ਪਾਕਿਸਤਾਨ ਦੀ ਨਾਮਵਰ ਕਵਿੱਤਰੀ ਤਾਹਿਰਾ ਸਰਾ ਨੂੰ ਨਨਕਾਣਾ ਸਾਹਿਬ ਦੀ ਮਿੱਟੀ ਨੇ ਉਰਦੂ ਤੋਂ ਪੰਜਾਬੀ ਵੱਲ ਮੋੜਿਆ। ਉਹ ਪਹਿਲਾਂ ਉਰਦੂ ਚ ਲਿਖਦੀ ਸੀ ਪਰ ਜੋ ਸਨੇਹ ਉਸਨੂੰ ਪੰਜਾਬੀ ਪਿਆਰਿਆਂ ਨੇ ਦਿੱਤਾ ਉਸ ਦੇ ਹਵਾਲੇ ਨਾਲ ਉਹ ਪੰਜਾਬੀ ਕਵਿਤਾ ਚ ਪੂਰਾ ਖੁੱਭ ਗਈ ਹੈ।
ਧਰਤੀ ਦੀ ਧੀ ਹੈ ਉਹ। ਕੱਚੀ ਮਿੱਟੀ ਦੀ ਮਹਿਕ ਜਹੀ।
ਪੱਕਿਆਂ ਮਕਾਨਾਂ ਚ ਕਵਿਤਾ ਆਲ੍ਹਣਾ ਨਹੀਂ ਜੇ ਪਾਉਂਦੀ। ਉਹਦਾ ਵਿਸ਼ਵਾਸ ਹੈ। ਪਾਕਿਸਤਾਨੀ ਪੰਜਾਬ ਦੇ ਸਭ ਵੱਡੇ ਕਵੀ ਦਰਬਾਰਾਂ ਚ ਉਹਨੂੰ ਮਾਣ ਨਾਲ ਬੁਲਾਇਆ ਜਾਂਦੈ। ਖੂਬ ਨਿਭਦੀ ਹੈ।
ਉਸਦੇ ਅਨੇਕਾਂ ਬੋਲ ਸਰੋਤਿਆਂ ਨੂੰ ਮੂੰਹ ਜ਼ਬਾਨੀ ਯਾਦ ਹੋ ਗਏ ਨੇ।
ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦੀ ਤਹਿਸੀਲ ਮੰਡੀ ਢਾਬਾਂ ਸਿੰਘ ਚ ਵੱਸਦੀ ਸ਼ਾਇਰਾ ਤਾਹਿਰਾ ਸਰਾ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਮੇਰੇ ਮਨ ਮਸਤਕ ਤੇ ਸਵਾਰ ਨੇ।ਖ਼ਾਸ ਕਰਕੇ ਇਸ ਦਾ ਸੁਣਾਉਣ ਦਾ ਪੋਲਾ ਪੋਲਾ ਅੰਦਾਜ਼।
ਲੱਗਦੈ,ਪੌਣਾਂ ਚ ਤਰਦੀ ਹੈ, ਚੰਦਰਭੂਮੀ ਤੇ ਤੁਰਦੀ ਹੈ ਮਲਕੜੇ ਮਲਕੜੇ।
ਲਾਹੌਰ ਚ ਪੰਜਾਬੀ ਪੱਖੀ ਧਰਨੇ ਦੌਰਾਨ ਉਸ ਦੀਆਂ ਗੱਲਾਂ ਨੇ ਮੈਨੂੰ ਬੰਨ੍ਹ ਬਹਾਇਆ। ਆਪਣੇ ਆਪ ਨਾਲ ਸੱਚੇ ਹੋਣ ਲਈ ਮਾਂ ਬੋਲੀ ਬੋਲਣਾ ਕਿੰਨਾ ਜ਼ਰੂਰੀ ਹੈ, ਤੁਸੀਂ ਵੀ ਯੂ ਟਿਊਬ ਤੇ ਸੁਣਿਓ। ਉਹ ਸਰਕਾਰੀ ਪੋਲੀਟੈਕਨਿਕ ਕਾਲਿਜ ਮੰਡੀ ਢਾਬਾਂ ਸਿੰਘ ਵਿੱਚ ਕੰਪਿਊਟਰ ਦੀ ਪ੍ਰੋਫੈਸਰ ਹੈ।
