ਮੇਰੇ ਲਈ ਇਸ ਸਵਾਲ ਦਾ ਜਵਾਬ ਬੜਾ ਔਖਾ ਸੀ।
ਕੀ ਕਹਾਂ?
ਗੀਤ ਲਿਖ ਕੇ ਵੀ ਦੂਸਰੇ ਕੰਨ ਨਹੀਂ ਪਤਾ ਕਿ ਮੈਂ ਗੀਤ ਵੀ ਲਿਖ ਲੈਂਦਾ ਹਾਂ।
ਜਦ ਕਿ ਮੇਰੀ 1978 ਚ ਛਪੀ ਪਹਿਲੀ ਕਿਤਾਬ ਸ਼ੀਸ਼ਾ ਝੂਠ ਬੋਲਦਾ ਚ ਵੀ ਕੁਝ ਗੀਤ ਸਨ।
ਇੱਕ ਗੀਤ ਨੂੰ ਤਾਂ 1980 ਚ ਆਪਣੀ ਦਿੱਲੀ ਫੇਰੀ ਦੌਰਾਨ ਤੁਫ਼ੈਲ ਨਿਆਜ਼ੀ ਸਾਹਿਬ ਨੇ ਵੀ ਗਾਇਆ ਸੀ।
ਸਰਹੱਦ ਪਾਰ ਖਲੋਤੇ ਮਿੱਤਰਾ
ਕਾਹਨੂੰ ਦਿਲ ਭਰਿਆ।
ਆਪਾਂ ਦੋਵੇਂ ਵੱਖ ਹਾਂ ਭਾਵੇਂ,
ਸਾਡਾ ਸਾਂਝਾ ਦੁੱਖ ਦਰਿਆ।
1985 ਚ ਨਰਿੰਦਰ ਬੀਬੀ ਜੀ ਨੇ ਐੱਚ ਐੱਮ ਵੀ ਕੰਪਨੀ ਲਈ ਚਾਰ ਗੀਤ ਜੁਗ ਜੁਗ ਜੀ ਭਾਬੋ ਕੈਸਿਟ ਲਈ ਗਾਏ ਸਨ।
ਅਮਰਜੀਤ ਗੁਰਦਾਸਪੁਰੀ, ਬਰਕਤ ਸਿੱਧੂ, ਭਜਨ ਮਲਿਕਪੁਰੀ,ਜਗਮੋਹਨ ਕੌਰ, ਸੁਰਿੰਦਰ ਸ਼ਿੰਦਾ, ਹੰਸ ਰਾਜ ਹੰਸ, ਲਾਭ ਜੰਜੂਆ, ਡਾ: ਸੁਖਨੈਨ, ਪਰਮਿੰਦਰ ਸੰਧੂ,ਕੁਲਦੀਪ ਪਾਰਸ,ਜਸਬੀਰ ਜੱਸੀ, ਸਾਬਰ ਕੋਟੀ,ਜਸਬੀਰ ਖ਼ੁਸ਼ਦਿਲ, ਦੇਵ ਦਿਲਦਾਰ,ਦਿਲਜੀਤ ਕੈਸ,ਰਣਜੀਤ ਬਾਵਾ, ਯਾਕੂਬ,ਹਰਦਿਆਲ ਸਿੰਘ ਪ੍ਰਵਾਨਾ, ਸੁਰਜੀਤ ਮਾਧੋਪੁਰੀ, ਹਰਪ੍ਰੀਤ ਸਿੰਘ,ਅਵਤਾਰ ਬੱਲ,ਸਰੂਪ ਬੱਲ, ਰਛਪਾਲ ਸਿੰਘ ਪਮਾਲ ਢਾਡੀ, ਸੁਰੇਸ਼ ਤੇ ਵਿਜੈ ਯਮਲਾ ਜੱਟ, ਕੁਦਰਤ ਸਿੰਘ, ਰਾਮ ਸਿੰਘ ਅਲਬੇਲਾ, ਪਰਮਜੀਤ ਕੌਰ ਨੂਰ ਬਟਾਲਾ ਆਦਿ ਨੇ ਗਾਏ ਹਨ।
ਕੁਝ ਭੁੱਲ ਵੀ ਗਿਆਂ।
ਇੱਕ ਗੀਤ ਨੂੰ ਤਾਂ ਨਰਿੰਦਰ ਬੀਬਾ ਜੀ ਤੇ ਜਗਮੋਹਨ ਕੌਰ ਨੇ ਵੱਖ ਵੱਖ ਕੰਪਨੀਆਂ ਲਈ ਗਾਇਆ ਹੈ।
ਸਿੰਘਾ ਵੇ ਤੇਰੇ ਨਾਨਕੀਂ
ਮੈਂ ਤੀਆਂ ਵੇਖਣ ਜਾਣਾ।
ਮੇਰੇ ਗੀਤਾਂ ਦੀ ਪਹਿਲੀ ਕਿਤਾਬ ਫੁੱਲਾਂ ਦੀ ਝਾਂਜਰ 2005 ਚ ਛਪੀ ਸੀ ਚੇਤਨਾ ਪ੍ਰਕਾਸ਼ਨ ਵੱਲੋਂ। ਡਾ: ਆਤਮਜੀਤ ਦੇ ਮੁੱਖ ਬੰਦ ਸਮੇਤ।
ਇੱਕ ਹੋਰ ਕਿਤਾਬ ਜੋਗੇ ਗੀਤ ਪਏ ਹਨ। ਅਗਲੇ ਸਾਲ ਛਾਪਣ ਦਾ ਸੋਚ ਰਿਹਾਂ।
ਕੀ ਮੈਂ ਵੀ ਗੀਤ ਲਿਖ ਲੈਂਦਾਂ?
