ਅਜਬ ਸਰਕਸ ਵੇਖ ਰਹੇ ਦੋਸਤੋ।
ਸ਼ਹੀਦ ਪੁੱਛਦੇ ਹਨ
ਅਸੀਂ ਕੁਰਬਾਨੀਆਂ ਇਸ ਲਈ ਦਿੱਤੀਆਂ ਸਨ ਕਿ
ਫਰੰਗੀਆਂ ਦੇ ਜੁੱਤੀ ਚੱਟ ਟੱਬਰਾਂ ਦੇ ਫਰਜ਼ੰਦ ਬਾਘੀਆਂ ਪਾਉਂਦੇ ਫਿਰਨ
ਤੇ ਤੁਸੀਂ ਚੁੱਪ ਰਹੋ।
ਲੋਕ ਤੰਤਰ ਦੇ ਇਹ ਅਰਥ
ਕਿਸ ਸ਼ਬਦਕੋਸ਼ ਚੋਂ ਲੱਭੀਏ
ਕਿ ਟੈਕਸ ਦੀਆਂ
ਸੁਰੱਖਿਆ ਦਸਤਿਆਂ ਲਈ
ਤਨਖਾਹਾਂ ਬਣੀ ਜਾਣ,
ਤੇ ਕਰੀ ਜਾਣ
ਬਦਹਵਾਸ ਮਿਹਣੇਬਾਜ਼ੀਆਂ ਕਰਨ ਵਾਲਿਆਂ ਦੀ ਰਖਵਾਲੀ
ਬੇ ਲਗਾਮ ਅੱਥਰੇ ਘੋੜੇ
ਸਾਡੀ ਹਰੀ ਅੰਗੂਰੀ ਫ਼ਸਲ
ਚਰੀ ਜਾਣ,
ਜੇ ਕੋਈ ਡੱਕੇ ਵਰਜੇ ਤਾਂ
ਉਸ ਨੂੰ ਹੀ ਬੁਰਕ ਭਰਨ।
ਖੋਤੇ ,ਘੋੜੇ,ਹਾਥੀ ਤੇ ਲੰਗੂਰ
ਕਰਤੱਬ ਵਿਖਾ ਰਹੇ ਨੇ
ਜੋਕਰ ਟਪੂਸੀਆਂ ਮਾਰ ਮਾਰ
ਹਾਸੋਹੀਣੀਆਂ ਹਰਕਤਾਂ ਚ
ਗੁਲਤਾਨ ਹਨ ਦਿਨ ਰਾਤ।
ਗਲੀਆਂ ਚ ਲੜਦੀਆਂ
ਗੋਹਾ ਕੂੜਾ ਕਰਦੀਆਂ
ਪੇਂਡੂ ਧੀਆਂ ਭੈਣਾਂ ਨਾਲੋਂ ਵੀ
ਚੰਦਰੀ ਜ਼ਬਾਨ
ਦੀਨ ਨਾ ਈਮਾਨ
ਪਸ਼ੂ ਨਾ ਇਨਸਾਨ
ਕੁਰਸੀਧਾਰੀ ਭਗਵਾਨ।
ਦੁਖ ਸੁਖ ਦੇ ਭਾਈਵਾਲ
ਸਾਥੋਂ ਕੀਮਤ ਵਸੂਲਣ
ਜ਼ੋਰੀਂ ਦਾਨ ਮੰਗਦੇ ਬਾਬਰ ਕੇ
ਸਾਨੂੰ ਟੋਟਿਆਂ ਧੜਿਆਂ ਚ
ਡੱਕਰੇ ਕਰਕੇ।
ਆਪਸ ਚ ਹੱਸ ਹੱਸ ਬੋਲਦੇ
ਬੰਦ ਕਮਰਿਆਂ ਚ।
ਆਪ ਕੁੜਮਾਚਾਰੀਆਂ
ਤੇ ਯਾਰਾਨੇ ਪਾਲਦੇ।
ਹੱਦ ਹੋ ਗਈ ਯਾਰ।
ਪੜ੍ਹਨ ਲਿਖਣ ਨਾ ਜਾਨਣ ਵਾਲੇ
ਸਾਨੂੰ ਦੱਸਦੇ ਨੇ
ਮੱਝ ਵੱਡੀ ਹੁੰਦੀ ਹੈ ਅਕਲ ਨਾਲੋਂ।
ਸਾਨੂੰ ਮੱਤਾਂ ਦੇਣ।
ਉਲਟੀ ਗੰਗਾ ਵਗਦੀ ਵੇਖੋ
ਕੁਰਬਾਨੀ ਦੇ ਪੁੰਜ ਬਣਦੇ
ਵੰਨ ਸੁਵੰਨੇ ਦਰਸ਼ਨੀ ਘੋੜੇ।
ਮਹਿੰਗੇ ਬਦਾਮ ਚਰ ਕੇ
ਜੁਗਾਲੀ ਕਰਕੇ
ਸਾਡੇ ਲਈ ਸੁਪਨ ਸੰਸਾਰ ਸਿਰਜਦੇ,
ਅਪਹੁੰਚ ਭਰਮ ਜਲ।
ਸਾਡੇ ਸਕੂਲ ਤੇ ਹਸਪਤਾਲ ਰੋਂਦੇ ਹਨ।
ਦੁਹੱਥੜੀਂ ਪਿੱਟਦੇ
ਕਿਰਤ ਲਈ ਤਰਸਦੇ ਮੱਥੇ।
ਅਰਜ਼ੀਆਂ ਲਿਖਦੇ ਹੱਥ
ਰਾਤੋ ਰਾਤ
ਮੁੱਕਿਆਂ ਚ ਤਬਦੀਲ ਨਹੀਂ ਹੁੰਦੇ।
ਨੌਕਰਸ਼ਾਹੀ ਬੇਲਗਾਮ,
ਕਰਮਚਾਰੀ ਬਹਾਨੇਬਾਜ਼।
ਲੁੱਟ ਤੰਤਰ ਚ ਭਾਈਵਾਲ ਸਰਦਾਰ ਕਾਨੂੰਨ ਝਾਕਦਾ ਹੈ ਬਿਟ ਬਿਟ।
ਜੇ ਮੈਨੂੰ ਵਰਤਣਾ ਹੀ ਨਹੀਂ ਸੀ
ਤਾਂ ਬਣਾਇਆ ਕਿਉਂ ਸੀ।
ਸਾਰੀ ਰਾਤ ਭੰਨੀ।
ਔਲਾਦ ਜੰਮੀ ਅੰਨ੍ਹੀ।
ਕੈਸੀ ਰਾਸਲੀਲ੍ਹਾ ਹੈ,
ਨਾਇਕ ਲੱਭਦਾ ਨਹੀਂ,
ਖਲਨਾਇਕਾਂ ਦੀਆਂ ਹੇੜਾਂ
ਵਿੱਚ ਵੱਜਦੀਆਂ ਫਿਰਦੀਆਂ ਹਨ।
ਹੂਟਰ ਵੱਜਦੇ ਆਦਮਬੋ ਕਰਦੇ।
ਰਾਜ ਕਰਦੀ ਨਿਸਚਿੰਤ ਕੌਰ ਨੂੰ
ਉੱਲੂਆਂ ਦੀ ਨਿਵੇਕਲੀ
ਨਸਲ ਗਵਾਚਣ ਦੀ ਚਿੰਤਾ ਹੈ।
ਬੰਦੇ ਕੁੱਤਿਆਂ ਦੀ ਰਖਵਾਲੀ ਕਰ ਰਹੇ।
ਹੱਡਾ ਰੋੜੀ ਤੇ ਪਹਿਰੇਦਾਰੀਆਂ
ਅਜਬ ਨਿਜ਼ਾਮ ਹੈ
ਆਪਣੀ ਜ਼ਿਦ ਪੁਗਾਉਂਦਾ
ਸਾਨੂੰ ਕੁੱਤਿਆਂ ਤੋਂ ਪੜਵਾਉਂਦਾ
ਫਿਰ ਕਿਉਂ ਸਾਨੂੰ ਸਮਝ ਨਾ ਆਉਂਦਾ।
ਸਹਿਮੀਆਂ ਸਹਿਮੀਆਂ
ਧੀਆਂ ਧਿਆਣੀਆਂ
ਪੁੱਛਦੀਆਂ ਹਨ,
ਉਹ ਪਿੜ ਕਿੱਧਰ ਗਿਆ?
ਜਿੱਥੇ ਬੋਲੀਆਂ ਪੈਂਦੀਆਂ ਸਨ
ਝਾਵਾਂ ਝਾਵਾਂ ਝਾਵਾਂ
ਮਾਣ ਭਰਾਵਾਂ ਦੇ
ਮੈਂ ਕੱਲ੍ਹੀ ਖੇਤ ਨੂੰ ਜਾਵਾਂ।
ਘਰ ਘਰ ਡੂੰਘੇ ਵੈਣ ਪਾਉਂਦੀਆਂ
ਕੰਧਾਂ ਪੁੱਛਦੀਆਂ ਹਨ
ਇਸ ਸਰਕਸ ਨੇ ਸਾਡੇ ਪਿੰਡੋਂ
ਡੇਰਾ ਕਦੋਂ ਚੁੱਕਣਾ ਹੈ।
ਮੁਕਤੀ ਦਾਤਿਓ!
ਜੇ ਤੁਹਾਨੂੰ ਪਤਾ ਲੱਗੇ ਤਾਂ ਦੱਸਣਾ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.