ਰਾਜੇ ਹੱਥ ਕਟੋਰਾ ਅਤੇ ਮੰਗਤੇ ਹੱਥ ਰਾਜ ਕਦੋਂ ਆ ਜਾਵੇ, ਪਤਾ ਨਹੀਂ ਲੱਗਦਾ। ਸਿਆਣੇ ਲੋਕ, ਜਿਨਾਂ ਨੇ ਜਿੰਦਗੀ ਦੇ ਕਈ ਦਹਾਕੇ ਮਨੁੰਖਤਾ ਦੇ ਇਸ ਘੋਲ਼ ਨੂੰ ਨੇੜਿਉੇਂ ਗਹੁ ਨਾਲ ਦੇਖਿਆ ਹੈ, ਆਪਣੇ ਤਜੁਰਬੇ ਅਨੁਸਾਰ ਦੱਸਦੇ ਹਨ ਕਿ ਸਮਾਂ ਬਦਲਦੇ ਦੇਰ ਨਹੀਂ ਲਗਦੀ। ਚੰਗੇ ਸਮੇਂ ਵਿੱਚ ਆਪਣੇ ਮਾੜੇ ਵਕਤ ਨੂੰ ਭੁੱਲ ਜਾਣਾਂ ਸ਼ਾਇਦ ਇਹ ਸਭ ਤੋਂ ਵੱਡੀ ਭੁੱਲ ਹੁੰਦੀ ਹੈ। ਪ੍ਰਮਾਤਮਾ ਦੇ ਹੱਥ ਜਿੰਦਗੀ ਦੀ ਡੋਰ ਹੋਣ ਕਾਰਨ ਮਨੁੰਖ ਉਸ ਪ੍ਰਮਾਤਮਾ ਅੱਗੇ ਲਾਚਾਰ ਅਤੇ ਬੇਬਸ ਹੈ ਪਰ ਮਨੁੰਖ ਦੀ ਹਉਮੈਂ ਉਸਨੂੰ ਸਦਾ ਬਾਦਸ਼ਾਹ ਬਨਣ ਲਈ ਪ੍ਰੇਰਦੀ ਹੈ। ਪੈਸੇ ਅਤੇ ਸ਼ੌਹਰਤ ਦੀ ਚਮਕ ਇੱਕ ਬਾਦਸ਼ਾਹ ਦੀ ਜਿੰਦਗੀ ਨੂੰ ਕੁੱਝ ਸਮੇਂ ਲਈ ਰੰਗੀਨ ਬਣਾ ਦਿੰਦੀ ਹੈ ਜਦਕਿ ਪੈਸਾ ਕਮਾਉਣ ਦੀ ਚਾਹਨਾਂ ਅਤੇ ਲੋੜਾਂ ਨੂੰ ਪੂਰੀ ਕਰਨ ਦੀ ਮਜ਼ਬੂਰੀ ਇੱਕ ਆਮ ਇਨਸਾਨ ਦੀ ਜਿੰਦਗੀ ਨੂੰ ਸਘੰਰਸ਼ੀਲ ਬਣਾਉਂਦੀ ਹੈ। ਤਾਕਤ ਦੇ ਨਸ਼ੇ ਵਿੱਚ ਬਾਦਸ਼ਾਹ ਮਜ਼ਲੂਮ ਨੂੰ ਲੁੱਟ ਕੇ ਅਤੇ ਕੁੱਟ ਕੇ ਪਾਪ ਕਮਾਉਣ ਵਿੱਚ ਕੋਈ ਕਸਰ ਨਹੀਂ ਛੱਡਦਾ ਜਦਕਿ ਇੱਕ ਆਮ ਇਨਸਾਨ ਆਪਣੀ ਹੱਕ ਦੀ ਕਮਾਈ ਕਰਕੇ ਬੇਹੱਦ ਸਕੂਨ ਅਤੇ ਅਨੰਦ ਪ੍ਰਾਪਤ ਕਰਦਾ ਹੈ।
ਬਾਦਸ਼ਾਹ ਦੀ ਬਾਦਸ਼ਾਹਤ ਕਦੋਂ ਮਿੱਟੀ ਹੋ ਜਾਵੇ ਕੋਈ ਪਤਾ ਨਹੀਂ। ਕੌਡੀ ਕੌਡੀ ਜੋੜ ਕੇ ਭਰੇ ਖਜਾਨੇ ਪਲ ਵਿੱਚ ਲੁੱਟ ਜਾਂਦੇ ਹਨ। ਸਿਰਾਂ 'ਤੇ ਸਜਾਏ ਤਾਜ ਕਦੋਂ ਹੱਥਾਂ 'ਚ ਆ ਜਾਣ ਕੋਈ ਇਲਮ ਨਹੀਂ ਲੱਗਦਾ। ਉੱਚੇ ਅਹੁਦਿਆਂ ਦੀ ਸ਼ਾਨ ਪਲਾਂ ਵਿੱਚ ਫਿੱਕੀ ਪੈ ਜਾਂਦੀ ਹੈ। ਮਿਹਨਤੀ ਲੋਕਾਂ ਦੇ ਹੱਕ ਦੀ ਕਮਾਈ ਦੱਬ ਕੇ ਕਮਾਇਆ ਨਾਮ ਅਤੇ ਪੈਸਾ, ਸਮੇਂ ਨਾਲ, ਹੱਥਾਂ 'ਚੋ ਰੇਤ ਵਾਂਗ ਕਿਰ ਜਾਂਦਾ ਹੈ। ਵੱਡੀਆਂ ਵੱਡੀਆਂ ਸਲਤਨਤਾਂ ਦੇ ਮਾਲਕ ਬਾਦਸ਼ਾਹ, ਜਿਹਨਾਂ ਦੇ ਇੱਕ ਹੁਕਮ ਨਾਲ ਕਾਨੂੰਨ ਬਣ ਜਾਂਦੇ ਸਨ, ਆਖਰ ਮਿੱਟੀ ਹੋਣ ਤੋਂ ਬਾਅਦ ਸਦਾ ਲਈ ਇੱਕ ਆਮ ਇਨਸਾਨ ਦੇ ਬਰਾਬਰ ਹੋ ਗਏ।
'ਟਾਇਗਰ ਆਫ ਮੈਸੂਰ' ਦੇ ਨਾਂਅ ਨਾਲ ਜਾਣੇ ਜਾਂਦੇ ਟੀਪੂ ਸੁਲਤਾਨ ਨੇ ਆਪਣੀ ਸਲਤਨਤ 'ਤੇ ਬੜੀ ਸ਼ਾਨ ਨਾਲ ਸ਼ਾਸ਼ਨ ਕੀਤਾ। ਦੱਖਣ ਭਾਰਤ ਵਿੱਚ ਆਪਣੇ ਰਾਜਭਾਗ ਦੀ ਤਾਕਤ ਦੇ ਝੰਡੇ ਗੱਡਣ ਵਾਲੇ ਇਸ ਬਾਦਸ਼ਾਹ ਦੀ ਸਲਤਨਤ ਦਾ ਸਮਾਂ ਬੀਤਣ ਦੇ ਨਾਲ ਪਤਨ ਹੋ ਗਿਆ। ਉੇਸਦੇ ਵਾਰਸਾਂ ਦੀ ਜਿੰਦਗੀ ਨਰਕ ਬਣ ਗਈ ਅਤੇ ਉਹਨਾਂ ਨੇ ਇੱਕ ਆਮ ਇਨਸਾਨ ਵਾਂਗ ਰੋਜ਼ਮਰਾ ਦੇ ਕੰਮ ਕਰਕੇ ਆਪਣਾ ਵਕਤ ਲੰਘਾਇਆ। ਕਲਕੱਤੇ ਤੋਂ ਲੈ ਕੇ ਲਾਹੌਰ ਤੱਕ ਜਾਣ ਵਾਲੀ ਜਰਨੈਲੀ ਸੜਕ ਬਣਾਉਣ ਵਾਲਾ ਜਰਨੈਲ ਸ਼ੇਰ ਸ਼ਾਹ ਸੂਰੀ ਕਿੱਥੇ ਗਿਆ, ਕੁੱਝ ਪਤਾ ਨਹੀਂ। ਵੱਡੇ ਲਾਮ ਲਸ਼ਕਰਾਂ 'ਚ ਘਿਰੀਆ ਬਾਦਸ਼ਾਹ ਆਖਿਰ ਰੱਬ ਹੱਥੋਂ ਹਾਰ ਗਿਆ। ਉਸ ਵਲੋਂ ਜਰਨੈਲੀ ਸੜਕ ਦੇ ਕੰਡੇ ਰਾਹਗੀਰਾਂ ਲਈ ਬਣਾਈਆਂ ਸਰਾਵਾਂ ਮਹਿਜ ਖੰਡਰ ਹੀ ਰਹਿ ਗਏ ਹਨ। ਜੋ ਤਹਿਖਾਨੇ ਹੀਰਿਆਂ, ਜਵਾਹਰਾਤਾਂ ਅਤੇ ਧਨ ਦੌਲਤ ਨਾਲ ਲੱਦੇ ਰਹਿੰਦੇ ਸਨ ਅੱਜ ਮਿੱਟੀ ਦੀਆਂ ਪਰਤਾਂ ਹੇਠ ਦੱਬ ਕੇ ਪੱਧਰ ਹੋ ਗਏ ਹਨ। ਹੁਸਨਾਂ ਦੀਆਂ ਮਹਿਕਾਂ ਖਿੰਡਾ ਕੇ ਬਾਦਸ਼ਾਹ ਨੂੰ ਖੁਸ਼ ਕਰਨ ਵਾਲੀਆਂ ਸੁੰਦਰ ਰਾਣੀਆਂ ਦਾ ਵੀ ਕੋਈ ਥਹੁ ਟਿਕਾਣਾਂ ਨਹੀਂ ਲੱਭਦਾ। ਸਮਾਂ ਪਾ ਕੇ ਹਰ ਇੱਕ ਨੂੰ ਵਕਤ ਨੇ ਖਤਮ ਕਰ ਦਿੱਤਾ। ਆਪਣੇ ਸਮੇਂ ਦੇ ਹਾਕਮ ਰਹੇ ਇਹਨਾਂ ਬਾਦਸ਼ਾਹਾਂ ਦਾ ਜ਼ਿਆਦਾਤਰ ਕੋਈ ਜਾਨਸ਼ੀਨ ਵੀ ਨਜ਼ਰ ਨਹੀਂ ਆਉਂਦਾ।