ਲੋਕ ਸਾਹਿਤ ਦੀ ਕਿਤਾਬ
ਬੋਲਦੀ ਮਿੱਟੀ
ਤੋਂ ਬਾਦ ਹੁਣ ਮੌਲਿਕ ਕਾਵਿ ਪੁਸਤਕ ਸ਼ੀਸ਼ਾ
ਦਾ ਪ੍ਰਕਾਸ਼ਨ ਕਰਵਾ ਰਹੀ ਹੈ।
ਇਹ ਕਿਤਾਬ ਏਧਰਲੇ ਪੰਜਾਬ ਚ ਵੀ ਜਲਦੀ ਛਪ ਰਹੀ ਹੈ।
ਤਾਹਿਰਾ ਸਰਾ ਦੀ ਮਿਸ਼ਰੀ ਘੁਲੀ ਸ਼ਾਇਰੀ ਚ ਨਿੱਕੀ ਇਲਾਇਚੀ ਦਾ ਵੀ ਸੁਮੇਲ ਜਾਪਦੈ।
ਉਸਦੀ ਇੱਕ ਨਜ਼ਮ
ਡਾਢਿਆ ਰੱਬਾ
ਪਿੱਤਰੀ ਸੱਤਾ ਦੇ ਬਖੀਏ ਉਧੇੜਦੀ ਹੈ ਪਰ ਲੋਕ ਰੰਗ ਵਿੱਚ। ਥੋੜੇ ਜਹੇ ਸ਼ਬਦਾਂ ਚ ਹੀ ਹਜ਼ਾਰ ਸਫ਼ਿਆਂ ਦੀ ਕਿਤਾਬ ਜਿੰਨਾ ਕੰਮ ਕਰ ਜਾਂਦੀ ਹੈ। ਇਹੀ ਉਸਦੇ ਕਲਾਮ ਦਾ ਮੀਰੀ ਗੁਣ ਹੈ।
ਤਾਹਿਰਾ ਸਰਾ ਦਾ ਅੰਦਾਜ਼ ਐਸਾ ਹੈ ਜਿਵੇਂ ਤਪਦੇ ਤਵੇ ਤੇ ਜਲਕਣ ਤੜਪਦਾ ਹੈ। ਉਸ ਕੋਲ ਨਜ਼ਰ ਵੀ ਹੈ ਤੇ ਨਜ਼ਰੀਆ ਵੀ। ਉਹ ਮਰਦ ਸਰਦਾਰੀ ਦੀ ਗੁਲਾਮੀ ਤਾਂ ਤੋੜਦੀ ਹੈ ਪਰ ਔਰਤ ਮਰਦ ਨੂੰ ਇੱਕ ਦੂਜੇ ਦੇ ਪੂਰਕ ਮੰਨਦੀ ਹੈ,ਵਿਰੋਧੀ ਨਹੀਂ ।
ਉਸਦੀ ਇਹ ਕਵਿਤਾ ਪੜ੍ਹੋ!
ਡਾਢਿਆ ਰੱਬਾ
————-
ਨੌਂ ਮਹੀਨੇ ਕੁੱਖੇ ਰੱਖਾਂ।
ਮੌਤ ਦੇ ਮੂੰਹ ਚੋਂ ਮੁੜ ਕੇ ਜੰਮਾਂ।
ਰੱਤ ਚੁੰਘਾ ਕੇ ਪਾਲਾਂ ਪੋਸਾਂ।
ਵਲਦੀਅਤ ਦੇ ਖ਼ਾਨੇ ਦੇ ਵਿੱਚ
ਉਹਦਾ ਨਾਂ।
ਕਿਹੜਾ ਮੇਰਾ ਕਰੇ ਨਿਆਂ?
ਸੋਹਣਿਆ ਰੱਬਾ
ਡਾਢਿਆ ਰੱਬਾ
ਤੂੰ ਆਦਮ ਦਾ ਬੁੱਤ ਬਣਾਇਆ।
ਉਹਦੀ ਪਸਲੀ ਵਿੱਚੋਂ
ਮੁੜ ਕੇ ਮੈਨੂੰ ਕੱਢਿਆ।
ਮੈਨੂੰ ਮਿਹਣਿਆਂ ਜੋਗੀ ਛੱਡਿਆ।
ਪਸਲੀ ਵਿੱਚੋਂ ਨਿਕਲੀ ਏਂ
ਕਿ ਪਸਲੀ ਵਾਂਗ ਈ ਟੇਢੀ ਏਂ?
