ਸੁਪਨੇ ਵਾਂਗ ਲੰਘ ਗਏ ਜਾਪਦੇ ਨੇ ਪਿਛਲੇ 25 ਸਾਲ। ਮਨਮੋਹਨ ਵਾਰਿਸ ਦਾ ਜ਼ਿਕਰ ਪਹਿਲੀ ਵਾਰ ਸੰਗੀਤ ਮਾਰਤੰਡ ਜਸਵੰਤ ਭੰਵਰਾ ਜੀ ਦੇ ਮੂੰਹੋਂ ਸੁਣਿਆ ਸੀ। ਉਦੋਂ ਉਹ ਸਰਾਭਾ ਨਗਰ ਲੁਧਿਆਣਾ ਚ ਆਪਣੀ ਜੀਵਨ ਸਾਥਣ ਪੰਜਾਬੀ ਕਵਿੱਤਰੀ ਸੁਰਜੀਤ ਕੌਰ ਨੂਰ ਤੇ ਪਰਿਵਾਰ ਸੰਗ ਰਹਿੰਦੇ ਸਨ।
ਉਹ ਅਕਸਰ ਆਪਣੇ ਸ਼ਾਗਿਰਦਾਂ ਦੀ ਗੱਲ ਕਰਦੇ। ਮਨਮੋਹਨ ਉਨ੍ਹਾਂ ਕੋਲ ਸੰਗੀਤ ਬਾਰੀਕੀਆਂ ਸਿੱਖ ਰਿਹਾ ਸੀ। ਸਰਾਭਾਨਗਰ ਚ ਮੁਲਾਕਾਤਾਂ ਹੋਈਆਂ ਹੋਣਗੀਆਂ ਪਰ ਮੈਨੂੰ ਚੇਤੇ ਨਹੀਂ।
ਫਿਰ ਮਨਮੋਹਨ ਦਾ ਨਾਮ ਪੰਮੀ ਬਾਈ ਤੋਂ ਸੁਣਿਆ। ਉਹ ਉਦੋਂ ਮਨਿੰਦਰ ਗਿੱਲ ਦੀ ਮੁਹੱਬਤ ਕਾਰਨ ਪੰਜਾਬ ਚ ਉਸ ਦੇ ਹਿਤ ਵਾਚਦਾ ਸੀ।
ਮੋਹਨ ਸਿੰਘ ਮੇਲਾ ਸਿਖ਼ਰਾਂ ਤੇ ਸੀ ਉਦੋਂ।
ਇੱਕ ਸਾਲ ਪਹਿਲਾਂ ਹਰਭਜਨ ਮਾਨ ਇਸੇ ਮੇਲੇ ਤੇ ਚਿੱਠੀਏ ਨੀ ਚਿੱਠੀਏ ਗਾ ਕੇ ਸਟਾਰ ਬਣਿਆ ਸੀ।
ਅਗਲੇ ਸਾਲ ਮਨਿੰਦਰ ਨੇ ਮਨਮੋਹਨ ਵਾਰਿਸ ਦੀ ਕੈਸਿਟ
ਗੈਰਾਂ ਨਾਲ ਪੀਂਘਾਂ ਝੂਟਦੀਏ
ਤੈਨੂੰ ਅਸੀਂ ਹੁਲਾਰਾ ਕਿਉਂ ਦੇਈਏ
ਰਿਲੀਜ਼ ਕੀਤੀ ਸੀ। ਅਕਤੂਬਰ ਮਹੀਨੇ ਦੀ ਵੀਹ ਤਰੀਕ ਨੂੰ ਮੋਹਨ ਸਿੰਘ ਮੇਲਾ ਸੀ।
ਪੰਜਾਬੀ ਭਵਨ ਦੀ ਸਟੇਜ ਨਿੱਕੀ ਪੈਣ ਕਰਕੇ ਮੇਲਾ ਪੰਜਾਬੀ ਭਵਨ ਨਾਲ ਬਣੀ ਦਾਣਾ ਮੰਡੀ (ਜਿੱਥੇ ਹੁਣ ਗੁਰੂ ਨਾਨਕ ਭਵਨ ਹੈ) ਚ ਲੱਗਿਆ ਪਰ ਸਟੇਜ ਦਾ ਢਾਂਚਾ ਪੰਜਾਬੀ ਭਵਨ ਚ ਹੀ ਸੀ।
ਮਨਮੋਹਨ ਨੇ ਇਸ ਮੇਲੇ ਚ ਗਾਇਆ। ਖ਼ੂਬ ਗਾਇਆ। ਜਾਨ ਕੱਢ ਕੇ ਲੈ ਗਿਆ ਮੇਰੀ ਉਸ ਦਾ ਇਹ ਗੀਤ
ਹੁਣ ਕਦ ਮੇਲ ਹੋਣਗੇ
ਹਾਏ ਨੀ ਮੇਰੀਏ ਜਾਨੇ
ਕਾਰਨ ਇਹ ਸੀ ਕਿ ਮੇਰੀ ਜੀਵਨ ਸਾਥਣ ਪ੍ਰੋ: ਨਿਰਪਜੀਤ ਕੌਰ ਗਿੱਲ ਕੈਂਸਰ ਕਾਰਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਸੀ ਉਦੋਂ। ਉਸੇ ਨੇ ਹੀ ਸ: ਜਗਦੇਵ ਸਿੰਘ ਜੱਸੋਵਾਲ ਦੇ ਕਹਿਣ ਤੇ ਮੈਨੂੰ ਮੇਲੇ ਚ ਘੱਲਿਆ ਸੀ। ਪਰਮੈਂ ਤਾਂ ਮੇਲਿਓਂ ਪੀੜਾਂ ਦੀ ਪੰਡ ਲੈ ਆਇਆ।
ਇਹ ਗੀਤ ਮੈਂ ਕਈ ਸਾਲ ਰਜਾਈ ਚ ਮੂੰਹ ਦੇ ਕੇ ਸੁਣਦਾ ਰਿਹਾ, ਰੋਂਦਾ ਰਿਹਾ। 1993 ਚ ਉਸਦੀ ਮੌਤ ਤੋਂ ਬਾਦ ਵੀ।
ਮਨਮੋਹਨ ਬੜਾ ਪਿਆਰਾ ਨਿੱਕਾ ਵੀਰ ਹੈ। ਕਮਲ ਤੇ ਸੰਗਤਾਰ ਸਾਥੋਂ ਚੋਖੇ ਨਿੱਕੇ ਹਨ ਪਰ ਰੱਜ ਕੇ ਮੁਹੱਬਤੀ। ਮੈਨੂੰ ਯਾਦ ਹੈ,ਮਨਮੋਹਨ ਵਾਰਿਸ ਦਾ ਪਹਿਲਾ ਸਮਾਗਮ ਵੀ ਅਸੀਂ ਬਾੜੇਵਾਲ ਪਿੰਡ ਚ ਹੌਬੀ ਗਰੇਵਾਲ ਦੇ ਘਰ ਕਰਵਾਇਆ ਸੀ।
ਮੇਰੇ ਭਾਣਜੇ ਨਵਜੋਤ ਸਿੰਘ ਵੜੈਚ ਦੀ ਰੀਸੈਪਸ਼ਨ ਤੇ ਉਹ ਉਚੇਚਾ ਦਿੱਲੀ ਪੁੱਜਾ ਪਰ ਆਰਮੀ ਕਲੱਬ ਧੌਲਾ ਕੂੰਆਂ ਵਾਲਿਆਂ ਸਾਜ਼ ਇਹ ਕਹਿ ਕੇ ਬੰਦ ਕਰਵਾ ਦਿੱਤੇ ਕਿ ਭਾਰਤੀ ਸਾਜ਼ ਸੰਗੀਤ ਦੀ ਇਥੇ ਮਨਾਹੀ ਹੈ।
ਮਨ ਉਦਾਸ ਵੀ ਹੋਇਆ ਤੇ ਇਹਸਾਸ ਵੀ ਜਾਗਿਆ ਕਿ ਭਾਰਤ ਹਾਲੇ ਆਜ਼ਾਦ ਨਹੀਂ ਹੋਇਆ।
ਤਿੰਨ ਭਰਾਵਾਂ ਮਨਮੋਹਨ, ਸੰਗਤਾਰ ਤੇ ਕਮਲ ਦੀ ਮਿੱਲਤ, ਸਾਂਝੀ ਸੋਚ ਤੇ ਮੁਹੱਬਤੀ ਵਤੀਰਾ ਹੀ ਸਿਲਵਰ ਜੁਬਲੀ ਤੀਕ ਲਿਆਇਆ ਹੈ। ਮੇਰੇ ਸੱਜਣ ਦੀਪਕ ਬਾਲੀ ਦੀ ਪ੍ਰਬੰਧਕੀ ਕੌਸ਼ਲਤਾ, ਸਮਰਪਿਤ ਸੂਝ ਤੇ ਦੂਰਦ਼ਿਸ਼ਟੀ ਦਾ ਤੜਕਾ ਲੱਗਣ ਕਰਕੇ ਸਭ ਕੁਝ ਸਲੀਕੇ ਚ ਹੈ।
ਵਾਰਿਸ ਭਰਾਵਾਂ ਨੂੰ ਭੰਵਰਾ ਸਾਹਿਬ ਨੇ ਹੀ ਇਹ ਨਾਮ ਦਿੱਤਾ ਸੀ ਕਿ ਤੁਸੀਂ ਵਿਰਸੇ ਦੇ ਵਾਰਿਸ ਹੋ।
ਅਮਰ ਸਿੰਘ ਸ਼ੌਕੀ ਦੇ ਗਾਏ ਗੀਤਾਂ ਨੂੰ ਪੁਨਰ ਸੁਰਜੀਤ ਕਰਨ ਚ ਇਨ੍ਹਾਂ ਵੀਰਾਂ ਕਮਾਲ ਕਰ ਵਿਖਾਈ ਹੈ।
ਸੁਰਾਂ ਨਾਲ ਖੇਡਦੇ, ਸੁਰ ਸਾਗਰ ਚ ਤਰਦੇ ਵੇਖਦਿਆਂ ਮੈਨੂੰ ਬੁਤ ਚੰਗਾ ਲੱਗਦਾ ਹੈ।
ਸਾਲ 2006 ਚ ਸੱਰੀ ਕੈਨੇਡਾ ਚ ਉਨ੍ਹਾਂ ਦਾ ਪਹਿਲਾ ਪੰਜਾਬੀ ਵਿਰਸਾ ਮੰਚ ਤੇ ਪੇਸ਼ ਹੋਇਆ । ਮੇਰਾ ਸੁਭਾਗ ਕਿ ਗੁਰਮੰਤ ਗਰੇਵਾਲ ਐੱਮ ਪੀ ਕਾਰਨ ਮੈਂ ਵੀ ਮੰਚ ਤੇ ਹਾਜ਼ਰ ਸਾਂ ।
ਬੀਬੀ ਰਾਜਿੰਦਰ ਕੌਰ ਭੱਠਲ ਇਸ ਮੇਲੇ ਦੀ ਮੁੱਖ ਮਹਿਮਾਨ ਸੀ ।
ਤਿੰਨਾਂ ਵੀਰਾਂ ਮੇਰਾ ਬੜਾ ਮਾਣ ਕੀਤਾ।
ਪੱਚੀ ਸਾਲ ਬਿਨ ਸਸਤਾ ਗੀਤ ਗਾਇਆਂ ਜੇ ਵਾਰਿਸ ਭਰਾ ਸਟਾਰਡਮ ਕਾਇਮ ਰੱਖ ਸਕਦੇ ਹਨ ਤਾਂ ਨਵੇਂ ਨਵੇਲੇ ਗਾਇਕਾਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।
ਵਾਰਿਸ ਭਰਾਵਾਂ ਨੂੰ ਮਾਪਿਆਂ ਦੀ ਪ੍ਰੇਰਨਾ ਨੇ ਚੰਡਿਆ ਹੈ ਪਰ ਸਬਕ ਚੇਤੇ ਰੱਖਣਾ ਵੀ ਤਾਂ ਬਹਾਦਰੀ ਹੈ।
ਵਾਰਿਸ ਭਰਾਵਾਂ ਦੀਆਂ ਸਰਦਾਰਨੀਆਂ ਮੁਬਾਰਕ ਦੀਆਂ ਹੱਕਦਾਰ ਹਨ ਜਿੰਨ੍ਹਾਂ ਨੇ ਮਿਸਤਰੀਆਂ ਦੇ ਕਹਿਣ ਮੁਤਾਬਕ ਸੂਤ ਭਰ ਵੀ ਫ਼ਰਕ ਨਹੀਂ ਪੈਣ ਦਿੱਤਾ।
ਪਿਛਲੇ ਸਮੇਂ ਚ ਵਾਰਿਸ ਭਰਾਵਾਂ ਦਾ ਬਾਬਲ ਵਿਛੋੜਾ ਦੇ ਗਿਆ। ਲੱਗਿਆ ਕਿ ਸਿਰੋਂ ਅੰਬਰ ਲਹਿ ਗਿਐ। ਬਾਬਲ ਨੂੰ ਸ਼ਰਧਾਂਜਲੀ ਵਜੋਂ ਵਾਰਿਸ ਭਰਾ ਹੁਣ ਵੀ ਦੇਸ਼ ਬਦੇਸ਼ ਚ ਪਹਿਲਾਂ ਵਾਲੀ ਰਫ਼ਤਾਰ ਨਾਲ ਹੀ ਖ਼ੂਬਸੂਰਤੀ ਬੀਜ ਰਹੇ ਹਨ।
