ਧੂਰੀ ਦੀਆਂ ਝੁੱਗੀਆਂ ਚ ਬੱਚਿਆਂ ਨੂੰ ਪੜ੍ਹਾਉਂਦਾ ਸੰਗਰੂਰ ਜ਼ਿਲੇ ਦੇ ਪਿੰਡ ਸ਼ੇਰਪੁਰ ਦਾ ਭਾਨ ਸਿੰਘ ਜੱਸੀ ਮੈਨੂੰ ਬਹੁਤ ਚੰਗਾ ਲੱਗਦਾ ਹੈ।
ਗੁਰੂ ਆਸ਼ੇ ਅਨੁਸਾਰ ਨਿਆਸਰਿਆਂ ਦਾ ਆਸਰਾ।
ਸੰਗਰੂਰ, ਬਰਨਾਲਾ ਤੇ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਦੀਆਂ ਝੁੱਗੀਆਂ ਚ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਲਿੱਸੇ ਘਰਾਂ ਤੇ ਝੁੱਗੀਆਂ ਚ ਵੱਸਦੇ ਬੱਚਿਆਂ ਨੂੰ ਅੱਖਰ ਗਿਆਨ ਦੇ ਨਾਲ ਨਾਲ ਆਤਮ ਬਲ ਨਾਲ ਸ਼ਸਤਰ ਬੱਧ ਕਰ ਰਿਹਾ ਹੈ। ਜਟੂਰੀਆਂ ਨੂੰ ਕੰਘੀ ਫੇਰ ਕੇ ਸੁਰਖ਼ ਰਿਬਨਾਂ ਚ ਗੁੰਦ ਰਿਹੈ।
ਬਿਜਲੀ ਬੋਰਡ ਦਾ ਨਿੱਕਾ ਜਿਹਾ ਕਰਮਚਾਰੀ ਹੈ, ਪਰ ਵੱਡੇ ਇਰਾਦਿਆਂ ਵਾਲਾ।
ਨਾਇਕ ਹੈ ਮੇਰੇ ਲਈ ਉਹ।
ਜ਼ਿੰਦਗੀ ਦਾ ਨਾਇਕ।
ਦੌੜਾਕ ਬਾਪੂ ਫੌਜਾ ਸਿੰਘ ਤੇ ਗੁਰਦਾਸ ਮਾਨ ਵੀ ਉਸ ਨਾਲ ਜਾ ਕੇ ਇਨ੍ਹਾਂ ਬੱਚਿਆਂ ਨੂੰ ਮਿਲ ਚੁਕੇ ਹਨ। ਮੈਂ ਵੀ ਦੋ ਵਾਰ ਬਰਨਾਲਾ ਦਾਣਾ ਮੰਡੀ ਨੇੜੇ ਇਨ੍ਹਾਂ ਝੁੱਗੀਆਂ ਦੇ ਬਾਲਾਂ ਦੀਆਂ ਅੱਖਾਂ ਦੀ ਲਿਸ਼ਕੋਰ ਵੇਖੀ ਹੈ।
ਭਾਨ ਸਿੰਘ ਨੂੰ ਤੁਸੀਂ ਵੀ ਅੱਜ ਥਾਪੜਾ ਦੇਣਾ।
ਸਹਿਯੋਗ ਦਾ ਇਕਰਾਰ ਵੀ।
ਉਸ ਦਾ ਸੰਪਰਕ ਨੰਬਰ ਹੈ
+91 98553 00159
ਇਸ ਪਲ ਮੇਰੇ ਕੋਲ ਕੁਝ ਸਤਰਾਂ ਹਨ। ਉਸਦੇ ਮਿਸ਼ਨ ਲਈ।
ਇਨ੍ਹਾਂ ਨਾਲ ਤੁਸੀਂ ਵੀ ਸਾਂਝ ਪਾਉ।
ਲਿੱਸਿਆਂ ਘਰਾਂ ਵਿੱਚ
ਗੁਰਭਜਨ ਗਿੱਲ
ਲਿੱਸਿਆਂ ਘਰਾਂ ਵਿੱਚ
ਬੱਚੇ ਨਹੀਂ
ਗ਼ਰਜ਼ਾਂ ਜੰਮਦੀਆਂ ਹਨ।
ਦੁੱਧ ਨਹੀਂ,
ਮਾਵਾਂ ਦਾ ਖ਼ੂਨ ਚੁੰਘਦੀਆਂ
ਸਰਦਾਰਾਂ ਤੇ ਬਾਬੂਆਂ ਦੇ
ਘਰੋਂ ਮਿਲੇ ਪੁਰਾਣੇ
ਉਤਾਰ ਨਾਲ ਪਲਦੀਆਂ
ਪੁਸ਼ਤਾਂ ਦਰ ਪੁਸ਼ਤਾਂ।
ਇਹ ਗਿਆਨ
ਆਪਣੇ ਕੋਲ ਰੱਖੋ
ਭੱਦਰਪੁਰਸ਼ੋ!
