ਹਾੜੇ ਪੜਿਓ ਜਰੂਰ ਜੀ, ਆਹ ਤਸਵੀਰ ਹੁਣੇ ਖਿੱਚ ਦਿੱਲੀ ਜਹਾਜ਼ਾਂ ਦੇ ਅੱਡੇ ਤੋਂ ਪਾ ਰਿਹਾ ਹਾਂ, ਮੈ ਫੁੱਫੜ ਤੇ ਇਹ ਮੇਰਾ ਭਤੀਜਾ *ਪਰਮਿੰਦਰ ਸਿੰਘ ਗਿੱਲ Australia. University QUT (queensland university of technology) City BRISBANE.* ਚੱਲਿਆ ਪੜ੍ਹਾਈ ਲਈ, ਪਹਿਲੀ ਵਾਰੀ ਝੂਠਾ ਹੱਸ ਰਿਹਾ ਹਾਂ, ਕਿਤੇ ਆਪਣੇ ਡੋਲ ਹੀ ਨਾ ਜਾਣ! *ਹਸਤੇ ਹੁੲੇ ਚੇਹਰੇ ਕੋ ਗਮੋ ਸੇ ਅਾਜਾਦ ਨਾ ਸਮਝੋ, ਮੁਸਕਰਾਟ ਕੇ ਪੀਛੇ ਵੀ ਤੋਂ ਹਜਾਰੋਂ ਦਰਦ ਹੋਤੇ ਹੈ।* ਡੋਲਦਾ ਤਾਂ ਹਰ ਕੋਈ ਐ, ਪਰ ਜਿਨਾਂ ਚਿਰ ਹਾਂ, ਆਪਣਿਆਂ ਨੂੰ ਡੋਲੂ ਵਾਂਗ ਤਾਂ ਡੋਲਣ ਦਿੰਦੇ ਨਹੀਂ, ਤੁਹਾਨੂੰ ਵੀ ਹੱਥ ਜੋੜ ਬੇਨਤੀ ਹੈ, ਕਿ ਮੇਰੇ ਨਾਲ ਮਿਲਾਪ ਜਰੂਰ ਕਰਨਾ ਜੀ, ਜੇਕਰ ਕੋਈ, ਕਿਸੇ ਵੀ ਤਰ੍ਹਾਂ ਦੀ ਸਾਡੀ ਮੱਦਦ ਕਰ ਸਕਦਾ ਹੋਵੇ, ਉੱਥੇ ਆਪ ਪੜਨ ਵਾਲਿਆਂ ਵਿੱਚੋਂ ਜੀ।
ਮੈ ਦਿਲੋ ਮਹਿਸੂਸ ਕਰਦਾ ਹਾਂ, ਜਦੋਂ ਇਸ ਉਮਰ ਵਿੱਚ ਖੁਦ ਘਰ ਛੱਡਿਆ ਸੀ ਭਵਿੱਖ ਲਈ, ਪਹਿਲੀ ਵਾਰ ਘਰੋਂ 1700 km ਦੂਰ ਗਿਆ ਸਾਂ ਫ਼ੌਜ ਵਿੱਚ ਭਰਤੀ ਹੋ ਕੇ, ਮਾਂ ਬਾਹਰਾ ਸੀ, ਮਨ ਉਦਾਸ ਸੀ, ਦਿਲ ਪੱਥਰ ਸੀ, ਦਿਮਾਗ ਸੁੰਨ ਸੀ, ਓਦੋੰ ਹੈ ਨਹੀਂ ਕੋਈ ਆਪਣਾ, ਪਿਗਲਦਾ ਵੀ ਤਾਂ ਕਿਸ ਕੋਲ? ਕੱਲ੍ਹੇ ਹੀ ਹੱਸ-ਰੋ ਲਈਦਾ ਸੀ!
ਪਰ ਅੱਜ ਜਦੋਂ ਵੀਹਾਂ ਸਾਲਾਂ ਬਾਅਦ ਅੱਖੀਂ ਵੇਖਿਆ ਕਿ ਤੂੰ ਤਾਂ ਪਿੰਡ ਛੱਡਿਆ ਸੀ ਪਾਗਲਾ, ਆਹ ਵਿਚਾਰੇ ਭਵਿੱਖ ਲਈ ਆਪਣਾ ਮੁਲਕ ਛੱਡੀ ਜਾਂਦੇ ਆ! ਸੱਚ ਜਾਣਿਓ ਪਿੱਡੋੰ ਤੁਰਨ ਲੱਗਿਆਂ, ਪਿੰਦਰ ਦੇ ਦਾਦੇ ਦਾ ਚਿਹਰਾ ਪੜ੍ਹਕੇ ਆਇਆ ਹਾਂ, ਜਿਸ ਤੇ ਲਿਖਿਆ ਸੀ, *ਹੇ ਰੱਬਾ ਆਹ ਕੀ? ਮੈੰ ਆਪਣੀ ਪੂਰੀ ਜ਼ਿੰਦਗੀ, ਅੱਠ ਕਿੱਲਿਆਂ ਦਾ ਮਾਲਿਕ ਹੋ ਕੇ ਵੀ, ਦਿਨ-ਰਾਤ ਮੇਹਨਤ ਕਰ, ਹਰ ਕਿਸਮ ਦੇ ਐਬ, ਨਸ਼ੇ ਤੋਂ ਰਹਿਤ ਰਹਿਕੇ, ਤੇਰਾ ਸ਼ੁਕਰਾਨਾ ਕਰਦਿਆ ਪਰਿਵਾਰ ਪਾਲਿਆ ਤੇ ਆਪਣੀ ਆਪਣੀ ਤੁਛ ਬੁੱਧੀ ਵਾਲੇ ਗੁਣ ਇਹਨਾਂ ਵਿੱਚ ਪੈਦਾ ਕਰਨ ਦੀ ਹਰ ਸਮੇਂ ਕੋਸਿਸ਼ ਕੀਤੀ, ਧੀ-ਪੁੱਤ, ਪੋਤਾ-ਪੋਤੀ ਸਭ ਵਖਸ਼ਿਆ ਤੂੰ, ਪਰ ਆਹ ਹਾਲਾਤ ਕਿਸ ਨੇ ਬਣਾਤੇ ਸਾਡੇ ਲਈ, ਕਿ ਮੇਰੇ ਇਕੱਲੇ ਪੋਤੇ ਦਾ ਅੱਜ ਮੇਰੀ ਬਣਾਈ ਜਾਇਦਾਦ ਵਿੱਚ ਏਥੇ ਪਰਿਵਾਰ ਪਾਲਣਾ ਮੁਸ਼ਕਿਲ ਹੈ, ਅਨੇਕਾਂ ਹੀ ਹੋਰ ਸਵਾਲ ਲਿਖੇ ਸਨ! ਦਾਦਾ-ਦਾਦੀ, ਮਾਂ-ਬਾਪ, ਭੂਆ, ਭੈਣ ਪਿਆਰੀ ਇੱਕ-ਦੂਜੇ ਤੋਂ ਚੋਰੀ ਰੋਂਦੇ ਵੇਖ, ਮੈਂ ਖੁਦ ਵੀ ਰੋ ਰਿਹਾ ਸੀ, ਪਰ ਬਿਨ ਹੰਝੂਆਂ ਤੋਂ, ਵਿਆਹ ਤੋਂ ਬਾਅਦ ਮੈਂ ਬਹੁਤ ਕੁੱਝ ਨਵਾਂ ਸਿੱਖਿਆ ਸੀ ਇਸ ਪਰਿਵਾਰ ਵਿੱਚੋਂ, ਉਜੜ ਰਹੇ ਪੰਜਾਬ ਦੇ ਹਰ ਘਰ ਦੀ ਕਹਾਣੀ ਬਿਆਨ ਹੋ ਰਹੀ ਸੀ, ਲੱਖਾਂ ਨਹੀਂ, ਕਰੋੜਾਂ ਸਵਾਲ ਕਰੀ ਜਾਂ ਰਹੇ ਸੀ ਦਾਦਾ ਜੀ, ਸਮਝੇ, ਸੁਣੇ ਕੌਣ? ਸਾਂਝੇ ਪਰਿਵਾਰ ਨੂੰ ਤੋੜਣ ਦੀ ਇਹ ਚਾਲ ਕਿਸੇ ਨੇ ਕਿੰਨ੍ਹੇ ਵਰੇ ਪਹਿਲਾਂ ਰਚੀ ਹੋਵੇਗੀ, ਅੱਜ ਤਾਂ ਸਿਰਫ਼ ਮੈਂ ਅੰਜ਼ਾਮ ਵੇਖ ਰਿਹਾ ਸੀ। ਸੁਣਦੇ ਹੁੰਦੇ ਸੀ ਕਿ "ਮੂਲ ਨਾਲੋਂ, ਵਿਆਜ ਪਿਆਰਾ" ਵੇਖਿਆ ਪਹਿਲੀ ਵਾਰੀ ਜਦੋਂ ਦਾਦੇ ਨੇ, ਆਪਣੇ ਕਈ ਦਿਨ ਲਾਕੇ, ਆਂਢ-ਗੁਆਂਢ, ਪੂਰਾ ਪਿੰਡ, ਦੂਰ-ਨੇੜੇ ਦੀਆਂ ਰਿਸਤੇਦਾਰੀਆਂ 'ਚੋਂ ਜਾ-ਜਾ ਕਿ ਆਸਟ੍ਰੇਲੀਆ ਗਏ ਮੁੰਡੇ-ਕੁੜੀਆਂ ਦੇ ਇਕੱਤਰ ਕੀਤੇ ਪਤਿਆਂ ਅਤੇ ਮੋਬਾਇਲ ਨੰਬਰਾਂ ਦਾ ਭਰਿਆ ਲਿਫ਼ਾਫਾ, ਪਿਆਰ ਦੇ ਸ਼ਗਨ ਨਾਲੋਂ ਵੀ ਵੱਧ ਕੀਮਤੀ ਸਮਝਦੇ ਹੋਏ, ਹਉਂਕੇ ਰੋਕਦਿਆਂ, ਪੋਤੇ ਨੂੰ ਕਿਸੇ ਅਨਮੋਲ ਖ਼ਜਾਨੇ ਵਾਂਗ ਸਭਾਲ ਕੇ ਰੱਖਣ ਦਾ ਪਿੱਤਰੀ ਹੁਕਮ ਦਿੰਦਿਆਂ ਕਹਿ ਰਿਹਾ ਸੀ, ਪੁੱਤਰਾ ਘੜੀ ਵਰਗਾ ਬਣਜੀ ਹੁਣ, ਗਲਤ ਵਕਤ ਜਿਨਾਂ ਮਰਜ਼ੀ ਆ ਜਾਵੇ, ਪਰ ਚੱਲਣਾ ਹਮੇਸ਼ਾ ਸਿੱਧਾ ਅੱਗੇ ਨੂੰ ਹੀ ਆ.. ਦੌੜ ਸਾਰਥਿਕ ਹੋਣੀ ਚਾਹੀਂਦੀ ਹੈ, ਕੋਈ ਇਸਦਾ ਉਦੇਸ਼ ਹੋਣਾ ਚਾਹੀਦਾ ਹੈ, ਕੋਈ ਨਿਸ਼ਚਿਤ ਮੰਜ਼ਿਲ ਹੋਣੀ ਚਾਹੀਦੀ ਹੈ, ਮੰਜਿਲ ਰਹਿਤ ਦੌੜ ਵਿਚ ਵਿਅਕਤੀ ਕੋਹਲੂ ਦੇ ਬੈਲ ਵਾਂਗ ਉਥੇ ਹੀ ਘੁੰਮੀ ਜਾਂਦਾ ਹੈ। ਜ਼ਿੰਦਗੀ ਦੇ ਆਦਰਸ਼ ਹੋਣ ਤਾਂ ਵਿਅਕਤੀ ਨੂੰ ਹਰ ਨਵੀਂ ਸਵੇਰ ਇਕ ਨਵਾਂ ਪੈਗਾਮ ਦਿੰਦੀ ਐ। ਜ਼ਿੰਦਗੀ ਦਾ ਪਾਣੀ ਵਾਂਗ ਕੋਈ ਰੰਗ ਨਹੀਂ ਹੁੰਦਾ। ਇਸ ਵਿਚ ਖੂਬਸੂਰਤ ਰੰਗ ਭਰਨੇ ਜਾਂ ਕਾਲਸ ਦੇ ਧੱਬੇ ਪਾਉਣੇ ਸਾਡੇ ਆਪਣੇ ਅਖਤਿਆਰ ਹੈ। ਸਖਤ ਮੇਹਨਤ, ਮਜਬੂਤ ਇਰਾਦਾ ਤੇ ਉਸਾਰੂ ਸੋਚ ਨਾਲ ਮਨੁੱਖ ਕੀ ਨਹੀਂ ਕਰ ਸਕਦਾ? ਨਾਲੇ ਮੱਥਾ ਚੁੰਮ ਰਿਹਾ ਸੀ! ਜੋ ਦੁਨੀਆ ਵੇਖੀ ਨਹੀਂ, ਜਿਸ ਬਾਰੇ ਜਾਣਦਾ ਨਹੀਂ, ਓਹਦੇ ਤੇ ਵੀ ਉਮੀਦਾਂ ਰੱਖ ਉਥੋਂ ਦਾ ਗਿਆਨ ਇਕੱਠਾ ਕੀਤਾ, ਸੱਚੀ-ਮੁੱਚੀ ਧੰਨ ਹੋ ਤੁਸੀਂ ਬਾਬਿਓ*
ਖੜਾ ਸੋਚਦਾਂ ਹਾਂ, ਸਾਡਾ ਮੱਧ-ਵਰਗੀ ਪਰਿਵਾਰਾਂ ਦਾ ਹਾਲ ਕਦੇਂ ਨਹੀਂ ਸੁਧਰੇਗਾ! ਸੁੰਨ ਹੋਇਆ ਮੈਂ ਪਤਾ ਨਹੀਂ ਕੀ ਲਿਖ ਰਿਹਾ ਹਾਂ, 20 ਸਾਲ ਥੋੜੇ ਨਹੀਂ ਹੁੰਦੇ ਦੋਸਤੋ, ਉਹ ਵੀ ਚੜਦੀ ਬਰੇਸ ਦੇ, ਮੁਲਕ ਦੇ ਨਾਮ ਲਾਏ, ਹੁਣ ਬਹੁਤ ਦੁੱਖ ਹੋ ਰਿਹਾ ਮੈਨੂੰ, ਇਸ ਦਿੱਲੀ ਦੇ ਗੇਟ ਅੱਗੇ ਕੀਤੀਆਂ ਪ੍ਰੇਡਾਂ 'ਚੋ ਮਾਰੇ ਪੈਰਾਂ ਦਾ, ਬਰਫ਼ਾਂ ਵਿੱਚ ਗਾਲੇ ਹੱਡਾਂ ਦਾ, ਦੇਸ਼ ਭਗਤੀ ਦੇ ਗਾਏ ਗਾਣਿਆਂ ਦਾ, ਕੋਲ ਦੀ ਲੰਘੀਆਂ ਗੋਲੀਆਂ ਦਾ, ( ਜੋ ਨਹੀਂ ਲੱਗੀਆਂ ਸਾਡੀ ਤਕਦੀਰ ) 'ਤੇ ਤਰੰਗੇ ਨੂੰ ਮਾਰੇ ਲੱਖਾਂ ਹੀ ਸਲੂਟਾਂ ਦਾ, ਜੇ ਮੁੱਲ ਆ ਹੀ ਪੈਣਾ ਸੀ, ਤਾਂ ਸੌਦਾ ਘਾਟੇ ਦਾ ਮਹਿਸੂਸ ਹੋ ਰਿਹਾ ਮੈਨੂੰ, ਤਸਵੀਰ ਵਿੱਚ ਜੁਆਨ ਹੁੰਦੀਆਂ ਧੀਆਂ, ਬਚਪਨ ਚੋਂ ਨਿਕਲਦਾ ਪੁੱਤ, ਸਾਡੇ ਮੂਹਰੇ ਗੰਭੀਰ ਚਨੌਤੀਆਂ ਹਨ। ਅਸਲ ਵਿੱਚ ਤਾਂ ਡਿੱਗ ਚੁੱਕੇ ਹਾਂ ਅਸੀਂ, ਖੜੇ ਤਾਂ ਸਿਰਫ਼ ਮਹਿਸੂਸ ਕਰ ਰਹੇ ਹਾਂ। ਇੱਕ ਕਿਸਾਨ ਦੇ ਪੁੱਤ ਕੋਲ ਦੋ-ਤਿੰਨ ਉਮੀਦਾਂ ਹੀ ਹੁੰਦੀਆਂ ਨੇ, ਸਰਕਾਰੀ ਨੌਕਰੀ (ਜੋ ਮਿਲਦੀ ਨਹੀਂ) ਆਪਣਾ ਕੋਈ ਕੰਮ (ਜੋ ਅੱਜ-ਕੱਲ੍ਹ ਖਤਮ) ਖ਼ੇਤੀ (ਫਾਹਿਆਂ ਦਾ ਸੌਦਾ) ਫੇਲ੍ਹ ਹੋ ਰਹੀ ਖੇਤੀ ਕਾਰਨ ਕਰਜਈ ਹੋ ਰਹੇ ਕਿਸਾਨਾਂ ਵਲੋਂ ਸਾਰੇ ਰਾਜਾਂ ਵਿੱਚ ਚਲ ਰਹੇ ਕਿਸਾਨ ਅੰਦੋਲਨਾਂ ਦੀ ਇਕੋ ਜਾਇਜ਼ ਮੰਗ ਹੈ, ਕਿ ਫਸਲਾਂ ਦੇ ਭਾਅ ਸਵਾਮੀਨਾਥਨ ਰਿਪੋਰਟ ਅਨੁਸਾਰ ਦਿਓ, ਕਿਉਂਕਿ ਹਰੇ ਇਨਕਲਾਬ ਬਾਦ ਆਮ ਵਰਤੋਂ ਦੀਆਂ ਵਸਤਾਂ ਦੇ ਭਾਅ ਤਾਂ 200 ਗੁਣਾ ਵਧ ਗਏ, ਜਦਕਿ ਫਸਲਾਂ ਦੇ ਭਾਅ 10 ਗੁਣਾ ਵੀ ਨਹੀਂ ਵਧੇ, ਸਿਟਾ ਕਿਸਾਨ ਸਿਰ ਭਾਰੀ ਕਰਜਾ ਤੇ ਖੁਦਕੁਸ਼ੀਆਂ, ਏਨਾ ਕਾਰਣਾਂ ਕਰਕੇ ਹੀ ਸਾਡੇ ਬੱਚੇ ਵਿਦੇਸ਼ 'ਚੋਂ ਲੇਵਰ ਕਰਨੀ ਵੀ ਪਸੰਦ ਕਰਦੇ ਹਨ, ਪਰ ਦੇਸ਼ ਮੁੜਨ ਨੂੰ ਤਿਆਰ ਨਹੀ ਹੁੰਦੇ, ਬੋਧਿਕ ਵਿਕਾਸ ਦੀ ਕਮੀ ਨਾਲ ਜੂਝਦੇ ਲੋਕ, ਲੋਕਾਂ ਦੀ ਸੋਚ ਅਪਣੀ ਸਮੱਸਿਅਾ ਦਾ ਹੱਲ ਕੱਢਣ ਦੀ ਨਹੀਂ ਬਲਕਿ ਦੂਜੇ ਦੀ ਪਰੋਬਲਮ ਤੇ ਸੁਅਾਦ ਲੈਣ ਦੀ ਵੱਧ ਹੈ, ਇਹੀ ਮਾਨਸਿਕਤਾ ਨੇ ਬੇੜਾ ਗਰਕ ਕੀਤਾ ਹੈ, ਹੁਣ ਆਹ ਆਖਰੀ ਉਮੀਦ ਐ, ਉਹ ਵੀ ਮਜਬੂਰੀਆਂ ਤੇ ਹਾਲਾਤਾਂ ਨੇ ਪੈਦਾ ਕੀਤੀ, ਕਿ ਆਪਣਿਆਂ ਤੋਂ ਕੋਹਾਂ ਦੂਰ ਜਾ ਕੇ ਰੋਜ਼ੀ-ਰੋਟੀ ਲਈ ਦਿਨ-ਰਾਤ ਮੁਸ਼ਕਤਾਂ ਕਰੋ! ਆਉਂਦੇ ਵੀਹ ਸਾਲਾਂ ਨੂੰ ਇਹ ਉਮੀਦ ਵੀ ਨਹੀਂ ਬਚਣੀ ਕਿਉਂਕਿ ਸਮਾਜ ਨੂੰ ਸਿੱਖਿਅਤ ਕਰਨ ਵਾਲੇ ਵਰਗ ਦਾ ਅਸੀਂ ਲੱਕ ਤੋੜ ਦਿੱਤਾ ਹੈ, ਉਹ ਹੁਣ ਰੁੜਦੇ-ਰੁੜਾਉੰਦੇ ਥੋੜਾਂ ਸਮਾਂ ਕੱਢਣਗੇ, ਉਸ ਤੋਂ ਬਾਅਦ ਨਾਣਾ-ਨਾਣਾ ਖਾਲੀ। ਹਾਇਰ ਐਜੂਕੇਸ਼ਨ ਵਿੱਚ ਨਾ ਸਰਕਾਰ ਕੋਲ ਨੌਕਰੀਆਂ ਹਨ, ਨਾ ਸਰਕਾਰ ਪੈਂਦਾ ਕਰਨਾ ਚਾਹੁੰਦੀ ਹੈ। ਇੱਕ ਦਹਾਕੇ ਤੋਂ ਕਾਲਜਾਂ ਵਿੱਚ ਪੱਕੇ ਅਧਿਆਪਕ ਨਹੀਂ। ਇੱਕ ਸੋਚੀ-ਸਮਝੀ ਸਕੀਮ ਦੇ ਤਹਿਤ ਸਰਕਾਰ ਇਸਨੂੰ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ, ਜਿਨ੍ਹਾਂ ਦਾ ਮਕਸਦ ਸਿੱਖਿਆ ਨਾਲੋਂ ਕਿਤੇ ਜਿਆਦਾ ਵਪਾਰ ਹੈ। ਸ਼ਾਇਦ ਇਸੇ ਦਾ ਸਿੱਟਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਸਿਵਿਲ-ਇਮਤਿਹਾਨਾਂ ਵਿੱਚ ਪੰਜਾਬ ਬਹੁਤ ਪਿੱਛੇ ਪੈ ਗਿਆ ਹੈ। ਮੈਂ ਅੱਜ ਆਪਣੀ ਸਰਜ਼ਮੀਨ ਤੇ ਖੜਾ, ਜਿਸ ਮਲਕ ਲਈ ਅਨੇਕਾਂ ਵਾਰੀ ਮਰਿਆ (ਘਰੋਂ ਫ਼ੌਜ ਵਿੱਚ ਜਾਣਾ ਮਰਨਾ ਹੀ ਹੁੰਦਾ ਹੈ) ਆਪਣੇ ਆਪ ਨੂੰ ਲਚਾਰ, ਸ਼ਰਮਿੰਦਾ, ਊਣਾ, ਨਿਕੰਮਾ, ਬੇਵਸ ਪਤਾ ਨਹੀਂ ਕੀ ਕੀ ਮਹਿਸੂਸ ਕਰਦਾ ਹਾਂ! ਸੋਚਦਾਂ ਦੇਸ਼ ਚਲਾਉਣ ਵਾਲੇ ਨੇ 52 ਦੇਸ਼ ਗਾਹ ਲਏ, ਅਰਬਾਂ ਰੁਪਏ ਖਰਚੇ, ਵਿਦੇਸ਼ ਨੀਤੀ ਨੇ ਰਾਸ਼ਟਰੀ ਹਿਤ ਫਿਰ ਵੀ ਪੂਰੇ ਨਹੀਂ ਕੀਤੇ, ਨਾ ਅਮਰੀਕਾ, ਚੀਨ-ਪਾਕਿ ਨਾਲ ਸਬੰਧ ਸੁਧਰੇ, ਨਾ ਯੂ. ਐਨ. ਸਕਿਉਰਿਟੀ ਕੌਂਸਲ 'ਚੋਂ ਸਥਾਈ ਸੀਟ ਮਿਲੀ! ਅਸੀਂ ਸਿਰਫ਼ ਇਸ ਇੱਕ ਫਲਾਈਟ ਲਈ ਸਾਰਾ ਘਰ ਖਾਲੀ ਕਰ ਲਿਆ! ਮੁਲਕ ਦੀ ਅਜ਼ਾਦੀ ਵੇਲੇ ਜੇਕਰ ਰੁਪਿਆ ਤੇ ਡਾਲਰ ਦੀ ਕੀਮਤ ਬਰਾਬਰ ਸੀ, ਤਾਂ 70 ਦਾ ਡਾਲਰ ਜਿਨ੍ਹਾਂ ਦੀ ਵਜ਼ਾ ਨਾਲ ਹੋਇਆ, ਰੱਬ ਕਰਕੇ ਉਹ ਸਾਰੇ ਮਰ ਜਾਣ ਤੇ ਮੁਲਕ ਵਿੱਚੋਂ ਧਰਮਾਂ ਦਾ ਸਿਆਪਾ ਮੁੱਕ ਜਾਵੇ, ਰਾਜਨੀਤੀ ਦਾ ਕੋਹੜ ਖਤਮ ਹੋ ਜਾਵੇ, ਜੋ ਖਰਬਾਂ ਦਾ ਧਾਰਮਿਕ ਸਥਾਨਾਂ 'ਚ ਦੱਬਿਆ 'ਤੇ ਚੜਿਆ ਸੋਨਾ-ਚਾਂਦੀ ਤੇ ਦੋ, ਤਿੰਨ, ਚਾਰ ਨੰਬਰ ਦਾ ਬਾਹਰ ਪਿਆ ਧਨ ਆਮ ਲੋਕਾਂ ਵਿੱਚ ਆ ਜਾਵੇ। 'ਤੇ ਮੈ 70 ਡਾਲਰ 'ਚੋ ਇੱਕ ਰੁਪਿਆ ਵਿਕਦਾ ਵੇਖਾ, ਇਹ ਜਰੂਰ ਹੋ ਸਕਦਾ ਹੈ, ਬਸ ਜਾਗਣ ਦੀ ਲੋੜ ਹੈ, ਸੁੱਤੇ ਰਹੋਗੇ ਤਾਂ ਕੁੱਝ ਵੀ ਸੰਭਵ ਨਹੀਂ। ਸੱਚੇ ਦਿੱਲੋ ਸਲੂਟ ਕਰਦਾ ਮੈ ਵਿਦੇਸ਼ੀ ਮੁਲਕਾਂ ਦੇ ਢਾਚੇ ਨੂੰ ਖੜਾ ਕਰਨ ਵਾਲੀ ਸੋਚ ਨੂੰ, ਜੋ ਸਾਨੂੰ ਅੱਜ ਵੀ ਭਾਵੇ ਪਰਖ਼ ਕੇ ਹੀ ਸਹੀ, ਉਜੜਿਆਂ ਨੂੰ ਗਲ ਤਾਂ ਲਾ ਰਹੇ ਹਨ। ਹਰ ਬੰਦਾ ਰੋਜ਼ੀ ਰੋਟੀ ਦੀ ਭਾਲ ਵਿੱਚ ਬਾਹਰਲੇ ਮੁਲਕਾਂ ਵਿੱਚ ਜਾਂਦਾ ਹੈ। ਪਰਮਾਤਮਾ ਸਾਰਿਆ ਦੇ ਪਰਿਵਾਰਾਂ ਨੂੰ ਸਮੱਤ ਬਖ਼ਸ਼ੇ 'ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਕੋਈ ਚੰਗੇ ਕਾਨੂੰਨ ਬਣਾਵੇ, ਮੈ ਅਰਦਾਸ ਕਰਦਾ ਸਾਨੂੰ ਉਜਾੜਨ ਵਾਲੇ ਵੱਸਦੇ ਰਹਿਣ ਤੇ ਸਾਡੇ ਨਾਲ ਰਵੇ ਬਾਬੇ ਨਾਨਕ ਦੀ ਕਿਰਪਾ, ਉਹਦੀ ਸੋਚ, ਤੇ ਸਰਬੰਸ਼ ਦਾਨੀ ਦਾ ਹੌਸਲਾ, ਜੇ ਲੋਹੇ ਦੀ ਇੱਟ ਨੂੰ ਲਗਾਤਾਰ ਤਿੱਖਾ ਕਰਨ ਨਾਲ ਸੂਈ ਬਣ ਸਕਦੀ ਐ, ਤਾਂ ਅਸੀਂ ਵੀ *ਖੱਬਲ* ਹਾਂ ਮਰਦੇ ਤਾਂ ਹੈਨੀ।
-
ਹਰਫੂਲ ਸਿੰਘ ਭੁੱਲਰ, ਲੇਖਕ
*********
9876870157
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.