ਪੁੱਛਣ ਵਾਲੇ ਦਾ ਸਵਾਲ ਵਾਜਬ ਸੀ।
ਕਾਰਨ ਇਹ ਹੈ ਕਿ ਪ੍ਰਚੱਲਤ ਗੀਤਕਾਰਾਂ ਵਾਂ ਮੈਂ ਆਪਣਾ ਨਾਮ ਗੀਤ ਦੇ ਆਖਰੀ ਅੰਤਰੇ ਚ ਨਹੀਂ ਪਰੋਂਦਾ।
ਕਾਰਨ ਕੋਈ ਖ਼ਾਸ ਨਹੀਂ, ਬੱਸ ਸੁਭਾਅ ਹੀ ਨਹੀਂ ਬਣਿਆ।
ਮੈਂ ਗੀਤ ਆਪ ਨਹੀਂ ਦਿੰਦਾ, ਜੇ ਕੋਈ ਮੰਗ ਲਵੇ ਤਾਂ ਨਾਂਹ ਨਹੀਂ ਕਰਦਾ।
ਮੇਰਾ ਇੱਕ ਗੀਤ
ਚੁੱਪ ਵਾਲੀ ਮਾਰ ਨਾ ਤੂੰ ਮਾਰ ਵੇ ਪਿਆਰਿਆ!
ਕਿਤੇ ਤੁਰਦਾ ਫਿਰਦਾ ਹਰਭਜਨ ਮਾਨ ਕੋਲ ਪਹੁੰਚ ਗਿਆ।
ਉਸ ਨੇ ਮੈਨੂੰ ਗੀਤਕਾਰ ਦਾ ਨਾਮ ਪਤਾ ਕਰਕੇ ਪਰਵਾਨਗੀ ਲੈ ਕੇ ਦੇਣ ਲਈ ਕਿਹਾ ਤਾਂ ਮੇਰਾ ਹਾਸਾ ਨਾ ਰੁਕੇ।
ਮੈਂ ਕਿਹਾ! ਪਛਾਣ ਲੈ, ਤੇਰੇ ਸਾਹਮਣੇ ਬੈਠੇ ਬੰਦਿਆਂ ਚ ਹੀ ਹੈ? ਮੇਰੇ ਬਿਨਾ ਉਸ ਸਭ ਵੱਲ ਗਹੁ ਨਾਲ ਵੇਖਿਆ?
ਉਸ ਲਈ ਇਹ ਬੁਝਾਰਤ ਸੀ।
ਮੈਂ ਕਿਹਾ, ਗੀਤ ਤੇਰਾ ਹੋ ਗਿਆ, ਮੈਂ ਹੀ ਲਿਖਿਐ। ਫੁੱਲਾਂ ਦੀ ਝਾਂਜਰ ਚ ਛਪਿਐ।
ਦੱਸਦੇ ਨੇ ਕਿ ਉਸ ਬੜਾ ਹੀ ਸੋਹਣਾ ਰੀਕਾਰਡ ਕੀਤੈ, ਜੈਦੇਵ ਕੁਮਾਰ ਦੇ ਸੰਗੀਤ ਚ।
ਪਤਾ ਨਹੀਂ ਲੋਕਾਂ ਤੀਕ ਕਦੋਂ ਪਹੁੰਚੇ?
ਸਾਡੀਆਂ ਵੀ ਲੰਮੀਆਂ ਡੋਰਾਂ ਨੇ।
ਹੁਣ ਤਰਨਤਾਰਨ ਵੱਸਦੇ ਪੁੱਤਰ ਤੇ ਚੰਗੇ ਗਾਇਕ ਦਿਲਬਾਗ ਹੁੰਦਲ ਨੇ ਮੇਰੇ ਕਾਫ਼ੀ ਗੀਤ ਯੂ ਟਿਊਬ ਚ ਪਾ ਦਿੱਤੇ ਹਨ।
ਸੁਣ ਸਕੋ ਤਾਂ ਚੰਗਾ ਲੱਗੇਗਾ।
ਬਾਕੀ ਕਦੇ ਫਿਰ ਸਹੀ।
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.