ਜਨਮ ਅਤੇ ਮੌਤ ਦੋ ਅਜਿਹੇ ਮੌਕੇ ਹਨ ਜਦੋਂ ਇਨਸਾਨ ਪੂਰਨ ਆਜ਼ਾਦ ਹੁੰਦਾ ਹੈ। ਦੁਨੀਆਵੀ ਕੰਮ ਕਾਰ ਅਤੇ ਝਮੇਲੇ ਇਹਨਾਂ ਦੋਵਾਂ ਮੌਕਿਆ 'ਤੇ ਇਨਸਾਨ ਨੂੰ ਪਰੇਸ਼ਾਨ ਨਹੀਂ ਕਰਦੇ। ਜਿੰਦਗੀ ਦੇ ਔਕੜਾਂ ਅਤੇ ਸਘੰਰਸ ਭਰਪੂਰ ਰਸਤੇ 'ਤੇ ਚਲਦਿਆਂ ਅਨੇਕਾਂ ਵਾਰ ਮਨ ਆਜ਼ਾਦ ਜਿੰਦਗੀ ਜਿਉਣ ਨੂੰ ਕਰਦਾ ਹੈ, ਪਰ ਜਿੰਦਗੀ ਦੀਆਂ ਮਜਬੂਰੀਆਂ ਅਤੇ ਜਿੰਮੇਵਾਰੀਆਂ ਸੁਖਮ ਮਨ ਦੇ ਆਜ਼ਾਦ ਵਿਚਾਰਾਂ ਨੂੁੰੰ ਛੇਤੀ ਹੀ ਕਾਬੂ ਕਰ ਲੈਂਦੀਆ ਹਨ।
ਮੌਨ ਧਾਰ ਕੇ ਆਪਣੀਆਂ ਅੱਖਾਂ ਅੱਗੇ ਕਿਸੇ ਮਜ਼ਲੂਮ ਇਨਸਾਨ ਨਾਲ ਹੁੰਦਾ ਇੱਕਪਾਸੜ ਵਿਵਹਾਰ ਦੇਖਦੇ ਜਾਣਾ ਅੰਦਰਲੀ ਗੁਲਾਮੀ ਨੂੰ ਜ਼ਾਹਿਰ ਕਰਦਾ ਹੈ। ਅਜਿਹੇ ਮੌਕੇ ਜਦੋਂ ਸਾਡਾ ਇੱਕ ਬੋਲ ਕਿਸੇ ਲਈ ਸੰਜੀਵਨੀ ਬਣ ਸਕਦਾ ਹੋਵੇ ਉਸ ਸਮੇਂ ਸ਼ਾਤ ਹੋ ਕੇ ਆਪਣੇ ਸਾਊਪੁਣੇ ਦੀ ਉਦਾਹਰਣ ਦੇਣਾਂ ਕਿਸੇ ਗੁਲਾਮੀ ਨਾਲੋਂ ਘੱਟ ਨਹੀਂ ਹੁੰਦਾ। ਆਜ਼ਾਦ ਮਨੁੰਖ ਮੌਕਾ, ਇਨਸਾਨ, ਪੈਸਾ ਜਾਂ ਅਹੁਦਾ ਦੇਖ ਕੇ ਗੱਲ ਨਹੀਂ ਕਰਦਾ, ਉਸ ਲਈ ਉਹ ਹਰ ਇਨਸਾਨ ਬਹੁਤ ਮਹੱਤਤਾ ਰੱਖਦਾ ਹੈ ਜਿਸ ਨੂੰ ਵਕਤ ਅਤੇ ਇਨਸਾਨ ਦੋਨੋ ਮਿਲ ਕੇ ਮਾਰ ਰਹੇ ਹੋਣ। ਵਿਦਵਾਨ ਲਿਖਦੇ ਹਨ ਕਿ ਜੇਕਰ ਸੱਚ ਬੋਲਣ 'ਤੇ ਅਸਮਾਨ ਡਿੱਗਦਾ ਹੋਵੇ ਤਾਂ ਡਿੱਗਣ ਦਿਉ, ਪਰ ਸੱਚ ਬੋਲਿਆ ਜਾਵੇ। ਗੁਲਾਮੀ ਦੀ ਅਵਸਥਾ ਵਿੱਚ ਸੱਚ ਉਡਾਰੀ ਮਾਰ ਜਾਂਦਾ ਹੈੇ। ਅਹੁਦੇ ਅਤੇ ਪੈਸੇ ਦਾ ਗੁਲਾਮ ਇਨਸਾਨ ਆਪਣੇ ਵੱਡੇ ਅਧਿਕਾਰੀ ਦੀ ਗਲਤ ਗੱਲ ਨੂੰ ਵੀ ਗਲਤ ਨਹੀਂ ਕਹੇਗਾ। ਨੌਕਰੀ ਖੁੱਸਣ ਦੇ ਡਰ ਨੇ ਸੱਚ ਬੋਲਣ ਤੋਂ ਵਰਜ ਕੇ, ਇੱਕ ਹੋਰ ਇਨਸਾਨ ਨੂੰ ਗੁਲਾਮ ਬਣਾ ਦਿੱਤਾ।
ਸਭ ਕੁੱਝ ਜਾਣਦੇ ਹੋਏ ਵੀ ਅਣਜਾਣ ਬਣ ਜਾਣਾਂ, ਤਾਕਤ ਹੁੰਦੇ ਹੋਏ ਵੀ ਕਮਜੋਰ ਦਿੱਸਣਾ, ਪੈਸੇ ਦੀ ਕੋਈ ਘਾਟ ਜਾਂ ਤੋਟ ਨਾ ਹੁੰਦੇ ਹੋਏ ਵੀ ਮਰੂ ਮਰੂ ਕਰੀ ਜਾਣਾਂ, ਇਹ ਸਭ ਇਨਸਾਨ ਦੀ ਗੁਲਾਮ ਸੋਚ ਦੇ ਹੀੇ ਲੱਛਣ ਹਨ। ਕੰਨਾਂ ਦੇ ਕੱਚੇ ਇਨਸਾਨ ਵਲੋਂ ਸੁਣੀਆਂ ਗੱਲਾਂ 'ਤੇ ਯਕੀਨ ਕਰਕੇ ਕੀਤਾ ਕੋਈ ਲੜਾਈ ਝਗੜਾ ਵੀ ਇੱਕ ਗੁਲਾਮ ਸੋਚ ਦੀ ਹੀ ਉਪਜ ਹੈ। ਬਿਨਾਂ ਤਰਕ ਅਤੇ ਤੱਥ ਕਿਸੇ ਨੂੰ ਦੋਸ਼ ਦੇਣਾਂ ਅਤੇ ਆਪਣੇ ਆਪ ਨੂੰ ਸਾਫ ਸਿੱਧ ਕਰਨਾ ਆਜ਼ਾਦ ਹਸਤੀ ਨੂੰ ਗ੍ਰਹਿਣ ਲਾਉਣ ਵਾਲੀ ਗੱਲ ਹੈ। ਇਤਿਹਾਸ ਗਵਾਹ ਹੈ ਕਿ ਵੱਡੇ ਵੱਡੇ ਰਾਜੇ ਇਸੇ ਕਰਕੇ ਆਪਣੇ ਤਾਜ਼ ਅਤੇ ਤਖਤ ਖੋ ਬੈਠੇ ਕਿਉਂਕਿ ਉਹਨਾਂ ਨੇ ਆਪਣੇ ਦਰਬਾਰੀਆਂ ਅਤੇ ਨੇੜਲਿਆਂ ਤੋਂ ਸੁਣੀਆਂ ਗੱਲਾਂ 'ਤੇ ਯਕੀਨ ਕਰਕੇ ਫੈਸਲੇ ਲਏ, ਜੋ ਅੰਤ ਉਹਨਾਂ ਲਈ ਮਾਰੂ ਸਿੱਧ ਹੋਏ। ਇਹ ਰਾਜੇ ਮਹਾਰਾਜੇ ਬੇਸ਼ੱਕ ਵੱਡੇ ਵੱਡੇ ਰਾਜਾਂ 'ਤੇ ਤਾਂ ਰਾਜ ਕਰ ਗਏ, ਪਰ ਸੁਣੀ ਗੱਲ 'ਤੇ ਅਮਲ ਕਰਨ ਵਾਲੀ ਨੀਤੀ ਇਹਨਾਂ ਨੂੰ ਗੁਲਾਮ ਬਣਾ ਗਈ।
ਆਜ਼ਾਦ ਸੋਚ ਵਾਲਾ ਇਨਸਾਨ ਤਰਕ ਤੋਂ ਬਿਨਾਂ ਕਹੀ ਗੱਲ 'ਤੇ ਯਕੀਨ ਨਹੀਂ ਕਰਦਾ ਸ਼ਾਇਦ ਇਸੇ ਕਰਕੇ ਅਜਿਹੀ ਨੀਤੀ ਦੇ ਧਾਰਕ ਦੇ ਇਸ ਸੰਸਾਰ ਵਿੱਚ ਸਮਰਥੱਕ ਘੱਟ ਵਿਰੋਧੀ ਜ਼ਿਆਦਾ ਹੁੰਦੇ ਹਨ। ਆਪਣੇ ਬੋਲਾਂ ਜਾਂ ਸ਼ਬਦਾ ਰਾਹੀਂ ਤਪਦੇ ਅਤੇ ਤੜਫਦੇ ਮਨਾਂ ਦੀ ਗੱਲ ਕਰਕੇ ਉਹਨਾਂ ਨੂੰ ਢਾਰਸ ਅਤੇ ਦਿਸ਼ਾ ਦੇਣ ਵਾਲੇ ਬੁੱਧਜੀਵੀ ਜਦੋਂ ਸੱਚ ਲਿਖਣ ਤੋਂ ਸੰਕੋਚ ਕਰਨ ਲੱਗ ਜਾਣ ਤਾਂ ਸਮਝੋ ਕਲਮ ਗੁਲਾਮ ਹੋ ਗਈ। ਗੁਲਾਮ ਕਲਮ ਲੋਕਾਂ ਦੀ ਨਹੀਂ, ਹਕੂਮਤ ਕਰਨ ਵਾਲੀਆਂ ਦੀ ਗੱਲ ਕਰਦੀ ਹੈ, ਜੋ ਲਿਖਣ ਦੇ ਅਸੂਲਾਂ ਦੇ ਬਿੱਲਕੁੱਲ ਉਲਟ ਹੈ। ਆਜ਼ਾਦ ਸੋਚ ਵਾਲਾ ਲੇਖਕ ਹਰ ਪੱਖ ਤੋਂ ਸੱਚ ਲਿਖਣ ਵਿੱਚ ਵਿਸ਼ਵਾਸ਼ ਰੱਖਦਾ ਹੈ। ਉਸ ਲਈ ਆਪਣੀ ਜੀਭ ਜਾਂ ਕਲਮ ਨੂੰ ਜਿੰਦਾ ਲਾਉਣਾ ਆਪਣੇ ਆਪ ਨੂੰ ਗੁਲਾਮ ਕਰਨ ਬਰਾਬਰ ਹੈੇ।
ਮਨੁੰਖਤਾ ਨੂੰ ਤਾਰ ਤਾਰ ਅਤੇ ਸ਼ਰਮਸ਼ਾਰ ਕਰਨ ਵਾਲੇ ਅਹਿਮ ਮੁੱਦੇ ਜੇ ਅਣਲਿਖੇ ਹੀ ਰਹਿ ਜਾਣ ਤਾਂ ਫਿਰ ਹਨੇਰੇ 'ਚ ਗਵਾਚਦੀ ਇਹ ਆਵਾਜ਼ ਕਲਮ ਨੂੰ ਕਿਵੇਂ ਆਜ਼ਾਦ ਕਹਿ ਸਕਦੀ ਹੈ। ਬੰਜਰ ਜਮੀਨਾਂ ਵਾਹ ਕੇ ਫਸਲਾਂ ਪੈਦਾ ਕਰਨ ਵਾਲੇ ਕਿਸਾਨ ਦੇ ਗੱਲ਼ ਪਿਆ ਬੇਬਕਤੀ ਮੌਤ ਦਾ ਫਾਹਾ ਵਿਸ਼ੇਸ ਧਿਆਨ ਮੰਗਦਾ ਹੈ। ਗੀਤਾਂ 'ਚ ਗੋਲੀਆਂ ਚਲਾ ਕੇ ਜਾਂ ਫਿਰ ਨੰਗੇ ਸ਼ਰੀਰ ਦਿਖਾਉਣ ਵਾਲੇ ਆਜ਼ਾਦ ਸੋਚ ਦੇ ਧਾਰਨੀ ਕਿਵੇਂ ਹੋ ਸਕਦੇ ਹਨ, ਇਹ ਸੋਚਣ ਵਾਲ਼ੀ ਗੱਲ ਹੈ। ਆਜ਼ਾਦੀ ਸਮਾਜ ਲਈ ਖਤਰਾ ਬਣ ਕੇ ਨਹੀਂ ਬਲਕਿ ਸਮਾਜਿਕ ਸਰੋਕਾਰਾਂ ਨੂੰ ਸਮਝ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ, ਜੋ ਇਸ ਸਚਾਈ ਨੂੰ ਨਹੀਂ ਸਮਝਦਾ ਉਹ ਕਿਸੇ ਗੁਲਾਮ ਨਾਲੋਂ ਘੱਟ ਨਹੀਂ। ਆਪਣੇ ਹੀਰੇ ਵਰਗੇ ਸ਼ਰੀਰ ਨੂੰ ਨਸ਼ਿਆਂ 'ਤੇ ਲਾ ਕੇ ਆਜ਼ਾਦ ਜਿੰਦਗੀ ਜਿਉਣ ਦੇ ਸੁਪਨੇ ਲੈਣ ਵਾਲਾ ਸਦਾ ਲਈ ਗੁਲਾਮ ਹੋ ਜਾਂਦਾ ਹੈ।
ਇਹ ਗੁਲਾਮੀ ਹੀ ਹੈ ਜੋ ਸਾਨੂੰ ਆਤਮਾ ਦੀ ਆਵਾਜ਼ ਸਮਝਣ ਨਾਲੋਂ ਦਿਲ ਦੀ ਆਵਾਜ਼ ਸੁਨਣ ਲਈ ਉਕਸਾਉਂਦੀ ਹੈ। ਆਤਮਾ ਦੀ ਆਵਾਜ ਦੇ ਹੋਕੇ ਦਾ ਦਮ ਦਿਲ ਦੀ ਚੰਚਲਤਾ ਅੱਗੇ ਅਕਸਰ ਘੁੱਟਿਆ ਜਾਂਦਾ ਹੈ। ਦਿਲ ਦੇ ਅਸੀਮਤ ਅਤੇ ਲਾਲਚੀ ਵਿਚਾਰ ਆਤਮਾ ਅਤੇ ਪ੍ਰਮਾਤਮਾ ਦੀ ਆਵਾਜ਼ ਨੂੰ ਗੁਲਾਮ ਬਣਾ ਕੇ ਇਨਸਾਨ ਨੂੰ ਕੁਰਾਹੇ ਪਾਉਂਦੇ ਹਨ। ਇਸੇ ਘਮਸਾਨ ਦੇ ਵਿਚਕਾਰ ਸੱਚ ਦੀ ਆਵਾਜ਼ ਖਾਮੋਸ਼ ਹੋ ਕੇ ਅਗਲੇ ਮੌਕੇ ਤੱਕ ਇੰਤਜਾਰ ਕਰਦੀ ਹੈ, ਪਰ ਗੁਲਾਮ ਮਾਨਸਿਕਤਾ ਵਿੱਚ ਕਦੇ ਅਗਲਾ ਮੌਕਾ ਆਉਂਦਾ ਹੀ ਨਹੀਂ, ਸ਼ਾਇਦ ਉਹ ਇਸ ਤੋਂ ਅਣਜਾਣ ਹੈ। ਗੁਲਾਮੀ ਦਾ ਇਹ ਸਿਲਸਿਲਾ ਜਿੰਦਗੀ ਭਰ ਚਲਦਾ ਹੈ ਜੋ ਮੌਤ ਉਪਰੰਤ ਖਤਮ ਹੁੰਦਾ ਹੈ ਅਤੇ ਇਨਸਾਨ ਨੂੰ ਪੂਰਨ ਤੌਰ 'ਤੇ ਆਜ਼ਾਦ ਕਰ ਦਿੰਦਾ ਹੈ, ਪਰ ਅਫਸੋਸ ਉਸ ਵਕਤ ਅਸੀਂ ਕੁੱਝ ਵੀ ਚੰਗਾ ਕਰਨ, ਬੋਲਣ ਜਾਂ ਲਿਖਣ ਦੇ ਕਾਬਿਲ ਨਹੀਂ ਰਹਿੰਦੇੇ।
-
ਪ੍ਰੋ. ਧਰਮਜੀਤ ਸਿੰਘ ਮਾਨ, ਪ੍ਰੋਫੈਸਰ, ਜਵਾਹਰਲਾਲ ਨਹਿਰੂ ਸਰਕਾਰੀ ਕਾਲਜ
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.