ਪ੍ਰਸੰਗ ਦੁਸਹਿਰਾ ਦੁਖਾਂਤ ਅੰਮ੍ਰਿਤਸਰ
————————————
ਖੁੱਲ੍ਹੇ ਰੱਸੇ ਵਾਲੀ ਸਿਆਸਤ ਨੂੰ ਨੱਥਣਾ ਲਾਜ਼ਮੀ ਹੈ ਦੋਸਤੋ।
ਸਭ ਕੁਝ ਆਪਣੇ ਪੈਰੋਂ ਹਿੱਲ ਗਿਆ ਹੈ। ਸਿਆਸਤ, ਧਰਮ , ਇਖਲਾਕ, ਕਿਰਦਾਰ।
ਸਿਰਫ਼ ਸਰਮਾਇਆ, ਬਾਹੂਬਲ, ਚਾਕਰੀ, ਇੱਕ ਪਾਰਟੀ ਤੋਂ ਦੂਜੀ ਚ ਟਪੂਸੀਆਂ, ਮਾਅਰਕੇਬਾਜ਼ੀ, ਬਦਕਲਾਮੀ ਸਿਖ਼ਰਾਂ ਤੇ ਹੈ। ਸਿਵੇ ਬਚੇ ਸਨ ਹੁਣ ਤੀਕ , ਉਹ ਵੀ ਮਿਹਣਿਆਂ ਦੀ ਭਾਸ਼ਾ ਸੁਣ ਰਹੇ ਹਨ। ਮੀਡੀਆ ਨੇ ਹਰ ਸ਼ਹਿਰ ਚ ਪੱਕੇ ਸਰਕਾਰੀ ਗਵਾਹਾਂ ਵਰਗੇ ਬੁਲਾਰੇ ਰੱਖੇ ਹੋਏ ਨੇ ਜੋ ਹਰ ਮਸਲੇ ਦੇ ਮਾਹਿਰ ਬਣ ਕੇ ਝੱਗੋਝੱਗ ਹੋਣ ਤੀਕ ਜਾਂਦੇ ਨੇ।
ਅੰਮ੍ਰਿਤਸਰ ਦੇ ਦੁਸਹਿਰਾ ਦੁਖਾਂਤ ਨੇ ਕਈਆਂ ਦੇ ਮਨ ਅੰਦਰ ਬੈਠੇ ਰਾਵਣ ਬਾਹਰ ਕੱਢ ਮਾਰੇ ਹਨ। ਮਿਹਣੋ ਮਿਹਣੀ ਹੋਣ ਵਾਲੇ ਸਿਆਸਤੀਆਂ ਨੂੰ ਮੁਸ਼ਕਿਲ ਨਾਲ ਸ਼ਿਕਾਰ ਮਿਲਿਆ ਹੈ ਪਰ ਸਵਾਲ ਹੈ ਕਿ ਇਨਸਾਨੀਅਤ ਕਿੱਧਰ ਗਈ।
ਰੇਲਵੇ ਮੰਤਰੀ ਹੱਥ ਝਾੜ ਗਿਐ ਕਿ ਅਸੀਂ ਤਾਂ ਪੜਤਾਲ ਵੀ ਨਹੀਂ ਕਰਨੀ ਕਿ ਇਹ ਦੁਖਾਂਤ ਕਿਵੇਂ ਤੇ ਕਿਉਂ ਵਾਪਰਿਆ?
ਕੀ ਗਾਜਰ ਮੂਲੀ ਵਾਂਗ ਬੰਦੇ ਬੱਚੇ ਟੁੱਕ ਕੇ ਰੇਲਵੇ ਬਰੀ ਦਾ ਬਰੀ।
ਬੇਗਾਨਗੀ ਇਹੋ ਜਹੇ ਪਲ ਹੀ ਪੈਦਾ ਕਰਦੇ ਹਨ। ਏਦਾਂ ਤਾਂ ਬੇਗਾਨੇ ਵੀ ਨਹੀਂ ਸਨ ਕਰਦੇ।
ਦੇਸ਼ ਆਜ਼ਾਦੀ ਦੇ 71 ਸਾਲ ਬੀਤਣ ਤੇ ਵੀ ਸ਼ਹਿਰਾਂ ਚੋਂ ਲੰਘਦੇ ਰੇਲਵੇ ਟਰੈਕਸ ਦੇ ਦੁਪਾਸੀਂ ਬੈਰੀਕੇਡਿੰਗ ਨਹੀਂ!