ਲੋਕਾਂ ਨੂੰ ਲੁੱਟ ਕੇ ਸੋਨੇ ਦੇ ਗੰਜ ਲਾਉਣ ਵਾਲਾ ਕੌਰੂ ਬਾਦਸ਼ਾਹ ਸਭ ਕੁੱਝ ਛੱਡ ਕੇ ਫਾਨੀ ਜਗਤ ਤੋਂ ਤੁਰ ਗਿਆ। ਆਪਣੇ ਧਨ ਦੇ ਭੰਡਾਰਾਂ ਨੂੰ ਹੋਰ ਵੱਡਾ ਕਰਨ ਲਈ ਕੌਰੂ ਬਾਦਸ਼ਾਹ ਨੇ ਮੁਰਦਿਆਂ ਦੇ ਮੂੰਹ 'ਚ ਪਾਏ ਸੋਨੇ ਦੇ ਸਿੱਕੇ ਕੱਢ ਲਿਆਉਣ ਦੇ ਹੁਕਮ ਦਿੱਤੇ। ਸੰਤ ਮਹਾਂਪੁਰਸ਼ਾਂ ਨੂੰ ਚੌਕਾਂ 'ਚ ਬਿਠਾ ਕੇ ਸ਼ਹੀਦ ਕਰਕੇ ਆਪਣੇ ਆਪ ਨੂੰ ਜੋਰਾਵਰ ਕਹਾਉਣ ਵਾਲੇ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਤਾਂ ਹੈ ਪਰ ਵਿਰਾਸਤ ਕਿਸ ਨੇ ਸਾਂਭੀ ਕੋਈ ਪਤਾ ਨਹੀਂ। ਇਤਿਹਾਸ ਦੱਸਦਾ ਹੈ ਕਿ ਬਾਦਸ਼ਾਹ ਸ਼ਾਹ ਜਹਾਨ ਨੇ ਆਪਣੀ ਬੇਗਮ ਦੀ ਯਾਦ 'ਚ ਤਾਜ਼ ਮਹਿਲ ਬਣਾਉਣ ਵਾਲੇ ਕਾਰੀਗਰਾਂ ਨਾਲ ਕੋਈ ਬਹੁਤਾ ਵਧੀਆ ਸਲੂਕ ਨਹੀਂ ਸੀ ਕੀਤਾ। ਮਿਹਨਤੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੱਬਣ ਵਾਲਿਆਂ ਦੇ ਮਹਿਲ ਅੱਜ ਖੰਡਰ ਬਣ ਗਏ ਹਨ। ਬਾਦਸ਼ਾਹ ਦੀ ਕਰੂਰ ਤਾਕਤ ਅਤੇ ਦਹਿਸ਼ਤ ਕਾਰਨ ਜਿਹੜੇ ਮਹਿਲਾਂ ਕੋਲੋਂ ਆਮ ਇਨਸਾਨ ਲਈ ਲੰਘਣਾਂ ਵੀ ਮੁਸ਼ਕਿਲ ਹੁੰਦਾ ਸੀ, ਅੱਜ ਲੋਕ ਇਹਨਾਂ ਖੰਡਰ ਰੂਪੀ ਮਹਿਲਾਂ ਨੂੰ ਦਿਲ ਪਰਚਾਵੇ ਲਈ ਦੇਖਦੇ ਹਨ। ਜਿਨਾਂ ਹਾਕਮਾਂ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਸੀ ਹਿਲਦਾ ਅੱਜ ਉਹਨਾਂ ਦੀਆਂ ਕਬਰਾਂ ਇਕੱਲਤਾ ਅਤੇ ਬੇਰੁਖੀ ਦਾ ਸੰਤਾਪ ਹੰਢਾ ਰਹੀਆਂ ਹਨ। ਇਤਿਹਾਸ ਗਵਾਹ ਹੈ ਕਿ ਹਿਟਲਰ ਵਲੋਂ ਦੁਸ਼ਮਣ ਨਾਲ ਕੀਤਾ ਜਾਂਦਾ ਕਰੂਰ ਵਰਤਾਉ ਸਭ ਹੱਦਾਂ ਬੰਨੇ ਟੱਪ ਜਾਂਦਾ ਸੀ। ਅੰਤਾਂ ਦੀ ਤਾਕਤ ਦਾ ਮਾਲਕ ਇਹ ਸ਼ਾਸ਼ਕ ਅੰਤ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਆਤਮਹੱਤਿਆ ਕਰ ਗਿਆ। ਨਾ ਰਾਜ ਰਿਹਾ ਨਾ ਤਾਜ ਰਿਹਾ, ਉਲਟਾ ਕੀਤੇੇ ਹੋਏ ਪਾਪਾਂ ਦਾ ਹਿਸਾਬ ਗਲ਼ ਜਰੂਰ ਪੈ ਗਿਆ।
ਇਤਿਹਾਸ ਦੇ ਪੰਨਿਆ 'ਤੇ ਉਹ ਨਾਂ ਘੱਟ ਹੀ ਹਨ ਜਿਨਾਂ ਨੇ ਮਨੁੰਖਤਾ ਦੇ ਭਲੇ ਦੀ ਗੱਲ ਕੀਤੀ ਹੋਵੇ, ਪਰ ਇਹ ਭਲੇ ਲੋਕ ਘੱਟ ਹੋਣ ਦੇ ਬਾਵਜੂਦ ਵੀ ਕਰੋੜਾਂ ਅਰਬਾਂ ਲੋਕਾਂ ਦੇ ਹਮੇਸ਼ਾਂ ਦਿਲ ਵਿੱਚ ਵਸਦੇ ਹਨ ਅਤੇ ਵਸਦੇ ਰਹਿਣਗੇ। ਮਾਰ ਧਾੜ ਕਰਕੇ ਜਿੱਤੇ ਅਹੁਦੇ ਅਤੇ ਖਿਤਾਬ ਸਦੀਵੀਂ ਨਹੀਂ ਹੁੰਦੇ, ਵਕਤ ਦੀ ਰਫਤਾਰ ਇਹਨਾਂ ਅਹੁਦੇ ਅਤੇ ਖਿਤਾਬਾਂ ਨੂੰ ਆਪਣੀ ਤਾਕਤ ਨਾਲ ਖਤਮ ਕਰ ਦਿੰਦੀ ਹੈ। ਉਸ ਰੁੱਖ ਦਾ ਸ਼ਾਇਦ ਹੀ ਕਿਸੇ ਨੂੰ ਫਾਇਦਾ ਹੋਵੇਗਾ ਜਿਸਦੀ ਛਾਂ ਕਿਸੇ ਨੂੰ ਤਪਦੀ ਗਰਮੀ ਵਿੱਚ ਸਕੂਨ ਨਾ ਦੇ ਸਕਦੀ ਹੋਵੇ। ਜਿੰਦਗੀ ਦਾ ਲੁਤਫ ਲੁੱਟ ਖਸੁੱਟ ਕਰਕੇ ਮਾਨਵਤਾ ਨੂੰ ਤਾਰ ਤਾਰ ਕਰਨ ਵਿੱਚ ਨਹੀਂ ਬਲਕਿ ਲੋੜਵੰਦ ਅਤੇ ਮਜ਼ਬੂਰ ਦੇ ਹਮਸਫਰ ਬਨਣ ਵਿੱਚ ਹੈ। ਮਾਨਵਤਾ ਦਾ ਇਹ ਵੱਡਾ ਕਾਰਜ ਕਰਦੇ ਸਮੇਂ ਮਿਲੀ ਬਾਦਸ਼ਾਹਤ ਅਤੇ ਸਲਤਨਤ ਕਦੇ ਖਤਮ ਨਹੀਂ ਹੁੰਦੀ।
-
ਪ੍ਰੋ.ਡਾ. ਧਰਮਜੀਤ ਸਿੰਘ ਮਾਨ, ਪ੍ਰੋਫੈਸਰ, ਜਵਾਹਰਲਾਲ ਨਹਿਰੂ ਸਰਕਾਰੀ ਕਾਲਜ
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.