ਆਵਾਜਾਈ ਦੁਰਘਟਨਾਵਾਂ ਕਾਰਨ ਜਾਂਦੀਆਂ ਕੀਮਤੀ ਜਾਨਾਂ
ਸੜਕਾਂ ਅਤੇ ਰੇਲਵੇ ਲਾਈਨਾਂ ਇਨਸਾਨ ਨੂੰ ਉਸਦੀ ਮੰਜ਼ਿਲ 'ਤੇ ਪਹੁੰਚਾਉਣ ਦਾ ਇੱਕ ਅਹਿਮ ਜ਼ਰਿਆ ਹਨ। ਇਹ ਸਫਰ ਉਸ ਵਕਤ ਖੌਫ ਬਣ ਜਾਂਦਾ ਹੈ ਜਦੋਂ ਇਸ ਦੌਰਾਨ ਵਾਪਰਦੀਆਂ ਦੁਰਘਟਨਾਂਵਾ ਕਾਰਨ ਬੇਕਸੂਰ ਮੁਸਾਫਿਰਾਂ ਜਾਂ ਰਾਹਗੀਰਾਂ ਦਾ ਖੂਨ ਡੁੱਲਦਾ ਹੈ। ਮੋਟਰਸਾਇਕਲ, ਬੱਸਾਂ, ਕਾਰਾਂ, ਅਤੇ ਰੇਲਾਂ ਮਨੁੰਖੀ ਜਿੰਦਗੀ ਦਾ ਸਫਰ ਖਤਮ ਕਰਨ ਲਈ ਨਹੀਂ ਬਲਕਿ ਮੰਜਿਲ 'ਤੇ ਵਕਤ ਸਿਰ ਪਹੁੰਚਾਉਣ ਲਈ ਬਣੇੇ ਹਨ। ਆਵਾਜਾਈ ਦੇ ਇਹਨਾਂ ਸਾਧਨਾਂ ਨੂੰ ਚਲਾਉਣਾਂ ਇਨਸਾਨ ਦੇ ਆਪਣੇ ਹੱਥ ਹੈ। ਥੋੜੀ ਜਿਹੀ ਅਣਗਹਿਲੀ ਦੁਰਘਟਨਾਵਾਂ ਦਾ ਕਾਰਨ ਬਣਦੀ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ ਜਿਸ ਦਿਨ ਸੜਕਾਂ ਉੱਤੇ ਕੋਈ ਐਕਸੀਡੈਂਟ ਨਾ ਹੋਇਆ ਮਿਲੇ। ਜਿੰਦਗੀ ਵਿੱਚ ਆਈ ਤੇਜੀ ਅਤੇ ਹੋਰਾਂ ਤੋਂ ਅੱਗੇ ਨਿਕਲਣ ਦੀ ਕਾਹਲ ਨੇ ਇਨਸਾਨ ਦੀ ਕੀਮਤੀ ਜਿੰਦਗੀ ਨੂੰ ਮੌਤ ਦੇ ਮੂੰਹ ਵਿੱਚ ਸੁੱਟ ਦਿੱਤਾ ਹੈ। ਕਿਸੇ ਕੰਮ ਨੂੰ ਕਰਨ ਵਿੱਚ ਜੇਕਰ ਦੇਰ ਹੋ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਪਰ ਆਵਾਜਾਈ ਸਾਧਨ ਚਲਾਉਂਦੇ ਸਮੇਂ ਕਾਹਲ਼ੀ ਕਾਰਨ ਹੋਈ ਅਣਗਹਿਲੀ ਇਨਸਾਨ ਦੇ ਕੰਮਾਂ ਨੂੰ ਸਦਾ ਲਈ ਹੀ ਖਤਮ ਕਰ ਦਿੰਦੀ ਹੈ। ਚੌਕਾਂ, ਚੁਰਸਤਿਆਂ 'ਚ ਆਵਾਜਾਈ ਸਾਧਨ ਟਕਰਾਉਣ ਕਾਰਨ ਹੁੰਦੇ ਲੜਾਈ ਝਗੜੇ ਆਮ ਹੀ ਨਜ਼ਰ ਪੈ ਜਾਂਦੇ ਹਨ।
ਪੀ.ਜੀ.ਆਈ ਤੋਂ ਮੋਹਾਲ਼ੀ ਤੱਕ ਆਉਣ ਵਾਲੀ ਸੜਕ 'ਤੇ ਇੱਕ ਦਿਨ ਸਫਰ ਕਰਦੇ ਹੋਏ ਦੇਖਿਆ ਕਿ ਇੱਕ ਦਮ ਟਰੈਫਿਕ ਜਾਮ ਹੋ ਗਿਆ। ਕੁੱਝ ਚਿਰ ਉਡੀਕਣ ਤੋਂ ਬਾਅਦ ਜਦੋਂ ਜਾਮ ਦੇ ਕਾਰਨ ਦਾ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਕਾਹਲ਼ੀ ਵਿੱਚ ਇੱਕ ਉਵਰਟੇਕ ਕਰਦੀ ਹੋਈ ਕਾਰ ਦੂਜੀ ਕਾਰ ਵਿੱਚ ਜਾ ਵੱਜੀ। ਸੜਕ ਦੇ ਵਿਚਾਲੇ ਹੀ ਦੋਨੋਂ ਕਾਰ ਚਾਲਕ ਆਪਣੀਆਂ ਕਾਰਾਂ ਰੋਕ ਕੇ ਹਿਸਾਬ ਕਿਤਾਬ ਕਰ ਲੱਗੇ ਅਤੇ ਪਿੱਛੇ ਕਾਰਾਂ, ਬੱਸਾਂ ਹੋਰ ਸਾਧਨਾਂ ਦੀ ਲੰਬੀ ਲਾਈਨ ਲੱਗ ਗਈ। ਖੈਰ! ਚੰਡੀਗੜ ਪੁਲਿਸ ਦੀ ਚੌਕਸ ਨਜ਼ਰ ਅਤੇ ਮੁਸ਼ਤੈਦੀ ਕਾਰਨ ਟਰੈਫਿਕ ਜਾਮ ਛੇਤੀ ਹੀ ਖੁੱਲ ਗਿਆ। ਥੋੜੀ ਜਿਹੀ ਕਾਹਲ਼ੀ ਅਤੇ ਅਣਗਹਿਲੀ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨੀ ਕਈ ਵਾਰੀ ਕਾਫੀ ਮੁਸ਼ਕਿਲ ਹੋ ਜਾਂਦੀ ਹੈ। ਪਿਛਲੇ ਦਿਨੀਂ ਪਵਿੱਤਰ ਸ਼ਹਿਰ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਦੁਸ਼ਹਿਰੇ ਵਾਲੇ ਦਿਨ ਵਾਪਰੇ ਇੱਕ ਰੇਲ ਹਾਦਸੇ ਨੇ ਕਈ ਬੇਕਸੂਰ ਜਾਨਾਂ ਲੈ ਲਈਆਂ। ਇਸ ਭਿਆਨਕ ਰੇਲ ਹਾਦਸੇ ਨੂੰ ਦੇਖਣ ਵਾਲਿਆਂ ਦੀਆਂ ਅੱਖਾਂ 'ਚੋ ਕਈ ਦਿਨ ਦੀ ਉੇੱਡ ਗਈ। ਮਨੁੰਖੀ ਸ਼ਰੀਰਾਂ ਦੇ ਮਾਸ ਨੂੰ ਰੇਲ ਦੇੇ ਪਹੀਆਂ ਨੇ ਰੌਂਦ ਕੇ ਰੱਖ ਦਿੱਤਾ। ਜਾਣਕਾਰੀ ਅਨੁਸਾਰ ਰੇਲਵੇ ਲਾਈਨ ਨੇ ਨਜ਼ਦੀਕ ਹੀ ਰਾਵਣ ਦਹਿਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਰੀਤ ਮੁਤਾਬਿਕ ਇਹ ਸਾਫ ਸੀ ਕਿ ਰਾਵਣ ਅਤੇ ਮੇਘਨਾਥ ਦਿਆਂ ਪੁਤਲਿਆਂ ਨੂੰ ਸ਼ਾਮ ਨੂੰ ਅਗਨ ਭੇਂਟ ਕਰਨਾ ਸੀ। ਥੋੜਾ ਹਨੇਰਾ ਹੋਣ 'ਤੇ ਜਦੋਂ ਪੁਤਲਿਆਂ ਨੂੰ ਅੱਗ ਹਵਾਲੇ ਕੀਤਾ ਗਿਆ ਤਾਂ ਜਮਾਂ ਹੋਏ ਲੋਕ ਰੇਲਵੇ ਲਾਈਨ ਵੱਲ ਨੂੰ ਖਿਸਕਣਾਂ ਸ਼ੁਰੂ ਹੋ ਗਏੇ। ਬੰਬ ਪਟਾਕਿਆਂ ਦੀ ੳੇੱਚੀ ਆਵਾਜ਼ 'ਚ ਆਉਂਦੀ ਰੇਲ ਗੱਡੀ ਦੀ ਆਵਾਜ਼ ਨਾ ਸੁਨਣ ਕਰਕੇ ਰੇਲਵੇ ਲਾਈਨ 'ਤੇ ਖੜੇ ਲੋਕ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ। ਸਥਿਤੀ ਇਕਦਮ ਬੇਕਾਬੂ ਹੋ ਗਈ। ਕੁੱਝ ਹੀ ਸਕਿੰਟਾ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ। ਛੋਟੇ ਮਾਸੂਮ ਬੱਚਿਆਂ ਤੋਂ ਲੈ ਕੇ, ਬੀਬੀਆਂ, ਭੈਣਾਂ ਅਤੇ ਬਜੁਰਗ ਇਸ ਰੇਲ ਹਾਦਸੇ 'ਚ ਆਪਣੀਆਂ ਕੀਮਤੀ ਜਾਨਾਂ ਗਵਾ ਗਏ। ਕਈ ਪਰਿਵਾਰਾਂ ਦੇ ਰੋਜ਼ੀ ਰੋਟੀ ਕਮਾਉਣ ਵਾਲੇ ਖਤਮ ਹੋ ਗਏ ਅਤੇ ਕਈਆਂ ਦੇ ਬੱਚੇ ਉਹਨਾਂ ਹੱਥੋਂ ਸਦਾ ਲਈ ਵਿਛੜ ਗਏ। ਸ਼ਾਇਦ ਰੇਲਵੇ ਵਿਭਾਗ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਰੇਲਵੇ ਲਾਈਨ ਦੇ ਨਜ਼ਦੀਕ ਲਗਦੇ ਮੇਲਿਆਂ ਜਾਂ ਇਕੱਠਾਂ ਨੂੰ ਰੋਕਿਆ ਜਾਵੇ। ਕੇਂਦਰ ਸਰਕਾਰ ਅਧੀਨ ਆੳੇਂਦਾ ਰੇਲਵੇ ਵਿਭਾਗ ਜੇਕਰ ਇਸ ਗੱਲ ਵੱਲ ਧਿਆਨ ਦਿੰਦਾ ਸ਼ਾਇਦ ਅੱਜ ਬੇਕਸੂਰ ਲੋਕਾਂ ਨੂੰ ਅੰਮਿਤ੍ਰਸਰ ਰੇਲਵੇ ਲਾਈਨ 'ਤੇ ਆਪਣੀਆਂ ਕੀਮਤੀ ਜਾਨਾਂ ਨਾ ਗਵਾਉਣੀਆਂ ਪੈਂਦੀਆਂ। ਇਹ ਇੱਕ ਵੱਡਾ ਹਾਦਸਾ ਸੀ ਇਸ ਲਈ ਕੇਂਦਰਬਿੰਦੂ ਬਣ ਗਿਆ। ਰੋਜ਼ਾਨਾ ਸੜਕਾਂ ਅਤੇ ਰੇਲਵੇ ਲਾਈਨਾਂ 'ਤੇ ਹੁੰਦੀਆਂ ਦੁਰਘਟਨਾਵਾਂ ਅਣਗੌਲ਼ਿਆਂ ਹੀ ਰਹਿ ਜਾਂਦੀਆਂ ਹਨ। ਇਹਨਾਂ ਘਟਨਾਂਵਾਂ ਲਈ ਜਿੱਥੇ ਸਬੰਧਿਤ ਅਧਾਰੇ ਜਿੰਮੇਵਾਰ ਬਣਦੇ ਹਨ ਉੱਥੇ ਕੀਤੇ ਨਾ ਕੀਤੇ ਅਸੀਂ ਵੀ ਗਲਤੀ ਕਰ ਜਾਂਦੇ ਹਾਂ। ਅਜਿਹੀ ਜਗ੍ਹਾ 'ਤੇ ਭੀੜ ਜਾਂ ਇਕੱਠ ਕਰਨ 'ਤੇ ਮਨਾਹੀ ਹੋਣੀ ਚਾਹੀਦੀ ਹੈ ਜਿੱਥੋਂ ਨਜ਼ਦੀਕ ਹੀ ਕੋਈ ਸੜਕ ਜਾਂ ਰੇਲਵੇ ਲਾਈਨ ਲੰਘਦੀ ਹੋਵੇ। ਥੋੜੀ ਜਿਹੀ ਭਗਦੜ ਕਾਰਨ ਕਈ ਵਾਰੀ ਬੇਕਾਬੂ ਹੋਏ ਵੱਡੇ ਇਕੱਠ ਨੂੰ ਕਾਬੂ ਕਰਨਾ ਨਾਮੁਮਕਿਨ ਹੋ ਜਾਂਦਾ ਹੈ ਅਤੇ ਕੋਈ ਵੱਡੀ ਦੁਰਘਟਨਾਂ ਵਾਪਰ ਜਾਂਦੀ ਹੈ।
ਸਮਾਜਿਕ ਪੱਧਰ 'ਤੇ ਕੋਈ ਵੀ ਵੱਡਾ ਸੁਧਾਰ ਇਕੱਲੀ ਸਰਕਾਰ ਜਾਂ ਇਕੱਲੇ ਆਮ ਲੋਕਾਂ ਵਲੋਂ ਕੀਤਾ ਜਾਣਾ ਅਸੰਭਵ ਹੈ। ਸਰਕਾਰ ਅਤੇ ਲੋਕਾਂ ਦਾ ਆਪਸੀ ਤਾਲਮੇਲ ਇੱਕ ਉਹ ਤਾਕਤ ਬਣ ਜਾਂਦੀ ਹੈ ਜਿਸ ਅੱਗੇ ਵੱਡੇ ਤੋਂ ਵੱਡਾ ਸਮਾਜਿਕ ਵਿਗਾੜ ਜਾਂ ਬੂਰਾਈ ਗੋਡੇ ਟੇਕ ਦਿੰਦੀ ਹੈ। ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਸੜਕੀ ਅਤੇ ਰੇਲਵੇ ਨਿਯਮਾਂ ਬਾਰੇ ਸੁਚੇਤ ਕਰੇ ਅਤੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਵਾਜਾਈ ਅਸੂਲਾਂ ਨੂੰ ਅਪਨਾਉਣ ਅਤੇ ਨਿਭਾਉਣ। ਦੋਨਾਂ ਦਾ ਸਾਥ ਸੜਕਾਂ ਅਤੇ ਰੇਲਵੇ ਲਾਈਨਾਂ 'ਤੇ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਬਹੁਤ ਕਾਰਗਾਰ ਸਿੱਧ ਹੋਵੇਗਾ।
-
ਪ੍ਰੋ. ਡਾ. ਧਰਮਜੀਤ ਸਿੰਘ ਮਾਨ, ਪ੍ਰੋਫੈਸਰ ਜਵਾਹਰਲਾਲ ਨਹਿਰੂ ਸਰਕਾਰੀ ਕਾਲਜ
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.