ਕੀ ਆਦਮ ਜ਼ਾਤ ਦੀ ਸੁਰੱਖਿਆ ਕਰਨ ਦੀ ਥਾਂ ਮਰਨ ਉਪਰੰਤ ਮੁਆਵਜ਼ਾ ਹੀ ਕਾਫ਼ੀ ਹੈ?
ਜਾਗੋ! ਜਾਗੋ! ਸੌਣ ਵਾਲਿਓ
ਗਲਮੇ ਹੱਥ ਪਾਉ ਤੇ ਪੁੱਛੋ ਕਿ ਸਾਨੂੰ ਇਨਸਾਨ ਕਦੋਂ ਸਮਝੋਗੇ?
ਮਨ ਬੇਹੱਦ ਗ਼ਮਜ਼ਦਾ ਹੈ।
ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ ਇੱਕ ਆਵਾਜ਼ ਹੋ ਇੱਕ ਚਿੱਠੀ ਚ ਮੁਲਕ ਦੀ ਹਕੂਮਤ ਨੂੰ ਲਿਖ ਕੇ ਕਹਿਣ ਕਿ ਇੱਕੋ ਵਤਨ ਚ ਦੋ ਕਾਨੂੰਨ ਕਿਉਂ ਨੇ?
ਪੰਜਾਬ ਦੀ ਪੀੜ ਨਾ ਵਧਾਉ।
ਇਸ ਪਲ ਮੈਨੂੰ ਆਪਣੀਆਂ ਦੋ ਗ਼ਜ਼ਲਾਂ
ਯਾਦ ਆ ਰਹੀਆਂ ਨੇ
ਤੁਸੀਂ ਵੀ ਪੜ੍ਹੋ।
ਗ਼ਜ਼ਲ 1
ਦੇਸ ਪੰਜਾਬ ਦੇ ਬਰਖ਼ੁਰਦਾਰਾ ਆਪਣੀ ਸੁਰਤ ਸੰਭਾਲ ਦੂਲਿਆ।
ਤੇਰੇ ਚਾਰ ਚੁਫ਼ੇਰੇ ਤਣਿਆ,ਸ਼ਹਿਰੀ ਤੰਦੂਆ ਜਾਲ ਦੂਲਿਆ।
ਮਿਰਜ਼ੇ ਪਿੱਛੇ ਵਾਹਰ ਪਈ ਹੈ, ਵੰਨ ਸੁਵੰਨੇ ਦੁਸ਼ਮਣ ਲੱਖਾਂ,
ਸਿਰੋਂ ਮੜਾਸਾ ਲੱਥਿਆ ਤੱਕ ਲੈ, ਗਲ ਵਿੱਚ ਉਲਝੇ ਵਾਲ ਦੂਲਿਆ।
ਬੀਨ,ਬੰਸਰੀ, ਢੱਡ ਸਾਰੰਗੀ, ਤੂੰਬਾ ਵੰਝਲੀ ਵਾਜਾਂ ਮਾਰੇ,
ਆ ਜਾ ਵੇ ਮੇਰੇ ਲਾਡਾਂ ਜਾਇਆ ਖ਼ੁਸ਼ਬੂ ਆਣ ਸੰਭਾਲ ਦੂਲਿਆ।
ਰੇਤਲਿਆਂ ਟਿਬਿਆਂ ਵਿਚ ਗੋਕੇ ਘਿਓ ਨੂੰ ਜ਼ਾਲਮ ਰੋੜ੍ਹੀ ਜਾਂਦੇ,
ਹਾਕਮ ਪੱਥਰ ਚਿੱਤ ਨੇ ਹੋ ਗਏ,ਹੋ ਗਿਆ ਮੰਦੜਾ ਹਾਲ ਦੂਲਿਆ।
ਘਰ ਦੀ ਕੁੰਜੀ ਸੌਪ ਤੇ ਖ਼ੁਦ ਨੂੰ,ਬਾਗ ਘੇਰਿਆ ਸਾਡਾ ਮੁਗਲਾਂ,
ਵੰਡ ਰਹੇ ਨੇ ਆਪਣਿਆਂ ਨੂੰ,ਜਿਉਂ ਚੋਰੀ ਦਾ ਮਾਲ ਦੂਲਿਆ।
ਸਤਿਲੁਜ ਸਣੇ ਬਿਆਸ ਤੇ ਰਾਵੀ ਵਿੱਸਰ ਗਏ ਨੇ ਤੈਨੂੰ ਕਿਉਂ ਵੇ,
ਤੂੰ ਜਿੰਨ੍ਹਾਂ ਤੋਂ ਤੁਰਨਾ ਸਿੱਖਿਆ, ਭੁੱਲਿਉਂ ਅਸਲੀ ਚਾਲ ਦੂਲਿਆ।
ਸ਼ੇਰ ਦੀਆਂ ਮਾਰਾਂ ਤੇ ਜਦ ਵੀ ਵੇਖਾਂ ਗਿੱਦੜ ਕਰਨ ਕਲੋਲਾਂ,
ਇੰਜ ਕਿਉਂ ਲੱਗਦੈ ਮੈਨੂੰ ਪੁੱਤਰਾ, ਕਰਦਾ ਕੋਈ ਹਲਾਲ ਦੂਲਿਆ।
????????????
