ਜਨਮ ਤੋਂ ਬਾਅਦ ਬੱਚੇ ਨੂੰ ਜਿਹੋ ਜਿਹਾ ਵਾਤਾਵਰਣ ਮਿਲਦਾ ਹੈ ਉਹ ਅਨੁਸਾਰ ਢਲ਼ਦਾ ਜਾਂਦਾ ਹੈ। ਕਿਸੇ ਗਿਆਨੀ ਜਾਂ ਵਿਦਵਾਨ ਇਨਸਾਨ ਦੀ ਸੰਗਤ ਬੱਚੇ ਨੂੰ ਚੰਗਾਂ ਗਿਆਨ ਦੇਵੇਗੀ, ਚਾਲਾਕ ਇਨਸਾਨ ਬੱਚੇ ਨੂੰ ਚਲਾਕੀਆਂ ਅਤੇ ਚੁਸਤੀਆਂ 'ਚ ਮਾਹਿਰ ਬਣਾ ਦੇਵੇਗਾ, ਚੋਰ ਦੀ ਸੰਗਤ ਬੱਚੇ ਨੂੰ ਚੋਰੀ ਕਰਨ ਲਈ ਪ੍ਰਰੇਰਿਤ ਕਰੇਗੀ ਅਤੇ ਇੱਕ ਆਦਰਸ਼ ਇਨਸਾਨ ਬੱਚੇ ਨੂੰ ਦਾਰਸ਼ਨਿਕ ਬਣਾ ਦੇਵੇਗਾ। ਜ਼ਿਆਦਾ ਲਾਡ ਅਤੇ ਪੈਸਾ ਬੱਚੇ ਨੂੰ ਵਿਗਾੜਨ ਲਈ ਕਾਫ਼ੀ ਹਨ। ਹਰ ਮੰਗ ਜ਼ਿੱਦ ਕਰਕੇ ਪੂਰੀ ਕਰਵਾਉਣ ਵਾਲਾ ਬੱਚਾ ਜਿੰਦਗੀ ਦੇ ਕਿਸੇ ਮੁਕਾਮ 'ਤੇ ਸ਼ਾਇਦ ਹੀ ਪਹੁੰਚ ਸਕੇ। ਹਰ ਇੱਕ ਚੀਜ਼ ਦੀ ਹੱਦ ਅਤੇ ਉਮਰ ਹੁੰਦੀ ਹੈ, ਉਸ ਤੋਂ ਬਾਅਦ ਜੇਕਰ ਬਚਪਨ ਵਾਲੀਆਂ ਜਿੱਦਾਂ ਜਾਂ ਸ਼ੌਂਕ ਪੁਗਾਏ ਜਾਣ, ਫਿਰ ਸਮਝੋਂ ਜਿੰਦਗੀ ਦਾ ਪੁੱਠਾ ਗੇੜ ਸ਼ੁਰੂ ਹੋ ਗਿਆ।
ਬਚਪਨ ਵਿੱਚ ਮਾਂ ਬਾਪ ਅਤੇ ਜਵਾਨੀ ਵਿੱਚ ਅਧਿਆਪਕ ਇੱਕ ਇਨਸਾਨ ਦੀ ਜਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਸੂਲਾਂ ਦਾ ਪੱਕਾ ਅਤੇ ਕਹਿਣੀ ਨੂੰ ਪੁਗਾਉਣ ਵਾਲਾ ਮਾਂ ਬਾਪ ਆਪਣੇ ਬੱਚੇ ਨੂੰ ਜਿੰਦਗੀ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਉਹ ਖਜਾਨਾਂ ਦੇ ਕੇ ਜਾਂਦਾ ਹੈ ਜੋ ਇੱਕ ਬੱਚੇ ਨੂੰ ਬੁੱਢੇ ਹੋਣ ਤੱਕ ਅਮੀਰ ਬਣਾਈ ਰੱਖਦਾ ਹੈ। ਵੱਡੀਆਂ ਕਾਰਾਂ ਜਾਂ ਮਹਿੰਗੇ ਕਪੜਿਆਂ ਦੇ ਸ਼ੌਂਕ ਬੱਚੇ ਵਿੱਚ ਅਮੀਰ ਹੋਣ ਦਾ ਚਾਅ ਜਾਂ ਮਾਣ ਤਾਂ ਪੈਦਾ ਕਰ ਦਿੰਦੇ ਹਨ ਪਰ ਕਈ ਵਾਰੀ ਪੈਸੇ ਦੀ ਇਹ ਅੰਨੀ ਤਾਕਤ ਬੱਚਿਆਂ ਨੂੰ ਨੈਤਿਕ ਪੱਖ ਤੋਂ ਸਿਫਰ ਕਰ ਦਿੰਦੀ ਹੈ। ਪੈਰ ਪੈਰ 'ਤੇ ਮਾਂ ਬਾਪ ਤੋਂ ਜ਼ਿੱਦ ਪੁਗਾ ਕੇ ਮੰਗਾਂ ਮੰਨਵਾਉਣ ਵਾਲਾ ਬੱਚਾ ਜਿੰਦਗੀ ਦੀ ਸ਼ਘੰਰਸ਼ੀਲ ਪਾਉੜੀ ਨਹੀਂ ਚੜ ਸਕਦਾ ਹੈ। ਉਸ ਲਈ ਛੋਟੀ ਜਿਹੀ ਹਾਰ ਜਾਂ ਚੁਣੌਤੀ ਵੀ ਇੱਕ ਪਹਾੜ ਬਣ ਜਾਏਗੀ।
ਸਕੂਲਾਂ, ਕਾਲਜਾਂ ਵਿੱਚ ਕਿਤਾਬੀ ਗਿਆਨ ਦੇਣ ਦੀ ਕੋਈ ਕਮੀਂ ਨਹੀਂ। ਇੱਕ ਡਿਗਰੀ ਲੈ ਕੇ ਇਨਸਾਨ ਪੜਿਆ ਲਿਖਿਆ ਤਾਂ ਕਹਾ ਸਕਦਾ ਹੈ, ਪਰ ਨੈਤਿਕਕਤਾ ਦੀ ਘਾਟ ਮਨੁੰਖੀ ਜੀਵਨ ਨੂੰ ਸੰਪੂਰਨ ਨਹੀਂ ਹੋਣ ਦਿੰਦੀ। ਕੋਈ ਪੜਿਆ ਲਿਖਿਆ ਇਨਸਾਨ ਜਦੋਂ ਇਖਲਾਕ ਤੋਂ ਡਿੱਗਿਆ ਹੋਇਆ ਕੰਮ ਕਰਦਾ ਹੈ ਤਾਂ ਉਸਦੀਆਂ ਪੜਾਈਆਂ ਉੱਥੇ ਹੀ ਖਤਮ ਹੋ ਜਾਂਦੀਆਂ ਹਨ। ਘਰ ਵਿੱਚ ਮਾਂ ਬਾਪ ਅਤੇ ਸਕੂਲ ਵਿੱਚ ਅਧਿਆਪਕ ਇੱਕ ਵਿਦਿਆਰਥੀ ਵਿੱਚੋਂ ਇੱਕ ਚੰਗੇ ਇਨਸਾਨ ਦਾ ਨਿਰਮਾਣ ਕਰ ਸਕਦੇ ਹਨ। ਜੇਕਰ ਇੱਕ ਜਮਾਤ ਵਿੱਚ ਵਿਦਿਅਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਨੈਤਿਕ ਗਿਆਨ ਦੇਣ ਲਈ ਹਰ ਰੋਜ਼ ਚਾਲੀ ਪੰਤਾਂਲੀ ਮਿੰਟ ਦਾ ਇੱਕ ਪੀਰੀਅਡ ਦਿੱਤਾ ਜਾਵੇ ਤਾਂ ਕਾਫੀ ਹੈ। ਮੈਨੂੰ ਯਾਦ ਹੈ ਕਿ ਕਾਲਜ 'ਚ ਪੜਾਉਂਦੇ ਸਮੇਂ ਇੱਕ ਦਿਨ ਅਚਾਨਕ ਉਚੇਰੀ ਸਿੱਖਿਆ ਵਿਭਾਗ ਦੇ ਇੱਕ ਉੱਚ ਅਫਸਰ ਸਾਹਿਬਾਨ ਕਾਲਜ ਆ ਗਏ। ਕਾਲਜ ਦਫਤਰ ਵਿੱਚ ਕੁੱਝ ਪਲ ਵਿਚਾਰ ਚਰਚਾ ਕਰਨ ਉਪਰੰਤ ਉਹ ਕਾਲਜ ਦਾ ਇੱਕ ਚੱਕਰ ਲਾਉਣ ਲਈ ਤੁਰ ਪਏ। ਘੁੰਮਦੇ ਘੁੰਮਦੇ ਜਦੋਂ ਉਹ ਇੱਕ ਕਲਾਸ ਵਿੱਚ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਉਸ ਕਲਾਸ ਵਿੱਚ ਲੱਗੇ ਪੱਖਿਆਂ ਦੇ ਫਰ ਅਤੇ ਕੰਧ ਦੇ ਲੱਗੇ ਸਵਿੱਚ ਬੋਰਡ ਤੋੜੇ ਹੋਏ ਸਨ। ਇਹ ਦੇਖ ਕੇ ਉਹਨਾਂ ਨੇ ਇੱਕ ਸੀਨੀਅਰ ਅਧਿਆਪਕ ਨੂੰ ਪੁੱਛਿਆ ਕਿ ਇਹ ਕਿਉਂ ਅਤੇ ਕਿਵੇਂ ਹੋਇਆ? ਅਫਸਰ ਸਾਹਿਬਾਨ ਦਾ ਇਹ ਪ੍ਰਸ਼ਨ ਉਸ ਸੀਨੀਅਰ ਅਧਿਆਪਕ ਨੂੰ ਨਿਰਉੱਤਰ ਕਰ ਗਿਆ ਜਿਸ ਕੋਲ਼ ਉੱਚੇਰੀ ਸਿੱਖਿਆ ਦੀ ਤਾਮੀਲ ਦਾ ਲੰਬਾਂ ਤਜੁਰਬਾ ਸੀ। ਆਖਿਰ ਇੱਕ ਹੋਰ ਅਧਿਆਪਕ ਨੇ ਕਿਹਾ ਕਿ ਵਿਦਿਆਰਥੀ ਅਕਸਰ ਅਜਿਹਾ ਕਰਦੇ ਰਹਿੰਦੇ ਹਨ, ਸਮਝਾਇਆ ਵੀ ਬਹੁਤ ਜਾਂਦੈ ਪਰ ਸਮਝਦੇ ਨਹੀਂ। ਉਸ ਅਫਸਰ ਸਾਹਿਬਾਨ ਵਲੋਂ ਜੋ ਸ਼ਬਦ ਅਧਿਆਪਕ ਦੀ ਗੱਲ ਸੁਣ ਕੇ ਕਹੇ ਗਏ ਉਹ ਵਾਕਿਆ ਹੀ ਕਾਬਿਲੇ ਤਾਰੀਫ ਸਨ। ਉਹਨਾਂ ਨੇ ਕਿਹਾ ਕਿ ਜੇਕਰ ਵਿਦਿਆਰਥੀ ਅਧਿਆਪਕ ਦੇ ਸਮਝਾਉਣ 'ਤੇ ਰਤਾ ਵੀ ਨਹੀਂ ਸਮਝਦੇ ਤਾਂ ਫਿਰ ਸਾਨੂੰ ਆਪਣੀ ਅਧਿਆਪਨ ਕਾਰਜਸ਼ੈਲੀ ਦਾ ਅਧਿਐਨ ਕਰਨਾ ਹੋਵੇਗਾ। ਉਹਨਾਂ ਨੇ ਦੱਸਿਆ ਕਿ ਜੇਕਰ ਰੋਜ਼ਾਨਾਂ ਕੁੱਝ ਸਮਾਂ ਕਾਲਜ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਨੈਤਿਕ ਕਦਰਾ ਕੀਮਤਾਂ ਅਤੇ ਚੰਗੇ ਆਚਰਣ ਸਬੰਧੀ ਮਿਸਾਲਾਂ ਦੇ ਕੇ ਜਾਗਰੂਕ ਕਰਨ ਲਈ ਦਿੱਤਾ ਜਾਵੇ ਤਾਂ ਇੱਕ ਦਿਨ ਵਿਦਿਆਰਥੀ ਅਧਿਆਪਕ ਦੀ ਗੱਲ 'ਤੇ ਜਰੂਰ ਗੌਰ ਕਰਨਗੇ ਅਤੇ ਹੌਲ਼ੀ ਹੌਲ਼ੀ ਉਹ ਅਧਿਆਪਕਾਂ ਦੀਆਂ ਕਹੀਆਂ ਗੱਲਾਂ ਅਪਨਾਉਣੀਆਂ ਸ਼ੁਰੂ ਕਰ ਦੇਣਗੇ ਅਤੇ ਫਿਰ ਇਹ ਉਹਨਾਂ ਦੀ ਆਦਤ ਬਣ ਜਾਏਗੀ, ਜੋ ਵਿਦਿਆਰਥੀਆਂ ਨੂੰ ਇੱਕ ਚੰਗਾ ਇਨਸਾਨ ਬਣਾੳੇਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ ਅਤੇ ਇਸ ਨਾਲ ਅਧਿਆਪਕ ਵੀ ਆਪਣੇ ਕਿੱਤੇ 'ਚ ਸਫਲ ਹੋਇਆ ਮਹਿਸੂਸ ਕਰਨਗੇ। ਗੱਲ ਬਹੁਤ ਭੇਦ ਅਤੇ ਤਜੁਰਬੇ ਵਾਲੀ ਸੀ। ਇਹ ਅਧਿਆਪਕ ਅਤੇ ਮਾਂ ਬਾਪ ਹੀ ਹਨ ਜੋ ਸਿੱਖਿਆ ਦੇ ਨਾਲ ਨਾਲ ਇੱਕ ਚੰਗੇ ਸਮਾਜ ਦਾ ਨਿਰਮਾਣ ਕਰਨ 'ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇੱਕ ਦਿਨ ਮੈਂ ਕਾਲਜ ਵਿੱਚ ਇੱਕ ਵਿਦਿਆਰਥੀ ਨੂੰ ਸਹਿਜੇ ਹੀ ਪੁੱਛ ਲਿਆ ਕਿ, ਕੀ ਅੱਜ ਕੱਲ ਨੌਜਵਾਨਾਂ ਦਾ ਨਸ਼ੇ ਦੀ ਦਲਦਲ 'ਚ ਫਸਣ ਦਾ ਮੁੱਖ ਕਾਰਨ ਬੂਰੀ ਸੰਗਤ ਹੈ? ਉਸ ਨੌਜਵਾਨ ਨੇ ਬੜਾ ਵਧੀਆ ਉੱਤਰ ਦਿੰਦੇ ਹੋਏ ਕਿਹਾ ਕਿ, ਸਰ ਜੇਕਰ ਕਿਸੇ ਨੌਜਵਾਨ ਦੀ ਸੋਚ ਅਤੇ ਵਿਚਾਰ ਉੱਚੇ ਅਤੇ ਸੁੱਚੇ ਹਨ ਅਤੇ ਨਿਸ਼ਚਾ ਦ੍ਰਿੜ ਹੈ ਤਾਂ ਉਸ ਨੌਜਵਾਨ ਨੂੰ ਮਾੜੀ ਸੰਗਤ ਤਾਂ ਕੀ ਦੁਨੀਆਂ ਦੀ ਕੋਈ ਤਾਕਤ ਵੀ ਕੁਰਾਹੇ ਨਹੀਂ ਪਾ ਸਕਦੀ। ਨੌਜਵਾਨ ਵਲੋਂ ਦਿੱਤਾ ਉੱਤਰ ਮੇਰੇ ਪ੍ਰਸ਼ਨ ਦਾ ਢੁਕਵਾਂ ਜਵਾਬ ਦੇ ਗਿਆ ਸੀ।
ਬਿਲਕੁੱਲ, ਵਿਦਿਆਰਥੀ ਜੀਵਨ ਦੌਰਾਨ ਨੌਜਵਾਨਾਂ ਵਿੱਚ ਚੰਗੇ ਵਿਚਾਰ ਅਤੇ ਸੋਚ, ਮਾਪੇ ਅਤੇ ਅਧਿਆਪਕਾਂ ਨੇ ਹੀ ਦੇਣੇ ਹੁੰਦੇ ਹਨ। ਜਿਸ ਅਧਿਆਪਕ ਨੂੰ ਕਲਾਸ ਵਿੱਚ ਬੈਠੇ ਬੱਚਿਆਂ ਦੀ ਰੁੱਚੀ, ਸੋਚ ਅਤੇ ਵਿਚਾਰਾਂ ਦਾ ਹੀ ਅਹਿਸਾਸ ਨਹਂੀਂ ਹੋਵੇਗਾ, ਉਹ ਅਧਿਆਪਕ ਕਿਤਾਬੀ ਸਿੱਖਿਆ ਤਾਂ ਦੇ ਦੇਵੇਗਾ ਪਰ ਨੈਤਿਕ ਪੱਖ ਤੋਂ ਉਸ ਕੋਲ਼ ਵਿਦਿਆਰਥੀਆਂ ਨੂੰ ਦੇਣ ਲਈ ਕੁੱਝ ਨਹੀਂ ਬਚੇਗਾ। ਘਰ ਵਿੱਚ ਅਕਸਰ ਲੜਾਈ ਝਗੜੇ ਵਿੱਚ ਘਿਰੇ ਮਾਂ ਬਾਪ ਆਪਣੇ ਬੱਚਿਆਂ ਨੂੰ ਕੁੱਝ ਚੰਗਾ ਸਿਖਾਉਣ ਤੋਂ ਖੁੰਝ ਜਾਂਦੇ ਹਨ। ਜਿਸ ਪਰਿਵਾਰ ਵਿੱਚ ਏਕੇ ਅਤੇ ਇਤਫਾਕ ਦੀ ਗੰੰਢ ਖੁੱਲ ਜਾਂਦੀ ਹੈ ਉੱਥੇ ਕੌਮ ਜਾਂ ਦੇਸ਼ ਦੀ ਖਾਤਿਰ ਮਰ ਮਿੱਟਣ ਵਾਲੇ ਜੂਝਾਰੁ ਪੈਦਾ ਕਰਨੇ ਔਖੇੇ ਹੁੰਦੇ ਹਨ। ਜਿਸ ਸੰਸਥਾ ਵਿੱਚ ਅਧਿਆਪਕ ਗੁੱਟਬਾਜੀ ਬਣਾ ਕੇ ਇੱਕ ਦੂਜੇ ਸਾਥੀ ਅੀਧਆਪਕ ਦੇ ਜਜਬਾਤਾਂ ਦਾ ਸ਼ਿਕਾਰ ਖੇਡਦੇ ਹੋਣ, ਉੱਥੇ ਜਿੰਦਗੀ ਪ੍ਰਤੀ ਸਕਰਾਤਮਕ ਸੋਚ ਅਪਨਾਉਣ ਵਾਲੇ ਵਿਦਿਆਰਥੀ ਵੀ ਸ਼ਾਇਦ ਹੀ ਮਿਲਣ।
ਆਧੁਨਿਕ ਸਿੱਖਿਆ ਨੇ ਅੱਜ ਇਨਸਾਨ ਨੂੰ ਸਿੱਖਣ ਸਿਖਾਉਣ ਲਈ ਤਾਂ ਬਹੁਤ ਕੁੱਝ ਦਿੱਤਾ ਹੈ ਪਰ ਇੱਕ ਜੀਵਨ ਜਿਉਣ ਲਈ ਜੋ ਵਿਵਹਾਰ, ਸਲੀਕਾ ਅਤੇ ਚਰਿੱਤਰ ਚਾਹੀਦਾ ਹੈ ਉਸ ਤੋਂ ਇਹ ਆਧੁਨਿਕ ਸਿੱਖਿਆ ਖੁੰਝਦੀ ਨਜ਼ਰ ਆ ਰਹੀ ਹੈ। ਇਨਸਾਨ ਨੂੰ ਇੰਨਜੀਨੀਅਰ, ਵਕੀਲ, ਪ੍ਰੋਫੈਸਰ, ਡਾਕਟਰ ਅਤੇ ਹੋਰ ਉੱਚ ਅਹੁਦਿਆਂ 'ਤੇ ਪਹੁੰਚਾਉਣ ਵਾਲੀ ਕਿਤਾਬੀ ਸਿੱਖਿਆ ਜੇਕਰ ਨੈਤਿਕ ਪੱਖ ਤੋਂ ਊਣੀਂ ਰਹਿ ਜਾਏਗੀ ਤਾਂ ਇਹ ਆਪਣੇ ਟੀਚੇ ਦੀ ਭਰਪਾਈ ਕਰਨ ਤੋਂ ਖੁੰਝ ਜਾਵੇਗੀ ਜਿਸ ਦਾ ਅਸਲ ਨੁਕਸਾਨ ਇਸ ਸੱਭਿਅਤ ਅਤੇ ਇੱਕਵੀਂ ਸਦੀ ਦੇ ਆਧੁਨਿਕ ਸਮਾਜ ਨੂੰ ਹੋਵੇਗਾ।
-
ਪ੍ਰੋ. ਧਰਮਜੀਤ ਸਿੰਘ ਮਾਨ, ਪ੍ਰੋਫੈਸਰ, ਜਵਾਹਰਲਾਲ ਨਹਿਰੂ ਸਰਕਾਰੀ ਕਾਲਜ,
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.