ਸੰਗੀਤ ਸਾਡੇ ਰੂਹ ਦੀ ਖੁਰਾਕ ਹੈ, ਇਹ ਕਲਾ ਪ੍ਰਮਾਤਮਾ ਵੱਲੋਂ ਬਖ਼ਸ਼ਿਆ ਇਕ ਕੁਦਰਤੀ ਤੋਹਫ਼ਾ ਹੈ, ਜਿਸ ਨੂੰ ਗੋਡ ਗਿਫ਼ਟ ਵੀ ਕਿਹਾ ਜਾਂਦਾ ਹੈ।ਪਰ ਕੰਨਾਂ ਨੂੰ ਸਕੂਨ ਦੇਣ ਵਾਲੀ ਗਾਇਕੀ ਕਿਸੇ ਵਿਰਲੇ ਟਾਂਵੇਂ ਦੇ ਹੀ ਹਿੱਸੇ ਆਉਂਦੀ ਹੈ।ਇਕ ਅਜਿਹਾ ਹੀ ਸੋਹਣਾ- ਸੁਨੱਖਾ ਸਾਡੀ ਸਭਿਆਚਾਰ ਪੰਜਾਬੀ ਲੋਕ ਗਾਇਕੀ ਦਾ ਸੁਰੀਲਾ ਫ਼ਨਕਾਰ ਹੈ ਹਰਭਜਨ ਸ਼ੇਰਾ।ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ, ਕਿਉਂਕਿ ਹਰਭਜਨ ਸ਼ੇਰਾ ਪੰਜਾਬੀ ਲੋਕ ਗਾਇਕੀ ਦਾ ਉਹ ਹਸਤਾਖਰ ਹੈ।ਜਿਸ ਨੇ ਆਪਣੀ ਪਹਿਲੀ ਕੈਸ਼ੇਟ 'ਤੇਰੀ ਯਾਦ ਚੰਦਰੀਏ' ਰਾਹੀ ਸੰਗੀਤ ਜਗਤ ਵਿੱਚ ਤਰਥੱਲੀ ਮਚਾਈ ਸੀ ਤੇ ਉਸ ਨੇ ਹਮੇਸ਼ਾ ਸਾਡੀ ਮਾਂ ਬੋਲੀ ਤੇ ਪ੍ਰੀਵਾਰਕ ਸਭਿਆਚਾਰ ਵਿਰਸੇ ਵਾਲੀ ਗਾਇਕੀ ਨੂੰ ਹੀ ਤਰਜੀਹ ਦਿੱਤੀ ਹੈ।ਉਸ ਦੇ ਸਾਫ਼-ਸੁਥਰੇ ਗੀਤਾਂ ਦੇ ਬੋਲ ਬੱਚੇ ਬੱਚੇ ਦੀ ਜੁਬਾਨ ਤੇ ਚੜ੍ਹੇ ਹੋਏ ਨੇ।ਤਾਂਈਓ ਤਾਂ ਉਨ੍ਹਾਂ ਦੇ ਗੀਤਾਂ ਨੂੰ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ।ਕਿਉਂਕਿ ਉਸ ਦੇ ਗਲੇ ਵਿੱਚ ਮਿਠਾਸ ਤੇ ਸੁਰੀਲਾਪਣ ਆਪ ਮੁਹਾਰੇ ਝਲਕਦਾ ਹੈ ਤੇ ਉਸ ਦੀ ਅਵਾਜ਼ ਵਿੱਚ ਵੱਖਰਾ ਪਣ ਤੇ ਇਕ ਵੱਖਰੀ ਕਸਕ ਹੈ, ਜੋ ਸੁਣਨ ਵਾਲੇ ਨੂੰ ਮੰਤਰ ਮੁਗਧ ਕਰਦੀ ਹੈ।