ਅਖ਼ੇ ਕਾਨੂੰਨ
ਪਰਵਾਨਗੀ ਨਹੀਂ ਦਿੰਦਾ
ਬਈ ਬੱਚਿਆਂ ਤੋਂ
ਕੰਮ ਨਾ ਕਰਾਉ।
ਤੁਹਾਡੇ ਇਸ ਕਾਨੂੰਨ ਦੀ
ਰੋਟੀ ਨਹੀਂ ਪੱਕਦੀ।
ਰੋਟੀ ਤਾਂ ਆਟੇ ਦੀ ਬਣਦੀ ਹੈ
ਤੇ ਆਟਾ ਕੰਮ ਕੀਤਿਆਂ ਮਿਲਦਾ ਹੈ।
ਜਿੰਨ੍ਹਾਂ ਸਿਰਾਂ ਤੇ
ਪੌਣੀ ਸਦੀ ਬਾਅਦ
ਅੱਜ ਵੀ ਨੀਲਾ ਅੰਬਰ ਹੈ।
ਥੱਲੇ ਵਿਛਾਉਣ ਲਈ
ਚਿੱਬ ਖੜਿੱਬੀ ਧਰਤੀ ਹੈ
ਉਸ ਨੂੰ ਤੁਹਾਡੇ ਸਬਕ
ਵਿਹੁ ਵਰਗੇ ਲੱਗਦੇ ਨੇ।
ਝੁੱਗੀਆਂ ਚ ਅੱਜ ਜਾਇਉ ਜਨਾਬ
ਕੁਰਬਲ ਕੁਰਬਲ ਕਰਦੇ
ਕੀੜਿਆਂ ਮਕੌੜਿਆਂ ਨੂੰ ਜ਼ਰੂਰ ਮਿਲਿਓ
ਤੇ ਕੋਲ ਬੈਠ ਕੇ ਪੁੱਛਿਓ
ਊੜੇ ਦਾ ਮੂੰਹ ਕਿੱਧਰ ਹੁੰਦਾ ਹੈ?
ਐੜਾ ਪੁੱਛੋਗੇ ਤਾਂ ਦੌੜ ਜਾਣਗੇ।
ਹੁਣ ਇਹ ਉਹ ਨਹੀਂ ਰਹੇ
ਕਿ ਪਤੰਗੇ ਬਣ ਸੜ ਜਾਣਗੇ।
ਹੁਣ ਇਹ ਤੁਹਾਨੂੰ ਜਾਣਦੇ ਨੇ
ਸਮਝਦੇ ਨੇ ਚਾਲ
ਤੁਹਾਡੇ ਚਾਨਣ ਦੇ ਲਾਟੂ ਨੇ
ਇਨ੍ਹਾਂ ਦਾ ਬਹੁਤ ਘਾਣ ਕੀਤਾ ਹੈ।
ਤੁਹਾਡਾ ਦਿੱਤਾ
ਕਿਰਕ ਵਾਲਾ ਆਟਾ
ਰੋੜਾਂ ਵਾਲੀ
ਢੋਰੇ ਖਾਧੀ ਦਾਲ
ਹੁਣ ਇਨ੍ਹਾਂ ਦੇ ਸੰਘੋਂ ਨਹੀਂ ਲਹਿੰਦੀ।
ਇਨ੍ਹਾਂ ਨੂੰ ਕੰਮ ਕਰਨ ਦਿਉ
ਤੁਸੀਂ ਆਪਣਾ ਕੰਮ ਕਰ ਲਿਆ ਹੈ
ਹੁਣ ਜਾਉ!
ਕੱਲ੍ਹ ਨਵਾਂ ਦਿਨ ਆਵੇਗਾ
ਉਹ ਮਨਾਉ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.