ਜਦ ਇਹ ਉਦਾਸ ਖ਼ਰ ਮੈਨੂੰ ਦੀਪਕ ਬਾਲੀ ਰਾਹੀਂ ਮਿਲੀ ਕਿ ਬਾਪੂ ਜੀ ਨਹੀਂ ਰਹੇ ਤਾਂ ਮੈਂ ਕੁਝ ਬੋਲ ਵਾਰਿਸ ਭਰਾਵਾਂ ਨਾਲ ਸਾਂਝੇ ਕੀਤੇ, ਤੁਸੀਂ ਵੀ ਪੜ੍ਹੋ।
ਵਿਰਲਾਪ ਗੀਤ
ਗੁਰਭਜਨ ਗਿੱਲ
(ਪਿਆਰੇ ਵੀਰਾਂ ਮਨਮੋਹਨ , ਸੰਗਤਾਰ ਤੇ ਕਮਲ ਲਈ ਪਿਤਾ ਜੀ ਦੇ ਜਾਣ ਤੇ)
ਬਾਬਲ ਮੋਇਆ ਸਿਰ ਤੋਂ ਠੰਢੜੀ ਛਾਂ ਤੁਰ ਗਈ।
ਦਿਲ ਦਾ ਬਾਗ ਉਜੜਿਆ,ਜਿਸਮੋਂ ਜਾਂ ਤੁਰ ਗਈ।
ਧਰਤੀ ਅੰਬਰ ਦੋਵੇਂ ਸੁੰਨੇ ਹੋ ਗਏ ਨੇ।
ਜਾਣ ਵਾਲਿਆਂ ਅੰਦਰੋਂ ਬੂਹੇ ਂਢੋ ਲਏ ਨੇ।
ਰੌਣਕ ਮੋਈ ਕਰਕੇ ਸੁੰਨੀ ਥਾਂ ਤੁਰ ਗਈ।
ਬਾਬਲ ਮੋਇਆ ਸਿਰ ਤੋਂ ਠੰਢੜੀ ਛਾਂ ਤੁਰ ਗਈ।
ਬਾਬਲ ਕਰਕੇ ਹੀ ਪਿੰਡ ਚੰਗਾ ਲਗਦਾ ਸੀ।
ਨੂਰ ਨੂਰਾਨੀ ਘਰ ਵਿੱਚ ਦੀਵਾ ਜਗਦਾ ਸੀ।
ਰੂਹ ਨਿਕਲੀ ਤੇ ਕਰਕੇ ਸੁੰਨ ਗਿਰਾਂ ਤੁਰ ਗਈ।
ਬਾਬਲ ਮੋਇਆ ਸਿਰ ਤੋਂ ਠੰਢੜੀ ਛਾਂ ਤੁਰ ਗਈ।
ਕਿੱਦਾਂ ਬੋਲ ਸੁਣਾਈਏ ਦਰਦ ਅਵੱਲਿਆਂ ਨੂੰ।
ਹੱਸਿਆਂ ਹੱਸਦੀ ਦੁਨੀਆਂ ਰੋਣਾ ਕੱਲਿਆਂ ਨੂੰ।
ਗੀਤ ਗੁਆਚੇ ਲੱਗਦੇ ,ਕਿੱਧਰ ਨੂੰ ਸੁਰ ਗਈ।
ਬਾਬਲ ਮੋਇਆ ਸਿਰ ਤੋਂ ਠੰਢੜੀ ਛਾਂ ਤੁਰ ਗਈ।
ਮਨਮੋਹਨ, ਸੰਗਤਾਰ ,ਕਮਲ ,ਰੱਬ ਮਿਹਰ ਕਰੇ।
ਦਰਦ ਸਹਿਣ ਦੀ ਤਾਕਤ ਦੇ ਸੰਗ ਝੋਲ ਭਰੇ।
ਦਿਲ ਦੀ ਬਾਹੀ ਭਾਵੇਂ ਲੱਗਦਾ ਹੈ ਭੁਰ ਗਈ।
ਦਿਲ ਦਾ ਬਾਗ ਉਜੜਿਆ ਠੰਢੜੀ ਛਾਂ ਤੁਰ ਗਈ।
ਕੂੜ ਕਹਿਣ ਜੋ ਆਖਣ ਬਾਬਲ ਮਰ ਜਾਂਦੈ।
ਉਹ ਤਾਂ ਸਭ ਕੁਝ ਬੱਚਿਆਂ ਅੰਦਰ ਧਰ ਜਾਂਦੈ।
ਸਿਰਫ਼ ਵਿਗੋਚਾ ਬੁੱਕਲ ਵਾਲੀ ਥਾਂ ਤੁਰ ਗਈ।
ਦਿਲ ਦਾ ਬਾਗ ਉੱਜੜਿਆਂ ਕਿੱਧਰ ਛਾਂ ਤੁਰ ਗਈ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.