ਲੋਕ ਗਾਇਕ ਹਰਭਜਨ ਸ਼ੇਰਾ ਦਾ ਪਿਛੋਕੜ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਮੁੱਲਾਂਪੁਰ ਨਾਲ ਜੁੜਿਆ ਹੋਇਆ ਹੈ।ਪਰ ਸ਼ੇਰੇ ਦਾ ਜਨਮ ਪਿਤਾ ਲੈਫਟੀਨੈਂਟ ਕਿਰਪਾਲ ਸਿੰਘ ਗਿੱਲ ਸਾਹਿਬ ਦੇ ਘਰ ਮਾਤਾ ਜਗਮੀਤ ਕੌਰ ਦੀ ਕੁੱਖੋਂ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੋਇਆ।ਕਿਉਂਕਿ ਹਰਭਜਨ ਸ਼ੇਰਾ ਜੀ ਦੇ ਪਿਤਾ ਜੀ ਏਅਰਫੋਰਸ 'ਚ ਸਰਵਿਸ ਕਰਦੇ ਸਨ।ਉਸ ਸਮੇਂ ਉਨ੍ਹਾਂ ਦੀ ਡਿਊਟੀ ਦਿੱਲੀ ਵਿੱਚ ਸੀ।ਫਿਰ ਉਨ੍ਹਾਂ ਦੀ ਪੋਸਟਿੰਗ ਚੰਡੀਗੜ੍ਹ ਦੀ ਹੋ ਗਈ ਤੇ ਚੰਡੀਗੜ੍ਹ ਸ਼ਹਿਰ ਵਿੱਚ ਹੀ ਹਰਭਜਨ ਸ਼ੇਰਾ ਜੀ ਦਾ ਬਚਪਨ ਵੀਤਿਆਂ ਪਰ ਚੰਡੀਗੜ੍ਹ ਸ਼ਹਿਰ 'ਚ ਰਹਿੰਦੇ ਹੋਏ ਵੀ ਉਹ ਆਪਣੇ ਪਿਛੋਕੜ ਨੂੰ ਕਦੇ ਨਹੀਂ ਭੁੱਲਦਾ ਤੇ ਪਿੰਡਾਂ ਨਾਲ ਉਸ ਦਾ ਡਾਢਾ ਮੋਹ ਹੈ।ਉਹ ਅਕਸਰ ਹੀ ਵਿੱਸਰੀਆਂ ਯਾਦਾਂ ਨੂੰ ਚੇਤੇ ਕਰਕੇ ਚਿੰਤਤ ਹੋ ਜਾਂਦਾ ਹੈ ਤੇ ਆਪਣੇ ਇਸ ਗੀਤ ਨੂੰ ਗੁਣ ਗੁਨ੍ਹਾਉਂਦਾ ਰਹਿੰਦਾ ਹੈ।ਕਿ 'ਧੂੜ ਵੀ ਚੰਗੀ ਲੱਗਦੀ ਸੀ, ਮੇਰੇ ਪਿੰਡ ਦੀਆਂ ਗਲੀਆਂ ਦੀ।'
ਇਸ ਸ਼ਹਿਰ ਵਿੱਚ ਹੀ ਪੜ੍ਹਿਆ ਤੇ ਪੜ੍ਹ ਕੇ ਜੁਆਨ ਹੋਇਆ ਤੇ ਆਪਣੀ ਮਾਖਿਓ ਮਿੱਠੀ ਗਾਇਕੀ ਦਾ ਸਫ਼ਰ ਵੀ ਬਚਪਨ ਵਿੱਚ ਹੀ ਉਸ ਨੇ ਉਸਤਾਦ ਹਰਪਾਲ ਸਨੇਹੀ ਜੀ ਤੋਂ ਤਾਲੀਮ ਲੈ ਕੇ ਇਸ ਸ਼ਹਿਰ ਤੋਂ ਹੀ ਸ਼ੁਰੂ ਕੀਤਾ ਤੇ ਆਪਣੀ ਇਸ ਸਾਫ ਸੁਥਰੀ ਗਾਇਕੀ ਨੂੰ ਦੇਸਾਂ ਵਿਦੇਸ਼ਾਂ ਤੱਕ ਪਹੁੰਚਾ ਦਿੱਤਾ।ਹਰਭਜਨ ਸ਼ੇਰਾ ਨੂੰ ਬਚਪਨ ਵਿੱਚ ਹੀ ਸਕੂਲ ਸਮੇਂ ਗਾਉਣ ਦਾ ਸ਼ੌਕ ਪੈ ਗਿਆ ਸੀ ਤੇ ਉੱਘੇ ਗਾਇਕ ਜਨਾਬ ਮੁਹੰਮਦ ਸਦੀਕ ਜੀ ਨਾਲ ਰਹਿ ਕੇ ਵੀ ਉਨ੍ਹਾਂ ਤੋਂ ਗਾਇਕੀ ਬਾਰੇ ਕਾਫ਼ੀ ਗੁਰ ਸਿੱਖੇ।