ਡਾ. ਬਰਜਿੰਦਰ ਸਿੰਘ ਹਮਦਰਦ
ਅੱਜ ਪੰਜਾਬ ਦੀ ਸਿਆਸਤ ਵਿਚ ਵੱਡੀਆਂ ਉਲਝਣਾਂ ਪਈਆਂ ਦਿਖਾਈ ਦਿੰਦੀਆਂ ਹਨ। ਭਾਵੇਂ ਕਾਂਗਰਸ ਦੀ ਸਰਕਾਰ ਸੂਬੇ ਵਿਚ ਪ੍ਰਸ਼ਾਸਨ ਚਲਾ ਰਹੀ ਹੈ ਪਰ ਇਸ ਪਾਰਟੀ ਅੰਦਰ ਸਮੁੱਚੇ ਰੂਪ ਵਿਚ ਕੋਈ ਵੱਡਾ ਉਤਸ਼ਾਹ ਦਿਖਾਈ ਨਹੀਂ ਦਿੰਦਾ, ਨਾ ਹੀ ਪਾਰਟੀ ਦੇ ਇਕ ਦੋ ਨੇਤਾਵਾਂ ਤੋਂ ਜ਼ਿਆਦਾ ਕਿਸੇ ਹੋਰ ਆਗੂ ਵਲੋਂ ਕੋਈ ਖ਼ਾਸ ਸਰਗਰਮੀ ਦਿਖਾਈ ਜਾ ਰਹੀ ਹੈ। ਇਸ ਸਾਲ ਦੇ ਅੰਦਰ-ਅੰਦਰ ਪੰਚਾਇਤੀ ਚੋਣਾਂ ਕਰਾਉਣ ਬਾਰੇ ਕਿਹਾ ਗਿਆ ਸੀ ਪਰ ਅਜੇ ਤੱਕ ਇਸ ਸਬੰਧੀ ਕਿਸੇ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਗਿਆ। ਪਿਛਲੇ ਸਮੇਂ ਵਿਚ ਜਿਸ ਢੰਗ ਨਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਸਨ, ਉਸ ਵਿਚ ਆਮ ਲੋਕਾਂ ਦੀ ਵਧੇਰੇ ਕਰਕੇ ਸ਼ਮੂਲੀਅਤ ਨਹੀਂ ਹੋ ਸਕੀ। ਆਉਣ ਵਾਲੇ ਸਮੇਂ ਵਿਚ ਪੰਜਾਬ ਸਰਕਾਰ ਰਾਜ ਦੇ ਲੋਕਾਂ ਦੀ ਭਲਾਈ ਲਈ ਕੀ ਕਰਨ ਵਾਲੀ ਹੈ? ਇਸ ਸਬੰਧੀ ਕੋਈ ਦਿਸ਼ਾ ਅਜੇ ਨਜ਼ਰ ਨਹੀਂ ਆ ਰਹੀ। ਦੂਜੇ ਪਾਸੇ ਆਮ ਆਦਮੀ ਪਾਰਟੀ ਵਿਚ ਪਈ ਤਰੇੜ ਹੋਰ ਵੀ ਚੌੜੀ ਹੁੰਦੀ ਜਾ ਰਹੀ ਹੈ, ਇਸ ਨੇ ਇਸ ਪਾਰਟੀ ਦੀ ਚੜ੍ਹਤ ਨੂੰ ਰੋਕ ਦਿੱਤਾ ਹੈ।
ਸੂਬੇ ਦੀ ਟਕਸਾਲੀ ਅਕਾਲੀ ਪਾਰਟੀ ਵੀ ਘੁੰਮਣ-ਘੇਰੀ ਵਿਚ ਫਸੀ ਨਜ਼ਰ ਆਉਂਦੀ ਹੈ। ਚਾਹੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ-ਭਾਜਪਾ ਸਰਕਾਰ 10 ਸਾਲ ਤੱਕ ਬਣੀ ਰਹੀ ਸੀ ਪਰ ਆਪਣੇ ਆਖਰੀ ਵਰ੍ਹਿਆਂ ਵਿਚ ਇਹ ਬੇਹੱਦ ਚੁਣੌਤੀਆਂ ਵਿਚੋਂ ਗੁਜ਼ਰੀ ਸੀ। ਅਨੇਕਾਂ ਹੀ ਫ਼ੈਸਲਿਆਂ ਕਰਕੇ ਇਸ ਦੀ ਆਲੋਚਨਾ ਵੀ ਹੋਣੀ ਸ਼ੁਰੂ ਹੋਈ ਸੀ ਖ਼ਾਸ ਤੌਰ 'ਤੇ ਇਕ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਨਾਲ ਪਈ ਉਲਝਣ ਦੇ ਮਾਮਲੇ ਵਿਚ ਪਾਰਟੀ ਦੇ ਵੱਕਾਰ ਨੂੰ ਵੱਡੀ ਸੱਟ ਲੱਗੀ ਸੀ, ਜਿਸ ਦਾ ਅਸਰ ਇਸ ਦੇ ਕਾਰਜਕਾਲ ਦੇ ਅਖੀਰ ਤੱਕ ਮਹਿਸੂਸ ਕੀਤਾ ਜਾਂਦਾ ਰਿਹਾ ਸੀ। ਆਖਰੀ ਸਾਲਾਂ ਵਿਚ ਇਸ ਦੀ ਕਾਰਜਸ਼ੈਲੀ 'ਤੇ ਲੱਗੇ ਅਨੇਕਾਂ ਸਵਾਲੀਆ ਨਿਸ਼ਾਨਾਂ ਨੇ ਇਸ ਦੇ ਪ੍ਰਭਾਵ ਨੂੰ ਬੇਹੱਦ ਧੁੰਦਲਾ ਕਰ ਦਿੱਤਾ ਸੀ। ਲੋਕਾਂ ਵਿਚ ਉਸ ਸਮੇਂ ਸਰਕਾਰ ਪ੍ਰਤੀ ਵੀ ਬੇਉਮੀਦੀ ਪੈਦਾ ਹੋ ਗਈ ਸੀ ਅਤੇ ਉਨ੍ਹਾਂ ਦੇ ਮਨਾਂ ਵਿਚ ਪੈਦਾ ਹੋਈ ਅਸੰਤੁਸ਼ਟੀ ਕਰਕੇ ਰਾਜ ਕਰਦੀ ਇਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਬੇਹੱਦ ਮੱਠਾ ਹੁੰਗਾਰਾ ਮਿਲਿਆ ਸੀ। ਚਾਹੇ ਕਾਂਗਰਸ ਦੀ ਸਰਕਾਰ ਬਣ ਗਈ ਸੀ ਪਰ ਉਸ ਤੋਂ ਬਾਅਦ ਵੀ ਇਹ ਉਮੀਦ ਜ਼ਰੂਰ ਕੀਤੀ ਜਾਂਦੀ ਸੀ ਕਿ ਅਕਾਲੀ ਦਲ ਆਪਣੀ ਪਿਛਲੀ ਸਮੁੱਚੀ ਕਾਰਜਸ਼ੈਲੀ ਬਾਰੇ ਗੰਭੀਰਤਾ ਨਾਲ ਮੁੜ ਤੋਂ ਸੋਚੇਗਾ। ਉਸ ਤੋਂ ਕੁਝ ਨਤੀਜੇ ਕੱਢਣ ਦਾ ਯਤਨ ਕਰੇਗਾ ਅਤੇ ਆਪਣੀਆਂ ਸਰਗਰਮੀਆਂ ਨੂੰ ਅਜਿਹੇ ਰਾਹਾਂ 'ਤੇ ਤੋਰਨ ਲਈ ਯਤਨਸ਼ੀਲ ਹੋਵੇਗਾ, ਜਿਨ੍ਹਾਂ ਤੋਂ ਮੁੜ ਆਸ ਅਤੇ ਉਤਸ਼ਾਹ ਦੀ ਉਮੀਦ ਪੈਦਾ ਹੋਵੇਗੀ। ਪਰ ਅਕਾਲੀ ਲੀਡਰਸ਼ਿਪ ਅਜਿਹਾ ਕਰ ਸਕਣ ਵਿਚ ਅਸਮਰੱਥ ਰਹੀ। ਨਾ ਹੀ ਪਾਰਟੀ ਦੀ ਕਾਰਜਸ਼ੈਲੀ ਵਿਚ ਕੋਈ ਵੱਡੀ ਤਬਦੀਲੀ ਮਹਿਸੂਸ ਕੀਤੀ ਗਈ ਅਤੇ ਨਾ ਹੀ ਅਕਾਲੀ ਲੀਡਰਸ਼ਿਪ ਵਿਚ ਕਿਸੇ ਤਰ੍ਹਾਂ ਦੇ ਬਦਲਾਅ ਦੇ ਸੰਕੇਤ ਹੀ ਨਜ਼ਰ ਆਏ। ਇਸ ਨਾਲ ਉੱਪਰ ਤੋਂ ਲੈ ਕੇ ਹੇਠਾਂ ਤੱਕ ਪਾਰਟੀ ਸਫ਼ਾਂ ਵਿਚ ਇਕ ਨਿਰਾਸ਼ਾ ਪੈਦਾ ਹੋਈ ਹੈ। ਅਜਿਹੀ ਨਿਰਾਸ਼ਾ ਦੇ ਆਲਮ ਵਿਚ ਕੁਝ ਵੱਡੇ ਅਤੇ ਟਕਸਾਲੀ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ ਅਤੇ ਕੁਝ ਹੋਰ ਅਜਿਹਾ ਕਰਨ ਲਈ ਤਿਆਰ ਬੈਠੇ ਦਿਖਾਈ ਦਿੰਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ੇ ਨੂੰ ਵੀ ਇਸੇ ਪਿਛੋਕੜ ਵਿਚ ਦੇਖਿਆ ਜਾ ਰਿਹਾ ਹੈ।
ਪੈਦਾ ਹੋ ਰਹੀ ਅਜਿਹੀ ਨਿਰਾਸ਼ਾ 'ਚੋਂ ਅਕਾਲੀ ਦਲ ਕਿਸ ਤਰ੍ਹਾਂ ਉੱਭਰਦਾ ਹੈ, ਇਸ ਬਾਰੇ ਹਾਲ ਦੀ ਘੜੀ ਕੁਝ ਕਿਹਾ ਜਾਣਾ ਮੁਸ਼ਕਿਲ ਜਾਪਦਾ ਹੈ। ਇਸ ਪਾਰਟੀ ਦਾ ਜਨਮ ਸੰਘਰਸ਼, ਪ੍ਰਤੀਬੱਧਤਾ ਅਤੇ ਤਿਆਗ ਵਿਚੋਂ ਹੀ ਹੋਇਆ ਸੀ, ਅਜਿਹੀ ਆਸ ਅੱਜ ਵੀ ਲੋਕ ਇਸ ਟਕਸਾਲੀ ਪਾਰਟੀ ਤੋਂ ਕਰ ਰਹੇ ਹਨ। ਹੁਣ ਪਾਰਟੀ ਲੀਡਰਸ਼ਿਪ ਲੋਕਾਂ ਦੀਆਂ ਭਾਵਨਾਵਾਂ 'ਤੇ ਕਿੰਨਾ ਕੁ ਖਰਾ ਉੱਤਰਦੀ ਹੈ, ਇਹ ਵੇਖਣਾ ਬਾਕੀ ਹੋਵੇਗਾ
ਸੰਪਾਦਕੀ ਅਜੀਤ 26 ਅਕਤੂਬਰ , 2018
( ਅਜੀਤ ਦੇ ਧਨਵਾਦ ਸਾਹਿਤ )
ਅਜੀਤ ਵਿਚ ਸੰਪਾਦਕੀ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
http://beta.ajitjalandhar.com/edition/20181026/4.cms#sthash.GS5Qw6t6.dpbs
-
ਬਰਜਿੰਦਰ ਸਿੰਘ ਹਮਦਰਦ, ਮੁੱਖ ਸੰਪਾਦਕ, ਅਜੀਤ ਜਲੰਧਰ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.