ਸ਼ੁਰੂ ਕਰਨ ਲਈ ਵਿਧੀ ਵਿਧਾਨ ਲਾਗੂ ਕਰਨ ਲਈ ਵੀ ਆਖਿਆ ਹੈ।
ਕੈਪਟਨ ਲਿਆਉ-ਪੰਜਾਬ ਬਚਾਉ, ਇੱਕ ਨਾਹਰਾ ਸੀ। ਕੈਪਟਨ ਆਊ ਸਭਨਾਂ ਲਈ ਖੁਸ਼ੀਆਂ ਲਿਆਉ, ਦੂਜਾ ਨਾਹਰਾ ਸੀ! ਕੈਪਟਨ ਆਊ ਨੌਕਰੀਆਂ ਲਿਆਉ, ਖੂਸ਼ਹਾਲੀ ਲਿਆਉ ਇਹ ਨਾਹਰੇ ਪੰਜਾਬ 'ਚ ਗੂੰਜੇ ਸਨ। ਘਰੋਂ ਘਰੀਂ ਪਹੁੰਚੇ ਸਨ। ਨੌਜਵਾਨਾਂ ਨੂੰ "ਇੱਕ ਇੱਕ ਲੈਪਟੌਪ" ਤੋਹਫੇ 'ਚ ਦਊ ਇਹ ਤਾਂ ਕੈਪਟਨ ਦਾ ਪੱਕਾ ਵਾਅਦਾ।
ਪਤਾ ਨਹੀਂ ਕਿਉਂ "ਊਠ ਦਾ ਬੁਲ੍ਹ" ਡਿੱਗਦਾ ਕਿਉਂ ਨਹੀਂ? ਪਤਾ ਨਹੀਂ ਕਿਉਂ ਇਕੋ ਗੱਲ ਕੈਪਟਨ ਆਖੀ ਜਾਂਦਾ ਖਜ਼ਾਨਾ ਖਾਲੀ ਆ। ਉਹ ਭਾਈ ਵੱਡੇ ਘਰਾਂ ਦੀਆਂ ਤਾਂ ਘਰੋੜੀਆਂ ਹੀ ਨਹੀਂ ਮਾਣ ਹੁੰਦੀਆਂ। ਜੇ ਬਾਦਲ ਸਾਰਾ ਕੁਝ ਛੱਕ ਗਏ ਆ। ਜੇਕਰ ਕੈਪਟਨ ਦੇ ਸਲਾਹਕਾਰ ਸਭੋ ਕੁਝ ਹਜ਼ਮ ਕਰੀ ਜਾਂਦੇ ਆ, ਆਹ ਜੁਆਕਾਂ ਪੱਲੇ ਤਾਂ ਕੁਝ ਪਾ। ਉਹਨਾ ਨੂੰ ਵਿਦੇਸ਼ ਜਾਣੋ ਰੋਕ, ਜਿਹੜੇ ਅੜੀ ਕਰੀ ਬੈਠੇ ਆ, ਇਹ ਆਖ, "ਭਾਪਾ, ਜਹਾਜ਼ੇ ਚੜ੍ਹ ਵਿਦੇਸ਼ ਜਾਊਂ, ਉਥੇ ਜੋ ਕੰਮ ਮਿਲੇ ਕਰੂ, ਪਰ ਇਥੇ ਤਾਂ ਮੋਟਰ ਸੈਕਲ, ਮੋਬੈਲ ਬਿਨ੍ਹਾਂ ਨਹੀਂਓ ਕੋਈ ਹੱਜ"। ਆਹ ਮਾਸਟਰਾਂ ਦੀ ਰੂਹ ਨੂੰ ਸ਼ਾਂਤੀ ਦੇਹ ਜਿਹੜੇ ਵਿਰਲਾਪ ਕਰੀਂ ਜਾਂਦੇ ਆ ਕਿ ਉਹਨਾ ਦੀ ਤਨਖਾਹ ਦੋ ਹਿੱਸੇ ਕੱਟ ਇੱਕ ਹਿੱਸਾ ਦੇਣ ਦਾ ਤੇਰੀ ਸਰਕਾਰ ਐਲਾਨ ਕਰੀ ਜਾਂਦੀ ਆ। ਆਹ ਜ਼ਰਾ ਆਪਣੇ ਸਿਹਤ ਵਿਭਾਗ ਵਾਲਿਆਂ ਨੂੰ ਆਖ ਕਿ ਉਹ ਪਰਿਵਾਰ ਨਿਯੋਜਨ ਦੀ ਥਾਂ ਦੋ ਹਿੱਸੇ ਪੇਟ ਛੋਟਾ ਕਰਨ ਦੇ ਆਪ੍ਰੇਸ਼ਨ ਹਸਪਤਾਲਾਂ 'ਚ ਚਾਲੂ ਕਰਨ ਤਾਂ ਕਿ ਲੋਕਾਂ ਦੀ ਭੁੱਖ ਘਟੇ, ਜਿਹੜੇ ਐਂਵੇ ਢਿੱਡ 'ਚ ਅੰਨ ਤੁੰਨੀ ਜਾਂਦੇ ਆ, ਤਿੰਨ ਡੰਗ ਰੋਟੀ ਖਾਕੇ ਫਜ਼ੂਲ ਸਰੀਰ ਨੂੰ ਕਸ਼ਟ ਦੇਈ ਜਾਂਦੇ ਆ। ਤਿੰਨ ਦੀ ਥਾਂ ਇੱਕ ਡੰਗ ਰੋਟੀ ਥੋੜੀ ਆ ਭਲਾ। ਤੇਰੀਆਂ ਖਜ਼ਾਨੇ ਖਾਲੀ ਵਾਲੀਆਂ ਗੱਲਾਂ ਤੋਂ ਲੋਕ ਔਖੇ ਹੋ ਗਏ ਆ ਕੈਪਟਨ ਸਿੰਹਾ, ਤਦੇ ਖਾਸ ਕਰ ਨੌਜਵਾਨ ਆਖਣ ਲੱਗ ਪਏ ਆ, "ਜਾਹ ਹਾਕਮਾਂ! ਤੈਨੂੰ ਨਹੀਂ ਅਕਲ ਭੋਰਾ, ਮਿਹਣੇ ਮਾਰ ਜੁਆਨੀ ਇਹ ਆਖਦੀ ਏ"।
ਹਰ ਇੱਕ ਦਾ ਘਰ ਦਾ ਰਾਜ ਏਥੇ
ਜਿਹੜਾ ਲੁੱਟ ਸਕੇ, ਖੂਬ ਲੁੱਟਦਾ ਏ।
ਖ਼ਬਰ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਉਤੇ ਰੋਜ਼ ਖੁਲਾਸੇ ਹੋ ਰਹੇ ਹਨ। ਹੁਣ ਕਮੇਟੀ ਵਲੋਂ ਛਾਪੀ ਪੁਸਤਕ ਦੇ ਪ੍ਰਿਟਿੰਗ ਪ੍ਰੈਸ ਦੇ ਮਾਲਿਕ ਨੇ ਮੰਨਿਆ ਕਿ ਉਸਨੇ ਇਹ ਪੁਸਤਕਾਂ ਛਾਪੀਆਂ ਹੀ ਨਹੀਂ ਬਲਕਿ ਫਰਜ਼ੀ ਬਿੱਲ ਬਣਾਏ ਸਨ। ਗੈਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਵਿਰਾਸਤ ਪੁਸਤਕ ਛਪਾਈ ਕਰਾਉਣ ਬਿਨ੍ਹਾਂ ਬਿੱਲ ਬਣਾਉਣ ਵਾਲੇ ਲੋਕਾਂ ਦੇ ਘਰਾਂ 'ਚ ਪ੍ਰਦਰਸ਼ਨ ਦੀ ਨੀਤੀ ਤਿਆਰ ਕੀਤੀ ਹੈ। ਪਰਮਜੀਤ ਸਿੰਘ ਸਰਨਾ ਨੇ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸਤੀਫਾ ਮੰਗਿਆ ਹੈ।
ਰੈਫੇਲ ਆਇਆ ਫਰਾਸੋਂ ਅਰਬਾਂ ਦਾ ਲੈਣ-ਦੇਣ ਇਧਰ ਉਧਰ ਹੋਇਆ। ਬੈਂਕ 'ਚ ਨਿੱਤ ਘਪਲੇ ਹੁੰਦੇ ਹਨ, ਦਲਾਲ ਆਪਣਾ ਹਿੱਸਾ ਲੈਂਦੇ ਨੇ ਅਤੇ ਔਹ ਜਾਂਦੇ ਹਨ। ਕੋਈ ਲੰਦਨ ਤੁਰਿਆ ਫਿਰਦਾ, ਕੋਈ ਬਗਦਾਦ! ਕੋਈ ਇਟਲੀ ਲੁਕਿਆ ਹੋਇਆ, ਕੋਈ ਕੈਨੇਡਾ। ਪਾਤਸ਼ਾਹੋ, ਸਭ ਮਲਾਈ ਲਾਹੁਣ ਦਾ ਖੇਲ ਆ। ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ, ਪਿੰਡਾਂ ਦੀਆਂ ਸਰਪੰਚੀਆਂ, ਨੇਤਾਗਿਰੀਆਂ ਕਰਨ ਵਾਲੇ ਲੋਕ ਸਫੈਦ ਜਿਹਾ ਖੱਦਰ ਦਾ ਕੁੜਤਾ ਪਾਕੇ ਰਾਜਨੀਤੀ ਕਰਦੇ ਆ, ਦਿਨਾਂ, ਪਹਿਰਾਂ 'ਚ ਰੇਸ਼ਮੀ ਸੂਟ, ਸੁੰਦਰ ਕਾਰਾਂ ਦੇ ਮਾਲਕ ਬਣ ਲੋਕਾਂ ਨੂੰ ਟੀਟਣੇ ਚੁੰਘਾਉਂਦੇ ਹਨ। ਉਂਜ ਭਾਈ ਉਹਨਾ ਦਾ ਕਸੂਰ ਹੀ ਕੀ ਆ ਪੈਸਾ ਵੇਖ ਆਹ ਆਪਣਾ ਸਾਧ ਲਾਣਾ ਵਿਫਰਿਆ ਪਿਆ। ਉਂਗਲੀਆਂ 'ਚ ਸੋਨੇ ਦੀਆਂ ਮੁੰਦੀਆਂ, ਛੱਲੇ ਵਧੀਆਂ ਕਾਰਾਂ, ਅੱਗੇ ਪਿਛੇ ਭਗਤ।
ਉਂਜ ਭਾਈ ਕਿਤਾਬਾਂ ਦੇ ਫਰਜ਼ੀ ਬਿੱਲ ਪਾਕੇ ਚਾਰ ਛਿੱਲੜ ਪ੍ਰਧਾਨ ਦੇ ਅਹਿਲਕਾਰਾਂ ਜੇਬ 'ਚ ਪਾ ਲਏ ਤਾਂ ਕਿਹੜੀ ਲੁੱਟ ਕਰ ਲਈ, ਇਥੇ ਦੇਸ਼ ਦਾ ਚੌਕੀਦਾਰ, ਵਾੜ ਨੂੰ ਖਾਈ ਜਾਂਦਾ, ਮੌਜ ਉਡਾਈ ਜਾਂਦਾ। ਲੂਣ ਹੀ ਗੁੰਨੀ ਜਾਂਦਾ। ਕਿਉਂਕਿ ਭਾਈ "ਹਰ ਇੱਕ ਦਾ ਘਰ ਦਾ ਰਾਜਾ ਏਥੇ, ਜਿਹੜਾ ਲੁੱਟ ਸਕੇ ਖੂਬ ਲੁੱਟਦਾ ਏ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਪੂਰੇ ਭਾਰਤ 'ਚ ਮੁਢਲੇ ਸਿਹਤ ਕੇਂਦਰਾਂ ਵਿੱਚ 25, 650 ਡਾਕਟਰਾਂ ਦੀ ਜ਼ਰੂਰਤ ਹੈ, ਤਾਂਕਿ ਪ੍ਰਤੀ ਡਾਕਟਰ ਪ੍ਰਤੀ ਦਿਨ ਘੱਟੋ-ਘੱਟ 40 ਮਰੀਜਾਂ ਨੂੰ ਸਿਹਤ ਸੇਵਾਵਾਂ ਦੇ ਸਕਣ। ਲੇਕਿਨ ਦੇਸ਼ ਦੇ ਮੁਢਲੇ ਸਿਹਤ ਕੇਂਦਰਾਂ ਵਿੱਚ 3027 ਡਾਕਟਰਾਂ ਦੀ ਘਾਟ ਹੈ, 1974 ਮੁਢਲੇ ਸਿਹਤ ਕੇਂਦਰ ਬਿਨ੍ਹਾਂ ਡਾਕਟਰਾਂ ਦੇ ਚਲ ਰਹੇ ਹਨ।
ਇੱਕ ਵਿਚਾਰ
ਪਿਆਰ ਅਤੇ ਕਰੁਣਾ ਜ਼ਰੂਰਤਾਂ ਹਨ, ਵਿਲਾਸਤਾ ਨਹੀਂ, ਉਹਨਾ ਤੋਂ ਬਗੈਰ ਮਾਨਵਤਾ ਜੀਵਤ ਨਹੀਂ ਰਹਿ ਸਕਦੀ ਹੈ। .........ਦਲਾਈ ਲਾਮਾ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.