ਮੇਰੇ ਲਈ ਕੀ ਤੇਰੇ ਕੋਲੋਂ
ਮੁੱਠ ਮਿੱਟੀ ਵੀ ਨਹੀਂ ਪੁੱਜੀ।
ਸੋਹਣਿਆ ਰੱਬਾ।
ਡਾਢਿਆ ਰੱਬਾ।
ਉਹਦਿਆ ਰੱਬਾ।
ਸੱਤੇ ਖ਼ੈਰਾਂ ਇਸ ਸੱਜਰੀ ਹਵਾ ਦੇ ਬੁੱਲੇ ਨੂੰ। ਗ਼ਜ਼ਲ ,ਕਵਿਤਾ ਤੇ ਬੋਲੀਆਂ ਕਮਾਲੋ ਕਮਾਲ।
ਵਿਸਥਾਰ ਕਦੇ ਫਿਰ ਸਹੀ।
ਹਾਲ ਦੀ ਘੜੀ ਉਸ ਦੀਂਆਂ ਕੁਝ ਲਿਖਤਾਂ ਨਾਲ ਸਾਂਝ ਪਾਉ ਤੇ ਦੱਸੋ,
ਕੀ ਮੈਂ ਝੂਠ ਬੋਲਿਆ?
1.ਬੋਲੀਆਂ
ਨੀ ਮੈਂ ਪੱਗ ਥੱਲੇ ਆ ਕੇ ਮਰ ਗਈ
ਕਿਸੇ ਨੇ ਮੇਰੀ ਕੂਕ ਨਾ ਸੁਣੀ।
ਸਾਡੇ ਕੰਨਾਂ ਨੂੰ ਕਰਾਈਆਂ ਮੋਰੀਆਂ
ਤੇ ਅਕਲਾਂ ਨੂੰ ਰਾਹ ਭੁੱਲ ਗਏ।
ਜੰਝ ਵਿਹੜੇ ਵਿੱਚ ਆਣ ਖਲੋਤੀ
ਪਟੋਲਿਆਂ ਚ ਲੁਕਦੀ ਫਿਰਾਂ।
ਸਿਰ ਚੁੱਕ ਕੇ ਧਮਾਲਾਂ ਪਾਈਏ,
ਝੁਕਿਆਂ ਨੂੰ ਕੌਣ ਪੁੱਛਦਾ।
ਨੀ ਮੈਂ ਅੱਕ ਦਾ ਦੰਦਾਸਾ ਮਲ ਕੇ,
ਖੇੜਿਆਂ ਦੇ ਘਰ ਵੱਸ ਗਈ।
ਸਾਡੇ ਪੁੱਠਿਆਂ ਹੱਥਾਂ ਤੇ ਮਹਿੰਦੀ,
ਸਿੱਧਿਆਂ ਤੇ ਲੀਕਾਂ ਵੱਜੀਆਂ।
ਨੀ ਮੈਂ ਭੱਖੜੇ ਦਾ ਸੂਟ ਸਿੰਵਾਇਆ,
ਸ਼ਰੀਕੜੇ ਦੀ ਅੱਖ ਪਾਟ ਗਈ।
ਮਾਏ ਚੁੰਨੀ ਦੀਆਂ ਵੱਟੀਆਂ ਵਟਾ ਦੇ,
ਦੀਵਾ ਸਾਰੀ ਰਾਤ ਜਗਣਾ।
ਤੇਰਾ ਗੱਡੇ ਜਿੱਡਾ ‘ਲਾਂਭਾ ਮਿਲਿਆ,
ਵੇ ਤੂੰ ਮੇਰਾ ਕੀ ਲੱਗਨੈਂ?