ਹਰਭਜਨ ਸ਼ੇਰਾ ਜੀ ਨੇ ਜਦ 1994 ਵਿੱਚ ਆਪਣੀ ਪਹਿਲੀ ਕੈਸੇਟ 'ਤੇਰੀ ਯਾਦ ਚੰਦਰੀਏ' ਸੀ. ਐੱਮ. ਸੀ ਕੰਪਨੀ ਦੇ ਲੋਗੋ ਹੇਠ ਮਾਰਕੀਟ ਵਿੱਚ ਲਿਆਂਦੀ ਸੀ ਤਾਂ ਉਸ ਸਮੇਂ ਇਸ ਕੈਸੇਟ ਨੇ ਹਰਭਜਨ ਸ਼ੇਰੇ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਤੇ ਰਿਕਾਡ ਤੋੜ ਸਫਲਤਾ ਪ੍ਰਾਪਤ ਕੀਤੀ।ਭਾਂਵੇ ਉਸ ਸਮੇਂ ਸੋਸ਼ਲ ਮੀਡੀਏ ਤੇ ਐਡ ਵਗੈਰਾ ਦੇ ਕੋਈ ਖਾਸ ਪ੍ਰਬੰਧ ਨਹੀਂ ਸਨ।ਪਰ ਇਸ ਦੇ ਬਾਵਜੂਦ ਵੀ ਇਹ ਕੈਸ਼ੇਟ ਸੁਪਰ ਡੁਪਰ ਸਾਬਤ ਹੋਈ ਸੀ।ਇਸ ਤੋਂ ਬਾਅਦ ਦਰਜਨਾਂ ਦੇ ਕਰੀਬ ਕੈਸਟਾਂ ਅਤੇ ਐਲਬੰਬਾਂ ਤੇ ਧਾਰਮਿਕ ਭੇਟਾਂ ਵੀ ਮਾਰਕੀਟ ਵਿੱਚ ਆਈਆਂ।ਜਿਸ ਨੂੰ ਸਰੋਤਿਆਂ ਨੇ ਮਣਾਂ ਮੂੰਹੀਂ ਪਿਆਰ ਦਿੱਤਾ ਹੈ ਤੇ ਬਾਲੀਬੁਡ ਫਿਲਮ 'ਸਾਹਿਬ ਬੀਵੀ ਅੋਰ ਗੈਂਗਸਟਰ ਰੀਟਰਨਜ਼' ਵਿੱਚ ਵੀ ਇੰਨਾਂ ਦਾ ਸੌਂਗ 'ਦੁੱਖ ਤੋੜਤੇ ਜੁਗਨੀਏ ਤੂੰ' ਆ ਚੁੱਕਿਆ ਹੈ।
ਇਸ ਤੋਂ ਇਲਾਵਾ ਉਸ ਦੇ ਸੁਪਰ ਹਿੱਟ ਗੀਤ 'ਤੇਰੀ ਯਾਦ ਚੰਦਰੀਏ, ਆਜਾ ਆਜਾ ਨੀ ਪੜੋਸਣੇ, ਕਹਿੰਦੇ ਨੇ ਨੈਣਾਂ ਤੇਰੇ ਕੋਲ ਰਹਿਣਾ, ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਛੱਲੀ ਦਾ, ਗੋਰੀ ਗੋਰੀ ਵੀਣੀ ਨੂੰ, ਕੀ ਕੀ ਤੈਨੂੰ ਦੁੱਖ ਦੱਸੀਏ, ਖ਼ਤ ਮੋੜ ਕੇ ਕਹਿੰਦੀ ਖ਼ਤ ਮੇਰੇ ਦੇ ਜਾਵੀਂ, ਆਜਾ ਵੇ ਮਾਹੀਆ, ਦੋ ਪਿੱਗ ਲਾਕੇ ਲੱਗਦਾ ਏ ਸਾਰਾ ਪਿੰਡ ਮਿੱਤਰਾਂ ਦਾ, ਕੰਮੋ ਨੀ ਤੇਰੇ ਨਖ਼ਰੇ ਨੇ, ਅਸੀਂ ਖੁਸ਼ੀਆਂ ਨੂੰ ਕਦ ਮਿਲੀਏ, ਜੀ ਆਇਆ ਨੂੰ, ਤੇਰੀ ਤਸਵੀਰ, ਮੌਸਮ, ਖਜਾਨਾ ਮੇਰੇ ਪਿੰਡ ਦਾ, ਸਾਥੋਂ ਕੀ ਕਸੂਰ ਹੋ ਗਿਆ, ਪਿੰਡ ਵਿੱਚ ਮਿੱਤਰਾਂ ਦੇ, ਅੱਜ ਕੱਲ ਤੇਰੀਆਂ ਨਜ਼ਰਾਂ ਅੜੀਏ ਨੀਵੀਂ ਥਾਂ ਨਹੀਂ ਠਹਿਰਦੀਆਂ, ਡੀ. ਜੇ ਉੱਤੇ ਹੀਰ,ਘਰ ਪੁੱਛ ਕੇ ਮੋੜ ਤੋਂ, ਅਲੀ ਮੋਲਾ, ਚੰਨਾਂ ਵੇ ਚੰਨਾਂ ਖੋਲ ਪਿਆਰ ਦਾ ਪੰਨਾ, ਨਾ ਹੈਲੋ ਹੈਲੋ ਕਰਿਆ ਕਰ ਆਦਿ ਹੋਰ ਅਣਗਿਣਤ ਗੀਤਾਂ ਨੂੰ ਸਰੋਤਿਆਂ ਨੇ ਖਿੜੇ ਮੱਥੇ ਕਬੂਲ ਕੀਤਾ।
ਹਰਭਜਨ ਸ਼ੇਰਾ ਜੀ ਇਸ ਖੇਤਰ 'ਚ ਕਈ ਸਭਿਆਚਾਰਕ ਮੇਲਿਆਂ ਤੇ ਸੰਸਥਾਵਾਂ ਵੱਲੋਂ ਮਾਣ ਸਨਮਾਨ ਹਾਸਲ ਕਰ ਚੁੱਕਿਆ ਹੈ ਤੇ ਉਹ ਆਪਣੀ ਗਾਇਕੀ ਦੇ ਜੌਹਰ ਅਮਰੀਕਾ, ਕੈਨੇਡਾ, ਇਟਲੀ ਆਦਿ ਕਈ ਯੂਰਪ ਦੇਸਾਂ 'ਚ ਵਿਖਾ ਚੁੱਕੇ ਹਨ ਤੇ ਹੁਣ ਉਹ ਆਪਣੇ ਨਵੇਂ ਗਾਣਿਆਂ ਦੇ ਵੀਡੀਓ ਬਣਾਉਣ ਲਈ ਇੰਗਲੈਂਡ ਤੇ ਮਲੇਸ਼ੀਆ ਦੀ ਤਿਆਰੀ ਵਿੱਚ ਜੁਟੇ ਹੋਏ ਹਨ।ਮੈਂ ਦਿਲੋਂ ਇਹੀ ਕਾਮਨਾ ਕਰਦਾ ਹਾਂ ਕਿ ਪੰਜਾਬੀ ਲੋਕ ਗਾਇਕੀ ਦਾ ਇਹ ਅਨਮੋਲ ਰਤਨ ਆਪਣੀ ਮਾਖਿਓ ਮਿੱਠੀ ਗਾਇਕੀ ਵਿੱਚ ਹਮੇਸਾਂ ਸਫ਼ਲ ਰਹੇ ਤੇ ਇਸੇ ਤਰ੍ਹਾਂ ਹੀ ਉਹ ਆਪਣੀ ਸਾਫ਼ ਸੁਥਰੀ ਗਾਇਕੀ ਦੇ ਜਰੀਏ ਦੇਸਾਂ ਵਿਦੇਸ਼ਾਂ ਚ ਵਸਦੇ ਸਮੂਹ ਸੰਗੀਤ ਪ੍ਰੇਮੀਆਂ ਦਾ ਮਨੋਰੰਜਨ ਅਤੇ ਸਾਡੇ ਸਭਿਆਚਾਰ ਤੇ ਸਾਡੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ।
-----------------------------------
-
ਹਰਮਿੰਦਰ ਸਿੰਘ ਭੱਟ, ਲੇਖਕ
pressharminder@sahibsewa.com
9914062205
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.