ਗ਼ਜ਼ਲ 2
ਰਾਤ ਪਈ ਹੈ, ਫਿਰ ਕੀ ਹੋਇਆ, ਮੈਂ ਨਾ ਹੁਣ ਦਿਲਗੀਰ ਬਣਾਂਗਾ।
ਅਗਨ ਬਾਣ ਹਾਂ, ਵੇਖ ਲਇਓ ਮੈਂ, ਰਾਤ ਦੀ ਹਿੱਕ ਵਿੱਚ ਤੀਰ ਬਣਾਂਗਾ।
ਨਾਲ ਸ਼ਿਕਰਿਆਂ ਲੜਦੇ ਲੜਦੇ,ਝਪਟ ਮਾਰਦੇ ਬਾਜ਼ਾਂ ਖ਼ਾਤਰ,
ਚਿੜੀਆਂ ਦੀ ਧਿਰ ਪਾਲਦਿਆਂ ਮੈਂ, ਜ਼ਾਲਮ ਲਈ ਸ਼ਮਸ਼ੀਰ ਬਣਾਂਗਾ।
ਕਣਕ ਦੇ ਬਦਲੇ ਅਣਖ ਵੇਚ ਕੇ, ਧਰਤੀ ਤੇ ਕਿਉਂ ਭਾਰ ਬਣਾਂ ਮੈਂ,
ਰਾਤ ਦੇ ਕਾਲ਼ੇ ਚਿਹਰੇ ਉੱਤੇ ਸੂਹੀ ਸੁਰਖ਼ ਲਕੀਰ ਬਣਾਂਗਾ।
ਹੋਰ ਕਿਸੇ ਨੂੰ ਕਰਾਂ ਜੋਦੜੀ, ਮੰਨ ਕੇ ਆਪਣਾ ਭਾਗ ਵਿਧਾਤਾ,
ਹਰਗਿਜ਼ ਇਹ ਨਾ ਹੋਣਾ ਮੈਥੋਂ ਖ਼ੁਦ ਆਪਣੀ ਤਕਦੀਰ ਬਣਾਂਗਾ।
ਜੁਗਨੂੰ , ਚੰਨ ਅਸੰਖਾਂ ਤਾਰੇ, ਕਿੰਨੇ ਮੇਰੇ ਯਾਰ ਪਿਆਰੇ,
ਏਸ ਤਰ੍ਹਾਂ ਹੀ ਜਗਦਾ ਜਗਦਾ ਮੈਂ ਸੂਰਜ ਦਾ ਵੀਰ ਬਣਾਂਗਾ।
ਆਦਿ ਜੁਗਾਦੀ ਸੱਚ ਤੇ ਪਹਿਰਾ, ਦੇਣ ਲਈ ਮੈਂ ਹਾਜ਼ਰ ਨਾਜ਼ਰ,
ਜਬਰ ਜ਼ੁਲਮ ਨੂੰ ਮੇਟਣ ਦੇ ਲਈ, ਚਾਨਣ ਦਾ ਹਮਸ਼ੀਰ ਬਣਾਂਗਾ।
ਮਾਤਾ ਧਰਤ ਸੁਹਾਗਣ ਮੇਰੀ ,ਬਣੀ ਅਭਾਗਣ, ਜਿਸਦੇ ਕਰਕੇ,
ਬਿਰਖ਼ ਬਰੂਟੇ ਪੌਣ ਪੁਣਨਗੇ,ਮੈਂ ਵੀ
ਨਿਰਮਲ ਨੀਰ ਬਣਾਂਗਾ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.