ਉਸ ਦੀਆਂ ਕੁਝ ਗ਼ਜ਼ਲਾਂ ਦੇ ਸ਼ਿਅਰ ਹਾਜ਼ਰ ਹਨ।
ਜੇ ਮਰਜ਼ੀ ਏ ਤੇਰੀ ਬੱਸ।
ਲੈ ਫਿਰ ਤੇਰੀ ਮੇਰੀ ਬੱਸ।
ਡੁੱਬਣ ਦੇ ਲਈ ਕਾਫ਼ੀ ਏ,
ਅੱਖ ਦੀ ਘੁੰਮਣਘੇਰੀ ਬੱਸ।
ਪਿਆਰ ਤੇ ਸਭ ਨੂੰ ਹੁੰਦਾ ਏ,
ਹੁੰਦੀ ਨਹੀਂ ਦਲੇਰੀ ਬੱਸ।
ਉਹ ਤੇ ਮੇਰਾ ਹੋਇਆ ਸੀ,
ਮੈਂ ਵੀ ਹੋਈ ਬਥੇਰੀ ਬੱਸ।
ਤਾਹਿਰਾ ਰੁੱਖ ਗੁਲਾਬਾਂ ਦਾ,
ਉਹ ਸੀ ਇੱਕ ਹਨੇਰੀ ਬੱਸ।
ਤੈਨੂੰ ਇੰਜ ਨਿਗਾਹਵਾਂ ਲੱਭਣ।
ਮਰਦੇ ਜੀਕੂੰ ਸਾਹਵਾਂ ਲੱਭਣ।
ਅੱਜ ਵੀ ਮੇਰੀਆਂ ਝੱਲੀਆਂ ਨਜ਼ਰਾਂ,
ਮੇਰੇ ਵਿੱਚ ਪਰਛਾਵਾਂ ਲੱਭਣ।
ਦਿਲ ਦੇ ਦੀਵੇ ਬੁੱਝੇ ਪਏ ਨੇ,
ਹੁਣ ਕੀ ਏਥੋਂ ‘ਵਾਵਾਂ ਲੱਭਣ।
ਸੁਸਤੀ ਮਾਰੀ ਸੋਚ ਇਹ ਆਂਹਦੀ,
ਤੁਰੀਏ ਤਾਂ ਤੇ ਰਾਹਵਾਂ ਲੱਭਣ।
ਮੈਂ ਸੁਪਨੇ ਵਿੱਚ ਸੁਪਨਾ ਤੱਕਿਆ,
ਮੈਨੂੰ ਤੇਰੀਆਂ ਬਾਹਵਾਂ ਲੱਭਣ।
ਉਹਦਾ ਚੇਤਾ ਨਾਲ ਹੁੰਦਾ ਏ।
ਇੱਕ ਇੱਕ ਸ਼ਿਅਰ ਕਮਾਲ ਹੁੰਦਾ ਏ।
ਕਿਸੇ ਵੀ ਗੱਲ ਤੇ ਅੜ ਜਾਂਦਾ ਏ,
ਦਿਲ ਤੇ ਜ਼ਿੱਦੀ ਬਾਲ ਹੁੰਦਾ ਏ।
ਆ ਜਾਂਦਾ ਏ ਚੰਦਰਾ ਸਾਵਣ,
ਫਿਰ ਜੋ ਮੇਰਾ ਹਾਲ ਹੁੰਦਾ ਏ।
ਹਿਜ਼ਰ ਨੂੰ ਕੁਸ਼ਤਾ ਕਰਦੀ ਪਈ ਆਂ,
ਵੇਖੋ ਕਦੋਂ ਵਿਸਾਲ ਹੁੰਦਾ ਏ।
ਧੀ ਨੂੰ ਕਿਉਂ ਤੂੰ ਭੈੜਾ ਆਖੇਂ,
ਧੀਆਂ ਲੁੱਟ ਦਾ ਮਾਲ ਹੁੰਦਾ ਏ?
ਅੱਧੇ ਘੰਟੇ ਬਾਦ ਆਵੇਂਗਾ,
ਅੱਧਾ ਘੰਟਾ ਸਾਲ ਹੁੰਦਾ ਏ!
ਕੱਚੇ ਦੁੱਧ ਦੇ ਵਾਂਗ ਇਹ ਅੱਥਰੂ,
ਕੜ੍ਹ ਕੜ੍ਹ ਗਾੜ੍ਹਾ ਲਾਲ ਹੁੰਦਾ ਏ।
ਭਾਵੇਂ ਉਹਦੇ ਸਾਹਵੇਂ ਮੁੱਕਰ ਜਾਨੀ ਆਂ।
ਸੱਚੀ ਗੱਲ ਏ ਮੈਂ ਵੀ ਓਦਰ ਜਾਨੀ ਆਂ।
ਮੇਰੀ ਤਾਕਤ ਦਾ ਅੰਦਾਜ਼ਾ ਕੀ ਹੋਵੇ,
ਰਸਮਾਂ ਚ ਹੀ ਖਿੱਲਰ ਪੁੱਲਰ ਜਾਨੀ ਆਂ।
ਯਾਦ ਵੀ ਮਿਕਨਾਤੀਸੀ ‘ਵਾ ਦਾ ਬੁੱਲਾ ਏ, ਜਿੱਧਰੋਂ ਆਵੇ,ਓਧਰ ਉੱਲਰ ਜਾਨੀ ਆਂ।
ਹੌਲੀ ਜਹੀ ਉਹ ਮੈਨੂੰ ਤਾਰਾ ਕਹਿੰਦਾ ਏ,
ਉੱਡਦੀ ਹੋਈ ਅੰਬਰ ਤੀਕਰ ਜਾਨੀ ਆਂ।
ਪਹਿਲੀ ਗੱਲ ਏ ਸਾਰੀ ਗਲਤੀ ਮੇਰੀ ਨਹੀਂ।
ਜੇਕਰ ਮੇਰੀ ਵੀ ਏ, ਕੀ ਮੈਂ ਤੇਰੀ ਨਹੀਂ।
ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ,
ਮੈਂ ਕਹਿੰਦੀ ਆਂ, ਊਂ ਹੂੰ, ਹੇਰਾਫੇਰੀ ਨਹੀਂ।
ਜਿੱਸਰਾਂ ਡਰ ਦਾ ਘੁਣ ਖਾ ਜਾਂਦੈ ਨੀਂਦਰ ਨੂੰ,
ਤੂੰ ਕੀ ਜਾਣੇ ਤੇਰੇ ਘਰ ਜੁ ਦੇਰੀ ਨਹੀਂ।
ਮੇਰੀ ਮੰਨ ਤੇ ਆਪਣੇ ਆਪਣੇ ਰਾਹ ਪਈਏ,
ਕੀ ਕਹਿੰਨਾਂ ਏਂ, ਜਿੰਨੀ ਹੋਈ , ਬਥੇਰੀ ਨਹੀਂ।
ਬੱਸ ਮੈਂ ਆਪਣੇ ਆਪ ਹੀ ਮੁਨਕਿਰ ਨਹੀਂ ਹੋਈ।
ਨਹੀਂ ਤੇ ਤੇਰੇ ਪਿੱਛੇ ਕਾਫਿਰ ਨਹੀਂ ਹੋਈ।
ਉੱਚੀ ਅੱਡੀ ਵਾਲੀ ਜੁੱਤੀ ਪਾ ਕੇ ਵੀ,
ਮੈਂ ਸ਼ੀਸ਼ੇ ਦੇ ਕੱਦ ਬਰਾਬਰ ਨਹੀਂ ਹੋਈ।
ਉਹ ਮੇਰੇ ਲਈ ਤਾਰੇ ਤੋੜ ਲਿਆਇਆ ਏ,
ਐਵੇਂ ਦਿਲ ਦੀ ਧਰਤੀ ਅੰਬਰ ਨਹੀਂ ਹੋਈ।
ਤਿੰਨ ਫੁੱਟ ਉੱਤੇ ਆਂ ਤੇ ਤੀਹ ਫੁੱਟ ਥੱਲੇ ਆਂ,
ਮੈਂ ਜਿੰਨੀ ਆਂ, ਓਨੀ ਜ਼ਾਹਿਰ ਨਹੀਂ ਹੋਈ।
ਜੋ ਜੋ ਕਹਿੰਦਾ ਏ ਉਹ ਮੰਨੀ ਜਾਨੀ ਆਂ,
ਗੱਲ ਅਜੇ ਤੱਕ ਸਮਝੋਂ ਬਾਹਰ ਨਹੀਂ ਹੋਈ।
ਸੋਚ ਜ਼ਰਾ ਤੂੰ, ਇੰਜ ਦੀ ਕੋਈ ਸੱਧਰ ਹੈ,
ਜਿਹੜੀ ਤੈਨੂੰ ਵੇਖ ਕੇ ਤਿੱਤਰ ਨਹੀਂ ਹੋਈ।
ਵੇਖਣ ਵਾਲੇ ਵੇਖ ਕੇ ਪੱਥਰ ਹੋ ਗਈ ਏ,
ਤਾਹਿਰਾ ਸ਼ੀਸ਼ਾ ਵੇਖ ਕੇ ਪੱਥਰ ਨਹੀਂ ਹੋਈ।
ਤੇ ਅਖੀਰ ਵਿੱਚ
ਸੌ ਹੱਥ ਰੱਸਾ ਸਿਰੇ ਤੇ ਗੰਢ ਵਰਗੇ ਬੋਲ
ਸ਼ਹਿਦ ਦੇ ਨਾਲੇੋਂ ਹੈਸਨ ਬੋਲ ਮੇਰੇ,
ਮਿੱਠਾ ਪਾਣੀ ਕਿੱਸਰਾਂ ਖਾਰਾ ਹੋਇਆ ਏ।
ਜਿੰਨੇ ਹਰਫ਼ ਉਲੀਕਾਂ ਜ਼ਹਿਰਾਂ ਥੁੱਕਦੇ ਨੇ,
ਕਾਨਾ ਏ ਜਾਂ ਸੱਪ ਨੂੰ ਘੜਿਆ ਹੋਇਆ ਏ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.